Breaking News
Home / ਸੰਪਾਦਕੀ / ਦਿੱਲੀ ‘ਚ ਵਾਪਰੀ ਸ਼ਰਮਨਾਕ ਘਟਨਾ

ਦਿੱਲੀ ‘ਚ ਵਾਪਰੀ ਸ਼ਰਮਨਾਕ ਘਟਨਾ

ਭਾਰਤ ਦੀ ਰਾਜਧਾਨੀ ਦਿੱਲੀ ‘ਚ 31 ਦਸੰਬਰ ਦੀ ਰਾਤ ਨੂੰ ਵਾਪਰੀ ਇਕ ਅਜਿਹੀ ਘਟਨਾ ਨੇ ਨਾ ਸਿਰਫ਼ ਦੇਸ਼ ਦੇ ਆਮ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ, ਸਗੋਂ ਇਹ ਸੋਚਣ ਲਈ ਵੀ ਮਜਬੂਰ ਕੀਤਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਜਾਣੇ-ਅਣਜਾਣੇ ‘ਚ ਆਖ਼ਰ ਨੈਤਿਕ ਅਤੇ ਮਾਨਸਿਕ ਪਤਨ ਵੱਲ ਕਿਵੇਂ ਵਧਦੀ ਜਾ ਰਹੀ ਹੈ। ਇਸ ਘਟਨਾ ਤਹਿਤ ਨਵੇਂ ਸਾਲ ਦੀ ਨਵੀਂ ਸਵੇਰ ਤੋਂ ਪਹਿਲਾਂ ਹੀ ਇਕ ਕਾਰ ‘ਚ ਸਵਾਰ ਕੁਝ ਨੌਜਵਾਨਾਂ ਨੇ ਨਾ ਸਿਰਫ਼ ਇਕ ਲੜਕੀ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ, ਸਗੋਂ ਉਸ ਨੂੰ ਲਗਭਗ 12 ਕਿੱਲੋਮੀਟਰ ਤੱਕ ਘਸੀਟਦੇ ਹੋਏ ਲੈ ਗਏ, ਜਿਸ ਨਾਲ ਲੜਕੀ ਦਾ ਸਰੀਰ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ ਅਤੇ ਇਸੇ ਦੌਰਾਨ ਉਸ ਦੀ ਮੌਤ ਵੀ ਹੋ ਗਈ। ਕਾਰ ਅੰਦਰ ਗਾਣਿਆਂ ਦਾ ਏਨਾ ਸ਼ੋਰ ਸੀ ਕਿ ਪਹਿਲਾਂ ਤਾਂ ਨੌਜਵਾਨਾਂ ਨੂੰ ਲੜਕੀ ਦੇ ਘਸੀਟੇ ਜਾਣ ਦਾ ਪਤਾ ਹੀ ਨਹੀਂ ਲੱਗਿਆ ਅਤੇ ਜਦੋਂ ਪਤਾ ਲੱਗਾ ਵੀ, ਤਾਂ ਉਨ੍ਹਾਂ ਨੇ ਥੋੜ੍ਹੀ ਬਹੁਤ ਵੀ ਮਾਨਵਤਾ, ਸੰਵੇਦਨਾ ਅਤੇ ਕਾਨੂੰਨ ਦੇ ਪਾਲਣ ਦੀ ਭਾਵਨਾ ਦਿਖਾਉਣ ਦੀ ਬਜਾਏ ਕਾਨੂੰਨ ਦੀ ਉਲੰਘਣਾ ਕੀਤੀ ਅਤੇ ਲੜਕੀ ਦੀ ਬਚੀ-ਖੁਚੀ ਲਾਸ਼ ਨੂੰ ਕਾਰ ਦੇ ਪਹੀਏ ਹੇਠਾਂ ਦਰੜ ਕੇ ਉਸ ਨੂੰ ਉਸੇ ਸੜਕ ‘ਤੇ ਸੁੱਟ ਕੇ ਆਪਣੇ-ਆਪਣੇ ਘਰਾਂ ਨੂੰ ਚਲੇ ਗਏ।
ਇਹ ਨੌਜਵਾਨ ਅਮੀਰ ਘਰਾਣਿਆਂ ਦੇ ਤਾਂ ਨਹੀਂ ਸਨ ਪਰ ਬੇਰਹਿਮੀ ਅਤੇ ਕਾਨੂੰਨ ਭੰਗ ਕਰਨ ਦੀ ਮਾਨਸਿਕਤਾ ਕਿਸੇ ਵੀ ਹੋਰ ਅਪਰਾਧਿਕ ਵਰਗ ਨਾਲੋਂ ਇਨ੍ਹਾਂ ਵਿਚ ਘੱਟ ਨਹੀਂ ਸੀ। ਇਸ ਤ੍ਰਾਸਦੀ ਦਾ ਦੂਜਾ ਪੱਖ ਇਹ ਵੀ ਹੈ ਕਿ ਇਸ ਲੜਕੀ ਦੇ ਨਾਲ ਸਕੂਟੀ ‘ਤੇ ਉਸ ਦੀ ਇਕ ਦੋਸਤ ਲੜਕੀ ਵੀ ਮੌਜੂਦ ਸੀ, ਪਰ ਉਹ ਇਸ ਭਿਆਨਕ ਘਟਨਾ ਤੋਂ ਬਾਅਦ ਆਪਣੀ ਦੋਸਤ ਲੜਕੀ ਨੂੰ ਕਾਰ ‘ਚ ਫਸਣ ਦੀ ਘਟਨਾ ਵਾਪਰਨ ਤੋਂ ਬਾਅਦ ਵੀ ਚੁੱਪ ਕਰਕੇ ਆਪਣੇ ਘਰ ਪਰਤ ਗਈ। ਇਸ ਤੋਂ ਵੀ ਪਤਾ ਲਗਦਾ ਹੈ ਕਿ ਮੌਜੂਦਾ ਪਦਾਰਥਵਾਦੀ ਯੁੱਗ ‘ਚ ਰਿਸ਼ਤਿਆਂ ਦੀ ਅਹਿਮੀਅਤ ਤੇ ਮਾਣ-ਮਰਿਆਦਾ ਦਾ ਪਤਨ ਕਿਸ ਹੱਦ ਤੱਕ ਹੋ ਚੁੱਕਿਆ ਹੈ। ਘਟਨਾ ਤੋਂ ਬਾਅਦ ਦਿੱਲੀ ਦੇ ਉੱਪ-ਰਾਜਪਾਲ ਵੀ.ਕੇ. ਸਕਸੈਨਾ ਨੇ ਇਸ ਮਾਮਲੇ ਨੂੰ ਭਿਆਨਕ ਅਤੇ ਅਸੰਵੇਦਨਸ਼ੀਲ ਕਰਾਰ ਦਿੰਦਿਆਂ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਤਲਬ ਕੀਤਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੁਲਿਸ ਕਮਿਸ਼ਨਰ ਤੋਂ ਵਿਸਥਾਰਤ ਰਿਪੋਰਟ ਦੀ ਮੰਗ ਕਰਦਿਆਂ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ।
ਦੇਸ਼ ‘ਚ ਅੱਜ ਉੱਨਤੀ, ਤਰੱਕੀ ਅਤੇ ਖ਼ੁਸ਼ਹਾਲੀ ਦੀ ਆਹਟ ਨੇ ਇਕ ਪਾਸੇ ਜਿੱਥੇ ਨੌਜਵਾਨ ਵਰਗ ਅਤੇ ਖ਼ਾਸ ਤੌਰ ‘ਤੇ ਨਵੇਂ-ਨਵੇਂ ਅਮੀਰ ਬਣੇ ਨੌਜਵਾਨਾਂ ‘ਚ ਅਰਾਜਕਤਾ, ਕਾਨੂੰਨ ਦੀ ਉਲੰਘਣਾ ਕਰਨ ਅਤੇ ਧਨ-ਬਲ ਦੇ ਪ੍ਰਦਰਸ਼ਨ ਦੀ ਪ੍ਰਵਿਰਤੀ ਨੂੰ ਜਨਮ ਦਿੱਤਾ ਹੈ, ਉੱਥੇ ਹੀ ਇਨ੍ਹਾਂ ਦੀ ਦੇਖਾ-ਦੇਖੀ ਆਮ ਨੌਜਵਾਨਾਂ ‘ਚ ਵੀ ਵਿਖਾਵੇ ਤੇ ਅਪਰਾਧਿਕ ਰੁਚੀਆਂ ‘ਚ ਭਾਰੀ ਵਾਧਾ ਹੋਇਆ ਹੈ। ਦੇਸ਼ ਵਿਚ ਵਧ ਰਿਹਾ ਆਰਥਿਕ ਪਾੜਾ ਤੇ ਬੇਰੁਜ਼ਗਾਰੀ ਵੀ ਜੁਰਮਾਂ ‘ਚ ਵਾਧਾ ਕਰ ਰਹੀ ਹੈ। ਉੱਥੇ ਰਾਤੋਂ-ਰਾਤ ਅਮੀਰ ਬਣਨ ਜਾਂ ਦਿਖਣ ਦੇ ਚੱਕਰ ‘ਚ ਆਮ ਨੌਜਵਾਨ ਵਰਗ ‘ਚ ਅਪਰਾਧ ਅਤੇ ਨਸ਼ੇ ਦੇ ਸੇਵਨ ਦਾ ਚਲਨ ਵੀ ਵਧਿਆ ਹੈ। ਬੀਤੇ ਕੁਝ ਦਹਾਕਿਆਂ ‘ਚ ਨਸ਼ੀਲੇ ਪਦਾਰਥਾਂ, ਅਹਾਤਿਆਂ, ਨਾਈਟ ਕਲੱਬਾਂ ਆਦਿ ਕੇਂਦਰਾਂ ਨੇ ਵੱਡੀ ਪੱਧਰ ‘ਤੇ ਨੌਜਵਾਨਾਂ ‘ਚ ਨਸ਼ੇ ਦੀ ਲਤ ਵਧਾਈ ਹੈ। ਇਸ ਕਾਰਨ ਵਾਪਰਨ ਵਾਲੀਆਂ ਅਪਰਾਧਿਕ ਘਟਨਾਵਾਂ ‘ਚ ਵਾਧਾ ਹੋਣਾ ਇਸ ਦਾ ਵੱਡਾ ਸਬੂਤ ਹੈ। ਦੇਸ਼ ‘ਚ ਪੱਛਮੀ ਢੰਗ ਨਾਲ ਨਵੇਂ ਸਾਲ ਦੇ ਨਿਰੰਤਰ ਵਧਦੇ ਜਸ਼ਨਾਂ ਨੇ ਵੀ ਇਸ ਪ੍ਰਕਾਰ ਦੀਆਂ ਅਪਰਾਧਿਕ ਘਟਨਾਵਾਂ ਅਤੇ ਅਜਿਹੀ ਮਾਨਸਿਕਤਾ ‘ਚ ਵਾਧਾ ਕੀਤਾ ਹੈ ਅਤੇ ਇਸੇ ਮਾਨਸਿਕਤਾ ਦਾ ਸਬੂਤ ਦਿੱਲੀ ‘ਚ ਵਾਪਰੀ ਮੌਜੂਦਾ ਘਟਨਾ ਹੈ। ਕਾਰ ਸਵਾਰ ਨੌਜਵਾਨਾਂ ਨੇ ਕਾਰ ਵੀ ਕਿਸੇ ਤੋਂ ਮੰਗ ਕੇ ਲਈ ਸੀ ਅਤੇ ਨਵਾਂ ਸਾਲ ਮਨਾਉਣ ਦੀ ਚਾਹਤ, ਨਸ਼ੇ ਅਤੇ ਇਸ ਤਹਿਤ ਤੇਜ਼ ਰਫ਼ਤਾਰ ਨੇ ਇਕ ਅਜਿਹੇ ਅਪਰਾਧ ਨੂੰ ਜਨਮ ਦਿੱਤਾ, ਜਿਸ ਨੇ ਨਾ ਸਿਰਫ਼ ਇਕ ਲੜਕੀ ਦੀ ਜੀਵਨ ਲੀਲ੍ਹਾ ਸਮਾਪਤ ਕਰਕੇ ਉਸ ਦੇ ਪਰਿਵਾਰ ਦੀਆਂ ਉਮੀਦਾਂ ਨੂੰ ਤੋੜਿਆ, ਸਗੋਂ ਚਾਰ-ਪੰਜ ਹੋਰ ਪਰਿਵਾਰਾਂ ‘ਤੇ ਵੀ ਦੁੱਖਾਂ ਦਾ ਪਹਾੜ ਟੁੱਟਣ ਦੀਆਂ ਸੰਭਾਵਨਾਵਾਂ ਪੈਦਾ ਕਰ ਦਿੱਤੀਆਂ ਹਨ।
ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਜਿੱਥੇ ਦੇਸ਼ ਦੀ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨੂੰ ਭੁੱਲ ਕੇ ਪੱਛਮੀ ਸੱਭਿਅਤਾ ਨੂੰ ਅਪਣਾਉਣ ਦੀ ਉਤਸੁਕਤਾ ਜ਼ਿੰਮੇਵਾਰ ਹੈ, ਉੱਥੇ ਹੀ ਮਾਪਿਆਂ ਵਲੋਂ ਆਪਣੇ ਬੱਚਿਆਂ ਦੇ ਵਿਹਾਰ ‘ਤੇ ਕਾਬੂ ਨਾ ਰੱਖ ਸਕਣਾ ਵੀ ਜ਼ਿੰਮੇਵਾਰ ਹੈ। ਦੂਜਿਆਂ ਦੀ ਦੇਖਾ-ਦੇਖੀ ਤਤਕਾਲ ਅਮੀਰ ਬਣਨ ਅਤੇ ਇਸ ਅਮੀਰੀ ਦੇ ਪ੍ਰਦਰਸ਼ਨ ਦੀ ਭਾਵਨਾ ਵੀ ਇਸ ਪ੍ਰਕਾਰ ਦੀਆਂ ਘਟਨਾਵਾਂ ‘ਚ ਵਾਧਾ ਕਰਦੀ ਹੈ। ਘਟਨਾ ਦੀ ਪੂਰੀ ਤਸਵੀਰ ਦਾ ਵਿਸ਼ਲੇਸ਼ਣ ਕਰੀਏ ਤਾਂ ਇਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪ੍ਰਸ਼ਾਸਨਿਕ ਤੰਤਰ ਵਲੋਂ ਕਿਤੇ ਨਾ ਕਿਤੇ ਕੁਤਾਹੀ ਤਾਂ ਹੋਈ ਹੀ ਹੈ। ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਵੀ ਇਹ ਮੰਨਿਆ ਹੈ ਕਿ ਇਸ ਖੇਤਰ ‘ਚ ਤਾਇਨਾਤ ਪੁਲਿਸ ਕਰਮਚਾਰੀਆਂ ਵਲੋਂ ਵੀ ਅਣਗਹਿਲੀ ਵਰਤੀ ਗਈ ਹੈ। ਪ੍ਰਤੱਖਦਰਸ਼ੀ ਦੁੱਧ ਵਿਕਰੇਤਾ ਨੇ ਦੱਸਿਆ ਕਿ ਉਸ ਨੇ ਪੁਲਿਸ ਕੰਟਰੋਲ ਰੂਮ ਅਤੇ ਪੀ.ਸੀ.ਆਰ. ਟੀਮਾਂ ਨੂੰ ਲਗਭਗ ਡੇਢ ਦਰਜਨ ਵਾਰ ਫ਼ੋਨ ਕੀਤਾ, ਪਰ ਪੁਲਿਸ ਵਲੋਂ ਨਾ ਤਾਂ ਢੁਕਵੀਂ ਕਾਰਵਾਈ ਕੀਤੀ ਗਈ, ਨਾ ਕਿਸੇ ਨੇ ਕੋਈ ਸਾਰਥਕ ਉੱਤਰ ਹੀ ਦਿੱਤਾ।
ਰਾਜਧਾਨੀ ਦਿੱਲੀ ਦੀ ਇਸ ਘਟਨਾ ਨੇ ਬਿਨਾਂ ਸ਼ੱਕ ਦੇਸ਼ ਭਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਿੱਲੀ ‘ਚ ਰੋਸ ਪ੍ਰਦਰਸ਼ਨ ਵੀ ਹੋਏ ਹਨ ਅਤੇ ਮ੍ਰਿਤਕਾ ਦੇ ਘਰ ਵਾਲਿਆਂ ਨੇ ਧਰਨੇ ਵੀ ਲਗਾਏ ਹਨ, ਪਰ ਅਸੀਂ ਸਮਝਦੇ ਹਾਂ ਕਿ ਅਜਿਹੀ ਮਾਨਸਿਕਤਾ ਅਤੇ ਸਥਿਤੀ ਤੋਂ ਬਚਣ ਲਈ ਜਿੱਥੇ ਪ੍ਰਾਚੀਨ ਭਾਰਤੀ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਨੂੰ ਨਿਭਾਏ ਜਾਣ ਦੀ ਬੜੀ ਜ਼ਰੂਰਤ ਹੈ, ਉੱਥੇ ਪ੍ਰਸ਼ਾਸਨ ਅਤੇ ਖ਼ਾਸਕਰ ਪੁਲਿਸ ਪ੍ਰਸ਼ਾਸਨ ਵਲੋਂ ਆਪਣੀ ਇੱਛਾ ਸ਼ਕਤੀ, ਮਾਨਵਤਾ ਦੀ ਭਾਵਨਾ ਅਤੇ ਨਿਸ਼ਠਾ ਨੂੰ ਜਗਾਉਣਾ ਵੀ ਬਹੁਤ ਜ਼ਰੂਰੀ ਹੈ। ਅਸੀਂ ਸਮਝਦੇ ਹਾਂ ਕਿ ਇਸ ਪੂਰੇ ਘਟਨਾਕ੍ਰਮ ਦੇ ਮੱਦੇਨਜ਼ਰ ਮ੍ਰਿਤਕਾ ਦੇ ਮਾਂ-ਬਾਪ ਨੂੰ ਵਿਸ਼ਵਾਸ ‘ਚ ਲਿਆ ਜਾਣਾ ਅਤੇ ਉਨ੍ਹਾਂ ਦੇ ਸ਼ੱਕ ਦਾ ਤਰਕਪੂਰਨ ਢੰਗ ਨਾਲ ਹੱਲ ਕੀਤਾ ਜਾਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀ ਜਵਾਨ ਧੀ ਦੀ ਜਾਨ ਗਈ ਹੈ। ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕੀਤਾ ਜਾਣਾ ਬਣਦਾ ਹੈ। ਅਸੀਂ ਇਹ ਵੀ ਰਾਇ ਰੱਖਦੇ ਹਾਂ ਕਿ ਇਸ ਨਾਜ਼ੁਕ ਮਾਮਲੇ ‘ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਸਮਾਜਿਕ ਜਾਗਰੂਕਤਾ ਪੈਦਾ ਕਰਕੇ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …