Breaking News
Home / ਨਜ਼ਰੀਆ / ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਮਨਾਇਆ ਗਿਆ ਕੈਨੇਡਾ ਦਿਵਸ ਤੇ ਪੰਜਾਬੀ ਮੇਲਾ

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਮਨਾਇਆ ਗਿਆ ਕੈਨੇਡਾ ਦਿਵਸ ਤੇ ਪੰਜਾਬੀ ਮੇਲਾ

ਕੈਨੇਡਾ ਵਿੱਚ ਵਿਸ਼ਵ ਪੰਜਾਬੀ ਸਭਾ ਕਨੇਡਾ ਨੇ ਕੈਨੇਡਾ ਦੇ ਮੂਲ ਵਾਸੀਆਂ ਅਤੇ ਪੰਜਾਬੀ ਭਾਈਚਾਰੇ ਨੂੰ ਇੱਕ ਸ਼ਾਨਦਾਰ ਸਾਂਝੀ ਸਟੇਜ਼ ‘ਤੇ ਇਕੱਤਰ ਕਰਕੇ ਪੰਜਾਬੀ ਮੇਲੇ ਰਾਹੀਂ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਮਨਾਉਣ ਲਈ ਕੈਨੇਡਾ ਦਿਵਸ (ਪਹਿਲੀ ਜੁਲਾਈ) ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਕੀਤਾ। ਇਹ ਸਮਾਗਮ ਦੋਵੇਂ ਦੇਸ਼ਾਂ ਵਿਚਲੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਉਜਾਗਰ ਕਰਦਾ ਹੈ।ਜਿਸ ਵਿੱਚ ਨੌਜਵਾਨ ਪੀੜ੍ਹੀ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਇਸਦੀ ਮਹੱਤਤਾ ਅਤੇ ਭਾਈਚਾਰਕ ਸਾਂਝ ਦੀ ਸਦਭਾਵਨਾ ਨੂੰ ਸਮਝਿਆ ਤੇ ਜਾਣਿਆ ਹੈ।
ਇਸ ਪੰਜਾਬੀ ਮੇਲੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਇਹ ਪੰਜਾਬੀ ਮੇਲਾ ਇੱਕ ਪਿਆਰ ਭਰਿਆ ਜਸ਼ਨ ਹੈ ਜੋ ਅਮੀਰ ਪੰਜਾਬੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਦਰਸਾਉਂਦਾ ਹੈ। ਇਸਦਾ ਮਕਸਦ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਲਈ ਇਕੱਠੇ ਹੋਣ, ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਿਸ਼ਾਲ ਤੇ ਵਿਆਪਕ ਕੈਨੇਡੀਅਨ ਸਮਾਜ ਨਾਲ ਆਪਣੇ ਸੱਭਿਆਚਾਰਕ ਵਿਰਸੇ ਨੂੰ ਸਾਂਝਾ ਕਰਨ ਲਈ ਇੱਕ ਸਾਂਝੇ ਪਲੇਟਫਾਰਮ ਵਜੋਂ ਵੀ ਕੰਮ ਕਰੇਗਾ। ਇਹ ਸਮਾਗਮ ਪੰਜਾਬੀ ਤੇ ਕੈਨੇਡਾ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਵੱਖ-ਵੱਖ ਭਾਈਚਾਰੇ ਵਿਚਕਾਰਲੀ ਆਪਸੀ ਸਮਝ ਨੂੰ ਉਤਸ਼ਾਹਿਤ ਕਰਨ ਲਈ ਵੀ ਅਹਿਮ ਭੂਮਿਕਾ ਨਿਭਾਵੇਗਾ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੰਜਾਬੀ ਮੇਲਾ ਵਿਲੇਜ਼ ਆਫ਼ ਇੰਡੀਆ ਰੈਸਟੋਰੈਂਟ 114 ਕੈਨੇਡੀ ਰੋਡ ਬਰੈਂਪਟਨ ਵਿਖੇ ਤਿੰਨ ਰੋਜ਼ਾ ਮੇਲਾ 30 ਜੂਨ ਨੂੰ ਬੜੀ ਧੂਮਧਾਮ ਨਾਲ ਸ਼ੁਰੂ ਹੋਇਆ। ਜਿੱਥੇ ਰੰਗੀਨ ਬੈਨਰਾਂ ਅਤੇ ਪੰਜਾਬੀ ਕਲਾਕਿਰਤਾਂ ਨਾਲ ਸੁੰਦਰ ਸਟੇਜ਼ ਸਜਾਇਆ ਗਿਆ। ਉੱਥੇ ਹੀ ਵਿਲੇਜ਼ ਆਫ਼ ਇੰਡੀਆ ਦੇ ਵਿਹੜੇ ਵਿੱਚ ਬੈਠਣ ਲਈ ਸਜੇ ਹੋਏ ਮੰਜੇ ਪੰਜਾਬੀ ਵਿਰਸੇ ਦੀਆਂ ਰੌਣਕਾਂ ਤੇ ਚਹਿਲ ਪਹਿਲ ਨੇ ਇੱਕ ਤਿਉਹਾਰ ਦਾ ਮਾਹੌਲ ਪੈਦਾ ਕੀਤਾ। ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਿਲ ਸ਼ਖ਼ਸੀਅਤਾਂ ਨੇ ਸਮਾਗਮ ਦੀ ਸ਼ੁਰੂਆਤ ਆਪਣੇ ਭਾਸ਼ਣਾਂ ਰਾਹੀਂ ਕੈਨੇਡਾ ਦੇਸ਼ ਦੀ ਵਿਸ਼ੇਸ਼ਤਾ ਅਤੇ ਪੰਜਾਬੀਆਂ ਦੇ ਆਪਸੀ ਸਬੰਧਾਂ ਬਾਰੇ ਗੱਲਾਂ ਕਰਦਿਆਂ ਆਪਣੇ ਪੁਰਖਿਆਂ ਵੱਲੋਂ ਕੈਨੇਡਾ ਵਿੱਚ ਆ ਵੱਸਣਾ ਅਤੇ ਇੱਥੋਂ ਦੇ ਲੋਕਾਂ ਨਾਲ ਆਪਣੇ ਰਿਸ਼ਤਿਆਂ ਅਤੇ ਸਾਂਝਾ ਦੀ ਵਿਰਾਸਤ ਨੂੰ ਯਾਦ ਕੀਤਾ ਗਿਆ। ਮੇਲੇ ਦੀ ਸ਼ੁਰੂਆਤ ਕੈਨੇਡੀਅਨ ਰਾਸ਼ਟਰੀ ਗੀਤ ਅਤੇ ਭਾਰਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ। ਮੇਲੇ ਦੌਰਾਨ ਪੰਜਾਬੀ ਕਲਾਕਾਰਾਂ ਤੇ ਗਾਇਕਾਂ ਨੇ ਪੰਜਾਬੀ ਲੋਕ ਗੀਤ ਗਾਏ। ਜੋ ਕਿ ਕੈਨੇਡੀਅਨ ਅਤੇ ਪੰਜਾਬੀ ਸੱਭਿਆਚਾਰ ਦੇ ਮੇਲ ਨੂੰ ਦਰਸਾਉਂਦੇ ਹਨ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪਾਕਿਸਤਾਨ ਪ੍ਰਧਾਨ ਡਾ ਅਫ਼ਜ਼ਲ ਰਾਜ ਜੋ ਕਿ ਕੈਨੇਡਾ ਵਿੱਚ ਵਿਸ਼ਵ ਪੰਜਾਬੀ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਹੋਏ ਹਨ, ਨੇ ਦੱਸਿਆ ਕਿ ਪੰਜਾਬੀ ਮੇਲੇ ਵਿੱਚ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕੀਤਾ ਜਿਸ ਨੇ ਦਰਸ਼ਕਾਂ ਖ਼ਾਸ ਕਰਕੇ ਕੇ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਮੋਹ ਲਿਆ। ਪ੍ਰਤਿਭਾਸ਼ਾਲੀ ਸਥਾਨਕ ਨਾਚ ਅਤੇ ਨੌਜਵਾਨਾਂ ਤੇ ਬਜ਼ੁਰਗਾਂ ਦੁਆਰਾ ਪੇਸ਼ ਕੀਤੇ ਗਏ ਭੰਗੜੇ, ਬੋਲੀਆਂ, ਗਿੱਧੇ ਦੇ ਨਾਚਾਂ ਨੇ ਸਮਾਗਮ ਵਿੱਚ ਰੌਣਕਾਂ ਅਤੇ ਅਨੰਦਮਈ ਮਾਹੌਲ ਨੂੰ ਬਣਾਈ ਰੱਖਿਆ।
ਲੇਖਕ ਕਵੀਆਂ, ਲੋਕ ਗਾਇਕਾਂ ਅਤੇ ਕਲਾਕਾਰਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਮੇਲੇ ਦੌਰਾਨ ਵਿਲੇਜ਼ ਆਫ਼ ਇੰਡੀਆ ਦੇ ਸੁਆਦੀ ਭੋਜਨ ਅਤੇ ਪਕਵਾਨਾਂ ਦੀ ਮਹਿਕ ਨੇ ਚਾਰੇ ਪਾਸਿਓਂ ਹਰ ਕਿਸੇ ਨੂੰ ਆਪਣੇ ਵੱਲ ਖਿੱਚਿਆ। ਇਸ ਪੰਜਾਬੀ ਮੇਲੇ ਨੇ ਪੰਜਾਬੀ ਪਕਵਾਨਾਂ ਦੀ ਇੱਕ ਸੁਆਦੀ ਲੜੀ ਪੇਸ਼ ਕੀਤੀ, ਜਿਸ ਵਿੱਚ ਪ੍ਰਸਿੱਧ ਪਕਵਾਨ ਜਿਵੇਂ ਗੋਲ ਗੱਪੇ, ਜਲੇਬੀਆਂ, ਸਮੋਸੇ, ਪਕੌੜੇ ਅਤੇ ਛੋਲੇ ਭਟੂਰੇ ਆਦਿ ਸ਼ਾਮਲ ਸਨ। ਬਾਹਰ ਵਿਹੜੇ ਵਿੱਚ ਲੱਗੀਆਂ ਫੂਡ ਸਟਾਲਾਂ ਨੇ ਹਾਜ਼ਰੀਨ ਨੂੰ ਪੰਜਾਬੀ ਸਵਾਦਾਂ ਦਾ ਪ੍ਰਮਾਣਿਕ ਸਵਾਦ ਪ੍ਰਦਾਨ ਕੀਤਾ, ਜੋ ਸੱਭਿਆਚਾਰ ਦੀ ਰਸੋਈ ਅਮੀਰੀ ਨੂੰ ਦਰਸਾਉਂਦਾ ਹੈ।
ਦਰਸ਼ਕਾਂ ਨੂੰ ਇਨ੍ਹਾਂ ਵਿਲੱਖਣ ਰਚਨਾਵਾਂ ਦੀ ਸ਼ਲਾਘਾ ਕਰਨ ਅਤੇ ਖਰੀਦਣ ਦਾ ਮੌਕਾ ਮਿਲਿਆ। ਕੈਨੇਡਾ ਵਿੱਚ ਜੰਮੇ ਪਲੇ ਬੱਚੇ ਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਬਾਰੇ ਸਿੱਖਣ ਦਾ ਮੌਕਾ ਮਿਲਿਆ, ਜਿਸ ਨਾਲ ਉਨ੍ਹਾਂ ਦੀ ਪੰਜਾਬੀ ਸੱਭਿਆਚਾਰ ਦੀ ਸਮਝ ਅਤੇ ਪ੍ਰਸ਼ੰਸਾ ਵਿੱਚ ਵਾਧਾ ਹੋਇਆ। ਇਸ ਪੰਜਾਬੀ ਮੇਲੇ ਨੇ ਬੱਚਿਆਂ ਲਈ ਵੱਖ-ਵੱਖ ਦਿਲਚਸਪ ਗਤੀਵਿਧੀਆਂ ਪ੍ਰਦਾਨ ਕੀਤੀਆਂ, ਜਿਸ ਵਿੱਚ ਬੱਚਿਆਂ ਨੂੰ ਆਪਣੇ ਮਨਪਸੰਦ ਖਾਣੇ ਅਤੇ ਖੇਡਣ ਦਾ ਮੌਕਾ ਮਿਲਿਆ। ਇਸ ਮੌਕੇ ਨੌਜਵਾਨ ਪੀੜ੍ਹੀ ਨੇ ਵਧ ਚੜ੍ਹ ਕੇ ਗਰਮਜੋਸ਼ੀ ਨਾਲ ਹਿੱਸਾ ਲਿਆ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਆਪਣੀ-ਆਪਣੀ ਕਲਾ ਨਾਲ ਪੇਸ਼ ਵੀ ਕੀਤਾ। ਡਾ ਗੁਰਪ੍ਰੀਤ ਕੌਰ ਮੁੱਖ ਸਲਾਹਕਾਰ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਕਿਹਾ ਕਿ ਕੈਨੇਡਾ ਦਿਵਸ ‘ਤੇ ਪੰਜਾਬੀ ਮੇਲਾ ਇੱਕ ਸ਼ਾਨਦਾਰ ਸਫਲਤਾ ਹੈ, ਜਿਸ ਵਿੱਚ ਪੰਜਾਬੀ ਭਾਈਚਾਰੇ ਦੀ ਸੱਭਿਆਚਾਰਕ ਜੋਸ਼ ਅਤੇ ਕੈਨੇਡਾ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਵਿੱਚ ਇਸਦੇ ਏਕੀਕਰਨ ਦਾ ਜਸ਼ਨ ਮਨਾਇਆ ਗਿਆ। ਇਹ ਸਮਾਗਮ ਕੈਨੇਡੀਅਨ ਸਮਾਜ ਦੇ ਸੰਮਲਿਤ ਸੁਭਾਅ ਦੇ ਪ੍ਰਮਾਣ ਵਜੋਂ ਵੀ ਕੰਮ ਕਰੇਗਾ। ਸ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਕਰਵਾਏ ਮੇਲੇ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਸਮਾਗਮ ਕੈਨੇਡਾ ਤੇ ਪੰਜਾਬੀਆਂ ਦੇ ਵਿਭਿੰਨ ਭਾਈਚਾਰਕ ਸਾਂਝ ਵਿੱਚ ਸਦਭਾਵਨਾ ਅਤੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ।
ਉਹਨਾਂ ਨੇ ਕਿਹਾ ਕਿ ਡਾ ਦਲਬੀਰ ਸਿੰਘ ਕਥੂਰੀਆ ਅਤੇ ਸਮੁੱਚੀ ਟੀਮ ਵੱਲੋਂ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ ਜੋ ਕਾਬਲੇ ਤਾਰੀਫ਼ ਹਨ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਇਸ ਪੰਜਾਬੀ ਮੇਲੇ ਰਾਹੀਂ, ਪੰਜਾਬ ਦੀਆਂ ਅਮੀਰ ਪਰੰਪਰਾਵਾਂ, ਕਲਾਵਾਂ, ਸੰਗੀਤ ਅਤੇ ਪਕਵਾਨਾਂ ਨੂੰ ਸਾਂਝਾ ਕੀਤਾ ਗਿਆ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸਨੇ ਹਾਜ਼ਰ ਹਰੇਕ ਵਿਅਕਤੀ ਉੱਤੇ ਇੱਕ ਸਦੀਵੀ ਪ੍ਰਭਾਵ ਛੱਡਿਆ। ਇਸ ਸਮਾਗਮ ਨੇ ਕੈਨੇਡਾ ਵਿੱਚ ਸੱਭਿਆਚਾਰਕ ਵਿਭਿੰਨਤਾ ਅਤੇ ਏਕਤਾ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਭਾ ਵੱਲੋਂ ਭਵਿੱਖ ਵਿੱਚ ਅਜਿਹੇ ਸਮਾਗਮ ਕਰਵਾਏ ਜਾਂਦੇ ਰਹਿਣਗੇ। ਇਸ ਮੇਲੇ ਦੀ ਰੌਣਕ ਵਧਾਉਣ ਲਈ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਪ੍ਰਧਾਨ ਸ. ਸੋਹਣ ਸਿੰਘ ਪਰਮਾਰ , ਸੀਨੀ. ਮੀਤ ਪ੍ਰਧਾਨ ਸ. ਦਵਿੰਦਰ ਸਿੰਘ ਲੱਧੜ, ਜਨਰਲ ਸਕੱਤਰ ਹਰਜੀ ਬਾਜਵਾ, ਸ. ਜਗਜੀਤ ਸਿੰਘ ਅਰੋੜਾ, ਇਸਤਰੀ ਵਿੰਗ ਦੇ ਪ੍ਰਧਾਨ ਸੁੰਦਰਪਾਲ ਰਾਜਾਸਾਂਸੀ, ਡਾ ਦਲਜੀਤ ਸਿੰਘ ਵਾਇਸ ਚਾਂਸਲਰ, ਸੋਲਮਨ ਨਾਜ਼, ਸ. ਰਵਿੰਦਰ ਸਿੰਘ ਕੰਗ ਚੇਅਰਮੈਨ ਓ.ਐੱਫ.ਸੀ., ਸ. ਬਲਵਿੰਦਰ ਸਿੰਘ ਚੱਠਾ ਯੂ ਐਸ ਏ, ਸ. ਸੁਜਾਨ ਸਿੰਘ ਸੁਜਾਨ, ਸ. ਧਿਆਨ ਸਿੰਘ ਮਿਗਲਾਨੀ, ਸ. ਦਵਿੰਦਰ ਸਿੰਘ ਮਾਨ, ਪਰਿਵਾਰ ਸਮੇਤ ਸ. ਰਜਿੰਦਰ ਸਿੰਘ ਸੈਣੀ ਪਰਵਾਸੀ ਮੀਡੀਆ ਗਰੁੱਪ, ਮੈਡਮ ਰਮਿੰਦਰ ਵਾਲੀਆ, ਸ. ਮਨਮੋਹਨ ਸਿੰਘ ਢਿੱਲੋਂ, ਨਵਜੋਤ ਸਿੰਘ ਸਾਹੀ, ਅਮਨਦੀਪ ਕੌਰ, ਕੇਵਲ ਸਿੰਘ, ਹਰਜੋਤ ਸਿੰਘ, ਆਕਾਸ਼ ਸ਼ਰਮਾ, ਸੁਮਿਤ ਬੇਦੀ, ਅਰਸ਼ ਕੌਰ, ਵਤਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਹੋਏ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …