ਚਾਰ ਹਫ਼ਤੇ ਜਾਰੀ ਰਹੇਗਾ ਸਰਕਾਰ ਦਾ ਇਹ ਆਰਡਰ
ਟੋਰਾਂਟੋ : ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤੀਜੀ ਵਾਰੀ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਉਨਟਾਰੀਓ ਸੂਬੇ ਵਿੱਚ ਸਟੇਅ ਐਟ ਹੋਮ ਆਰਡਰ ਲਾਗੂ ਹੋ ਗਏ ਹਨ। ਕੈਬਨਿਟ ਨਾਲ ਕਈ ਘੰਟਿਆਂ ਤੱਕ ਕੀਤੀ ਗੱਲਬਾਤ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਨੇ ਲੰਘੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਕਿ ਵੀਰਵਾਰ ਰਾਤ 12. 01 ਵਜੇ ਇਹ ਹੁਕਮ ਲਾਗੂ ਹੋਣਗੇ ਅਤੇ 28 ਦਿਨਾਂ ਤੱਕ ਜਾਰੀ ਰਹਿਣਗੇ।
ਡਗ ਫੋਰਡ ਨੇ ਕਾਨਫਰੰਸ ਵਿੱਚ ਗੱਲਬਾਤ ਕਰਦਿਆਂ ਆਖਿਆ ਕਿ ਹਾਲਾਤ ਇਸ ਸਮੇਂ ਕਾਫੀ ਗੰਭੀਰ ਹੋ ਗਏ ਹਨ ਤੇ ਚੀਜਾਂ ਨੂੰ ਹੋਰ ਨਹੀਂ ਖਿੱਚਿਆ ਜਾ ਸਕਦਾ। ਅਸੀਂ ਸਾਰੇ ਹੀ ਬਹੁਤ ਚਿੰਤਾ ਵਿੱਚ ਹਾਂ।
ਉਨ੍ਹਾਂ ਆਖਿਆ ਕਿ ਹਾਲਾਤ ਹਰ ਸਮੇਂ ਬਦਲ ਰਹੇ ਹਨ। ਜਿਵੇਂ ਹੀ ਸਾਨੂੰ ਨਵੇਂ ਵੇਰੀਐਂਟਸ ਬਾਰੇ ਪਤਾ ਲੱਗਦਾ ਹੈ ਓਨੇ ਚਿਰ ਨੂੰ ਨਵੀਆਂ ਦਿੱਕਤਾਂ ਜਨਮ ਲੈ ਲੈਂਦੀਆਂ ਹਨ। ਸਾਨੂੰ ਖੜੇ ਪੈਰ ਕਈ ਤਰ੍ਹਾਂ ਦੇ ਫੈਸਲੇ ਲੈਣੇ ਪੈਂਦੇ ਹਨ। ਇਸ ਸਮੇਂ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੀ ਵੈਕਸੀਨੇਸ਼ਨ ਜਲਦ ਤੋਂ ਜਲਦ ਹੋ ਜਾਵੇ। ਇਸੇ ਲਈ ਅਸੀਂ ਚੀਫ ਮੈਡੀਕਲ ਆਫੀਸਰ ਆਫ ਹੈਲਥ ਦੀ ਸਲਾਹ ਉੱਤੇ ਸਟੇਟ ਆਫ ਐਮਰਜੈਂਸੀ ਲਾਉਣ ਜਾ ਰਹੇ ਹਾਂ। ਇਸ ਅਰਸੇ ਦੌਰਾਨ ਸਾਰੇ ਗੈਰ ਜ਼ਰੂਰੀ ਰੀਟੇਲਰਜ ਸਟੋਰਜ਼ ਇਨ ਪਰਸਨ ਸ਼ਾਪਿੰਗ ਲਈ ਬੰਦ ਰਹਿਣਗੇ, ਇਨਡੋਰ ਡਾਈਨਿੰਗ ਦੀ ਮਨਾਹੀ ਹੋਵੇਗੀ ਤੇ ਜਿੰਮ ਤੇ ਪਰਸਨਲ ਕੇਅਰ ਸਰਵਿਸਿਜ਼ ਵੀ ਬੰਦ ਰਹਿਣਗੀਆਂ। ਬਿੱਗ ਬਾਕਸ ਸਟੋਰ ਸਿਰਫ ਜ਼ਰੂਰੀ ਵਸਤਾਂ ਵੇਚਣ ਲਈ ਹੀ ਖੁੱਲ੍ਹੇ ਰਹਿਣਗੇ। ਸਾਪਿੰਗ ਮਾਲਜ਼ ਅਪੁਆਇੰਟਮੈਂਟ ਤੇ ਡਲਿਵਰੀ ਰਾਹੀਂ ਕਰਬਸਾਈਡ ਪਿੱਕਅੱਪ ਤੱਕ ਸੀਮਤ ਰਹਿਣਗੇ। ਕੁੱਝ ਚੋਣਵੇਂ ਸਟੋਰ 25 ਫੀਸਦੀ ਸਮਰੱਥਾ ਨਾਲ ਅਪੁਆਇੰਟਮੈਂਟ ਜਰੀਏ ਹੀ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਸਖਤ ਮਨਾਹੀ ਕੀਤੀ ਗਈ ਹੈ। ਇਸ ਵਿਚ ਸਿਰਫ਼ ਗਰੌਸਰੀ ਜਾਂ ਦਵਾਈ ਲਈ, ਵੈਕਸੀਨ ਲਗਵਾਉਣ ਲਈ, ਬਾਹਰ ਸੈਰ ਕਰਨ ਲਈ (ਇਸ ਵਿਚ ਪਾਲਤੂ ਜਾਨਵਰ ਸ਼ਾਮਲ ਹਨ), ਸਕੂਲ ਜਾਣ ਲਈ ਅਤੇ ਅਜਿਹੇ ਕਿਸੇ ਵੀ ਕੰਮ ‘ਤੇ ਜਾਣ ਲਈ (ਜੋ ਘਰ ਬੈਠ ਕੇ ਨਹੀਂ ਹੋ ਸਕਦੇ ) ਦੀ ਇਜਾਜ਼ਤ ਦਿੱਤੀ ਗਈ ਹੈ। ਕੰਪਨੀਆਂ ਨੂੰ ਹਦਾਇਤ ਹੈ ਕਿ ਉਹ ਆਪਣੇ ਕਰਮਚਾਰੀਆਂ ਤੋਂ ਜਿੰਨਾ ਵੀ ਸੰਭਵ ਹੋ ਸਕੇ ਘਰੋਂ ਹੀ ਕੰਮ ਲੈਣ। ਕਿਸੇ ਵੀ ਘਰ ਜਾਂ ਅਦਾਰੇ ਦੇ ਅੰਦਰ ਇਕੱਠ ਦੀ ਸਖਤ ਮਨਾਹੀ ਹੈ ਅਤੇ ਬਾਹਰ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਫਿਊਨਰਲ ਹੋਮ, ਧਾਰਮਿਕ ਅਸਥਾਨ ਜਾਂ ਬੈਕੁਇਟ ਹਾਲ ਵਿਚ ਸਿਰਫ਼15 ਫੀਸਦੀ ਤੱਕ ਦੀ ਇਜਾਜ਼ਤ ਹੈ। ਓਨਟਾਰੀਓ ਵਿਚ ਲਗਾਤਾਰ 7ਵਾਂ ਦਿਨ ਸੀ ਜਦੋਂ ਤਿੰਨ ਹਜ਼ਾਰ ਤੋਂ ਵੱਧ ਕੇਸ ਰਿਪੋਰਟ ਹੋਏ ਹਨ। ਇਸ ਵਿਚ ਆਈਸੀਯੂ ਵਿਚ ਦਾਖਲ ਲੋਕਾਂ ਗਿਣਤੀ 525 ਤੱਕ ਪਹੁੰਚ ਗਈ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ।