ਚੰਨੀ ਦੇ ਭਾਣਜੇ ਕੋਲੋਂ ਮਿਲੀ 10 ਕਰੋੜ ਤੋਂ ਵੱਧ ਦੀ ਨਗਦੀ
ਨੋਟ ਗਿਣਨ ਲਈ ਈਡੀ ਨੇ ਮੰਗਵਾਈਆਂ 6 ਮਸ਼ੀਨਾਂ
ਚੰਡੀਗੜ੍ਹ/ਬਿਊਰੋ ਨਿਊਜ਼
ਨਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ‘ਤੇ ਈਡੀ ਵਲੋਂ ਮਾਰੇ ਗਏ ਛਾਪਿਆਂ ਦੌਰਾਨ 10 ਕਰੋੜ ਰੁਪਏ ਤੋਂ ਵੀ ਵੱਧ ਦੀ ਨਗਦੀ ਬਰਾਮਦ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਈਡੀ ਦੇ ਸੂਤਰਾਂ ਤੋਂ ਮਿਲੀ ਹੈ। ਜ਼ਿਕਰਯੋਗ ਹੈ ਕਿ ਈਡੀ ਨੇ ਰੇਤ ਮਾਈਨਿੰਗ ਨੂੰ ਲੈ ਕੇ ਭੁਪਿੰਦਰ ਸਿੰਘ ਹਨੀ ਦੇ ਮੁਹਾਲੀ ਅਤੇ ਲੁਧਿਆਣਾ ‘ਚ ਟਿਕਾਣਿਆਂ ਸਣੇ 12 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਭੁਪਿੰਦਰ ਸਿੰਘ ਹਨੀ ਦੇ ਸਾਥੀ ਸੰਦੀਪ ਕੌਸ਼ਲ ਦੇ ਟਿਕਾਣਿਆਂ ਤੋਂ ਵੀ ਈਡੀ ਨੂੰ ਨਗਦੀ ਬਰਾਮਦ ਹੋਈ ਹੈ।
ਉਧਰ ਦੂਜੇ ਪਾਸੇ ਸੀਐਮ ਚੰਨੀ ਦੇ ਸਲੋਗਨ ‘ਘਰ-ਘਰ ਵਿਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ’ ਦੇ ਜ਼ਰੀਏ ਭਾਜਪਾ ਨੇ ਸਿਆਸੀ ਨਿਸ਼ਾਨਾ ਸਾਧਿਆ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਕਹਿ ਰਹੇ ਹਨ ਕਿ ‘ਘਰ-ਘਰ ਚੱਲੀ ਗੱਲ, ਚੰਨੀ ਕਰਦਾ ਨੋਟਾਂ ਨਾਲ ਮਸਲੇ ਹੱਲ’। ਜ਼ਿਕਰਯੋਗ ਹੈ ਕਿ ਨਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ਵਿਚ ਈਡੀ ਨੇ ਜਿਸ ਭੁਪਿੰਦਰ ਸਿੰਘ ਹਨੀ ਨਾਮ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ, ਉਹ ਸੀਐਮ ਚੰਨੀ ਦੀ ਪਤਨੀ ਦਾ ਭਾਣਜਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ 2018 ਦਾ ਹੈ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸੀਐਮ ਰਹਿੰਦੇ ਹੋਏ ਹਵਾਈ ਦੌਰਾ ਕਰਕੇ ਰੇਤ ਦੀ ਹੋ ਰਹੀ ਨਜਾਇਜ਼ ਮਾਈਨਿੰਗ ਦਾ ਜਾਇਜ਼ਾ ਲਿਆ ਸੀ ਅਤੇ ਇਸ ਤੋਂ ਬਾਅਦ ਹੋਈ ਜਾਂਚ ਵਿਚ ਭੁਪਿੰਦਰ ਸਿੰਘ ਦਾ ਨਾਮ ਸਾਹਮਣੇ ਆਇਆ ਸੀ। ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਹਨੀ ਦੇ ਮੋਹਾਲੀ ਦੇ ਸੈਕਟਰ 71 ਸਥਿਤ ਹੋਮਲੈਂਡ ਸੁਸਾਇਟੀ ਦੇ ਫਲੈਟ ਵਿਚੋਂ ਮਿਲੇ ਰੁਪਏ ਗਿਣਨ ਲਈ ਈਡੀ ਨੇ ਛੇ ਮੰਗਵਾਈਆਂ ਸਨ।
ਜ਼ਿਕਰਯੋਗ ਹੈ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਬੁੱਗਾ ਕਲਾਂ ਵਿਚ ਵੀ ਈਡੀ ਨੇ ਕਾਂਗਰਸ ਦੇ ਸਾਬਕਾ ਸਰਪੰਚ ਰਣਦੀਪ ਸਿੰਘ ਬੁੱਗਾ ਦੇ ਘਰ ‘ਤੇ ਰੇਡ ਕੀਤੀ। ਸਾਬਕਾ ਸਰਪੰਚ ਰਣਦੀਪ ਸਿੰਘ ਬੁੱਗਾ, ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਦਾ ਕਰੀਬੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।
ਮੰਤਰੀ ਨਾਲੋਂ ਵੱਧ ਸੁਰੱਖਿਆ ਲੈ ਕੇ ਘੁੰਮਦਾ ਸੀ ਹਨੀ : ਭੁਪਿੰਦਰ ਸਿੰਘ ਹਨੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਹਿਣ ‘ਤੇ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਦਿੱਤੀ ਹੋਈ ਸੀ। ਉਸ ਦੇ ਠਾਠ ਪੰਜਾਬ ਦੇ ਕੈਬਨਿਟ ਮੰਤਰੀ ਨਾਲੋਂ ਘੱਟ ਨਹੀਂ ਸਨ। ਇਹ ਵੀ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਦੇ ਵਿਸ਼ਵਾਸਪਾਤਰਾਂ ‘ਚੋਂ ਭੁਪਿੰਦਰ ਸਿੰਘ ਹਨੀ ਇਕ ਹੈ।