Breaking News
Home / ਸੰਪਾਦਕੀ / ਕੀ ਸ਼੍ਰੋਮਣੀ ਅਕਾਲੀ ਦਲ ਹੁਣ ਆਪਣੀ ਸਿੱਖ ਸਾਖ ਮੁੜ ਹਾਸਲ ਕਰ ਸਕੇਗਾ?

ਕੀ ਸ਼੍ਰੋਮਣੀ ਅਕਾਲੀ ਦਲ ਹੁਣ ਆਪਣੀ ਸਿੱਖ ਸਾਖ ਮੁੜ ਹਾਸਲ ਕਰ ਸਕੇਗਾ?

ਜਦੋਂ ਕੌਮੀ ਪ੍ਰਤੀਨਿਧਤਾ ਦੀ ਭਾਵਨਾ ਨਾਲ ਬਣੀਆਂ ਸਿਆਸੀ ਪਾਰਟੀਆਂ ਦਾ ਮਨੋਰਥ ਸਿਰਫ਼ ਸੱਤਾ ਤੇ ਸਵਾਰਥ ਬਣ ਜਾਵੇ ਤਾਂ ਉਹ ਪਾਰਟੀਆਂ ਤਾਕਤ, ਪੈਸੇ ਤੇ ਧੱਕੇ ਨਾਲ ਥੋੜ੍ਹਾ ਜਿਹਾ ਸਮਾਂ ਤਾਂ ਰਾਜ ਕਰ ਲੈਂਦੀਆਂ ਹਨ ਪਰ ਉਹ ਆਪਣੇ ਬੁਨਿਆਦੀ ਖ਼ਾਸੇ, ਖਸਲਤ ਤੇ ਖਲਕਤ ਤੋਂ ਸਦਾ ਲਈ ਟੁੱਟ ਜਾਂਦੀਆਂ ਹਨ ਤੇ ਸਮੇਂ ਦੀ ਗਰਦਿਸ਼ ਵਿਚ ਗਵਾਚ ਜਾਂਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਸਿਰਫ਼ ਇਕ ਸਿਆਸੀ ਪਾਰਟੀ ਹੀ ਨਹੀਂ ਹੈ, ਸਗੋਂ ਇਹ ਸਿੱਖ ਕੌਮ ਦੀ ਸਰਬਪੱਖੀ ਨੁਮਾਇੰਦਗੀ ਕਰਨ ਵਾਲੀ ਇਕ ਪੰਥਕ ਜਥੇਬੰਦੀ ਵੀ ਹੈ। ਇਸ ਦਾ ਗਠਨ ਹੀ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਅਤੇ ਅਨਮਤ ਦੇ ਹਮਲਿਆਂ ਦਾ ਪ੍ਰਹਾਰ ਕਰਨਾ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੁਆਰਾ ਸਥਾਪਤ ਨਿਆਰਾ ਤੇ ਸੁਤੰਤਰ ਕੌਮੀ ਹਸਤੀ ਵਾਲਾ ਪੰਥ ਤੇ ਦੇਸ਼ ਵਿਚ ਸਿੱਖਾਂ ਲਈ ਸਨਮਾਨਜਨਕ ਖ਼ੁਦਮੁਖਤਿਆਰ ਰਾਜਸੀ ਸਥਾਨ ਦੀ ਪ੍ਰਾਪਤੀ ਕਰਨ ਦੇ ਮੰਤਵ ਨਾਲ ਹੋਇਆ ਸੀ। ਆਜ਼ਾਦੀ ਤੋਂ ਬਾਅਦ ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਸਿਆਸੀ ਵਿਤਕਰਿਆਂ ਖ਼ਿਲਾਫ਼ ਵੀ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਸ਼ੀਲ ਰਿਹਾ। ਪਰ ਪਿਛਲੇ ਦੋ-ਢਾਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਰਾਜ-ਸੱਤਾ ‘ਚ ਆਉਣ ਲਈ ਆਪਣੇ ਬੁਨਿਆਦੀ ਸਿਧਾਂਤਾਂ ਤੋਂ ਬਿਲਕੁਲ ਉਲਟ ਵਿਚਾਰਧਾਰਾ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਵਾਲੀ ਜਿਹੜੀ ਰਾਜਨੀਤਕ ਰਣਨੀਤੀ ਅਪਨਾਈ, ਉਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਬੁਨਿਆਦੀ ਖਾਸੇ, ਖਸਲਤ ਤੇ ਖਲਕਤ ਤੋਂ ਤੋੜ ਦਿੱਤਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਤਰੀਕੇ ਦੀ ਇਤਿਹਾਸ ਦੀ ਸਭ ਤੋਂ ਬੁਰੀ ਹਾਰ ਵੇਖਣੀ ਪਈ, ਇਸ ਦਾ ਪੱਕਾ ਸਿੱਖ ਵੋਟ ਬੈਂਕ ਇਸ ਤੋਂ ਮੂੰਹ ਮੋੜ ਗਿਆ, ਅਕਾਲੀ ਦਲ ਦੇ ਪਹਿਲੀ ਕਤਾਰ ਦੇ ਕਈ ਟਕਸਾਲੀ ਆਗੂ ਬਾਗੀ ਹੋ ਗਏ ਅਤੇ ਸੱਤਾ ਤੋਂ ਬਾਹਰ ਹੋਣ ਤੋਂ ਤਿੰਨ ਸਾਲ ਬਾਅਦ ਵੀ ਇਸ ਵਿਰੁੱਧ ਲੋਕ ਰੋਹ ਮੱਠਾ ਹੋਣ ਦਾ ਨਾਂਅ ਨਹੀਂ ਲੈ ਰਿਹਾ, ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਅਤੇ ਭਵਿੱਖ ਲਈ ਅਸ਼ੁੱਭ ਹੈ। ਸ਼੍ਰੋਮਣੀ ਅਕਾਲੀ ਦਲ ਗਠਜੋੜ ਰਾਜਨੀਤੀ ਦੌਰਾਨ ਆਪਣੀ ਭਾਈਵਾਲ ਪਾਰਟੀ ਨਾਲੋਂ ਇਕ ਲੋੜੀਂਦੀ ਵਿਚਾਰਧਾਰਕ ਤੇ ਸੁਤੰਤਰ ਹੋਂਦ ਦੀ ਵਿਥ ਬਣਾ ਕੇ ਰੱਖਣ ‘ਚ ਅਸਫਲ ਸਾਬਤ ਹੋਇਆ, ਜਿਸ ਕਾਰਨ ਅਜਿਹੇ ਪ੍ਰਭਾਵ ਸਥਾਪਤ ਹੋਏ ਕਿ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦੇ ਇਕ ਵਿੰਗ ਵਜੋਂ ਕੰਮ ਕਰਦਾ ਰਿਹਾ ਹੈ।
ਇਸ ਸੰਦਰਭ ‘ਚ ਜ਼ਿਕਰਯੋਗ ਹੈ ਕਿ ਸਾਲ 1997 ‘ਚ ਸ਼੍ਰੋਮਣੀ ਅਕਾਲੀ ਦਲ ਇਸ ਵਾਅਦੇ ਨਾਲ ਸੱਤਾ ‘ਚ ਆਇਆ ਸੀ ਕਿ ਉਸ ਦੀ ਸਰਕਾਰ ਬਣਨ ‘ਤੇ ਕਾਂਗਰਸ ਹਕੂਮਤ ਦੌਰਾਨ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਇਕ ਕਮਿਸ਼ਨ ਬਣਾ ਕੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਸੱਤਾ ‘ਚ ਆਉਣ ‘ਤੇ ਗਠਜੋੜ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਇਹ ਵਾਅਦਾ ਆਪਣੇ ਪੰਥਕ ਵੋਟ ਬੈਂਕ ਨਾਲ ਪੁਗਾਉਣ ਨਹੀਂ ਦਿੱਤਾ। ਸਗੋਂ 1980-90 ਦੇ ਦਹਾਕੇ ਦੌਰਾਨ ਕਾਂਗਰਸ ਹਕੂਮਤ ਦੇ ਇਸ਼ਾਰੇ ‘ਤੇ ਸਿੱਖ ਨੌਜਵਾਨਾਂ ਦੀ ਵੱਡੀ ਪੱਧਰ ‘ਤੇ ਨਸਲਕੁਸ਼ੀ ਕਰਨ ਵਾਲੇ ਇਜ਼ਹਾਰ ਆਲਮ ਵਰਗੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਅਤੇ ਸੁਮੇਧ ਸੈਣੀ ਵਰਗੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਦੋਸ਼ਾਂ ‘ਚ ਘਿਰੇ ਪੁਲਿਸ ਅਧਿਕਾਰੀਆਂ ਨੂੰ ਵੱਡੇ ਅਹੁਦੇ ਦੇਣ ਨਾਲ ਸ਼੍ਰੋਮਣੀ ਅਕਾਲੀ ਦਲ, ਅਤੀਤ ਦੇ ਉਸ ਕਾਲੇ ਦੌਰ ਦੇ ਸਰੀਰਕ ਤੇ ਮਾਨਸਿਕ ਜ਼ਖ਼ਮਾਂ ਦਾ ਦਰਦ ਅਜੇ ਤੱਕ ਝੱਲ ਰਹੀ ਸਿੱਖ ਮਾਨਸਿਕਤਾ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਇਆ ਹੈ।
ਬੇਸ਼ੱਕ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਸੀਨੀਅਰ ਆਗੂ ਇਹ ਮੰਨ ਚੁੱਕੇ ਹਨ ਕਿ ਅਤੀਤ ਵਿਚ ਪਾਰਟੀ ਕੋਲੋਂ ਵੱਡੀਆਂ ਸਿਧਾਂਤਕ ਗਲਤੀਆਂ ਹੋਈਆਂ ਹਨ ਪਰ ਅਜੇ ਤੱਕ ਪਾਰਟੀ ਨੇ ਜਥੇਬੰਦਕ ਪੱਧਰ ‘ਤੇ ਸ਼ਾਇਦ ਅਤੀਤ ਦੀਆਂ ਵੱਡੀਆਂ ਸਿਧਾਂਤਕ ਗ਼ਲਤੀਆਂ ਦੀ ਪੜਚੋਲ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਗ਼ਲਤੀਆਂ ਨਾਲ ਹੋਏ ਸਿਆਸੀ ਤੇ ਸਿਧਾਂਤਕ ਨੁਕਸਾਨ ਦੀ ਪੂਰਤੀ ਲਈ ਰਣਨੀਤਕ ਪੈਂਤੜਾ ਅਪਨਾਇਆ। ਹਾਲਾਂਕਿ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਮਗਰਲੇ ਕਾਰਜਕਾਲ ਦੇ ਅਖੀਰਲੇ ਸਮੇਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਕੁਝ ਇਕ ਮੁੱਖ ਦੋਸ਼ੀਆਂ ਨੂੰ ਸਜ਼ਾਵਾਂ ਦੇ ਫੈਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀ ਗਠਜੋੜ ਰਾਜਨੀਤੀ ਦੀ ਪ੍ਰਾਪਤੀ ਵਜੋਂ ਪੇਸ਼ ਕੀਤਾ ਗਿਆ ਤੇ ਕੁਝ ਹੱਦ ਤੱਕ ਅਜਿਹਾ ਪ੍ਰਭਾਵ ਸਿੱਖਾਂ ਨੇ ਕਬੂਲ ਵੀ ਕੀਤਾ। ਪਰ ਸ਼੍ਰੋਮਣੀ ਅਕਾਲੀ ਦਲ ਉਸ ਖੱਪੇ ਨੂੰ ਅਜੇ ਪੂਰ ਨਹੀਂ ਸਕਿਆ, ਜਿਹੜਾ ਸਿੱਖ ਸਰੋਕਾਰਾਂ ਤੇ ਪੰਥਕ ਏਜੰਡੇ ਤੋਂ ਮੂੰਹ ਫੇਰਨ ਕਾਰਨ ਅਕਾਲੀ ਦਲ ਤੇ ਉਸ ਦੇ ਪੰਥਕ ਵੋਟ ਬੈਂਕ ਵਿਚਾਲੇ ਪਿਆ ਹੈ।
ਜਿਸ ਨਿਰਮਲ ਧਾਰਾ ਤੇ ਵੇਗ ਵਿਚੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸੀ, ਉਸ ਪ੍ਰਸੰਗ ਨੂੰ ਸਮਝਣ ਦੀ ਲੋੜ ਹੈ ਅਤੇ ਪੰਥਕ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੇ ਬੁਨਿਆਦੀ ਖਾਸੇ ਵਿਚ ਲਿਆ ਕੇ ਉਸ ਪੰਥਕ ਜਜ਼ਬੇ ਤੇ ਨਿਆਰੇਪਨ ਨੂੰ ਜਲਵਾਗਰ ਕਰਨ ਦੀ ਲੋੜ ਹੈ, ਜੋ ਇਨ੍ਹਾਂ ਦੋਵੇਂ ਜਥੇਬੰਦੀਆਂ ਨੂੰ ਹੋਂਦ ਵਿਚ ਲਿਆਉਣ ਵਾਲੇ ਗੁਰਸਿੱਖਾਂ ਦੇ ਮਨਾਂ ਵਿਚ ਸੀ। ਪਰ ਅੱਜ ਸੰਸਥਗਤ ਪ੍ਰਸੰਗ ਵਿਚ ਸਥਿਤੀ ਬਿਲਕੁਲ ਅਪਵਾਦ ਬਣੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਚਲਾ ਰਿਹਾ ਹੈ ਤੇ ਅੱਗੋਂ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਲਾ ਰਹੀ ਹੈ।
ਵੇਲਾ ਮੰਗ ਕਰ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਸਿਆਸੀ ਭਾਈਵਾਲ ਭਾਰਤੀ ਜਨਤਾ ਪਾਰਟੀ ਨਾਲੋਂ ਬੁਨਿਆਦੀ ਤੇ ਸਿਧਾਂਤਕ ਲਛਮਣ ਰੇਖਾ ਖਿੱਚ ਕੇ ਜਥੇਬੰਦਕ ਸਿਆਸੀ ਹਿੱਤ ਤੇ ਸੁਤੰਤਰ ਰਣਨੀਤੀਆਂ ਤੈਅ ਕਰਨ ਦੀ ਦਲੇਰੀ ਤੇ ਨਿਪੁੰਨਤਾ ਦਿਖਾ ਦੇਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਵਰਗੀ ਧਾਰਮਿਕ ਸੰਸਥਾ ਨੂੰ ਆਪਣੇ ਖੇਤਰ ਵਿਚ ਭਰੋਸੇਯੋਗਤਾ ਵਧਾਉਣ ਦੀ ਦਿਸ਼ਾ ‘ਚ ਕੰਮ ਕਰਨ ਦੀ ਖੁੱਲ੍ਹ ਦੇਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਸਿੱਖ ਪਰੰਪਰਾਗਤ ਰੂਪ ਵਿਚ ਵਧੇਰੇ ਸੁਤੰਤਰ, ਨਿਰਪੱਖ ਤੇ ਮਜ਼ਬੂਤ ਹੋ ਕੇ ਉਭਰੇਗੀ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਬੁਨਿਆਦੀ ਨੀਹਾਂ ਮਜ਼ਬੂਤ ਰਹਿਣਗੀਆਂ।
ਜੇਕਰ ਸਿਧਾਂਤਕ ਤੇ ਰਣਨੀਤਕ ਪੱਖ ਤੋਂ ਅਜੇ ਵੀ ਗ਼ੈਰ-ਸੰਜੀਦਾ ਰਵੱਈਆ ਹੀ ਧਾਰਨ ਕਰੀ ਰੱਖਿਆ ਤਾਂ ਲੰਘਿਆ ਵੇਲਾ ਮੁੜ ਹੱਥ ਨਹੀਂ ਆਵੇਗਾ। ਸ਼੍ਰੋਮਣੀ ਅਕਾਲੀ ਦਲ ਦਾ ਲਗਾਤਾਰ ਸਿਧਾਂਤਕ ਤੌਰ ‘ਤੇ ਨਿਘਾਰ ਵੱਲ ਜਾਣ ਨਾਲ ਜੋ ਇਸ ਪਾਰਟੀ ਦਾ ਸੰਭਾਵੀ ਸਿਆਸੀ ਪਤਨ ਹੋਵੇਗਾ, ਉਹ ਸਮੁੱਚੇ ਸਿੱਖ ਪੰਥ ਲਈ ਵੀ ਮੰਦਭਾਗਾ ਹੋਵੇਗਾ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …