Breaking News
Home / ਹਫ਼ਤਾਵਾਰੀ ਫੇਰੀ / ਨਿਤੀਸ਼ ਕੁਮਾਰ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ

ਨਿਤੀਸ਼ ਕੁਮਾਰ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ

ਨਿਤੀਸ਼ ਨੇ ਭਾਜਪਾ ਨਾਲੋਂ ਤੋੜ ਲਿਆ ਸੀ ਗਠਜੋੜ
ਪਟਨਾ/ਬਿਊਰੋ ਨਿਊਜ਼ : ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਪਟਨਾ ਸਥਿਤ ਰਾਜ ਭਵਨ ਵਿੱਚ ਰਿਕਾਰਡ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ। ਕੁਮਾਰ ਨਾਲ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਵੀ ਸਹੁੰ ਚੁੱਕੀ। ਰਾਜਪਾਲ ਫਾਗੂ ਚੌਹਾਨ ਨੇ ਦੋਵਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਮਹਾਗਠਬੰਧਨ ਵਿਚਲੇ ਅਹਿਮ ਭਾਈਵਾਲ- ਜੇਡੀਯੂ, ਆਰਜੇਡੀ ਤੇ ਕਾਂਗਰਸ ਆਪਸ ਵਿੱਚ ਸਲਾਹ ਮਸ਼ਵਰੇ ਮਗਰੋਂ ਜਲਦੀ ਹੀ ਮੰਤਰੀ ਮੰਡਲ ਦਾ ਐਲਾਨ ਕਰਨਗੇ। ਨਿਤੀਸ਼ ਨੇ ਲੰਘੇ ਦਿਨੀਂ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨਾਲੋਂ ਤੋੜ-ਵਿਛੋੜਾ ਕਰਦੇ ਹੋਏ ਆਰਜੇਡੀ ਨਾਲ ਹੱਥ ਮਿਲਾ ਲਿਆ ਸੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨਿਤੀਸ਼ ਕੁਮਾਰ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਣਗੇ ਜਦੋਂਕਿ ਆਰਜੇਡੀ ਨੂੰ ਉਹ ਸਾਰੇ ਵਿਭਾਗ ਮਿਲ ਸਕਦੇ ਹਨ, ਜੋ ਪਹਿਲਾਂ ਭਾਜਪਾ ਕੋਲ ਸਨ। ਸੂਤਰ ਨੇ ਕਿਹਾ ਕਿ ਨਵੀਂ ਕੈਬਨਿਟ ਦੇ ਗਠਨ ਨੂੰ ਲੈ ਕੇ ਭਾਈਵਾਲਾਂ ਵਿੱਚ ਸਮਝੌਤਾ ਸਿਰੇ ਚੜ੍ਹ ਗਿਆ ਹੈ। ਕੈਬਨਿਟ ਵਿੱਚ 35 ਜਾਂ ਇਸ ਤੋਂ ਵੱਧ ਮੈਂਬਰ ਹੋਣਗੇ, ਜੋ ਜੇਡੀਯੂ, ਆਰਜੇਡੀ ਤੇ ਕਾਂਗਰਸ ਤੋਂ ਲਏ ਜਾਣਗੇ। ਇਸ ਦੌਰਾਨ ਮਹਾਗੱਠਬੰਧਨ ਸਰਕਾਰ ਦੇ ਗਠਨ ਨੂੰ ਲੈ ਕੇ ਰਾਜ ਭਵਨ ਅਤੇ ਕੁਮਾਰ ਤੇ ਯਾਦਵ ਦੀਆਂ ਰਿਹਾਇਸ਼ਾਂ ਦੇ ਬਾਹਰ ਸੈਂਕੜੇ ਜੇਡੀਯੂ ਤੇ ਆਰਜੇਡੀ ਵਰਕਰ ਮੌਜੂਦ ਰਹੇ। ਵਰਕਰਾਂ ਨੇ ਪਟਾਖ਼ੇ ਚਲਾਏ ਤੇ ਮਠਿਆਈਆਂ ਵੰਡੀਆਂ। ਹਲਫ਼ਦਾਰੀ ਸਮਾਗਮ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਨਿਤੀਸ਼ ਕੁਮਾਰ ਨੇ ਭਾਜਪਾ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਨਵੀਂ ਸਰਕਾਰ ਆਪਣਾ ਕਾਰਜਕਾਲ ਵੀ ਪੂਰਾ ਨਹੀਂ ਕਰੇਗੀ। ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪੁਰਾਣੇ ਭਾਈਵਾਲ ”ਠੀਕ ਉਸੇ ਥਾਂ ‘ਤੇ ਪਹੁੰਚ ਗਏ ਹਨ, ਜਿੱਥੇ ਉਹ 2015 ਦੀਆਂ ਅਸੈਂਬਲੀ ਚੋਣਾਂ ਮਗਰੋਂ ਖੜ੍ਹੇ ਸਨ।” ਕੁਮਾਰ ਨੇ ਕਿਹਾ ਕਿ ਨਵੀਂ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ ਤੇ ਉਹ ਬਿਹਾਰ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …