ਹੁਣ ਪੰਜਾਬੀ ਸੇਬਾਂ ਦੀ ਹੋਵੇਗੀ ਭਾਰਤ ‘ਚ ਸਰਦਾਰੀ
ਪੀਏਯੂ ਨੇ ਤਿਆਰ ਕੀਤੀਆਂ ਸੂਬੇ ਦੀ ਜਲਵਾਯੂ ਅਨੁਸਾਰ ਪੌਦਿਆਂ ਦੀਆਂ ਦੋ ਕਿਸਮਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਦੇ ਠੰਡੇ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਿਚ ਹੋਣ ਵਾਲੀ ਸੇਬ ਦੀ ਬਾਗਬਾਨੀ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀ ਹੋ ਸਕੇਗੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਵਲੋਂ ਵਿਕਸਿਤ ਕੀਤੀਆਂ ਗਈਆਂ ਸੇਬ ਦੇ ਪੌਦਿਆਂ ਦੀਆਂ ਦੋ ਕਿਸਮਾਂ (ਡੋਰਸੈਟ ਗੋਲਡਨ ਅਤੇ ਅੰਨਾ) ਨੂੰ ਪੰਜਾਬ ਸਰਕਾਰ ਨੇ ਮਾਨਤਾ ਦੇ ਦਿੱਤੀ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਦੇ ਕਿਸਾਨ ਸੇਬ ਦੀ ਖੇਤੀ ਵੀ ਕਰਨਗੇ। ਯੂਨੀਵਰਸਿਟੀ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਪੌਦਿਆਂ ‘ਤੇ ਖੋਜ ਕਰਨ ਲਈ ਲੱਗੀ ਹੋਈ ਸੀ। ਪੰਜਾਬ ਦੀ ਭੂਮੀ ਦੇ ਲਈ ਸੇਬਾਂ ਦੀਆਂ ਇਹ ਦੋਵੇਂ ਕਿਸਮਾਂ ਉਚਿਤ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਖੇਤੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਵਿਭਾਗ ਕਿਸਾਨਾਂ ਨੂੰ ਇਸਦੇ ਲਈ ਉਤਸ਼ਾਹਿਤ ਕਰੇ। ਨਾਲ ਹੀ ਹਾਰਟੀਕਲਚਰ ਅਤੇ ਐਗਰੀਕਲਚਰ ਡਿਪਾਰਟਮੈਂਟ ਦੇ ਅਫਸਰਾਂ ਦੀ ਮਾਹਿਰ ਟੀਮ ਗਠਨ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ। ਇਹ ਕਿਸਾਨਾਂ ਦੇ ਸੇਬਾਂ ਦੇ ਬਾਗਾਂ ਦੀ ਮੌਨੀਟਰਿੰਗ ਕਰੇਗੀ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਮੱਦਦ ਵੀ ਕਰੇਗੀ। ਇਹ ਪੌਦੇ ਦਸੰਬਰ ਦੇ ਅੰਤ ਤੋਂ ਜਨਵਰੀ ਦੌਰਾਨ ਲਗਾਏ ਜਾ ਸਕਣਗੇ। ਖੇਤੀ ਵਿਗਿਆਨਕਾਂ ਨੇ ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਐਸਬੀਐਸ ਨਗਰ, ਪਠਾਨਕੋਟ, ਪਟਿਆਲਾ, ਕਪੂਰਥਲਾ, ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਸੇਬ ਦੀ ਖੇਤੀ ਲਈ ਉਚਿਤ ਦੱਸਿਆ ਹੈ। ਸੇਬ ਨੂੰ ਲਗਾਉਣ ਦਾ ਸਹੀ ਸਮਾਂ ਜਨਵਰੀ ਹੈ। ਮਾਰਚ ਤੋਂ ਜੂਨ ਤੱਕ ਇਨ੍ਹਾਂ ਨੂੰ ਲਗਾਤਾਰ ਹਲਕੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਫਲ ਲੱਗਣ ਦਾ ਸਮਾਂ ਮਈ ਮਹੀਨਾ ਹੈ। ਇਹ ਬੂਟੇ ਤਿੰਨ ਸਾਲਾਂ ਵਿਚ ਹੀ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ।
ਇਕ ਬੂਟੇ ਤੋਂ 30 ਤੋਂ 32 ਕਿਲੋਗ੍ਰਾਮ ਤੱਕ ਮਿਲ ਸਕੇਗਾ ਫਲ
ਡੋਰਸੈਟ ਗੋਲਡਨ ਸੇਬ ਘੱਟ ਜਲਦੀ ਪੱਕਣ ਵਾਲੀ ਕਿਸਮ ਹੈ। ਫਲ ਗੋਲ ਅਤੇ ਹਰੇ-ਪੀਲੇ ਰੰਗ ਦੇ ਹੁੰਦੇ ਹਨ। ਫਲਾਂ ਦਾ ਆਕਾਰ ਛੋਟਾ ਰਹਿੰਦਾ ਹੈ। ਇਸ ਬੂਟੇ ਨੂੰ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਫਲ ਲੱਗਦੇ ਹਨ। ਔਸਤ ਉਪਜ ਕਰੀਬ 30 ਕਿਲੋਗ੍ਰਾਮ ਪ੍ਰਤੀ ਬੂਟਾ ਹੁੰਦੀ ਹੈ। ਇਸੇ ਤਰ੍ਹਾਂ ਅੰਨਾ ਕਿਸਮ ਦਾ ਸੇਬ ਜਲਦੀ ਪੱਕਦਾ ਹੈ। ਇਨ੍ਹਾਂ ਸੇਬਾਂ ਦਾ ਰੰਗ ਹਲਕਾ ਲਾਲ ਹੁੰਦਾ ਹੈ। ਇਹ ਫਲ ਮਈ ਦੇ ਚੌਥੇ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਤੱਕ ਲੱਗਦਾ ਹੈ ਅਤੇ ਇਸਦੀ ਉਪਜ ਕਰੀਬ 32 ਕਿਲੋਗ੍ਰਾਮ ਪ੍ਰਤੀ ਬੂਟਾ ਹੁੰਦੀ ਹੈ।
ਮੱਦਦ ਦੇ ਨਾਲ-ਨਾਲ ਫਸਲ ਦੀ ਦੇਖ-ਰੇਖ ਵੀ ਕਰੇਗੀ ਪੀਏਯੂ
ਖੇਤੀ ਵਿਗਿਆਨਕਾਂ ਨੇ ਕਈ ਸਾਲਾਂ ਦੀ ਖੋਜ ਤੋਂ ਬਾਅਦ ਸੇਬ ਦੀਆਂ ਦੋ ਕਿਸਮਾਂ ਦੇ ਬੂਟੇ ਤਿਆਰ ਕਰ ਲਏ ਹਨ, ਜੋ ਬਾਗਬਾਨੀ ਕਰਨ ‘ਤੇ ਕਿਸਾਨਾਂ ਨੂੰ ਭਰਪੂਰ ਲਾਭ ਦੇ ਸਕਦੇ ਹਨ। ਕਿਸਾਨ ਪੀਏਯੂ ਨਾਲ ਸੰਪਰਕ ਵੀ ਕਰ ਸਕਦੇ ਹਨ। ਯੂਨੀਵਰਸਿਟੀ ਨਾ ਕੇਵਲ ਕਿਸਾਨਾਂ ਨੂੰ ਪੌਦੇ ਉਪਲਬਧ ਕਰਵਾਏਗੀ ਬਲਕਿ ਜੋ ਕਿਸਾਨ ਸੇਬ ਦੀ ਬਾਗਬਾਨੀ ਕਰਨਗੇ, ਉਨ੍ਹਾਂ ਦੇ ਬਾਗਾਂ ਵਿਚ ਲੱਗਣ ਵਾਲੇ ਪੌਦਿਆਂ ਦੀ ਸਮੇਂ-ਸਮੇਂ ‘ਤੇ ਵਿਗਿਆਨੀ ਦੇਖ-ਰੇਖ ਵੀ ਕਰਨਗੇ।
ਡਾ. ਸਤਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀਏਯੂ
Check Also
ਕੈਨੇਡਾ ‘ਚ ਭਾਰਤੀਆਂ ਸਾਹਮਣੇ ਵੱਡਾ ਸੰਕਟ
50 ਲੱਖ ਵਿਦੇਸ਼ੀਆਂ ਦੇ ਆਰਜ਼ੀ ਪਰਮਿਟਾਂ ਦੀ ਮਿਆਦ ਖਤਮ -ਛੱਡਣਾ ਪੈ ਸਕਦਾ ਹੈ ਕੈਨੇਡਾ ਓਟਾਵਾ/ਬਿਊਰੋ …