ਬੁਰਾ ਹੋਇਆ ਏ, ਬਹੁਤ ਹੀ ਮਾੜਾ ਹੋਇਆ ਏ। …. 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਵਾਪਰੀ ਹੈ, ਇਹ ਦਰਦਨਾਕ ਘਟਨਾ। ਟੀ.ਵੀ. ਤੇ ਅਖ਼ਬਾਰਾਂ ਦੀਆਂ ਖ਼ਬਰਾਂ ‘ਚ ਵੇਖਣ/ਸੁਣਨ ਵਿੱਚ ਆਇਆ ਹੈ ਕਿ ਇੱਕ ਵਿਸ਼ੇਸ਼ ਧਰਮ ਦੀ ਪਛਾਣ ਤੋਂ ਬਾਅਦ 26 ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਿਹਾ ਜਾਂਦਾ ਏ ਕਿ ਗੋਲ਼ੀ ਮਾਰਨ ਤੋਂ ਪਹਿਲਾਂ ਉਨ੍ਹਾਂ ਬਦਨਸੀਬਾਂ ਦੇ ਪਛਾਣ-ਪੱਤਰ ਵੇਖੇ ਗਏ। ਇਹ ਆਮ ਘਟਨਾ ਨਹੀਂ ਏ। ਹਿਰਦਿਆਂ ਨੂੰ ਖ਼ਤਰਨਾਕ ਝਟਕਾ ਦੇਣ ਵਾਲੀ ਘਟਨਾ ਹੈ। ਕਈ ਸੁਆਲ ਉੱਠ ਰਹੇ ਨੇ, ਇਸ ਦਿਲ-ਹਿਲਾਊ ਘਟਨਾ ਬਾਰੇ।
25 ਸਾਲ ਪਹਿਲਾਂ 20 ਮਾਰਚ 2000 ਨੂੰ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਪਿੰਡ ‘ਛਟੀ ਸਿੰਘਪੁਰਾ’ ਵਿਚ ਵੀ ਅਜਿਹੀ ਹੀ ਮੰਦਭਾਗੀ ਘਟਨਾ ਵਾਪਰੀ ਸੀ। ਏਸੇ ਤਰ੍ਹਾਂ ਹੀ ਇੱਕ ਵਿਸ਼ੇਸ਼ ਧਰਮ ਦੇ 35 ਜਣੇ ਧਰਮ ਦੇ ਨਾਂ ‘ਤੇ ਹੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ। ਉਨ੍ਹਾਂ ਦਾ ਧਰਮ ਹੋਰ ਸੀ। ਉਹ ਸ਼ਾਇਦ ਸਾਰੇ ਸਿੱਖ ਸਨ। ਉਦੋਂ ਵੀ ਕਈ ਸੁਆਲ ਉੱਠੇ ਸਨ ਪਰ ਉਨ੍ਹਾਂ ਦਾ ਕਿਸੇ ਕੋਲੋਂ ਵੀ ਕੋਈ ਤਸੱਲੀਬਖ਼ਸ਼ ਜੁਆਬ ਨਹੀਂ ਮਿਲਿਆ ਸੀ। ਕਿਸੇ ‘ਲਸ਼ਕਰੇ ਤੌਇਬਾ’ ਨਾਂ ਦੀ ਕਾਤਲਾਨਾ ਜੱਥੇਬੰਦੀ ਦਾ ਨਾਂ ਸੁਣਨ ਵਿਚ ਆਇਆ ਸੀ ਪਰ ਫਿਰ ਕੋਈ ਉਘ-ਸੁੱਘ ਨਹੀਂ ਨਿਕਲੀ ਸੀ।
14 ਫ਼ਰਵਰੀ 2019 ਨੂੰ ਫ਼ੌਜੀ ਟਰੱਕਾਂ ‘ਤੇ ਸ੍ਰੀਨਗਰ ਨੂੰ ਜਾਂਦਿਆਂ ਰਸਤੇ ਵਿੱਚ ਪੁਲਵਾਮਾ ਵਿੱਚ ਸੈਂਟਰਲ ਰਿਜ਼ਰਵ ਪੁਲਿਸ ਫ਼ੋਰਸ ਦੇ 40 ਫ਼ੌਜੀ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ ਸਨ। ਉਦੋਂ ਵੀ ਕਈ ਸੁਆਲ ਉੱਠੇ ਸਨ ਜਿਨ੍ਹਾਂ ਦਾ ਕੋਈ ਜੁਆਬ ਨਹੀਂ ਸੀ ਮਿਲਿਆ। ਮੁੱਖ ਸੁਆਲ ਇਹ ਵੀ ਸੀ ਕਿ ਉਨ੍ਹਾਂ ਅਰਧ-ਫ਼ੌਜੀ ਬਲਾਂ ਨੂੰ ਸ੍ਰੀਨਗਰ ਦੇ ਸੜਕੀ ਰਸਤੇ ਰਾਹੀਂ ਕਿਉਂ ਲਿਜਾਇਆ ਗਿਆ ਸੀ? ਕੀ ਉਨ੍ਹਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਸ੍ਰੀਨਗਰ ਵਧੇਰੇ ਸੁਰੱਖ਼ਿਅਤ ਨਹੀਂ ਪਹੁੰਚਾਇਆ ਜਾ ਸਕਦਾ ਸੀ?
ਹੁਣ ਵੀ ਕਈ ਸਵਾਲ ਉੱਠ ਰਹੇ ਹਨ। ਹਫ਼ਤਾ ਪਹਿਲਾਂ ਹੀ ਵਿਆਹੀ ਭਾਰਤੀ ਨੇਵੀ ਦੇ ਉੱਚ-ਅਫ਼ਸਰ ਲੈਫ਼ਟੀਨੈਂਟ ਵਿਨੈ ਨਰਵਾਲ ਦੀ ਵਿਧਵਾ ਪੁੱਛ ਰਹੀ ਏ:
ਅਮਰਨਾਥ ਗੁਫ਼ਾ ਦੀ ਯਾਤਰਾ ਵੇਲੇ ਸ਼ਰਧਾਲੂਆਂ ਦੀ ਰੱਖਿਆ ਲਈ ਫ਼ੌਜੀ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਜਾਂਦੇ ਨੇ। ਸੈਲਾਨੀਆਂ ਦੀ ਰੱਖਿਆ ਲਈ ਕਿਉਂ ਨਹੀਂ? ਮੇਰੇ ਫ਼ੌਜੀ ਅਫ਼ਸਰ ਪਤੀ ਨੂੰ ਫ਼ੌਜੀ ਸੁਰੱਖ਼ਿਆ ਕਿਉਂ ਨਹੀਂ ਮੁਹੱਈਆ ਕੀਤੀ ਗਈ? 10 ਸਾਲ ਦਾ ਇੱਕ ਬੱਚਾ ਸਰਕਾਰ ਕੋਲੋਂ ਪੁੱਛ ਰਿਹਾ ਏ, ”ਮੇਰੇ ਬਾਪ ਦੀ ਰੱਖਿਆ ਲਈ ਕਿਉਂ ਨਹੀਂ ਲਗਾਏ ਗਏ ਫ਼ੌਜੀ?” ਅਨੇਕਾਂ ਸੁਆਲ ਨੇ, ਜਿਨ੍ਹਾਂ ਦਾ ਕੋਈ ਜੁਆਬ ਨਹੀਂ ਏ। ਨਾ ਸਰਕਾਰ ਕੋਲ਼ ਤੇ ਨਾ ਹੀ ਸੁਰੱਖਿਆ ਅਧਿਕਾਰੀਆਂ ਕੋਲ਼।
ਅਲਬੱਤਾ! ਪਿਛਲੇ ਸਾਲ ਕਸ਼ਮੀਰ ਵਿਚ ਹੋਈ 35 ਲੱਖ ਸੈਲਾਨੀਆਂ ਦੀ ਆਮਦ ‘ਤੇ ਪ੍ਰਧਾਨ ਮੰਤਰੀ ਜੀ ਬੜੇ ਖ਼ੁਸ਼ ਸਨ। ਉਹ ਕਹਿ ਰਹੇ ਸਨ :
”ਧਾਰਾ-370 ਤੋੜੇ ਜਾਨੇ ਕੇ ਬਾਅਦ ਅਤੰਕਵਾਦ ਦੀ ਕਮਰ ਟੂਟ ਗਈ ਹੈ। ਦੇਸ਼ ਵਾਸੀਓ! ਮੁਝੇ ਬਤਾਓ ਕਿ ਯੇਹ ਟੂਟੀ ਹੈ ਕਿ ਨਹੀਂ ਟੂਟੀ? ਮੈਂ ਤੋ ਕਹਿਤਾ ਹੂੰ ਕਿ ਯੇ ਬੁਰੀ ਤਰਹਾ ਸੇ ਟੂਟ ਗਈ ਹੈ।”
ਪਰ ਆਤੰਕਵਾਦ ਦੀ ਕਮਰ ਧਾਰਾ-370 ਟੁੱਟਣ ਨਾਲ ਟੁੱਟੀ ਨਹੀਂ। ਇਸ ਦਾ ਪ੍ਰਤੱਖ ਸਬੂਤ ਸਾਰਿਆਂ ਦੇ ਸਾਹਮਣੇ ਹੈ। ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਈ ਇਹ ਦਰਦਨਾਕ ਘਟਨਾ। ਇਹ ਕਮਰ ਸਹੀ ਸਲਾਮਤ ਹੈ ਤੇ ਪਾਕਿਸਤਾਨ ਉੱਪਰ ਜੁਆਬੀ ਹਮਲੇ ਨਾਲ ਨਹੀਂ ਟੁੱਟ ਸਕਦੀ। ਅਲਬੱਤਾ! ਦੋਹਾਂ ਦੇਸ਼ਾਂ ਵਿਚਕਾਰ ਅਮਨ-ਸ਼ਾਂਤੀ ਕਾਇਮ ਹੋ ਜਾਣ ਅਤੇ ਹਾਲਾਤ ਆਮ ਹੋ ਜਾਣ ਤੋਂ ਬਾਅਦ ਸ਼ਾਇਦ ਟੁੱਟ ਹੀ ਜਾਵੇ।
– ਡਾ. ਸੁਖਦੇਵ ਸਿੰਘ ਝੰਡ
Check Also
ਪਹਿਲਗਾਮ ਅੱਤਵਾਦੀ ਹਮਲਾ
ਲੰਘੀ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਖੇਤਰ ਵਿਚ ਵਾਪਰੇ ਅੱਤਵਾਦੀ ਹਮਲੇ ਨੇ ਨਾ ਸਿਰਫ਼ …