Breaking News
Home / ਹਫ਼ਤਾਵਾਰੀ ਫੇਰੀ / ਭਗਵੰਤ ਮਾਨ ਸਰਕਾਰ ਕਿਰਾਏ ‘ਤੇ ਲਵੇਗੀ ਨਵਾਂ ਹੈਲੀਕਾਪਟਰ

ਭਗਵੰਤ ਮਾਨ ਸਰਕਾਰ ਕਿਰਾਏ ‘ਤੇ ਲਵੇਗੀ ਨਵਾਂ ਹੈਲੀਕਾਪਟਰ

ਸਰਕਾਰ ਕੋਲ ਪਹਿਲਾਂ ਵੀ ਹੈ ਸੀਐਮ ਲਈ ਹੈਲੀਕਾਪਟਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਇੱਕ ਸਾਲ ਲਈ ਫਿਕਸਡ ਵਿੰਗ ਜਹਾਜ਼ ਕਿਰਾਏ ‘ਤੇ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਰਕਾਰ ਕੋਲ ਪਹਿਲਾਂ ਵੀ ਹੈਲੀਕਾਪਟਰ ਹੈ ਜਿਸਦੀ ਵਰਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਕਰਦੇ ਹਨ।
ਸ਼ਹਿਰੀ ਹਵਾਬਾਜ਼ੀ ਵਿਭਾਗ, ਪੰਜਾਬ ਸਰਕਾਰ ਨੇ ਇਹ ਕਹਿੰਦੇ ਹੋਏ ਇਕ ਟੈਂਡਰ ਜਾਰੀ ਕੀਤਾ ਹੈ ਕਿ ਉਹ ਸਥਾਪਤ ਤੇ ਆਰਥਿਕ ਤੌਰ ‘ਤੇ ਮਜ਼ਬੂਤ ਏਅਰ ਚਾਰਟਰ ਸੇਵਾ ਦੇਣ ਵਾਲੀ ਕੰਪਨੀ ਕੋਲੋਂ ਇਕ ਅਸਾਲਟ ਫਾਲਕਨ 2000 ਫਿਕਸਡ ਵਿੰਗ ਜਹਾਜ਼ ਇਕ ਸਾਲ ਲਈ ਕਿਰਾਏ ‘ਤੇ ਲੈਣਾ ਚਾਹੁੰਦੀ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਇੱਕ ਅਜਿਹਾ ਜਹਾਜ਼ ਚਾਹੁੰਦੀ ਸੀ ਜਿਸ ਵਿੱਚ ਅੱਠ ਤੋਂ 10 ਵਿਅਕਤੀ ਬੈਠ ਸਕਣ ਅਤੇ ਇਹ ਤੇਜ਼ ਹੋਣਾ ਚਾਹੀਦਾ ਹੈ। ਸਰਕਾਰ ਕੋਲ ਜੋ ਹੈਲੀਕਾਪਟਰ ਹੈ, ਉਹ ਧੀਮੀ ਰਫਤਾਰ ਵਾਲਾ ਹੈ। ਨਾਲ ਹੀ ਸੀਐਮ ਨੂੰ ਇਸਨੂੰ ਰਾਜਪਾਲ ਨਾਲ ਸਾਂਝਾ ਕਰਨਾ ਪੈਂਦਾ ਹੈ। ਇਹ ਵੀ ਹੈ ਕਿ ਖ਼ਰਾਬ ਮੌਸਮ ਵਿੱਚ ਹੈਲੀਕਾਪਟਰ ਰਾਹੀਂ ਉਡਾਣ ਭਰਨਾ ਖ਼ਤਰਨਾਕ ਹੋ ਜਾਂਦਾ ਹੈ।
ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਹਿਲਾਂ ਕਦੇ ਵੀ ਜਹਾਜ਼ ਕਿਰਾਏ ‘ਤੇ ਨਹੀਂ ਲਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਿਰਫ ਇਕ ਜਾਂ ਦੋ ਵਾਰੀ ਕਿਰਾਏ ‘ਤੇ ਲਿਆ ਸੀ, ਜਦੋਂ ਉਹ ਕਰਤਾਰਪੁਰ ਕੌਰੀਡੋਰ ਦੇ ਸ਼ੁਭ ਆਰੰਭ ਲਈ ਗਏ ਸਨ। ਪੰਜਾਬ ਸਰਕਾਰ ਪਹਿਲੀ ਵਾਰ ਜਹਾਜ਼ ਕਿਰਾਏ ‘ਤੇ ਲੈ ਰਹੀ ਹੈ, ਇਸ ‘ਤੇ ਕਿੰਨਾ ਖਰਚ ਹੋਵੇਗਾ, ਇਸ ਬਾਰੇ ਹਾਲੇ ਵਿਭਾਗ ਨੂੰ ਜਾਣਕਾਰੀ ਨਹੀਂ ਹੈ।
ਅਕਾਲੀ ਦਲ ਅਤੇ ਕਾਂਗਰਸ ਨੇ ਚੁੱਕੇ ਸਵਾਲ : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ‘ਤੇ ਅਰਵਿੰਦ ਕੇਜਰੀਵਾਲ ਲਈ ਹਵਾਈ ਜਹਾਜ਼ ਕਿਰਾਏ ‘ਤੇ ਲੈਣ ਅਤੇ ਉਨ੍ਹਾਂ ਦੇ ਹਵਾਈ ਸਫ਼ਰ ‘ਤੇ ਕਰੋੜਾਂ ਰੁਪਏ ਖਰਚਣ ਦਾ ਆਰੋਪ ਲਾਇਆ ਹੈ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭੂਗੋਲਿਕ ਖੇਤਰ ਦੇ ਹਿਸਾਬ ਨਾਲ ਪੰਜਾਬ ਵਿੱਚ ਫਿਕਸ ਵਿੰਗ ਵਾਲੇ ਹਵਾਈ ਜਹਾਜ਼ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਜਹਾਜ਼ ਦੀ ਵਰਤੋਂ ਹੋਰਨਾਂ ਰਾਜਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਚੋਣ ਪ੍ਰਚਾਰ ਵਾਸਤੇ ਕੀਤੀ ਜਾਵੇਗੀ।
ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜ ਸੀਟਰ, ਟਵਿਨ ਇੰਜਣ ਵਾਲਾ ਬੇਲ 429 ਹੈਲੀਕਾਪਟਰ 2012 ਵਿੱਚ ਖ਼ਰੀਦਿਆ ਸੀ। ਉਨ੍ਹਾਂ ਕਿਹਾ ਕਿ ਹੁਣ ਨਵਾਂ ਜਹਾਜ਼ ਕਿਰਾਏ ‘ਤੇ ਲੈਣ ਦੀ ਕੀ ਜ਼ਰੂਰਤ ਪੈ ਗਈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …