ਮੋਦੀ ਕੈਬਨਿਟ ਦੇ ਇਕ ਮੰਤਰੀ ਜਯੰਤ ਸਮੇਤ ਅਮਿਤਾਭ ਬਚਨ, ਪਾਇਲਟ ਤੇ ਮਾਲੀਆ ਸਣੇ 714 ਭਾਰਤੀਆਂ ਦੇ ਨਾਂ ਆਏ
ਨਵੀਂ ਦਿੱਲੀ/ਬਿਊਰੋ ਨਿਊਜ਼
ਨੋਟਬੰਦੀ ਦਾ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਕਾਲੇ ਧਨ ਬਾਰੇ ਵੱਡਾ ਪ੍ਰਗਟਾਵਾ ਹੋਇਆ ਹੈ। ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ ਦੀ ਸੂਚੀ ਵਿਚ ਕੇਂਦਰੀ ਮੰਤਰੀ ਜਯੰਤ ਸਿਨਹਾ, ਅਮਿਤਾਭ ਬੱਚਨ ਸਮੇਤ 714 ਭਾਰਤੀਆਂ ਦੇ ਨਾਮ ਹਨ। ਇਹ ਪ੍ਰਗਟਾਵਾ ਜਰਮਨ ਦੇ ਉਸੇ ਅਖ਼ਬਾਰ ਨੇ ਕੀਤਾ ਹੈ ਜਿਸ ਨੇ ਪਨਾਮਾ ਪੇਪਰਾਂ ਬਾਰੇ ਪ੍ਰਗਟਾਵਾ ਕੀਤਾ ਸੀ। ਦੋ ਅਜਿਹੀਆਂ ਕੰਪਨੀਆਂ ਦੇ ਦਸਤਾਵੇਜ਼ ਲੀਕ ਹੋਏ ਹਨ ਜਿਨ੍ਹਾਂ ‘ਤੇ ਦੁਨੀਆ ਭਰ ਦੀਆਂ ਹਸਤੀਆਂ ਅਤੇ ਕੰਪਨੀਆਂ ਦੇ ਕਾਲੇ ਧਨ ਨੂੰ ਚਿੱਟਾ ਕਰਨ ਦਾ ਦੋਸ਼ ਹੈ। ਕੁਲ ਇਕ ਕਰੋੜ ਚੌਂਤੀ ਲੱਖ ਦਸਤਾਵੇਜ਼ ਲੀਕ ਹੋਏ ਹਨ। ਇਹ ਪ੍ਰਗਟਾਵਾ 180 ਦੇਸ਼ਾਂ ਨਾਲ ਜੁੜਿਆઠ ਹੈ। ਅਖ਼ਬਾਰ ਮੁਤਾਬਕ ਬਰਮੂਡਾ ਦੀ ਐਪਲਵੇਅ ਫ਼ਰਮ ਨਾਲ 714 ਭਾਰਤੀਆਂ ਦਾ ਨਾਮ ਜੁੜਿਆ ਹੋਇਆ ਹੈ। ਇਨ੍ਹਾਂ ਭਾਰਤੀਆਂ ਵਿਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਆਗੂ ਸਚਿਨ ਪਾਇਲਟ, ਪੀ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ, ਮੋਦੀ ਸਰਕਾਰ ਵਿਚ ਰਾਜ ਮੰਤਰੀ ਜਯੰਤ ਸਿਨਹਾ, ਨੀਰਾ ਰਾਡੀਆ, ਕਾਰੋਬਾਰੀ ਵਿਜੇ ਮਾਲਿਆ ਅਤੇ ਬਾਲੀਵੁਡ ਅਦਾਕਾਰ ਅਮਿਤਾਭ ਬੱਚਨ ਵੀ ਸ਼ਾਮਲ ਹਨ।
ਇਸੇ ઠਦੌਰਾਨ ਕੇਂਦਰ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ। ਦੁਨੀਆਂ ਭਰ ਦੀਆਂ 96 ਨਿਊਜ਼ ਸੰਸਥਾਵਾਂ ਨੇ ਇੰਟਰਨੈਸ਼ਨਲ ਕਨਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟ (ਆਈਸੀਆਈਜੇ) ਨਾਲ ਮਿਲ ਕੇ ਇਨ੍ਹਾਂ ਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਸੰਸਥਾਵਾਂ ਨਾਲ ਭਾਰਤੀઠਅਖ਼ਬਾਰ ਇੰਡੀਅਨ ਐਕਸਪ੍ਰੈਸ ਵੀ ਜੁੜਿਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਵਲਾਦੀਮੀਰ ਪੁਤਿਨ, ਕੁਈਨ ਐਲਿਜ਼ਾਬੇਥ ਜਿਹੀਆਂ ਸ਼ਖ਼ਸੀਅਤਾਂ ਦੇ ਨਾਮ ਵੀ ਸ਼ਾਮਲ ਹਨ। 119 ਸਾਲ ਪੁਰਾਣੀ ਬਰਮੂਡਾ ਦੀ ਲਾਅ ਫ਼ਰਮ ਐਪਲਵੇ ਨੇ ਆਫ਼ਸ਼ੋਰ ਕੰਪਨੀ ਜ਼ਰੀਏ ਦੁਨੀਆ ਭਰ ਦੇ ਕਈ ਕਾਰੋਬਾਰੀਆਂ ਅਤੇ ਨੇਤਾਵਾਂ ਦੀ ਟੈਕਸ ਬਚਾਉਣ ਵਿਚ ਮਦਦ ਕੀਤੀ ਹੈ। 180 ਦੇਸ਼ਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਭਾਰਤ ਦਾ ਸਥਾਨ 19ਵਾਂ ਹੈ। ਲੀਕ ਹੋਏ ਪੈਰਾਡਾਇਜ਼ ਦਸਤਾਵੇਜ਼ਾਂ ਵਿਚ ਜਯੰਤ ਸਿਨਹਾ ਦਾ ਨਾਮ ਆਉਣ ‘ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ‘ਨਿਜੀ ਉਦੇਸ਼’ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਗਿਆ। ਸਾਰਾ ਲੈਣ-ਦੇਣ ਜਾਇਜ਼ ਹੈ। ਫ਼ੋਰਟਿਸ ਹਸਪਤਾਲ ਦੇ ਅਸ਼ੋਕ ਸੇਠ ‘ਤੇ ਦੋਸ਼ ਹੈ ਕਿ ਸਟੈਂਟ ਬਣਾਉਣ ਵਾਲੀ ਕੰਪਨੀ ਨੇ ਡਾ. ਸੇਠ ਨੂੰ ਸ਼ੇਅਰ ਵੇਚੇ ਹਨ ਜਿਸ ਨਾਲ ਅਸ਼ੋਕ ਨੂੰ 54 ਲੱਖ ਰੁਪਏ ਦਾ ਫ਼ਾਇਦਾ ਹੋਇਆ।