-19.3 C
Toronto
Friday, January 30, 2026
spot_img
Homeਹਫ਼ਤਾਵਾਰੀ ਫੇਰੀਯੂਰਪ 'ਚ ਹੀਟ ਵੇਵ ਹੋਈ ਖਤਰਨਾਕ

ਯੂਰਪ ‘ਚ ਹੀਟ ਵੇਵ ਹੋਈ ਖਤਰਨਾਕ

ਸਪੇਨ ਅਤੇ ਪੁਰਤਗਾਲ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂ
ਨਵੀਂ ਦਿੱਲੀ : ਭਿਆਨਕ ਗਰਮੀ ਨਾਲ ਯੂਰਪ ਦੇ ਹਰ ਕੋਨੇ ਵਿਚ ਹਾਹਾਕਾਰ ਮਚੀ ਹੋਈ ਹੈ। ਵਧਦੇ ਤਾਪਮਾਨ ਕਰਕੇ ਫਰਾਂਸ, ਸਪੇਨ, ਪੁਰਤਗਾਲ ਅਤੇ ਗਰੀਸ ਦੇ ਜੰਗਲਾਂ ਵਿਚ ਅੱਗ ਵੀ ਲੱਗ ਗਈ ਅਤੇ ਬ੍ਰਿਟੇਨ ਵਿਚ ਸੜਕਾਂ ਅਤੇ ਰੇਲਵੇ ਟਰੈਕ ਪਿਘਲ ਰਹੇ ਹਨ। ਇਤਿਹਾਸ ਵਿਚ ਪਹਿਲੀ ਵਾਰ ਇੱਥੇ ਪਾਰਾ 40 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ। ਸਪੇਨ ਅਤੇ ਪੁਰਤਗਾਲ ਵਿਚ ਹੁਣ ਤੱਕ ਗਰਮੀ ਕਾਰਨ ਇਕ ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2003 ਵਿਚ ਵੀ ਯੂਰਪ ਹੀਟ ਵੇਵ ਦੀ ਚਪੇਟ ਵਿਚ ਆਇਆ ਸੀ, ਜਿਸ ਵਿਚ ਕਰੀਬ 70 ਹਜ਼ਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਾਲ ਪੱਛਮੀ ਯੂਰਪ ਤੋਂ ਉਤਰ ਵੱਲ ਰੁਖ ਕਰ ਰਹੀ ਹੀਟ ਵੇਵ ਦੀ ਤੀਬਰਤਾ ਦੁਨੀਆ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇੱਥੇ ਗਰਮੀ ਦੇ ਮੌਸਮ ਦੇ ਦੋ ਮਹੀਨੇ ਅਜੇ ਵੀ ਬਚੇ ਹੋਏ ਹਨ। ਜ਼ਿਕਰਯੋਗ ਹੈ ਕਿ ਜਦੋਂ ਕਿਸੇ ਇਲਾਕੇ ਵਿਚ ਤਾਪਮਾਨ ਆਮ ਨਾਲੋਂ ਕਿਤੇ ਜ਼ਿਆਦਾ ਵਧ ਜਾਏ ਅਤੇ ਅਜਿਹਾ ਮੌਸਮ ਕਈ ਦਿਨਾਂ ਤੱਕ ਬਣਿਆ ਰਹੇ ਤਾਂ ਉਸ ਨੂੰ ਹੀਟ ਵੇਵ ਕਹਿੰਦੇ ਹਨ। ਇਸ ਦੌਰਾਨ ਇਲਾਕੇ ਦੀ ਹਿਊਮਿਡਿਟੀ ਵਿਚ ਵੀ ਇਜ਼ਾਫਾ ਹੁੰਦਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਦੁਨੀਆ ਭਰ ਵਿਚ ਤਾਪਮਾਨ ਵਧਣ ਦੇ ਕਾਰਨ ਸਾਨੂੰ ਪਾਣੀ, ਖਾਣਾ ਅਤੇ ਊਰਜਾ ਦੀ ਕਮੀ ਦੇ ਨਾਲ-ਨਾਲ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬ੍ਰਿਟੇਨ ਵਿੱਚ ਗਰਮੀ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਲੰਡਨ : ਬਰਤਾਨੀਆ ਵਿੱਚ ਰਿਕਾਰਡ ਤੋੜ ਗਰਮੀ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਰਹੀ। ਭਾਵੇਂ ਬੱਦਲਵਾਈ ਅਤੇ ਮੀਂਹ ਨੇ ਗਰਮੀ ਤੋਂ ਕੁੱਝ ਰਾਹਤ ਦਿੱਤੀ ਪਰ ਅੱਗ ਬੁਝਾਊ ਅਮਲੇ ਅਲਰਟ ‘ਤੇ ਰਹੇ। ਜਾਣਕਾਰੀ ਅਨੁਸਾਰ ਪੂਰਬੀ ਇੰਗਲੈਂਡ ਦੇ ਕੋਨਿੰਗਸਬੀ ਵਿੱਚ ਮੰਗਲਵਾਰ ਨੂੰ ਤਾਪਮਾਨ 40.3 ਸੈਲਸੀਅਮ ਦਰਜ ਕੀਤਾ ਗਿਆ ਸੀ। ਲੰਡਨ ਉੱਤਰ ਪੂਰਬੀ ਰੇਲਵੇ ਨੇ ਦੱਸਿਆ ਕਿ ਮੁਲਾਜ਼ਮ ਗਰਮੀ ਕਰਕੇ ਲੱਗੀ ਅੱਗ ਕਾਰਨ ਨੁਕਸਾਨੀਆਂ ਗਈਆਂ ਲਾਈਨਾਂ ਅਤੇ ਸਿਗਨਲ ਉਪਕਰਨਾਂ ਦੀ ਮੁਰੰਮਤ ਕਰ ਰਹੇ ਹਨ। ਮੇਅਰ ਸਾਦਿਕ ਖਾਨ ਨੇ ਦੱਸਿਆ ਕਿ ਮੰਗਲਵਾਰ ਦਾ ਦਿਨ ਲੰਡਨ ਫਾਇਰ ਬ੍ਰਿਗੇਡ ਲਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵਧ ਰੁਝੇਵੇਂ ਵਾਲਾ ਦਿਨ ਰਿਹਾ।

RELATED ARTICLES
POPULAR POSTS