Breaking News
Home / ਹਫ਼ਤਾਵਾਰੀ ਫੇਰੀ / ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਦਹਿਸ਼ਤੀ ਹਮਲੇ ‘ਚ 27 ਮੌਤਾਂ

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਦਹਿਸ਼ਤੀ ਹਮਲੇ ‘ਚ 27 ਮੌਤਾਂ

ਦਹਿਸ਼ਤੀ ਹਮਲੇ ਦੀ ਹੋ ਰਹੀ ਸਖਤ ਨਿੰਦਾ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਮੰਗਲਵਾਰ ਸ਼ਾਮੀਂ ਹੋਏ ਦਹਿਸ਼ਤੀ ਹਮਲੇ ਵਿੱਚ 27 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਬਹੁਗਿਣਤੀ ਸੈਲਾਨੀ ਦੱਸੇ ਜਾਂਦੇ ਹਨ। ਇਕ ਉੱਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਵਿਚ ਦੋ ਵਿਦੇਸ਼ੀ ਤੇ ਦੋ ਸਥਾਨਕ ਵਿਅਕਤੀ ਵੀ ਸ਼ਾਮਲ ਹਨ।
ਪਾਕਿਸਤਾਨ ਅਧਾਰਿਤ ਪਾਬੰਦੀਸ਼ੁਦਾ ਦਹਿਸ਼ਤੀ ਸਮੂਹ ਲਸ਼ਕਰ-ਏ-ਤਇਬਾ ਨਾਲ ਸਬੰਧਤ ਸਮੂਹ ਦਿ ਰਜ਼ਿਸਟੈਂਸ ਫਰੰਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਦਹਿਸ਼ਤੀ ਸਮੂਹ ਜੰਮੂ ਦੇ ਕਿਸ਼ਤਵਾੜ ਤੋਂ ਪਾਰ ਹੋ ਕੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਰਾਹੀਂ ਬੈਸਰਨ ਪਹੁੰਚਿਆ ਹੋਵੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਊਦੀ ਅਰਬ ਦੇ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਹਿਸ਼ਤੀ ਹਮਲੇ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਤੁਰੰਤ ਬਾਅਦ ਸਾਰੀਆਂ ਏਜੰਸੀਆਂ ਨਾਲ ਇੱਕ ਜ਼ਰੂਰੀ ਸੁਰੱਖਿਆ ਸਮੀਖਿਆ ਮੀਟਿੰਗ ਕਰਨ ਲਈ ਸ੍ਰੀਨਗਰ ਵੀ ਪਹੁੰਚੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ, ”ਮੈਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜ਼ਖਮੀ ਜਲਦੀ ਤੋਂ ਜਲਦੀ ਠੀਕ ਹੋ ਜਾਣ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।” ਮੋਦੀ ਨੇ ਕਿਹਾ, ”ਇਸ ਘਿਨਾਉਣੇ ਕਾਰੇ ਦੇ ਪਿੱਛੇ ਜਿਹੜੇ ਲੋਕ ਹਨ, ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ… ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ! ਉਨ੍ਹਾਂ ਦੇ ਮਾੜੇ ਇਰਾਦੇ ਕਦੇ ਵੀ ਸਫ਼ਲ ਨਹੀਂ ਹੋਣਗੇ। ਅਤਿਵਾਦ ਨਾਲ ਲੜਨ ਦਾ ਸਾਡਾ ਇਰਾਦਾ ਅਟੱਲ ਹੈ ਅਤੇ ਇਹ ਹੋਰ ਵੀ ਮਜ਼ਬੂਤ ਹੋਵੇਗਾ।” ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਭਾਰਤ ਦੇ ਚਾਰ-ਰੋਜ਼ਾ ਸਰਕਾਰੀ ਦੌਰੇ ਉਤੇ ਆਏ ਹੋਏ ਸਨ। ਉਹ ਮੰਗਲਵਾਰ ਨੂੰ ਰਾਜਸਥਾਨ ਦੀ ਯਾਤਰਾ ਉਤੇ ਸਨ। ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਕਸ਼ਮੀਰ ਸਾਲਾਂ ਤੋਂ ਅਤਿਵਾਦ ਦੀ ਮਾਰ ਝੱਲਣ ਤੋਂ ਬਾਅਦ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਦੇਖ ਰਿਹਾ ਹੈ। ਇਸ ਤੋਂ ਇਲਾਵਾ, 38 ਦਿਨਾਂ ਦੀ ਅਮਰਨਾਥ ਯਾਤਰਾ ਵੀ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ।
ਦਹਿਸ਼ਤਗਰਦਾਂ ਨੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸੈਲਾਨੀਆਂ ਨੂੰ ਬਣਾਇਆ ਨਿਸ਼ਾਨਾ
ਨਵੀਂ ਦਿੱਲੀ : ਜੰਮੂ ਕਸ਼ਮੀਰ ‘ਚ ਪਹਿਲਗਾਮ ਨੇੜੇ ਬੈਸਰਨ ਦੇ ਹਰੇ-ਭਰੇ ਮੈਦਾਨੀ ਇਲਾਕੇ ‘ਚ ਮੰਗਲਵਾਰ ਨੂੰ ਹੋਇਆ ਦਹਿਸ਼ਤੀ ਹਮਲਾ ਗਿਣੀ-ਮਿੱਥੀ ਸਾਜ਼ਿਸ਼ ਦਾ ਹਿੱਸਾ ਸੀ ਅਤੇ ਅੱਤਵਾਦੀਆਂ ਨੇ ਇਲਾਕੇ ਦੀ ਰੇਕੀ ਕਰਕੇ ਪਤਾ ਲਗਾਇਆ ਸੀ ਕਿ ਕਿਹੜੇ ਸਮੇਂ ‘ਤੇ ਉਥੇ ਸੈਲਾਨੀਆਂ ਦੀ ਵੱਧ ਗਿਣਤੀ ਹੁੰਦੀ ਹੈ। ਇਹ ਇਲਾਕਾ ਪਹਿਲਗਾਮ ਤੋਂ ਕਰੀਬ ਛੇ ਕਿਲੋਮੀਟਰ ਦੀ ਦੂਰੀ ‘ਤੇ ਪੈਂਦਾ ਹੈ ਅਤੇ ਉਥੇ ਸਿਰਫ਼ ਪੈਦਲ ਜਾਂ ਖੱਚਰਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ। ਪੂਰਾ ਇਲਾਕਾ ਜੰਗਲਾਂ ਨਾਲ ਘਿਰਿਆ ਹੋਇਆ ਹੈ ਅਤੇ ਉਥੇ ਇਕੋ ਇਕ ਕੱਚਾ ਰਾਹ ਹੈ ਜਿਸ ਰਾਹੀਂ ਬੈਸਰਨ ਤੱਕ ਪੁੱਜਣ ਲਈ ਕਰੀਬ 40 ਮਿੰਟ ਦਾ ਸਮਾਂ ਲਗਦਾ ਹੈ। ਚਾਰ ਚੁਫੇਰੇ ਦੀ ਹਰਿਆਲੀ ਨੂੰ ਦੇਖਦਿਆਂ ਇਲਾਕੇ ਨੂੰ ਮਿਨੀ ਸਵਿਟਜ਼ਰਲੈਂਡ ਵਜੋਂ ਜਾਣਿਆ ਜਾਂਦਾ ਹੈ ਅਤੇ ਸੈਲਾਨੀ ਇਸ ਦੀ ਖ਼ੂਬਸੂਰਤੀ ਨੂੰ ਦੇਖਣ ਲਈ ਮੰਗਲਵਾਰ ਦੁਪਹਿਰ ਇਕ ਵਜੇ ਉਥੇ ਪੁੱਜੇ ਸਨ ਅਤੇ ਉਨ੍ਹਾਂ ‘ਤੇ ਦਹਿਸ਼ਤਗਰਦਾਂ ਨੇ ਢਾਈ ਵਜੇ ਦੇ ਕਰੀਬ ਹਮਲਾ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਫੌਰੀ ਰਿਐਕਸ਼ਨ ਟੀਮ (ਕਿਊਆਰਟੀ) ਮੌਕੇ ਤੋਂ ਕਾਫੀ ਦੂਰ ਸੀ ਅਤੇ ਉਸ ਨੂੰ ਇਲਾਕੇ ਤੱਕ ਪਹੁੰਚਣ ‘ਚ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗਣਾ ਸੀ ਜਿਸ ਦੀ ਜਾਣਕਾਰੀ ਸ਼ਾਇਦ ਦਹਿਸ਼ਤਗਰਦਾਂ ਕੋਲ ਪਹਿਲਾਂ ਹੀ ਸੀ। ਇਲਾਕੇ ਅਤੇ ਉਸ ਦੇ ਰਾਹ ‘ਚ ਕੋਈ ਵੀ ਹਥਿਆਰਬੰਦ ਸੁਰੱਖਿਆ ਬਲ ਤਾਇਨਾਤ ਨਹੀਂ ਸੀ। ਹਥਿਆਰਬੰਦ ਦਹਿਸ਼ਤਗਰਦਾਂ ਨੇ ਸੈਲਾਨੀਆਂ ‘ਚੋਂ ਹਿੰਦੂਆਂ ਨੂੰ ਵੱਖ ਕੀਤਾ ਅਤੇ ਆਪਣੀ ਨਾਪਾਕ ਹਰਕਤ ਨੂੰ 15 ਮਿੰਟ ‘ਚ ਅੰਜਾਮ ਦੇ ਕੇ ਜੰਗਲ ਵੱਲ ਫਰਾਰ ਹੋ ਗਏ।
ਸੁਪਰੀਮ ਕੋਰਟ ਵੱਲੋਂ ਹਮਲੇ ਦੀ ਨਿੰਦਾ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਘਿਨਾਉਣੇ ਅਤਿਵਾਦੀ ਹਮਲੇ ‘ਤੇ ਦੁੱਖ ਜ਼ਾਹਿਰ ਕਰਦਿਆਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸਿਖ਼ਰਲੀ ਅਦਾਲਤ ਵਿੱਚ ਜੱਜਾਂ ਤੇ ਵਕੀਲਾਂ ਨੇ ਇਕ ਮਿੰਟ ਦਾ ਮੌਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਹਿਲਗਾਮ ਹਮਲੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਧਾਮੀ ਨੇ ਕਿਹਾ ਕਿ ਇਸ ਅਣਮਨੁੱਖੀ ਕਾਰੇ ਨੇ ਸਮਾਜਿਕ ਕਦਰਾਂ ਕੀਮਤਾਂ ਨੂੰ ਸੱਟ ਮਾਰੀ ਹੈ।
ਸਿੰਧੂ ਜਲ ਸੰਧੀ ਮੁਅੱਤਲ; ਅਟਾਰੀ ਸਰਹੱਦ ਬੰਦ
ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੇ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐੱਸ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਤਾਂ ਜੋ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਸਰਕਾਰ ਦੀ ਰਣਨੀਤੀ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਪਹਿਲਗਾਮ ਅੱਤਵਾਦੀ ਹਮਲੇ ‘ਚ 27 ਵਿਅਕਤੀਆਂ ਦੀ ਮੌਤ ਹੋ ਗਈ ਸੀ। ਸੁਰੱਖਿਆ ਸਬੰਧੀ ਕੈਬਨਿਟ ਕਮੇਟੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਇੱਥੇ ਸਖ਼ਤ ਕਦਮ ਚੁੱਕਦਿਆਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ, ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ਾ ਰੱਦ ਕਰਨ ਸਣੇ ਕਈ ਫੈਸਲੇ ਲਏ।
ਮੀਟਿੰਗ ਮਗਰੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਮੀਡੀਆ ਨੂੰ ਫੈਸਲਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ 1960 ਦੀ ਸਿੰਧੂ ਜਲ ਸੰਧੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀ ਗਈ ਹੈ, ਜਦੋਂ ਤੱਕ ਪਾਕਿਸਤਾਨ ਭਰੋਸੇਯੋਗ ਅਤੇ ਅਟੱਲ ਤੌਰ ‘ਤੇ ਸਰਹੱਦ ਪਾਰ ਅੱਤਵਾਦ ਨੂੰ ਆਪਣਾ ਸਮਰਥਨ ਬੰਦ ਨਹੀਂ ਕਰ ਦਿੰਦਾ।
ਮਿਸਰੀ ਨੇ ਦੱਸਿਆ ਕਿ ਅਟਾਰੀ ਏਕੀਕ੍ਰਿਤ ਚੈੱਕ ਪੋਸਟ ਨੂੰ ਵੀ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਅਨੁਸਾਰ ਇਹ ਫੈਸਲਾ ਵੀ ਲਿਆ ਗਿਆ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਰੱਖਿਆ/ਸੈਨਿਕ, ਜਲ ਸੈਨਾ ਅਤੇ ਹਵਾਈ ਸਲਾਹਕਾਰਾਂ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ। ਸਰਕਾਰ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਆਪਣੇ ਰੱਖਿਆ/ਜਲ ਸੈਨਾ/ਹਵਾਈ ਸਲਾਹਕਾਰਾਂ ਨੂੰ ਵਾਪਸ ਬੁਲਾਉਣ ਦਾ ਵੀ ਫੈਸਲਾ ਕੀਤਾ ਹੈ।

Check Also

ਸਰਵੇਖਣਾਂ ਅਨੁਸਾਰ ਲਿਬਰਲਾਂ ਦਾ ਗਰਾਫ ਡਿੱਗਿਆ ਪਰ ਹੱਥ ਹਾਲੇ ਵੀ ਕੰਸਰਵੇਟਿਵਾਂ ਤੋਂ ਉਪਰ

ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਾਰਕ ਕਾਰਨੀ ਨੂੰ 41 ਫੀਸਦੀ ਅਤੇ ਪੀਅਰ ਪੋਲੀਵਰ ਨੂੰ 36 …