ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਪੰਜਾਬ ਲਈ ਬੇਹੱਦ ਗੰਭੀਰ ਹੈ। ਪੰਜਾਬ ਇਕ ਵਾਰ ਫਿਰ ਆਪਣੇ ਹੱਕਾਂ ਦੀ ਰਾਖੀ ਕਰਨ ਵਿਚ ਪਛੜ ਗਿਆ ਹੈ। ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਤੱਕ ਨੇ ਇਸ ਮਸਲੇ ‘ਤੇ ਪੰਜਾਬ ਦੇ ਖਿਲਾਫ ਫੈਸਲਾ ਦਿੱਤਾ ਹੋਇਆ ਹੈ। ਇਸ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਸਿਰ ਜੋੜ ਕੇ ਪੈਦਾ ਹੋਈ ਇਸ ਸਮੱਸਿਆ ਦੇ ਹੱਲ ਲਈ ਕਿਸੇ ਰਾਹ ਦੀ ਤਲਾਸ਼ ਕਰਨੀ ਚਾਹੀਦੀ ਸੀ। ਪਰ ਭਗਵੰਤ ਮਾਨ ਸਰਕਾਰ ਨੇ ਜਿਸ ਢੰਗ ਨਾਲ ਇਸ ਮਸਲੇ ਨੂੰ ਲਿਆ ਹੈ, ਉਨ੍ਹਾਂ ਦੇ ਆਮ ਆਦਮੀ ਪਾਰਟੀ ਦੇ ਕਈ ਮਹੱਤਵਪੂਰਨ ਸਾਥੀਆਂ ਨੇ ਜਿਸ ਤਰ੍ਹਾਂ ਦੇ ਇਸ ਮਸਲੇ ‘ਤੇ ਬਿਆਨ ਦਿੱਤੇ ਹਨ ਅਤੇ ਇਸ ਸੰਬੰਧੀ ਵਿਰੋਧੀ ਸਿਆਸੀ ਪਾਰਟੀਆਂ ਨਾਲ ਗੰਭੀਰ ਵਿਚਾਰ-ਵਟਾਂਦਰੇ ਦੀ ਥਾਂ ‘ਤੇ ਸੱਤਾਧਾਰੀ ਧਿਰ ਵਲੋਂ ਬੇਲੋੜੇ ਵਿਵਾਦ ਖੜ੍ਹੇ ਕਰਕੇ ਜਿਸ ਤਰ੍ਹਾਂ ਇਸ ਮੁੱਦੇ ਸੰਬੰਧੀ ਭੰਬਲਭੂਸਾ ਪਾਉਣ ਦਾ ਯਤਨ ਕੀਤਾ ਗਿਆ ਹੈ, ਉਸ ਤੋਂ ਇਸ ਪਾਰਟੀ ਵਲੋਂ ਪੰਜਾਬ ਦੇ ਹਿੱਤਾਂ ਪ੍ਰਤੀ ਅਪਣਾਈ ਜਾ ਰਹੀ ਗਹਿਰੀ ਸਾਜਿਸ਼ ਸਪੱਸ਼ਟ ਹੋਣੀ ਸ਼ੁਰੂ ਹੋ ਗਈ ਹੈ।
ਇਹ ਗੱਲ ਵੀ ਧਿਆਨ ਦੀ ਮੰਗ ਕਰਦੀ ਹੈ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਤੋਂ ਬਣਾਏ ਗਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਖੁੱਲ੍ਹੇ ਰੂਪ ਵਿਚ ਪਾਣੀਆਂ ਦੇ ਮਸਲੇ ‘ਤੇ ਹਰਿਆਣਾ ਦੀ ਵਕਾਲਤ ਕੀਤੀ ਸੀ ਅਤੇ ਕਿਹਾ ਸੀ ਕਿ ਹਰਿਆਣਾ ਨੂੰ ਇਸ ਨਹਿਰ ਰਾਹੀਂ ਪਾਣੀ ਮਿਲਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੁਪਤਾ ਨੇ ਵੀ ਇਸ ਦਿਸ਼ਾ ਵਿਚ ਬਿਆਨ ਦਿੱਤੇ ਸਨ ਅਤੇ ਇਸ ਨਹਿਰ ਰਾਹੀਂ ਹਰਿਆਣਾ ਦੇ ਹਰ ਇਲਾਕੇ ਵਿਚ ਪਾਣੀ ਪਹੁੰਚਾਉਣ ਦੀ ਗੱਲ ਕੀਤੀ ਗਈ ਸੀ। ਅਰਵਿੰਦ ਕੇਜਰੀਵਾਲ ਹਰਿਆਣਾ ਨਾਲ ਸੰਬੰਧ ਰੱਖਦੇ ਹਨ। ਉਹ ਇਸ ਸੂਬੇ ਵਿਚ ਵੀ ਆਪਣੀ ਪਾਰਟੀ ਦਾ ਰਾਜ ਸਥਾਪਿਤ ਕਰਨ ਦੇ ਚਾਹਵਾਨ ਹਨ। ਅਜਿਹਾ ਉਹ ਤਾਂ ਹੀ ਕਰ ਸਕਦੇ ਹਨ ਜੇਕਰ ਉਨ੍ਹਾਂ ਦਾ ਰਵੱਈਆ ਹਰਿਆਣਾ-ਪੱਖੀ ਹੋਵੇ। ਅੱਜ ਇਸ ਗੱਲ ਦਾ ਸਭ ਨੂੰ ਪਤਾ ਹੈ ਕਿ ਪੰਜਾਬ ਵਿਚ ਰਾਜ ਕਿਥੋਂ ਚੱਲ ਰਿਹਾ ਹੈ ਅਤੇ ਕਿਸ ਨੇ ਹੱਥ ਵਿਚ ਤੁਣਕੇ ਮਾਰਨ ਲਈ ਡੋਰ ਫੜੀ ਹੋਈ ਹੈ। ਇਸ ਡੋਰ ਨਾਲ ਹੀ ਪੰਜਾਬ ਦੀ ਚੜ੍ਹੀ ਗੁੱਡੀ ਦਾ ਰੁਖ਼ ਮੋੜਿਆ ਜਾ ਸਕਦਾ ਹੈ।
ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ 8 ਅਕਤੂਬਰ ਨੂੰ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੂਜੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ‘ਖੁੱਲ੍ਹੀ ਬਹਿਸ’ ਦੀ ਚੁਣੌਤੀ ਦਿੱਤੀ। ਉਸ ਤੋਂ ਸਾਫ਼ ਜ਼ਾਹਿਰ ਸੀ ਕਿ ਉਹ ਇਸ ਸੰਵੇਦਨਸ਼ੀਲ ਮਸਲੇ ਤੋਂ ਧਿਆਨ ਹਟਾ ਕੇ ਵਿਰੋਧੀ ਪਾਰਟੀਆਂ ਨੂੰ ਹੋਰ ਮੁੱਦਿਆਂ ‘ਤੇ ਬਹਿਸਾਂ ਵਿਚ ਉਲਝਾਉਣਾ ਚਾਹੁੰਦੇ ਸਨ।
ਇਸੇ ਕਰਕੇ ਇਸ ਨਹਿਰ ਦੇ ਮਸਲੇ ਦੇ ਨਾਲ-ਨਾਲ ਹੋਰਾਂ ਮਸਲਿਆਂ ਦੇ ਵਿਸਥਾਰ ਵਿਚ ਵਿਰੋਧੀ ਆਗੂ ਉਲਝਦੇ ਗਏ। ਅਜਿਹਾ ਕਰਨਾ ਹੀ ਉੱਪਰੋਂ ਆਈਆਂ ਹਦਾਇਤਾਂ ਅਨੁਸਾਰ ਇਸ ਪਾਰਟੀ ਦੇ ਮੁੱਖ ਮੰਤਰੀ ਦਾ ਮੁੱਖ ਮੰਤਵ ਸੀ, ਪਰ ਬਾਅਦ ਵਿਚ ਜਿਸ ਤਰ੍ਹਾਂ ਦਾ ਭਗਵੰਤ ਮਾਨ ਸਰਕਾਰ ਦੇ ਖੁੱਲ੍ਹੀ ਬਹਿਸ ਦੇ ਸੱਦੇ ਪ੍ਰਤੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਰੁਖ ਅਖ਼ਤਿਆਰ ਕੀਤਾ, ਉਸ ਤੋਂ ਲੱਗਦਾ ਹੈ ਕਿ ਉਹ ਮੁੱਖ ਮੰਤਰੀ ਦੀ ਮਨਸ਼ਾ ਨੂੰ ਪੂਰੀ ਤਰ੍ਹਾਂ ਸਮਝ ਗਏ ਸਨ। ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਗ਼ੈਰ-ਹਾਜ਼ਰੀ ਵਿਚ ਸਟੇਜ ਲਾ ਕੇ ਅਤੇ ਪਾਰਟੀ ਹਮਾਇਤੀਆਂ ਨੂੰ ਸਾਹਮਣੇ ਬਿਠਾ ਕੇ ਮੁੱਖ ਮੰਤਰੀ ਵਲੋਂ ਇਕੱਲੇ ਤੌਰ ‘ਤੇ ਅਲਾਪਿਆ ਗਿਆ ਰਾਗ ਬੇਸੁਰਾ ਹੋ ਕੇ ਰਹਿ ਗਿਆ ਹੈ। ਇਸ ਸਮਾਗਮ ਨੇ ਸਰਕਾਰ ਦੀ ਨਮੋਸ਼ੀ ਵਿਚ ਹੀ ਵਾਧਾ ਕੀਤਾ ਹੈ, ਜੋ ਆਉਂਦੇ ਸਮੇਂ ਵਿਚ ਉਸ ‘ਤੇ ਭਾਰੂ ਪੈਣ ਦੀ ਸੰਭਾਵਨਾ ਰੱਖਦੀ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …