ਟਰੰਪ ਵੱਲੋਂ ਵਿਚੋਲਗੀ ਦੀ ਪੇਸ਼ਕਸ਼
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕਸ਼ਮੀਰ ਮੁੱਦੇ ‘ਤੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਚੋਲਗੀ ਕਰਨ ਵਿਚ ਦਿਲਚਸਪੀ ਦਿਖਾਈ ਹੈ। ਟਰੰਪ ਨੇ ਮੰਗਲਵਾਰ ਨੂੰ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, ”ਕਸ਼ਮੀਰ ਇਕ ਜਟਿਲ ਸਮੱਸਿਆ ਹੈ ਅਤੇ ਇਸ ਸਮੱਸਿਆ ਦਾ ਧਰਮ ਨਾਲ ਵੀ ਸਬੰਧ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਹਿੰਦੂ ਅਤੇ ਮੁਸਲਿਮ ਦੋਵੇਂ ਭਾਈਚਾਰੇ ਚੰਗੀ ਤਰ੍ਹਾਂ ਇਕੱਠੇ ਰਹਿ ਸਕਦੇ ਹੋਣ। ਭਾਰਤ ਅਤੇ ਪਾਕਿਸਤਾਨ ਵਿਚ ਬਹੁਤ ਪ੍ਰੇਸ਼ਾਨੀਆਂ ਹਨ ਅਤੇ ਇਹ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਹਨ। ਟਰੰਪ ਨੇ ਕਿਹਾ ਕਿ ਇਸ ਨੂੰ ਸੁਲਝਾਉਣ ਲਈ ਮੈਂ ਵਿਚੋਲਗੀ ਕਰ ਸਕਦਾ ਹਾਂ ਜਾਂ ਫਿਰ ਕੁਝ ਹੋਰ ਇਸ ਤੋਂ ਵੀ ਬਿਹਤਰ। ਟਰੰਪ ਇਸ ਤੋਂ ਪਹਿਲਾਂ ਵੀ ਕਸ਼ਮੀਰ ਮਸਲੇ ‘ਤੇ ਵਿਚੋਲਗੀ ਦੀ ਗੱਲ ਕਹਿ ਚੁੱਕੇ ਹਨ। 22 ਜੁਲਾਈ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਮਰੀਕਾ ਦੌਰੇ ਸਮੇਂ ਟਰੰਪ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਦੋ ਹਫਤੇ ਪਹਿਲਾਂ ਉਨ੍ਹਾਂ ਨਾਲ ਸਨ ਅਤੇ ਉਨ੍ਹਾਂ ਨੇ ਕਸ਼ਮੀਰ ਮਾਮਲੇ ‘ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਜਦਕਿ ਭਾਰਤ ਸਰਕਾਰ ਵਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵਿਚਕਾਰ ਅਜਿਹੀ ਗੋਈ ਗੱਲਬਾਤ ਨਹੀਂ ਹੋਈ ਅਤੇ ਭਾਰਤ ਆਪਣੇ ਫੈਸਲੇ ‘ਤੇ ਕਾਇਮ ਹੈ। ਭਾਰਤ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਸਾਰੇ ਮਸਲੇ ਦੋ-ਪੱਖੀ ਗੱਲਬਾਤ ਜ਼ਰੀਏ ਹੀ ਹੱਲ ਕੀਤੇ ਜਾਣਗੇ। ਇਸ ਤੋਂ ਬਾਅਦ ਲੰਘੀ 2 ਅਗਸਤ ਨੂੰ ਇਕ ਵਾਰ ਫਿਰ ਟਰੰਪ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਜੇਕਰ ਭਾਰਤ-ਪਾਕਿ ਚਾਹੁਣਗੇ ਤਾਂ ਉਨ੍ਹਾਂ ਨੂੰ ਵਿਚੋਲਗੀ ਕਰਨ ਵਿਚ ਖੁਸ਼ੀ ਮਹਿਸੂਸ ਹੋਵੇਗੀ।
ਧਾਰਾ 370 ਹਟਣ ਤੋਂ ਬਾਅਦ ਭਾਰਤ-ਪਾਕਿ ਨਾਲ ਲਗਾਤਾਰ ਸੰਪਰਕ ‘ਚ ਹਨ ਟਰੰਪ : ਇਸ ਤੋਂ ਪਹਿਲਾਂ ਲੰਘੇ ਐਤਵਾਰ ਨੂੰ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਫੋਨ ‘ਤੇ ਗੱਲਬਾਤ ਹੋਈ ਸੀ। ਦੋਵਾਂ ਵਿਚਕਾਰ ਕਰੀਬ ਅੱਧਾ ਘੰਟਾ ਖੇਤਰੀ ਮੁੱਦਿਆਂ ‘ਤੇ ਗੱਲਬਾਤ ਹੋਈ। ਮੋਦੀ ਨੇ ਟਰੰਪ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਹਿੰਸਾ ਮੁਕਤ ਮਹੌਲ ਬਣਾਉਣ ਲਈ ਸਰਹੱਦ ਪਾਰ ਅੱਤਵਾਦ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਮੋਦੀ ਦਾ ਇਹ ਇਸ਼ਾਰਾ ਪਾਕਿਸਤਾਨ ਵੱਲ ਸੀ। ਉਨ੍ਹਾਂ ਨੇ ਟਰੰਪ ਨਾਲ ਅਫਗਾਨਿਤਸਾਨ ਦੀ ਸਥਿਤੀ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਇਕਜੁਟ, ਸੁਰੱਖਿਅਤ ਅਤੇ ਲੋਕਤੰਤਰਿਕ ਅਫਗਾਨਿਸਤਾਨ ਦੇ ਨਿਰਮਾਣ ਲਈ ਲੰਬੇ ਸਮੇਂ ਤੋਂ ਵਚਨਬੱਧ ਹੈ।
ਇਮਰਾਨ ਨੂੰ ਨਸੀਹਤ-ਭਾਰਤ ਖਿਲਾਫ ਨਾ ਕਰੋ ਬਿਆਨਬਾਜ਼ੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਟਰੰਪ ਨੇ ਪਾਕਿ ਨੂੰ ਕਿਹਾ ਕਿ ਉਹ ਭਾਰਤ ਖਿਲਾਫ ਤਿੱਖੀ ਬਿਆਨਬਾਜ਼ੀ ਤੋਂ ਸੰਕੋਚ ਕਰੇ। ਟਰੰਪ ਅਤੇ ਇਮਰਾਨ ਵਿਚਕਾਰ ਇਕ ਹਫਤੇ ਵਿਚ ਇਹ ਦੂਜੀ ਵਾਰ ਗੱਲਬਾਤ ਹੋਈ ਹੈ। ਵਾਈਟ ਹਾਊਸ ਮੁਤਾਬਕ ਟਰੰਪ ਨੇ ਇਮਰਾਨ ਨੂੰ ਕਿਹਾ ਕਿ ਪਾਕਿਸਤਾਨ ਨੂੰ ਜੰਮੂ ਕਸ਼ਮੀਰ ਦੇ ਮਾਮਲੇ ਵਿਚ ਭਾਰਤ ਨਾਲ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੀ ਜ਼ਰੂਰਤ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …