ਵੱਧ ਆਟੋ ਬੀਮਾ ਪ੍ਰੀਮੀਅਮ ਅਦਾ ਕਰਨ ਵਾਲਿਆਂ ਵਿਚ ਬਰੈਂਪਟਨ ਨੰਬਰ ਇਕ ‘ਤੇ, ਮਿਸੀਸਾਗਾ ਤੀਜੇ ਅਤੇ ਟੋਰਾਂਟੋ ਚੌਥੇ ‘ਤੇ
ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਅਤੇ 905 ਏਰੀਏ ਵਿਚ ਰਹਿਣ ਵਾਲੇ ਡਰਾਈਵਰ ਓਨਟਾਰੀਓ ਵਿਚ ਸਭ ਤੋਂ ਜ਼ਿਆਦਾ ਅਤੇ ਮਹਿੰਗਾ ਆਟੋ ਬੀਮਾ ਪ੍ਰੀਮੀਅਮ ਅਦਾ ਕਰਦੇ ਹਨ। ਇਸ ਸੂਚੀ ਵਿਚ ਬਰੈਂਪਟਨ ਸਭ ਤੋਂ ਉਪਰ ਹੈ। ਆਨ ਲਾਈਨ ਆਟੋ ਇੰਸੋਰੈਂਸ ਮਾਰਕੀਟ ਪਲੇਸ ਟੂਲ ਕਾਨੇਟਿਕਸ ਸੀਏ ਵਲੋਂ ਟੋਰਾਂਟੋ ਦੀ ਸਭ ਤੋਂ ਮਹਿੰਗੇ ਆਟੋ ਬੀਮਾ ਵਾਲੇ 10 ਸ਼ਹਿਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਸ ਲਿਸਟ ਦੇ ਅਨੁਸਾਰ ਟੋਰਾਂਟੋ ਅਤੇ ਮਰਖਮ ਇਕੱਠਿਆਂ ਚੌਥੇ ਨੰਬਰ ‘ਤੇ ਹਨ। ਲਿਸਟ ਅਨੁਸਾਰ ਸੂਬੇ ਵਿਚ ਔਸਤ ਆਟੋ ਬੀਮਾ 1448 ਡਾਲਰ ਹੈ। ਜਦੋਂ ਕਿ ਟੋਰਾਂਟੋ ਵਿਖੇ 30 ਫੀਸਦੀ ਜ਼ਿਆਦਾ 1886 ਡਾਲਰ ਹੈ। ਜਦੋਂ ਕਿ ਬਰੈਂਪਟਨ ਵਿਚ ਇਹ ਔਸਤ ਤੋਂ 65 ਫੀਸਦੀ ਜ਼ਿਆਦਾ 2392 ਡਾਲਰ ਤੱਕ ਹੈ। ਉਥੇ ਹੀ ਵਾਘਨ ਅਤੇ ਮਿਸੀਸਾਗਾ ਇਸ ਲਿਸਟ ਵਿਚ ਦੂਜੇ ਅਤੇ ਤੀਜੇ ਨੰਬਰ ‘ਤੇ ਹਨ। ਰਿਚਮੰਡ ਹਿੱਲ, ਹਮਿਲਟਨ, ਪਿਕਰਿੰਗ, ਅਜੇਕਸ, ਬਰੈਡਫੋਰਡ ਅਤੇ ਸਟੌਫਿਲ ਵੀ ਇਸ ਲਿਸਟ ਵਿਚ ਸ਼ਾਮਲ ਹਨ। ਇਸ ਔਸਤ ਨੂੰ ਇਕ 35 ਸਾਲ ਦੇ ਕਲੀਨ ਡਰਾਈਵਿੰਗ ਰਿਕਾਰਡ ਵਾਲੇ ਡਰਾਈਵਰ ਦੇ ਅਧਾਰ ‘ਤੇ ਕੱਢਿਆ ਗਿਆ ਹੈ।
ਅਜਿਹੇ ਕਈ ਕਾਰਨ ਹਨ ਜੋ ਤੁਹਾਡੇ ਵਾਹਨ ਦਾ ਬੀਮਾ ਤੈਅ ਕਰਦੇ ਹਨ। ਉਸ ਵਿਚ ਉਹ ਏਰੀਆ ਸਭ ਤੋਂ ਅਹਿਮ ਹੈ, ਜਿਸ ਵਿਚ ਤੁਸੀਂ ਰਹਿੰਦੇ ਹੋ। ਕੰਪਨੀ ਦੇ ਵਾਈਸ ਪ੍ਰੈਜੀਡੈਂਟ ਜੇਨਿਨ ਵਹਾਇਟ ਨੇ ਦੱਸਿਆ ਕਿ ਜੇਕਰ ਤੁਸੀਂ ਜੀਟੀਏ ਵਿਚ ਰਹਿੰਦੇ ਹੋ ਤਾਂ ਸੰਭਵ ਹੈ ਕਿ ਤੁਹਾਨੂੰ ਜ਼ਿਆਦਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ, ਜਦੋਂ ਕਿ ਜੀਟੀਏ ਵਿਚ ਬੇਹਾਈਟਵੇਅ ਅਤੇ ਓਸ਼ਵਾ ਅਜਿਹੇ ਏਰੀਏ ਹਨ, ਜਿਸ ਵਿਚ ਡਰਾਈਵਰਾਂ ਨੂੰ ਔਸਤ ਤੋਂ ਵੀ ਘੱਟ 1354 ਡਾਲਰ ਹੀ ਬੀਮਾ ਪ੍ਰੀਮੀਅਮ ਅਦਾ ਕਰਨਾ ਪੈਂਦਾ ਹੈ।
ਇਸ ਤੋਂ ਇਲਾਵਾ ਕੁਝ ਹੋਰ ਖੇਤਰਾਂ ਵਿਚ ਵੀ ਔਸਤ ਤੋਂ ਘੱਟ ਬੀਮਾ ਅਦਾ ਕਰਨਾ ਪੈਂਦਾ ਹੈ। ਜਿਵੇਂ ਸੈਟ ਕੈਥਰੀਨ ਵਿਚ 1317 ਡਾਲਰ, ਕਿਚਨਰ ਵਿਚ 1251 ਡਾਲਰ, ਕੈਬਰਿਜ਼ ਵਿਚ 1172 ਡਾਲਰ, ਵਾਟਰਲੂ ਵਿਚ 1165 ਡਾਲਰ, ਓਟਵਾ ਵਿਚ 1142 ਡਾਲਰ ਅਤੇ ਗੁਲੇਫ ਵਿਚ 1128 ਡਾਲਰ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕਿਊਬੈਕ ਅਤੇ ਕੁਝ ਹੋਰ ਖੇਤਰਾਂ ਵਿਚ ਇਹ ਔਸਤ ਬੀਮਾ ਪ੍ਰੀਮੀਅਮ 956 ਡਾਲਰ ਹੀ ਹੈ ਅਤੇ ਅਜਿਹੇ ਵਿਚ ਪੂਰਾ ਜੀਟੀਏ ਹੀ ਇਸ ਔਸਤ ਵਿਚ ਕਾਫੀ ਵੱਡੀ ਦਰ ‘ਤੇ ਹੈ। ਲੋਕਾਂ ਵਲੋਂ ਆਟੋ ਬੀਮਾ ਵਿਚ ਕੀਤੀਆਂ ਜਾਣ ਵਾਲੀਆਂ ਗੜਬੜੀਆਂ ਕਾਰਨ ਡਰਾਈਵਰਾਂ ਨੂੰ ਜ਼ਿਆਦਾ ਬੀਮਾ ਅਦਾ ਕਰਨਾ ਪੈਂਦਾ ਹੈ।
Check Also
ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …