Breaking News
Home / ਸੰਪਾਦਕੀ / ਜੰਗ ਨਹੀਂ ਅਮਨ ਚਾਹੀਦੈ ਭਾਰਤ-ਪਾਕਿ ਵਿਚਾਲੇ

ਜੰਗ ਨਹੀਂ ਅਮਨ ਚਾਹੀਦੈ ਭਾਰਤ-ਪਾਕਿ ਵਿਚਾਲੇ

editorial6-680x365-300x161-300x161ਪਿਛਲੇ ਦਿਨੀਂ ਕਸ਼ਮੀਰ ਦੀ ਘਾਟੀ ਦੇ ਉੜੀ ਖੇਤਰ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੁੱਧ-ਵੀਰਵਾਰ ਦੀ ਰਾਤ ਨੂੰ ਭਾਰਤੀ ਫ਼ੌਜ ਵਲੋਂ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਖੇਤਰ ‘ਚ ਕੀਤੀ ਵਿਸ਼ੇਸ਼ ਕਾਰਵਾਈ ਦੌਰਾਨ 39 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਜੰਗ ਛਿੜਣ ਦੇ ਸੰਘਣੇ ਬੱਦਲ ਛਾਅ ਗਏ ਹਨ। ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਵੀਰਵਾਰ ਨੂੰ ਹੰਗਾਮੀ ਹਾਲਾਤਾਂ ਵਿਚ 10-10 ਕਿਲੋਮੀਟਰ ਤੱਕ ਪਿੰਡਾਂ ਨੂੰ ਖਾਲੀ ਕਰਵਾਉਣ ਲਈ ਸਰਗਰਮੀਆਂ ਤੇਜ਼ ਹੋ ਗਈਆਂ। ਸਰਹੱਦੀ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ‘ਚ 2 ਅਕਤੂਬਰ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਸਰਕਾਰੀ ਅਮਲਾ-ਫ਼ੈਲਾ ਸਰਗਰਮੀ ਨਾਲ ਜੁਟਿਆ ਹੋਇਆ ਹੈ। ਵੀਰਵਾਰ ਸਾਰਾ ਦਿਨ ਭਾਰਤੀ ਮੀਡੀਆ ‘ਤੇ ਭਾਰਤ-ਪਾਕਿ ਵਿਚਾਲੇ ਜੰਗ ਦੇ ਹਾਲਾਤਾਂ ਨੂੰ ਲੈ ਕੇ ਭੱਖਵੀਂ ਚਰਚਾ ਛਿੜੀ ਰਹੀ। ਟੈਲੀਵਿਜ਼ਨ ਪੇਸ਼ਕਾਰ, ਸਾਬਕਾ ਫ਼ੌਜੀ ਅਧਿਕਾਰੀ ਅਤੇ ਦੇਸ਼ ਭਗਤੀ ਦੇ ਜਜ਼ਬੇ ਵਿਚ ਗੜੂੰਦ ਭਾਰਤ ਵਾਸੀਆਂ ਵਲੋਂ ਭਾਰਤ ਦੀ ਸਰਹੱਦੀ ਕੰਟਰੋਲ ਰੇਖਾ ਤੋਂ ਪਾਰ ਜਾ ਕੇ ਅੱਤਵਾਦੀ ਟਿਕਾਣਿਆਂ ‘ਤੇ ਕੀਤੀ ਕਾਰਵਾਈ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਪਾਕਿਸਤਾਨ ਨੂੰ ਸਖ਼ਤ ਸਬਕ ਸਿਖਾਉਣ ਦੀਆਂ ਜਜ਼ਬਾਤੀ ਗੱਲਾਂ ਕੀਤੀਆਂ ਗਈਆਂ। ਇਹ ਗੱਲ ਠੀਕ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਧਰਤੀ ‘ਤੇ ਪਲ-ਫੁਲ ਰਹੇ ਅੱਤਵਾਦ ਨੇ ਗੁਆਂਢੀ ਦੇਸ਼ ਭਾਰਤ ਹੀ ਨਹੀਂ, ਸਗੋਂ ਸਮੁੱਚੇ ਦੱਖਣੀ ਏਸ਼ੀਆ ਨੂੰ ਬੁਰੀ ਤਰ੍ਹਾਂ ਅਸਥਿਰ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਜਵਾਬੀ ਕਾਰਵਾਈ ‘ਚ ‘ਜੰਗ’ ਨੂੰ ਹੀ ਫ਼ੌਰੀ ਵਿਕਲਪ ਸਮਝ ਕੇ ਦੋਵਾਂ ਮੁਲਕਾਂ ਦੇ ਤਕਰੀਬਨ ਡੇਢ ਅਰਬ ਲੋਕਾਂ ਦੀ ਹੋਣੀ ਦਾ ਫ਼ੈਸਲਾ ‘ਬਦਲੇ ਦੇ ਜਜ਼ਬਾਤ’ ਹਵਾਲੇ ਕਰਨ ਨੂੰ ਅਸੀਂ ਜਾਇਜ਼ ਨਹੀਂ ਆਖਦੇ। ਭਾਰਤ ਨੂੰ ਵਿਸ਼ਵ ਭਾਈਚਾਰੇ ਦੇ ਵੱਖ-ਵੱਖ ਮੰਚਾਂ ‘ਤੇ ਕੂਟਨੀਤਕ ਤੌਰ ‘ਤੇ ਪਾਕਿਸਤਾਨ ਨੂੰ ਜਵਾਬਦੇਹ ਬਣਾਉਣ ਦੀ ਨੀਤੀ ਵਰਤ ਕੇ ‘ਅੱਤਵਾਦ’ ਵਿਰੁੱਧ ਆਪਣੀ ਪ੍ਰਤੀਬੱਧਤਾ ਨੂੰ ਸਾਬਤ ਕਰਨਾ ਚਾਹੀਦਾ ਹੈ। ਭਾਰਤ-ਪਾਕਿ ਵਿਚਾਲੇ ਪਿਛਲੇ 70 ਸਾਲਾਂ ਦੌਰਾਨ ਚਾਰ ਵਾਰ ‘ਜੰਗ’ ਹੋ ਚੁੱਕੀ ਹੈ, ਪਰ ਇਕ ਹੋਰ ‘ਜੰਗ’ ਲਈ ਤਿਆਰ ਹੋਣ ਤੋਂ ਪਹਿਲਾਂ ਇਸ ਨਿਰਣੇ ਤੱਕ ਪਹੁੰਚਣਾ ਜ਼ਰੂਰੀ ਹੈ ਕਿ ਪਿਛਲੀਆਂ ਜੰਗਾਂ ‘ਚ ਅਸੀਂ ਕੀ ਹਾਸਲ ਕੀਤਾ? ਬੇਸ਼ੱਕ ਪਾਕਿਸਤਾਨ ਦੀ ਅੱਤਵਾਦ ਖਿਲਾਫ਼ ਪ੍ਰਤੀਬੱਧਤਾ ‘ਤੇ ਸ਼ੱਕ ਕਰਨਾ ਵਾਜਬ ਹੈ ਪਰ ਭਾਰਤ-ਪਾਕਿਸਤਾਨ ਦੀਆਂ ‘ਅੱਤਵਾਦ’ ਸਮੇਤ ਹੋਰ ਅੰਦਰੂਨੀ ਸਮੱਸਿਆਵਾਂ ਤੇ ਚੁਣੌਤੀਆਂ ਸਾਂਝੀਆਂ ਹੀ ਹਨ। 15 ਅਗਸਤ 1947 ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਹਿੰਦੋਸਤਾਨੀ ਖਿੱਤੇ ਦੀ ਮਜ਼੍ਹਬ ਆਧਾਰਤ ਹੋਈ ਵੰਡ ਵਿਚੋਂ ਨਿਕਲੇ ਭਾਰਤ ਅਤੇ ਪਾਕਿਸਤਾਨ, ਦੋਵਾਂ ਮੁਲਕਾਂ ਨੂੰ ਪੱਛੜੇਪਨ, ਗਰੀਬੀ, ਅਨਪੜ੍ਹਤਾ ਅਤੇ ਪਿਛਾਂਹਖਿੱਚੂ ਸੋਚ ਸਮੇਤ ਮਨੁੱਖ ਦੇ ਜੀਵਨ ਜਿਊਣ ਦੀਆਂ ਬੁਨਿਆਦੀ ਸਹੂਲਤਾਂ ਲਈ ਬਰਾਬਰ ਹੀ ਦੋ-ਚਾਰ ਹੋਣਾ ਪੈ ਰਿਹਾ ਹੈ। ਜਜ਼ਬੇ ਦੀ ਲੋਰ ‘ਚ ਆ ਕੇ ‘ਜੰਗ’ ਦੀ ਵਕਾਲਤ ਕਰਨ ਤੋਂ ਪਹਿਲਾਂ ਸਾਨੂੰ ਸੰਸਾਰ ਜੰਗਾਂ ਦੇ ਇਤਿਹਾਸ ‘ਤੇ ਝਾਤ ਮਾਰ ਲੈਣੀ ਚਾਹੀਦੀ ਹੈ। ‘ਜੰਗੀ’ ਤਬਾਹੀ ਦੇ ਸਬਕ ਸਾਡੇ ਕੋਲ ਅਜੇ ਤੱਕ ਜਾਪਾਨ ਦੇ ਦੋ ਸ਼ਹਿਰਾਂ ‘ਹੀਰੋਸ਼ੀਮਾ’ ਅਤੇ ‘ਨਾਗਾਸਾਕੀ’ ਦੇ ਪ੍ਰਮਾਣੂ ਹਮਲਿਆਂ ਦੇ ਰੂਪ ਵਿਚ ਤਾਜ਼ਾ ਹੀ ਹਨ। ਅੱਜ ਦੀ ਤਾਰੀਕ ‘ਚ ਦੁਨੀਆ ‘ਤੇ ਪ੍ਰਮਾਣੂ ਜੰਗ ਛਿੜਣ ਦੀ ਸੂਰਤ ‘ਚ ਪੂਰੀ ਧਰਤੀ ਨੂੰ ਤੀਹ ਵਾਰ ਪੂਰੀ ਤਰ੍ਹਾਂ ਤਬਾਹ ਕੀਤਾ ਜਾ ਸਕਦਾ ਹੈ। ਜਪਾਨ ਦੇ ਸ਼ਹਿਰ ਹੀਰੋਸ਼ੀਮਾ ਵਿਚ ਛੇ ਅਗਸਤ 1945 ਦੀ ਸਵੇਰ ਨੂੰ 580 ਮੀਟਰ ਦੀ ਉਚਾਈ ਤੋਂ ਦੁਨੀਆ ਦਾ ਪਹਿਲਾ ਪ੍ਰਮਾਣੂ ਬੰਬ ਸੁੱਟਿਆ ਗਿਆ ਸੀ। ਪਲਾਂ ਅੰਦਰ ਹੀ 1,40,000 ਲੋਕ ਮੁਰਦਾ ਲੋਥਾਂ ਬਣ ਗਏ। 8 ਅਗਸਤ ਨੂੰ ਅਜਿਹਾ ਹੀ ਹਮਲਾ ਨਾਗਾਸਾਕੀ ‘ਤੇ ਕੀਤਾ ਗਿਆ, ਜਿਸ ਦੌਰਾਨ 70,000 ਲੋਕ ਮਾਰੇ ਗਏ। ਅਜੇ ਤੱਕ ਵੀ ਇਨ੍ਹਾਂ ਦੋਵਾਂ ਸ਼ਹਿਰਾਂ ‘ਚ ਰੇਡੀਓ ਐਕਟਿਵ ਕਿਰਨਾਂ ਦੇ ਅਸਰ ਕਾਰਨ ਬੱਚੇ ਜਮਾਂਦਰੂ ਅੰਗਹੀਣ ਪੈਦਾ ਹੁੰਦੇ ਹਨ।  ਦਹਾਕਾ ਕੁ ਪਹਿਲਾਂ ‘ਦੱਖਣੀ ਏਸ਼ੀਆ ‘ਚ ਪ੍ਰਮਾਣੂ ਜੰਗ’ ਨਾਂਅ ਦੇ ਇਕ ਪਰਚੇ ਵਿਚ ਚਾਰ ਵਿਗਿਆਨੀਆਂ, ਜਿਨ੍ਹਾਂ ਵਿਚ ਵਾਸ਼ਿੰਗਟਨ ਦੇ ਮੈਥਿਓ ਮੈਕੀਨਜੀ, ਪਰਿੰਸਟੌਨ ਯੂਨੀਵਰਸਿਟੀ ਦੇ ਜ਼ਿਆ ਮੀਆ ਨੈਚੂਰਲ ਰੀਸੋਰਸਜ਼ ਡੀਫੈਸ ਕੌਂਸਲ, ਐਮ. ਵੀ. ਰਾਮੰਨਾ ਅਤੇ ਕਾਅਦੇ ਆਜ਼ਮ ਯੁਨੀਵਰਸਿਟੀ ਇਸਲਾਮਾਵਾਦ ਦੇ ਏ. ਐਚ. ਨਈਅਰ ਵਲੋਂ ਭਾਰਤ ਅਤੇ ਪਾਕਿਸਤਾਨ ਦੇ 10 ਸ਼ਹਿਰਾਂ ‘ਚ ਕੀਤੇ ਅਧਿਐਨ ‘ਤੇ ਆਧਾਰਤ ਪਰਚੇ ਅਨੁਸਾਰ ਬੰਬ ਸੁੱਟੇ ਜਾਣ ਦੀ ਸੂਰਤ ‘ਚ ਮੁੰਬਈ ‘ਚ 11,83,000, ਬੰਗਲੌਰ ‘ਚ 8,00,000, ਚੇਨਈ ‘ਚ 10,09,000, ਕੌਲਕਾਤਾ ‘ਚ 10,21,000, ਦਿੱਲੀ ‘ਚ 4,88,000, ਪਾਕਿਸਤਾਨ ਦੇ  ਇਸਲਾਮਾਬਾਦ ‘ਚ 3,51,000, ਲਾਹੌਰ ‘ਚ 7,62,000, ਫ਼ੈਜ਼ਲਾਵਾਦ ‘ਚ 8,84,000, ਕਰਾਚੀ ‘ਚ 6,50,000 ਅਤੇ ਰਾਵਲਪਿੰਡੀ ਵਿਚ 5,02,000 ਮੌਤਾਂ ਫੌਰੀ ਹੋ ਜਾਣਗੀਆਂ। ਚੰਡੀਗੜ੍ਹ, ਅੰਮ੍ਰਿਤਸਰ ਜਾਂ ਪਟਿਆਲਾ ਵਰਗੇ ਸ਼ਹਿਰ ਤਾਂ ਬੰਬ ਡਿੱਗਣ ਦੀ ਹਾਲਤ ‘ਚ ਬਿਲਕੁਲ ਖ਼ਤਮ ਹੋ ਜਾਣਗੇ। ਪ੍ਰਮਾਣੂ ਹਮਲਾ ਕਰਨ ਵਾਲਾ ਦੇਸ਼ ਖੁਦ ਵੀ ਇਸ ਦੇ ਕਹਿਰ ਤੋਂ ਬਚ ਨਹੀਂ ਸਕੇਗਾ।     ਸੱਭਿਆਚਾਰਕ ਤੇ ਭੂਗੋਲਿਕ ਸਾਂਝ ਦੇ ਬਾਵਜੂਦ ਆਪਣੇ ਵਿਚਾਲੇ ਬੇਵਿਸ਼ਵਾਸੀ ਦੀ ਕੰਧ ਉਸਾਰੀ ਖੜ੍ਹੇ ਭਾਰਤ ਅਤੇ ਪਾਕਿਸਤਾਨ ਨੇ ਆਪਣੀ ਪ੍ਰਮਾਣੂ ਸਮਰੱਥਾ ਇਕ ਦੂਜੇ ਨਾਲੋਂ ਵਧਾਉਣ ਦੀ ਬਹੁਤ ਵੱਡੀ ਕੀਮਤ ਤਾਰੀ ਹੈ। ਗਰੀਬੀ ਹਟਾਉਣ, ਰੁਜ਼ਗਾਰ, ਸਿੱਖਿਆ ਅਤੇ ਨਾਗਰਿਕਾਂ ਲਈ ਬੁਨਿਆਦੀ ਸਹੂਲਤਾਂ ਨੂੰ ਦਾਅ ‘ਤੇ ਲਗਾ ਕੇ ਹੀ ਦੋਵਾਂ ਦੇਸ਼ਾਂ ਨੇ ਮਨੁੱਖੀ ਹੋਂਦ ਨੂੰ ਖ਼ਤਮ ਕਰਨ ਵਾਲੇ ਪ੍ਰਮਾਣੂ ਭੰਡਾਰ ਇਕੱਠੇ ਕੀਤੇ ਹਨ। ਭਾਰਤ ਅਤੇ ਪਾਕਿਸਤਾਨ ਆਪਣੇ ਬਜਟ ਦਾ ਕਰੀਬ 40 ਫ਼ੀਸਦੀ ਇਕੱਲੇ ਹਥਿਆਰਾਂ ‘ਤੇ ਖ਼ਰਚ ਕਰਦੇ ਹਨ। ਅਮਰੀਕਾ ਤੋਂ ਹਥਿਆਰਾਂ ਦਾ ਸਭ ਤੋਂ ਵੱਡਾ ਖਰੀਦਦਾਰ ਭਾਰਤ ਹੈ। ਜਦੋਂਕਿ ਭਾਰਤ ਆਪਣੇ ਬਜਟ ਦਾ ਤਿੰਨ ਫ਼ੀਸਦੀ ਅਤੇ ਪਾਕਿਸਤਾਨ ਆਪਣੇ ਬਜਟ ਦਾ ਚਾਰ ਫ਼ੀਸਦੀ ਸਿਹਤ ਅਤੇ ਸਿੱਖਿਆ ‘ਤੇ ਖ਼ਰਚ ਕਰਦੇ ਹਨ। ਸਾਲ 2015-16 ਦਾ ਭਾਰਤ ਦਾ ਸਿਹਤ ਬਜਟ ਜੀ.ਡੀ.ਪੀ. ਦਾ ਸਿਰਫ਼ 1.4 ਫੀਸਦੀ ਸੀ ਜਦੋਂਕਿ ਚੀਨ ਦਾ ਸਿਹਤ ਬਜਟ 3 ਅਤੇ ਅਮਰੀਕਾ ਦਾ 8 ਫ਼ੀਸਦੀ ਤੋਂ ਜ਼ਿਆਦਾ ਹੈ। ਇਕੱਲੇ ਭਾਰਤ-ਪਾਕਿਸਤਾਨ ਵਿਚਾਲੇ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇ ਦੇਸ਼ਾਂ-ਦੇਸ਼ਾਂਤਰਾਂ ਵਿਚਾਲੇ ਹੱਦਾਂ-ਸਰਹੱਦਾਂ ਨੂੰ ਲੈ ਕੇ ਬੇਵਿਸ਼ਵਾਸੀ, ਬਦਲੇ ਦੀ ਭਾਵਨਾ ਤੇ ਨਫ਼ਰਤ ਦੀ ਖੇਡ ਦੌਰਾਨ ਜਿੰਨਾ ਖਰਚਾ ਹਥਿਆਰਾਂ ‘ਤੇ ਇਕ ਘੰਟੇ ‘ਚ ਹੁੰਦਾ ਹੈ ਉਸ ਨਾਲ ਛੋਟੀ ਮਾਤਾ ਦੇ ਖ਼ਾਤਮੇ ਦਾ ਪ੍ਰੋਗਰਾਮ ਲਗਭਗ ਦੋ ਦਹਾਕੇ ਤੱਕ ਚਲ ਸਕਦਾ ਹੈ। ਅੱਧੇ ਦਿਨ ਦੇ ਖ਼ਰਚ ਨਾਲ ਪੂਰੀ ਦੁਨੀਆ ਦੇ ਬੱਚਿਆਂ ਦਾ ਟੀਕਾਕਰਨ ਹੋ ਸਕਦਾ ਹੈ। ਇਕ ਦਿਨ ਦੇ ਖ਼ਰਚ ਨਾਲ ਮਲੇਰੀਆ ਦਾ ਖ਼ਾਤਮਾ ਹੋ ਸਕਦਾ ਹੈ। ਤਿੰਨ ਹਫ਼ਤਿਆਂ ਦੇ ਖ਼ਰਚ ਨਾਲ ਸਾਰੇ ਸੰਸਾਰ ਦੇ ਬੱਚਿਆਂ ਲਈ ਮੁੱਢਲੀ ਸਿਹਤ ਸਹੂਲਤ ਅਤੇ ਇਕ ਹੋਰ ਹਫ਼ਤੇ ਦੇ ਖਰਚੇ ਨਾਲ ਇਨ੍ਹਾਂ ਦੀ ਮੁੱਢਲੀ ਖ਼ੁਰਾਕ ਦਾ ਬੰਦੋਬਸਤ ਹੋ ਸਕਦਾ ਹੈ। ਤਿੰਨ ਘੰਟਿਆਂ ਦੇ ਖ਼ਰਚ ਨਾਲ ਯੂ. ਐਨ.ਓ. ਦਾ ਸਾਲਾਨਾ ਬਜਟ ਨਿਕਲ ਆਉਂਦਾ ਹੈ।’ਜੰਗ’ ਦੇ ਉਪਰੋਕਤ ਭਿਆਨਕ ਨਤੀਜਿਆਂ ਨੂੰ ਦੇਖਦਿਆਂ ਇਹ ਕਹਿਣਾ ਗੈਰ-ਵਾਜਬ ਨਹੀਂ ਹੋਵੇਗਾ, ਕਿ ਭਾਰਤ-ਪਾਕਿ ‘ਚ ‘ਜੰਗ’, ‘ਆਤਮਘਾਤੀ’ ਕਾਰਵਾਈ ਤੁੱਲ ਆਖੀ ਜਾ ਸਕਦੀ ਹੈ। ਭਾਰਤ ਤੇ ਪਾਕਿ ਨੂੰ ਅੱਜ ਆਪਸ ‘ਚ ‘ਜੰਗ’ ਦੀ ਥਾਂ ਵਿਸ਼ਵਾਸ ਦੀ ਭਾਵਨਾ ਕਾਇਮ ਕਰਕੇ ਅੱਤਵਾਦ, ਗਰੀਬੀ, ਅਨਪੜ੍ਹਤਾ, ਜਹਾਲਤ, ਮਾਨਸਿਕ ਪੱਛੜੇਪਨ ਖਿਲਾਫ਼ ਇਕੱਠਿਆਂ ਲੜਾਈ ਲੜਨੀ ਚਾਹੀਦੀ ਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …