ਚੰਡੀਗੜ੍ਹ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ‘ਚ ਪੰਜਾਬ ਈਡੀ ਦੀ ਰੇਡ ‘ਤੇ ਸਿਆਸਤ ਵੀ ਗਰਮਾ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਥੀ ਮੰਤਰੀਆਂ ਨੂੰ ਨਾਲ ਲੈ ਕੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੇਰੇ ਕੋਲੋਂ ਪੀਐਮ ਦੀ ਫੇਰੀ ਦਾ ਬਦਲਾ ਲਿਆ ਜਾ ਰਿਹਾ ਹੈ। ਸੀਐਮ ਨੇ ਕਿਹਾ ਕਿ ਉਨ੍ਹਾਂ ਦੇ ਭਾਣਜੇ ਨੂੰ ਰਾਤ ਭਰ ਟਾਰਚਰ ਕੀਤਾ ਗਿਆ ਅਤੇ ਉਸ ਤੋਂ ਮੇਰਾ ਨਾਮ ਲੈਣ ਲਈ ਦਬਾਅ ਪਾਇਆ ਗਿਆ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਜਿਸ ਤੋਂ ਬਾਅਦ ਉਸਦੇ ਖਿਲਾਫ ਪਰਚਾ ਦਰਜ ਨਹੀਂ ਕੀਤਾ ਗਿਆ। ਚੰਨੀ ਨੇ ਦਾਅਵਾ ਕੀਤਾ ਕਿ ਈਡੀ ਦੇ ਅਫਸਰਾਂ ਨੇ ਮੇਰਾ ਨਾਮ ਆਉਣ ਦੀ ਕੋਸ਼ਿਸ਼ ਵਿਚ ਪੂਰੀ ਰਾਤ ਅਦਾਲਤ ਤੱਕ ਨੂੰ ਖੁੱਲ੍ਹਵਾ ਕੇ ਰੱਖਿਆ। ਸੀਐਮ ਚੰਨੀ ਨੇ ਈਡੀ ਦੀ ਰੇਡ ਨੂੰ ਸਿਆਸੀ ਰੰਜਿਸ਼ ਵੀ ਦੱਸਿਆ। ਚੰਨੀ ਨੇ ਕਿਹਾ ਕਿ ‘ਸਾਨੂੰ’ ਚੋਣਾਂ ਲੜਨ ਤੋਂ ਰੋਕਣ ਲਈ ਹੀ ਇਹ ਛਾਪੇ ਮਾਰੇ ਗਏ ਹਨ ਤੇ ਇਸ ਸਾਜਿਸ਼ ਪਿੱਛੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੱਛਮੀ ਬੰਗਾਲ ਦੀ ਤਰਜ਼ ‘ਤੇ ਅਗਾਮੀ ਵਿਧਾਨ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣਗੇ।
ਪ੍ਰਧਾਨ ਮੰਤਰੀ ਦੀ ਫੇਰੀ ਯਾਦ ਰੱਖਣਾ…
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਈਡੀ ਨੂੰ ਸਾਜ਼ਿਸ਼ ਘੜਨ ਲਈ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਨਾ ਮਿਲੇ ਤਾਂ ਈਡੀ ਵਾਲੇ ਜਾਂਦੇ ਜਾਂਦੇ ਆਖ ਗਏ ‘ਪ੍ਰਧਾਨ ਮੰਤਰੀ ਦੀ ਫੇਰੀ ਯਾਦ ਰੱਖਣਾ, ਚੋਣਾਂ ਨਹੀਂ ਲੜਨ ਦਿਆਂਗੇ।’ ਉਨ੍ਹਾਂ ਕਿਹਾ ਕਿ ਦਿੱਲੀ ਦੀ ਸਰਕਾਰ ਪੰਜਾਬੀਆਂ ਤੋਂ ਬਦਲਾ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ”ਫ਼ਿਰੋਜ਼ਪੁਰ ਰੈਲੀ ਵਿਚ ਲੋਕ ਨਹੀਂ ਆਏ ਅਤੇ ਕੁਰਸੀਆਂ ਖਾਲੀ ਰਹਿ ਗਈਆਂ, ਇਸ ‘ਚ ਮੇਰਾ ਕੀ ਕਸੂਰ ਹੈ।”
ਕੈਪਟਨ ਅਮਰਿੰਦਰ ਸਿੰਘ ਬੋਲੇ-ਮੈਂ ਤਾਂ ਛਾਪਾ ਨਹੀਂ ਮਰਵਾਇਆ
ਚਰਨਜੀਤ ਸਿੰਘ ਚੰਨੀ ਦੇ ਆਰੋਪਾਂ ਦਾ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਈਡੀ ਮੈਨੂੰ ਰਿਪੋਰਟ ਨਹੀਂ ਕਰਦਾ ਅਤੇ ਨਾ ਹੀ ਮੈਂ ਤੁਹਾਡੇ ਰਿਸ਼ਤੇਦਾਰ ਦੇ ਘਰ ਰੇਡ ਕਰਵਾਈ ਹੈ। ਤੁਸੀਂ ਆਪਣੇ ਅਪਰਾਧ ਲਈ ਮੈਨੂੰ ਬਲੇਮ ਨਾ ਕਰੋ। ਜ਼ਿਕਰਯੋਗ ਹੈ ਕਿ ਚੰਨੀ ਵੱਲੋਂ ਆਰੋਪ ਲਗਾਇਆ ਜਾ ਰਿਹਾ ਸੀ ਕਿ ਉਨ੍ਹਾਂ ਦੇ ਰਿਸ਼ਤੇਦਾਰ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਰੇਡ ਕਰਵਾਈ ਹੈ।