Home / ਹਫ਼ਤਾਵਾਰੀ ਫੇਰੀ / ‘ਆਪ’ ਵਿਧਾਇਕਾਂ ਨੂੰ ਪਾਰਟੀ ਛੱਡਣ ਲਈ 25-25 ਕਰੋੜ ਦੀ ਪੇਸ਼ਕਸ਼

‘ਆਪ’ ਵਿਧਾਇਕਾਂ ਨੂੰ ਪਾਰਟੀ ਛੱਡਣ ਲਈ 25-25 ਕਰੋੜ ਦੀ ਪੇਸ਼ਕਸ਼

‘ਅਪਰੇਸ਼ਨ ਲੋਟਸ’ ਖਿਲਾਫ ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਲਗਾਏ ਗੰਭੀਰ ਆਰੋਪ

ਹਰਪਾਲ ਚੀਮਾ ਨੇ 11 ਵਿਧਾਇਕਾਂ ਦੇ ਨਾਮ ਵੀ ਕੀਤੇ ਜਨਤਕ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਭਾਜਪਾ ‘ਤੇ ਗੰਭੀਰ ਆਰੋਪ ਲਗਾਉਂਦਿਆਂ ਕਈ ਅਹਿਮ ਖੁਲਾਸੇ ਕੀਤੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੇ ‘ਆਪਰੇਸ਼ਨ ਲੋਟਸ’ ਤਹਿਤ ਸਾਡੇ 11 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਨ੍ਹਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਇਨ੍ਹਾਂ ਵਿਧਾਇਕਾਂ ਵਿੱਚ ਦਿਨੇਸ਼ ਚੱਢਾ, ਰਮਨ ਅਰੋੜਾ, ਬੁੱਧ ਰਾਮ, ਕੁਲਵੰਤ ਪੰਡੋਰੀ, ਨਰਿੰਦਰ ਕੌਰ ਭਰਾਜ, ਰਜਨੀਸ਼ ਦਹੀਆ, ਰੂਪਿੰਦਰ ਸਿੰਘ ਹੈਪੀ, ਸ਼ੀਤਲ ਅੰਗੁਰਾਲ, ਮਨਜੀਤ ਸਿੰਘ ਬਿਲਾਸਪੁਰ, ਲਾਭ ਸਿੰਘ ਉਗੋਕੋ ਅਤੇ ਬਲਜਿੰਦਰ ਕੌਰ ਸ਼ਾਮਲ ਹਨ। ਹਰਪਾਲ ਚੀਮਾ ‘ਆਪ’ ਦੇ ਇਕ ਦਰਜਨ ਵਿਧਾਇਕਾਂ ਨੂੰ ਨਾਲ ਲੈ ਕੇ ਡੀਜੀਪੀ ਕੋਲ ਸ਼ਿਕਾਇਤ ਕਰਨ ਪਹੁੰਚੇ ਤੇ ਭਾਜਪਾ ਆਗੂਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਆਪਰੇਸ਼ਨ ਲੋਟਸ ਤਹਿਤ ਕਰਨਾਟਕ, ਗੋਆ, ਅਰੁਣਾਚਲ ਪ੍ਰਦੇਸ਼ ‘ਚ ਵਿਧਾਇਕਾਂ ਦੀ ਖਰੀਦੋ-ਫਰੋਖਤ ਕੀਤੀ। ਉਸ ਤੋਂ ਬਾਅਦ ਦਿੱਲੀ ਵਿੱਚ ‘ਆਪ’ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੀ। ਭਾਜਪਾ ਹੁਣ ਪੰਜਾਬ ਵਿੱਚ ਵੀ ਅਜਿਹੀ ਕੋਸਿਸ਼ ਕਰ ਰਹੀ ਹੈ। ਵਿੱਤ ਮੰਤਰੀ ਨੇ ਆਰੋਪ ਲਗਾਇਆ ਕਿ ਭਾਜਪਾ ਨੇ ‘ਆਪ’ ਦੇ 35 ਵਿਧਾਇਕਾਂ ਤਕ ਪਹੁੰਚ ਕੀਤੀ ਹੈ।

‘ਆਪ’ ਦਾ ਕੋਈ ਵੀ ਵਿਧਾਇਕ ਵਿਕਣ ਵਾਲਾ ਨਹੀਂ : ਭਗਵੰਤ ਮਾਨ

ਚੰਡੀਗੜ੍ਹ : ਭਾਜਪਾ ਵਲੋਂ ‘ਅਪਰੇਸ਼ਨ ਲੋਟਸ’ ਤਹਿਤ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਸਬੰਧੀ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਸਾਡੀ ਪਾਰਟੀ ਦਾ ਕੋਈ ਵੀ ਵਿਧਾਇਕ ਵਿਕਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਫੇਲ੍ਹ ਹੋਣ ਤੋਂ ਬਾਅਦ ਭਾਜਪਾ ਨੇ ਪੰਜਾਬ ‘ਚ ਵਿਧਾਇਕ ਖ਼ਰੀਦਣ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਵਿਧਾਇਕਾਂ ਨੂੰ ਹਾਈਕਮਾਨ ਨਾਲ ਗੱਲ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਕਰੋੜਾਂ ਰੁਪਏ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੇ ਵਿਧਾਇਕ ਪੰਜਾਬ ਦੀ ਮਿੱਟੀ ਦੇ ਵਫ਼ਾਦਾਰ ਹਨ ਅਤੇ ਪੰਜਾਬ ਦੇ ਵਿਧਾਇਕਾਂ ਨੂੰ ਭਾਜਪਾ ਖ਼ਰੀਦਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਵਿਕਦਾ ਓਹੀ ਹੈ ਜੋ ਮੰਡੀ ‘ਚ ਹੁੰਦਾ ਹੈ, ਜੋ ਮੰਡੀ ‘ਚ ਨਹੀਂ ਉਸ ਦੀ ਕੀਮਤ ਕਿਵੇਂ ਲਗਾ ਲੈਣਗੇ। ਉਨ੍ਹਾਂ ਕਿਹਾ ਕਿ ਸਾਨੂੰ ਵਿਧਾਇਕਾਂ ਦੀ ਵਫ਼ਾਦਾਰੀ ‘ਤੇ ਕੋਈ ਸ਼ੱਕ ਨਹੀਂ।

ਕੇਜਰੀਵਾਲ ਨੇ ‘ਆਪ’ ਦੇ ਸਾਰੇ ਵਿਧਾਇਕ ਦਿੱਲੀ ਸੱਦੇ

ਭਾਰਤੀ ਜਨਤਾ ਪਾਰਟੀ ਵਲੋਂ ‘ਆਪ’ ਵਿਧਾਇਕਾਂ ਦੀ ਖਰੀਦੋ ਫਰੋਖਤ ਦੀਆਂ ਆ ਰਹੀਆਂ ਖਬਰਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਹੁਣ ਪੰਜਾਬ ਦੇ ਸਾਰੇ ‘ਆਪ’ ਵਿਧਾਇਕਾਂ ਨੂੰ ਦਿੱਲੀ ਬੁਲਾ ਲਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨਾਲ 18 ਸਤੰਬਰ ਨੂੰ ਨਵੀਂ ਦਿੱਲੀ ਵਿਚ ਮੀਟਿੰਗ ਕਰਨੀ ਹੈ। ਇਸ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੇਜਰੀਵਾਲ ‘ਆਪ’ ਦੇ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਕਿਹੜੀ ਨੀਤੀ ਅਖਤਿਆਰ ਕਰਦੇ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਇਹ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣਾ ਕੋਈ ਸੌਖੀ ਗੱਲ ਨਹੀਂ ਹੈ।

Check Also

ਮੋਦੀ ਦੀ ਤੀਜੀ ਪਾਰੀ ਵਿਚ ਬਣੇ 71 ਮੰਤਰੀ

ਹਾਰ ਕੇ ਵੀ ਰਵਨੀਤ ਬਿੱਟੂ ਮੋਦੀ ਕੈਬਨਿਟ ‘ਚ ਲੈ ਗਏ ਕੁਰਸੀ ਨਵੀਂ ਦਿੱਲੀ/ਬਿਊਰੋ ਨਿਊਜ਼ : …