14.9 C
Toronto
Tuesday, September 15, 2026
spot_img
Homeਹਫ਼ਤਾਵਾਰੀ ਫੇਰੀਪੰਜਾਬ ਮੰਤਰੀ ਮੰਡਲ 'ਚ 5 ਨਵੇਂ ਮੰਤਰੀ ਸ਼ਾਮਲ

ਪੰਜਾਬ ਮੰਤਰੀ ਮੰਡਲ ‘ਚ 5 ਨਵੇਂ ਮੰਤਰੀ ਸ਼ਾਮਲ

ਪੰਜਾਬ ਮੰਤਰੀ ਮੰਡਲ ‘ਚ 5 ਨਵੇਂ ਮੰਤਰੀ ਸ਼ਾਮਲਮੁੱਖ ਮੰਤਰੀ ਸਣੇ ਵਜ਼ੀਰਾਂ ਦੀ ਗਿਣਤੀ 16 ਹੋਈ; ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਾਦੇ ਸਮਾਗਮ ਦੌਰਾਨ ਦਿਵਾਇਆ ਹਲਫ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੇ ਮੰਤਰੀ ਮੰਡਲ ਵਿਚ 5 ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੇ ਅੱਧ ਦਰਮਿਆਨ ਹੋਏ ਇਸ ਵਜ਼ਾਰਤੀ ਫੇਰਬਦਲ ‘ਚ 4 ਵਜ਼ੀਰਾਂ ਦੀ ਛੁੱਟੀ ਕੀਤੀ ਗਈ ਹੈ, ਜਦੋਂ ਕਿ 5 ਨਵੇਂ ਚਿਹਰਿਆਂ ਨੂੰ ਬਤੌਰ ਕੈਬਨਿਟ ਮੰਤਰੀ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ। ਚੰਡੀਗੜ੍ਹ ਸਥਿਤ ਰਾਜ ਭਵਨ ਵਿਚ 20 ਮਿੰਟ ਦੇ ਸਾਦੇ ਸਹੁੰ ਚੁੱਕ ਸਮਾਗਮ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸਨ, ਜਿਨ੍ਹਾਂ ਨਵੇਂ ਵਜ਼ੀਰਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ।
ਪੰਜਾਬ ਦੇ ਮੰਤਰੀ ਮੰਡਲ ਵਿਚ ਹਰਦੀਪ ਸਿੰਘ ਮੁੰਡੀਆਂ (ਸਾਹਨੇਵਾਲ), ਬਰਿੰਦਰ ਕੁਮਾਰ ਗੋਇਲ (ਲਹਿਰਾਗਾਗਾ), ਤਰੁਨਪ੍ਰੀਤ ਸਿੰਘ ਸੌਂਦ (ਖੰਨਾ), ਡਾ. ਰਵਜੋਤ ਸਿੰਘ (ਸ਼ਾਮ ਚੁਰਾਸੀ) ਅਤੇ ਮਹਿੰਦਰ ਭਗਤ (ਜਲੰਧਰ ਪੱਛਮੀ) ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਨੇ ਪੰਜਾਬੀ ‘ਚ ਹਲਫ ਲਿਆ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਲਫਦਾਰੀ ਸਮਾਗਮ ਦੀ ਕਾਰਵਾਈ ਚਲਾਈ। ਨਵੇਂ ਮੰਤਰੀਆਂ ਨੇ ਮੁੱਖ ਮੰਤਰੀ ਅਤੇ ਰਾਜਪਾਲ ਦਾ ਧੰਨਵਾਦ ਕੀਤਾ। ਸਮਾਗਮ ਵਿਚ ‘ਆਪ’ ਹਾਈਕਮਾਨ ਦਾ ਕੋਈ ਵੀ ਆਗੂ ਮੌਜੂਦ ਨਹੀਂ ਸੀ ਅਤੇ ਪਾਰਟੀ ਵੱਲੋਂ ਸਿਰਫ ਜਨਰਲ ਸਕੱਤਰ ਹਰਚੰਦ ਬਰਸਟ ਹਾਜ਼ਰ ਸਨ।
ਫੇਰਬਦਲ ਮਗਰੋਂ ਹੁਣ ਪੰਜਾਬ ਵਜ਼ਾਰਤ ਵਿਚ ਮੁੱਖ ਮੰਤਰੀ ਸਮੇਤ ਵਜ਼ੀਰਾਂ ਦੀ ਗਿਣਤੀ 16 ਹੋ ਗਈ ਹੈ, ਜਦੋਂ ਕਿ ਭਵਿੱਖ ‘ਚ ਦੋ ਹੋਰ ਨਵੇਂ ਵਜ਼ੀਰ ਲੈਣ ਦੀ ਗੁੰਜਾਇਸ਼ ਰੱਖੀ ਗਈ ਹੈ। ਹਲਫ਼ਦਾਰੀ ਸਮਾਗਮ ਵਿਚ ਨਵੇਂ ਵਜ਼ੀਰ ਪਰਿਵਾਰਾਂ ਸਮੇਤ ਆਏ ਸਨ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅਮਨ ਅਰੋੜਾ, ਡਾ. ਬਲਜੀਤ ਕੌਰ, ਡਾ. ਬਲਬੀਰ ਸਿੰਘ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈਟੀਓ ਆਦਿ ਹਾਜ਼ਰ ਸਨ। ਪੰਜਾਬ ਵਜ਼ਾਰਤ ‘ਚੋਂ ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਦੀ ਛੁੱਟੀ ਕੀਤੀ ਗਈ ਹੈ। ‘ਆਪ’ ਸਰਕਾਰ ਦਾ ਕੈਬਨਿਟ ‘ਚ ਇਹ ਚੌਥਾ ਫੇਰਬਦਲ ਹੈ।
ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ
ਮੰਤਰੀ ਮੰਡਲ ‘ਚ ਫੇਰਬਦਲ ਮਗਰੋਂ ਵਿਭਾਗਾਂ ਦੀ ਵੰਡ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਭਾਰ ਘੱਟ ਕਰਦਿਆਂ ਤਿੰਨ ਮਹਿਕਮੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਜੇਲ੍ਹਾਂ ਅਤੇ ਉਦਯੋਗ ਤੇ ਵਣਜ ਦੂਸਰੇ ਮੰਤਰੀਆਂ ‘ਚ ਵੰਡ ਦਿੱਤੇ ਹਨ। ਪਹਿਲਾਂ ਮੁੱਖ ਮੰਤਰੀ ਕੋਲ ਇਕ ਦਰਜਨ ਵਿਭਾਗ ਸਨ, ਜਦੋਂ ਕਿ ਹੁਣ ਨੌਂ ਵਿਭਾਗ ਰਹਿ ਗਏ ਹਨ। ਨਵੇਂ ਵਜ਼ੀਰਾਂ ‘ਚੋਂ ਹਰਦੀਪ ਸਿੰਘ ਮੁੰਡੀਆਂ ਨੂੰ ਮਾਲ, ਮੁੜ-ਵਸੇਬਾ ਤੇ ਡਿਜ਼ਾਸਟਰ ਮੈਨੇਜਮੈਂਟ, ਵਾਟਰ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ, ਜਦੋਂ ਕਿ ਤਰੁਨਪ੍ਰੀਤ ਸਿੰਘ ਸੌਂਦ ਨੂੰ ਦਿਹਾਤੀ ਵਿਕਾਸ ਤੇ ਪੰਚਾਇਤਾਂ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰਮੋਸ਼ਨ, ਲੇਬਰ, ਪ੍ਰਾਹੁਣਚਾਰੀ, ਉਦਯੋਗ ਤੇ ਵਣਜ ਵਿਭਾਗ ਦਿੱਤਾ ਗਿਆ ਹੈ। ਬਰਿੰਦਰ ਕੁਮਾਰ ਗੋਇਲ ਨੂੰ ਜਲ ਸਰੋਤ ਤੇ ਮਾਈਨਿੰਗ, ਡਾ. ਰਵਜੋਤ ਸਿੰਘ ਨੂੰ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲੇ ਅਤੇ ਮਹਿੰਦਰ ਭਗਤ ਨੂੰ ਰੱਖਿਆ ਸੇਵਾਵਾਂ ਭਲਾਈ, ਫਰੀਡਮ ਫਾਈਟਰ ਅਤੇ ਬਾਗਬਾਨੀ ਮਹਿਕਮਾ ਦਿੱਤਾ ਗਿਆ ਹੈ। ਪੁਰਾਣੇ ਵਜ਼ੀਰਾਂ ‘ਚੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਨੂੰ ਹੁਣ ਸੂਚਨਾ ਤੇ ਲੋਕ ਸੰਪਰਕ ਵਿਭਾਗ ਹੋਰ ਦੇ ਦਿੱਤਾ ਗਿਆ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਪੰਚਾਇਤ ਵਿਭਾਗ ਵਾਪਸ ਲੈ ਲਿਆ ਹੈ, ਜਦੋਂ ਕਿ ਉਨ੍ਹਾਂ ਨੂੰ ਜੇਲ੍ਹਾਂ ਦੇ ਦਿੱਤਾ ਗਿਆ ਹੈ। ਬਾਕੀ ਪੁਰਾਣੇ ਸੱਤ ਵਜ਼ੀਰਾਂ ਦੇ ਵਿਭਾਗਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

 

 

RELATED ARTICLES
POPULAR POSTS