ਹੁਣ ਮੈਂ ਭਾਰਤ ਨਹੀਂ ਆਵਾਂਗੀ : ਅਰੂਸਾ ਆਲਮ
ਕਿਹਾ : ਪੰਜਾਬ ‘ਚ ਹੋ ਰਹੀ ਹੈ ਹੇਠਲੇ ਪੱਧਰ ਦੀ ਰਾਜਨੀਤੀ
ਚੰਡੀਗੜ੍ਹ : ਕੈਪਟਨ ਅਮਰਿੰਦਰ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਲੈ ਕੇ ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਹੈ। ਆਈਐਸਆਈ ਨਾਲ ਸਬੰਧਾਂ ਦੀ ਜਾਂਚ ਕਰਵਾਉਣ ਸਬੰਧੀ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ਤੋਂ ਬਾਅਦ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੇ ਮੀਡੀਆ ਨਾਲ ਗੱਲਬਾਤ ਕੀਤੀ। ਅਰੂਸਾ ਨੇ ਕਿਹਾ ਕਿ 18 ਪੁਆਇੰਟ ਏਜੰਡੇ ਦਾ ਬਹਾਨਾ ਬਣਾ ਕੇ ਕੈਪਟਨ ਕੋਲੋਂ ਅਸਤੀਫਾ ਲੈਣ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਉਹ ਕੀ ਕਰਨ? ਅਰੂਸਾ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਛੋਟੀ ਸੋਚ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ ਗੱਲਬਾਤ ਕਰਨ ਦਾ ਕੋਈ ਲਹਿਜ਼ਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਮੇਰੇ ਬਾਰੇ ਬੋਲਣ ਦਾ ਕੀ ਹੱਕ ਹੈ? ਅਰੂਸਾ ਨੇ ਕਿਹਾ ਕਿ ਸਿਆਸਤ ਦੇ ਬੌਣੇ ਆਗੂਆਂ ਦੀ ਬਿਆਨਬਾਜ਼ੀ ਨੇ ਉਨ੍ਹਾਂ ਦਾ ਦਿਲ ਤੋੜ ਦਿੱਤਾ ਹੈ। ਹੁਣ ਉਹ ਭਾਰਤ ਆਉਣਾ ਨਹੀਂ ਚਾਹੇਗੀ। ਅਰੂਸਾ ਆਲਮ ਨੇ ਕਿਹਾ ਕਿ ਉਹ ਕਿਸਮਤ ਵਾਲੀ ਹੈ ਕਿ ਕੈਪਟਨ ਅਮਰਿੰਦਰ ਨੇ ਉਸ ਨੂੰ ਦੋਸਤ ਬਣਾਇਆ। ਅਰੂਸਾ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਕੈਪਟਨ ਨੂੰ ਮਿਲੀ ਤਾਂ ਉਸਦੀ ਉਮਰ 50 ਸਾਲ ਅਤੇ ਕੈਪਟਨ ਅਮਰਿੰਦਰ ਦੀ ਉਮਰ 60 ਸਾਲ ਸੀ। ਅਰੂਸਾ ਨੇ ਕਿਹਾ ਕਿ ਉਹ ਮੌਜੂਦਾ ਕੰਟਰੋਵਰਸੀ ‘ਤੇ ਕੋਈ ਟਿੱਪਣੀ ਨਹੀਂ ਕਰਦੀ ਪਰ ਕੈਪਟਨ ਨੇ ਲਿਖਿਆ ਕਿ ਵੀਜ਼ਾ ਬੰਦ ਨਾ ਹੁੰਦਾ ਤਾਂ ਉਹ ਦੁਬਾਰਾ ਉਨ੍ਹਾਂ ਨੂੰ ਸੱਦਦੇ। ਅਰੂਸਾ ਨੇ ਦੱਸਿਆ ਉਨ੍ਹਾਂ ਖੁਦ ਭਾਰਤ ਦੀਆਂ ਵੱਡੀਆਂ ਹਸਤੀਆਂ ਨਾਲ ਫੋਟੋਆਂ ਕੈਪਟਨ ਨੂੂੰ ਭੇਜੀਆਂ ਸਨ ਅਤੇ ਉਹ ਕਿਸੇ ਵੀ ਜਾਂਚ ਲਈ ਤਿਆਰ ਹੈ। ਅਰੂਸਾ ਨੇ ਕਿਹਾ ਕਿ ਕੈਪਟਨ ਦਾ ਵਿਰੋਧ ਕਰਨ ਵਾਲੇ ਪਹਿਲਾਂ ਉਨ੍ਹਾਂ ਦੇ ਪੈਰੀ ਡਿੱਗਦੇ ਸਨ।
ਅਰੂਸਾ ਨੇ ਕਿਹਾ ਕਿ ਰੰਧਾਵਾ ਦੇਖਣ ਨੂੰ ਚੰਗੇ ਲੱਗਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਗੱਲ ਕਿਸ ਤਰ੍ਹਾਂ ਕਰਨੀ ਹੈ। ਅਰੂਸਾ ਨੇ ਕਿਹਾ ਕਿ ਜਿਸ ਤਰ੍ਹਾਂ ਰੰਧਾਵਾ ਨੇ ਕੈਪਟਨ ਨਾਲ ਉਨ੍ਹਾਂ ਦੀ ਨਜ਼ਦੀਕੀ ‘ਤੇ ਕੰਟਰੋਵਰਸੀ ਖੜ੍ਹੀ ਕੀਤੀ ਹੈ, ਇਹ ਸਿਆਸਤ ਦਾ ਸਭ ਤੋਂ ਹੇਠਲਾ ਪੱਧਰ ਹੈ।
ਰੰਧਾਵਾ ਤੇ ਡਾ. ਸਿੱਧੂ ਦਾ ਜਵਾਬ
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਰੂਸਾ ਆਈਐਸਆਈ ਦੀ ਏਜੰਟ ਹੈ, ਇਸ ਗੱਲ ‘ਤੇ ਉਹ ਕਾਇਮ ਹਨ। ਰੰਧਾਵਾ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਨੂੰ ਕਹਿਣਾ ਚਾਹੁੰਦੇ ਹਨ ਕਿ ਗੁਰਬਾਣੀ ਮੁਤਾਬਕ ਵੀ ਪਰਾਈ ਮਹਿਲਾ ਨੂੰ ਨਾਲ ਰੱਖਣ ਦੀ ਮਨਾਹੀ ਹੈ। ਇਸੇ ਦੌਰਾਨ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਵਿਚ ਇਕ ਸਮਾਗਮ ਦੌਰਾਨ ਅਰੂਸਾ ਆਲਮ ਬਾਰੇ ਬੋਲਦਿਆਂ ਕਿਹਾ ਕਿ ਚੋਣਾਂ ਵਿਚ ਚਾਰ ਮਹੀਨੇ ਰਹਿੰਦੇ ਹਨ। ਮੇਰੇ ਕੋਲ ਹੋਰ ਵੀ ਕਈ ਮੁੱਦੇ ਹਨ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …