ਈਡੀ ਦੇ ਦਸਤਾਵੇਜ਼ਾਂ ਦਾ ਹਵਾਲਾ ਦੇ ਮਜੀਠੀਆ ਨੂੰ ਨਸ਼ਿਆਂ ਦੇ ਕਾਰੋਬਾਰ ਦਾ ਦੱਸਿਆ ਕਰਤਾ-ਧਰਤਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪੁਲਿਸ ਵੱਲੋਂ ਰਾਜ ਵਿੱਚ ਨਸ਼ਿਆਂ ਦੀ ਸਮਗਲਿੰਗ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਤਿੰਨ ਨਾਮੀ ਸਮਗਲਰਾਂ ਵੱਲੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਦਿੱਤੇ ਬਿਆਨਾਂ ਦੇ ਅਧਾਰ ‘ਤੇ ਆਮ ਆਦਮੀ ਪਾਰਟੀ ઠਨੇ ਰਾਜ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲ ਨਿਸ਼ਾਨਾ ਸੇਧਿਆ ਹੈ। ‘ਆਪ’ ਨੇਤਾਵਾਂ ਆਸ਼ੀਸ਼ ਖੇਤਾਨ ਅਤੇ ਸੰਜੈ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਡੀ ਦੇ ਦਸਤਾਵੇਜ਼ਾਂ ਮੁਤਾਬਕ ਮਾਲ ਮੰਤਰੀ ਵੱਲੋਂ ਪੰਜਾਬ ਵਿੱਚ ਕਥਿਤ ਤੌਰ ‘ਤੇ ਸਮਗਲਰਾਂ ਦੀ ਪੁਸ਼ਤਪਨਾਹੀ ਕੀਤੀ ਜਾਂਦੀ ਰਹੀ ਹੈ। ਜੇਕਰ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਤਾਂ ਮਜੀਠੀਆ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਸ ਦੀ ਸੰਪਤੀ ਵੀ ਜ਼ਬਤ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਈਡੀ ਨੂੰ ਦਿੱਤੇ ਬਿਆਨਾਂ ਦੇ ਅਧਾਰ ‘ਤੇ ਪੰਜਾਬ ਦੇ ਇਸ ਮੰਤਰੀ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਕੇਂਦਰ ਦੀ ਐਨਡੀਏ ਸਰਕਾਰ ਵਿਚ ਭਾਈਵਾਲ ਹੋਣ ਕਰਕੇ ਕੇਂਦਰੀ ਏਜੰਸੀ ਨੇ ਵੀ ਅੱਖਾਂ ਬੰਦ ਕਰਨ ਲਈਆਂ ਹਨ ਤੇ ਪੰਜਾਬ ਪੁਲਿਸ ਪਹਿਲਾਂ ਹੀ ਮੰਤਰੀ ਖਿਲਾਫ਼ ਕੁੱਝ ਕਰਨ ਲਈ ਤਿਆਰ ਨਹੀਂ ਸੀ।’ਆਪ’ ਨੇਤਾਵਾਂ ਨੇ ਅਦਾਲਤੀ ਹਿਰਾਸਤ ਅਧੀਨ ਚੱਲ ਰਹੇ ਜਗਦੀਸ਼ ਭੋਲਾ, ਮਨਿੰਦਰ ਸਿੰਘ ਔਲਖ ਅਤੇ ਜਗਜੀਤ ਸਿੰਘ ਚਾਹਲ ਵੱਲੋਂ ਈਡੀ ਨੂੰ ਦਿੱਤੇ ਬਿਆਨ ਦੀ ਕਾਪੀ ਵੀ ਪੱਤਰਕਾਰਾਂ ਨੂੰ ਦਿੱਤੀ। ਇਨ੍ਹਾਂ ਨੇ ਮਾਲ ਮੰਤਰੀ ‘ਤੇ ਗੰਭੀਰ ਦੋਸ਼ ਲਾਉਂਦਿਆਂ ਸਮਗਲਰਾਂ ਨਾਲ ਸਾਂਝ ਦੀ ਗੱਲ ਕਹੀ ਹੈ। ਆਸ਼ੀਸ਼ ਖੇਤਾਨ ਨੇ ਦੋਸ਼ ਲਾਇਆ ਕਿ ਈਡੀ ਦੇ ਰਿਕਾਰਡ ਦੇ ਅਨੁਸਾਰ ਬਹੁਕਰੋੜੀ ਨਸ਼ਾ ਤਸਕਰੀ ਨਾਲ ਮਜੀਠੀਆ ਦੇ ਸਬੰਧ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਕੈਬਿਨਟ ਵਿੱਚ ਇਹ ਸ਼ਕਤੀਸ਼ਾਲੀ ਮੰਤਰੀ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਦਾ ਸਾਲਾ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਭਰਾ ਹੈ ਜਿਸ ਕਾਰਨ ਪੰਜਾਬ ਪੁਲਿਸ ਨੇ ਉਸ ਦੇ ਡਰੱਗ ਤਸਕਰਾਂ ਨਾਲ ਸਬੰਧਾਂ ਨੂੰ ਸਾਬਤ ਕਰਨ ਵਾਲੇ ਸਬੂਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਪੁਲਿਸ ਨੇ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਤਾਂ ਫੁਰਤੀ ਦਿਖਾਈ ਪਰ ਮਜੀਠੀਆ ਵਿਰੁੱਧ ਕੋਈ ਕਾਰਵਾਈ ਨਾ ਕੀਤੀ। ઠਈਡੀ ਨੂੰ ਦਿੱਤੇ ਬਿਆਨਾਂ ਦੇ ਅਧਾਰ ‘ਤੇ ਆਸ਼ੀਸ਼ ਖੇਤਾਨ ਨੇ ਕਿਹਾ ਕਿ ਮੰਤਰੀ ਵੱਲੋਂ ਤਸਕਰਾਂ ਨੂੰ ਪੰਜਾਬ ਪੁਲਿਸ ਦੇ ਗੰਨਮੈਨ, ਸਰਕਾਰੀ ਗੱਡੀਆਂ, ਘਰ ਅਤੇ ਰਾਜਨੀਤਿਕ ਸਰਪ੍ਰਸਤੀ ਦਿੱਤੀ, ਜਿਸ ਕਾਰਨ ਸਾਰਾ ਕੁੱਝ ਸ਼ੱਕੀ ਹੈ।
‘ਆਪ’ ਨੇਤਾਵਾਂ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲ ਮੰਤਰੀ ਨੂੰ ਕਲੀਨ ਚਿੱਟ ਦੇਣ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਘਿਓ ਖਿਚੜੀ ਹਨ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਈਡੀ ਦੇ ਬਿਆਨ ਸਬੰਧੀ ਕਾਨੂੰਨੀ ਸਲਾਹ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮਾਲ ਮੰਤਰੀ ਵੱਲੋਂ ਕਈ ਵਾਰ ਕੈਨੇਡਾ ਜਾਣ ਦੌਰਾਨ ਹਵਾਲਾ ਰਾਹੀਂ ਧਨ ਇਧਰ ਉਧਰ ਕਰਨ ਤੇ ਜਾਇਦਾਦ ਬਣਾਉਣ ਦੇ ਦੋਸ਼ ਵੀ ਲਾਏ। ਸੰਜੈ ਸਿੰਘ ਨੇ ਕਿਹਾ ਕਿ ਦਿੱਲੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਸ਼ੀਲਾ ਦੀਕਸ਼ਤ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਬਚਾ ਰਹੀ ਹੈ।
ਅਕਾਲੀ ਦਲ ਨੇ ਸਾਰੇ ਦੋਸ਼ਾਂ ਨੂੰ ਦੱਸਿਆ ਝੂਠਾ
ਅਕਾਲੀ ਦਲ ਵੱਲੋਂ ਡਾ. ਦਲਜੀਤ ਚੀਮਾ ਤੇ ਮਹੇਸ਼ਇੰਦਰ ਗਰੇਵਾਲ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਸਮਗਲਰਾਂ ਨਾਲ ਸਬੰਧਾਂ ਦੇ ਲਗਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 2007 ਤੋਂ ਬਾਅਦ ਮਜੀਠੀਆ ਇਕ ਵਾਰ ਵੀ ਕੈਨੇਡਾ ਨਹੀਂ ਗਏ। ‘ਆਪ’ ਕੋਲ ਜੇ ਸਬੂਤ ਹਨ ਤਾਂ ਅਦਾਲਤ ਵਿਚ ਆ ਜਾਵੇ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …