ਕਈ ਭਾਰਤੀ ਵਿਦਿਆਰਥੀ ਯੂਕਰੇਨ ‘ਚ ਫਸੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਤਣਾਅ ਚੱਲ ਰਿਹਾ ਸੀ ਅਤੇ ਇਸ ਦੇ ਚੱਲਦਿਆਂ ਰੂਸ ਨੇ ਵੀਰਵਾਰ ਸਵੇਰੇ ਯੂਕਰੇਨ ‘ਤੇ ਹਮਲਾ ਕਰ ਦਿੱਤਾ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਇਸ ਹਮਲੇ ਵਿਚ ਯਕੂਰੇਨ ਦੇ 40 ਫੌਜੀ ਮਾਰੇ ਜਾ ਚੁੱਕੇ ਹਨ। ਉਧਰ ਦੂਜੇ ਪਾਸੇ ਯੂਕਰੇਨ ਨੇ ਵੀ ਰੂਸ ਦੇ 50 ਫੌਜੀਆਂ ਨੂੰ ਮਾਰਨ ਅਤੇ ਲੜਾਕੂ ਜਹਾਜ਼ ਅਤੇ ਟੈਂਕਾਂ ਨੂੰ ਤਬਾਅ ਕਰਨ ਦਾ ਦਾਅਵਾ ਕੀਤਾ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਰੂਸ ਯੂਕਰੇਨ ‘ਤੇ ਤਿੰਨ ਪਾਸਿਓਂ ਤੋਂ ਹਮਲੇ ਕਰ ਰਿਹਾ ਹੈ ਅਤੇ ਰੂਸ ਦੀ ਫੌਜ ਯੂਕਰੇਨ ਵਿਚ ਦਾਖਲ ਹੋ ਚੁੱਕੀ ਹੈ। ਇਸੇ ਦੌਰਾਨ ਅਮਰੀਕਾ ਅਤੇ ਕੈਨੇਡਾ ਸਣੇ ਬਹੁਤ ਸਾਰੇ ਦੇਸ਼ ਰੂਸ ਦੇ ਖਿਲਾਫ ਹੋ ਗਏ ਹਨ ਅਤੇ ਰੂਸ ‘ਤੇ ਕਈ ਪਾਬੰਦੀਆਂ ਵੀ ਲਗਾ ਦਿੱਤੀਆਂ ਹਨ। ਰੂਸ ਵਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਦੇ ਚੱਲਦਿਆਂ ਕਈ ਭਾਰਤੀ ਵਿਦਿਆਰਥੀ ਯੂਕਰੇਨ ‘ਚ ਫਸ ਗਏ ਹਨ। ਇਸਦੇ ਚੱਲਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਯੂਕਰੇਨ ਦੇ ਹਾਲਾਤ ਦੇ ਮੱਦੇਨਜ਼ਰ ਨਵੀਂ ਦਿੱਲੀ ਅਤੇ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੱਦਦ ਲਈ ਇਕ ਹੈਲਪਲਾਈਨ ਨੰਬਰ ਅਤੇ ਈਮੇਲ ਵੀ ਜਾਰੀ ਕੀਤੀ ਗਈ ਹੈ, ਜਿਸ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਸਟਿਨ ਟਰੂਡੋ ਨੇ ਰੂਸ ਖਿਲਾਫ ਸਖ਼ਤ ਪਾਬੰਦੀਆਂ ਦਾ ਕੀਤਾ ਐਲਾਨ
ਟੋਰਾਂਟੋ : ਪੂਰਬੀ ਯੂਕਰੇਨ ਦੇ ਦੋ ਰੀਜਨਜ਼ ਨੂੰ ਅਜ਼ਾਦ ਕਰਾਰ ਦੇਣ ਤੇ ਫੌਜ ਨੂੰ ਉੱਥੇ ਤਾਇਨਾਤ ਕਰਨ ਦੀ ਮਾਨਤਾ ਦੇਣ ਦੇ ਫੈਸਲੇ ਦੇ ਸਬੰਧ ਵਿੱਚ ਰੂਸ ਖਿਲਾਫ ਫੈਡਰਲ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਲਾਸਾ ਕੀਤਾ ਗਿਆ। ਪੀਐਮ ਟਰੂਡੋ ਨੇ ਆਖਿਆ ਕਿ ਸਰਕਾਰ ਵੱਲੋਂ ਕੈਨੇਡੀਅਨਜ਼ ਨੂੰ ਅਜਿਹੇ ਤਥਾ ਕਥਿਤ ਅਜ਼ਾਦ ਸਟੇਟਸ ਦੌਨੇਤਸਕ ਤੇ ਲੁਹਾਂਸਕ ਨਾਲ ਕਿਸੇ ਵੀ ਤਰ੍ਹਾਂ ਦੇ ਵਿੱਤੀ ਲੈਣ ਦੇਣ ਤੋਂ ਵਰਜਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਰੀਜਨਜ਼ ਨੂੰ ਅਜ਼ਾਦ ਕਰਾਰ ਦੇਣ ਦੇ ਪੱਖ ਵਿੱਚ ਵੋਟ ਪਾਉਣ ਵਾਲੇ ਰੂਸੀ ਪਾਰਲੀਮੈਂਟ ਦੇ ਮੈਂਬਰਾਂ ਖਿਲਾਫ ਵੀ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਦੇ ਨਾਲ ਹੀ ਕੈਨੇਡਾ ਦੀ ਨਾਟੋ ਪ੍ਰਤੀ ਵਚਨਬੱਧਤਾ ਦੇ ਮੱਦੇਨਜ਼ਰ ਆਪਰੇਸ਼ਨ ਰੀਐਸਿਓਰੈਂਸ ਤਹਿਤ 460 ਕੈਨੇਡੀਅਨ ਫੌਜੀ ਟੁਕੜੀਆਂ ਨੂੰ ਸਰਕਾਰ ਵੱਲੋਂ ਲੈਟਵੀਆ ਵਿੱਚ ਤਾਇਨਾਤ ਕੀਤੇ ਜਾਣ ਦੀ ਮਨਜੂਰੀ ਵੀ ਦਿੱਤੀ ਗਈ ਹੈ।
ਟਰੂਡੋ ਨੇ ਆਖਿਆ ਕਿ ਇਹ ਰੂਸ ਦੀ ਧੱਕੇਸਾਹੀ ਹੈ ਤੇ ਕਿਸੇ ਪ੍ਰਭੂਸੱਤਾ ਸੰਪੰਨ ਦੇਸ਼ ਉੱਤੇ ਇਸ ਤਰ੍ਹਾਂ ਦੀ ਚੜ੍ਹਾਈ ਨੂੰ ਕਿਸੇ ਵੀ ਹਾਲ ਸਵੀਕਾਰਿਆ ਨਹੀਂ ਜਾ ਸਕਦਾ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਨ੍ਹਾਂ ਇਲਾਕਿਆਂ ਵਿੱਚ ਫੌਜ ਤਾਇਨਾਤ ਕਰਨ ਦੇ ਫੈਸਲੇ ਉੱਤੇ ਸਹੀ ਪਾਈ ਸੀ। ਇਸ ਦੌਰਾਨ ਮੰਗਲਵਾਰ ਨੂੰ ਸਰਬਸੰਮਤੀ ਨਾਲ ਵੋਟ ਪਾ ਕੇ ਰੂਸ ਦੇ ਨੀਤੀਘਾੜਿਆਂ ਤੇ ਫੈਡਰੇਸ਼ਨ ਕਾਊਂਸਲ ਦੇ ਮੈਂਬਰਾਂ ਵੱਲੋਂ ਦੇਸ਼ ਤੋਂ ਬਾਹਰ ਫੌਜ ਦੀ ਵਰਤੋਂ ਕਰਨ ਦੀ ਪੁਤਿਨ ਨੂੰ ਇਜਾਜ਼ਤ ਦਿੱਤੀ ਗਈ।
ਚੰਨੀ ਨੇ ਯੂਕਰੇਨ ‘ਚੋਂ ਪੰਜਾਬੀਆਂ ਨੂੰ ਸੁਰੱਖਿਅਤ ਕੱਢਣ ਲਈ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ
ਚੰਡੀਗੜ੍ਹ : ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਪੰਜਾਬ ‘ਚ ਟੈਨਸ਼ਨ ਵਧ ਗਈ ਹੈ ਕਿਉਂਕਿ ਯੂਕਰੇਨ ਵਿਚ ਵੱਡੀ ਗਿਣਤੀ ‘ਚ ਪੰਜਾਬੀ ਵਿਦਿਆਰਥੀ ਅਤੇ ਹੋਰ ਪੰਜਾਬੀ ਫਸੇ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ‘ਚ ਫਸੇ ਪੰਜਬੀਆਂ ਨੂੰ ਸੁਰੱਖਿਅਤ ਉਥੋਂ ਕੱਢਿਆ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਜੰਗ ਨਾਲ ਉਥੇ ਫਸੇ ਪੰਜਾਬੀ ਚਿੰਤਤ ਹਨ ਅਤੇ ਹਮਲਿਆਂ ਦਾ ਸਾਹਮਣਾ ਕਰ ਰਹੇ ਯੂਕਰੇਨ ਤੋਂ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਉਥੋਂ ਸੁਰੱਖਿਅਤ ਭਾਰਤ ਲਿਆਂਦਾ ਜਾਵੇ। ਉਧਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਟਵੀਟ ਕਰਕੇ ਕਿਹਾ ਕਿ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਜਾਣ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ਤੋਂ ਯੂਕਰੇਨ ‘ਚ ਫਸੇ ਵਿਦਿਆਰਥੀਆਂ ਨੂੰ ਮੁਫਤ ਅਤੇ ਸੁਰੱਖਿਅਤ ਵਾਪਸ ਲਿਆਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਇਸ ਸੰਕਟ ਦੇ ਸਮੇਂ ਹਵਾਈ ਕੰਪਨੀਆਂ ਵੱਲੋਂ ਟਿਕਟਾਂ ਦੇ ਰੇਟ ਵਧਾਉਣ ਦੇ ਮਾਮਲੇ ‘ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ।