ਅਮਰੀਕਾ ਦੁਨੀਆ ਦੀ ਵੱਡੀ ਸ਼ਕਤੀ ਹੈ, ਲੋਕਤੰਤਰੀ ਦੇਸ਼ ਹੋਣ ਦੇ ਨਾਲ-ਨਾਲ ਇਹ ਉਨ੍ਹਾਂ ਕੁਝ ਇਕ ਦੇਸ਼ਾਂ ਵਿਚ ਸ਼ੁਮਾਰ ਹੈ, ਜਿਨ੍ਹਾਂ ਕੋਲ ਵਿਸ਼ਾਲ ਫੌਜ ਹੈ। ਅਮਰੀਕਾ ਪਹਿਲਾਂ ਤੋਂ ਦੁਨੀਆ ਭਰ ਦੇ ਘਟਨਾਕ੍ਰਮ ‘ਤੇ ਨਜ਼ਰ ਰੱਖਦਾ ਆਇਆ ਹੈ। ਵਿਸ਼ੇਸ਼ ਤੌਰ ‘ਤੇ 1917 ਵਿਚ ਰੂਸੀ ਇਨਕਲਾਬ ਤੋਂ ਬਾਅਦ ਸ਼ਕਤੀਸ਼ਾਲੀ ਰੂਪ ਵਿਚ ਉੱਭਰੇ ਸੋਵੀਅਤ ਯੂਨੀਅਨ ਨੇ ਇਸ ਦੀਆਂ ਚਿੰਤਾਵਾਂ ਵਿਚ ਵਾਧਾ ਕਰ ਦਿੱਤਾ ਸੀ। ਉਸ ਸਮੇਂ ਤੋਂ ਹਮੇਸ਼ਾ ਇਸ ਨੇ ਸੋਵੀਅਤ ਯੂਨੀਅਨ ਦੇ ਪ੍ਰਭਾਵ ਨੂੰ ਘਟਾਉਣ ਲਈ ਹਰ ਹੀਲਾ-ਵਸੀਲਾ ਵਰਤਿਆ। ਉਸ ਦੀਆਂ ਇਹ ਕੋਸ਼ਿਸ਼ਾਂ 1991 ਵਿਚ ਸੋਵੀਅਤ ਯੂਨੀਅਨ ਦੇ ਟੁੱਟਣ ਤੱਕ ਜਾਰੀ ਰਹੀਆਂ। ਅੱਜ ਭਾਵੇਂ ਰੂਸ ਪਹਿਲਾਂ ਜਿਹੀ ਮਹਾਂਸ਼ਕਤੀ ਨਹੀਂ ਰਿਹਾ, ਪਰ ਚੀਨ ਦੇ ਉਭਾਰ ਨੇ ਵੀ ਅਮਰੀਕਾ ਦੀਆਂ ਚਿੰਤਾਵਾਂ ਵਿਚ ਵਾਧਾ ਕਰ ਰੱਖਿਆ ਹੈ।
ਇਸ ਦੇ ਨਾਲ-ਨਾਲ ਅਮਰੀਕਾ ਤੇ ਦੁਨੀਆ ਭਰ ਦੇ ਹੋਰ ਬਹੁਤੇ ਦੇਸ਼ਾਂ ਨੂੰ ਕੱਟੜ ਇਸਲਾਮੀ ਸੰਗਠਨਾਂ ਨੇ ਵੀ ਚੁਣੌਤੀ ਦੇ ਰੱਖੀ ਹੈ, ਜਿਨ੍ਹਾਂ ਨੇ ਦੁਨੀਆ ਭਰ ਵਿਚ ਆਪਣੇ ਸੰਗਠਨਾਂ ਦੀਆਂ ਸ਼ਾਖਾਵਾਂ ਫੈਲਾਈਆਂ ਹੋਈਆਂ ਹਨ। ਇਨ੍ਹਾਂ ‘ਚੋਂ ਬਹੁਤੇ ਸੰਗਠਨ ਵੱਖ-ਵੱਖ ਦੇਸ਼ਾਂ ਵਿਚ ਕੱਟੜ ਇਸਲਾਮਿਕ ਰਾਜ ਲਈ ਲਗਾਤਾਰ ਜੱਦੋ-ਜਹਿਦ ਕਰਦੇ ਰਹੇ ਹਨ। ਇਥੋਂ ਤੱਕ ਕਿ ਅੱਜ ਬਹੁਤੇ ਮੁਸਲਿਮ ਦੇਸ਼ ਵੀ ਇਨ੍ਹਾਂ ਸੰਗਠਨਾਂ ਤੋਂ ਭੈਅ ਖਾਂਦੇ ਹਨ। ਓਸਾਮਾ ਬਿਨ ਲਾਦੇਨ ਦੀ ਅਗਵਾਈ ਵਿਚ ਅਲਕਾਇਦਾ ਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਤੇ ਹਵਾਈ ਹਮਲੇ ਕਰਕੇ ਉਥੋਂ ਦੀਆਂ ਵੱਡੀਆਂ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਸੀ ਅਤੇ ਅਮਰੀਕਾ ਲਈ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਸੀ। ਸਿਤਮਜ਼ਰੀਫ਼ੀ ਇਹ ਸੀ ਕਿ ਜਿਸ ਤਾਲਿਬਾਨ ਨੂੰ ਪਾਕਿਸਤਾਨ ਵਿਚ ਅਮਰੀਕਾ ਵਲੋਂ ਹਰ ਤਰ੍ਹਾਂ ਦੀ ਵੱਡੀ ਸਿਖਲਾਈ ਦੇ ਕੇ ਅਫ਼ਗਾਨਿਸਤਾਨ ਵਿਚ ਰੂਸੀ ਫ਼ੌਜਾਂ ਨਾਲ ਲੜਾਈ ਲਈ ਭੇਜਿਆ ਗਿਆ ਸੀ ਅਤੇ ਜਿਸ ਸੰਗਠਨ ਨੇ ਰੂਸੀ ਫ਼ੌਜਾਂ ਦੇ ਪੈਰ ਉਖਾੜ ਦਿੱਤੇ ਸਨ ਅਤੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ ਉਸੇ ਨੇ ਹੀ ਆਪਣੇ ਦੇਸ਼ ਵਿਚ ਅਲਕਾਇਦਾ ਮੁਖੀ ਨੂੰ ਪਨਾਹ ਦਿੱਤੀ ਹੋਈ ਸੀ। ਅਮਰੀਕਾ ‘ਤੇ ਅਲਕਾਇਦਾ ਵਲੋਂ ਕੀਤੇ ਗਏ ਵੱਡੇ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੂੰ ਓਸਾਮਾ ਬਿਨ ਲਾਦੇਨ ਨੂੰ ਉਥੋਂ ਬਾਹਰ ਕੱਢਣ ਲਈ ਧਮਕੀ ਦਿੱਤੀ ਸੀ। ਪਰ ਅਫ਼ਗਾਨਿਸਤਾਨ ਦੇ ਉਸ ਸਮੇਂ ਦੀ ਤਾਲਿਬਾਨ ਸਰਕਾਰ ਦੇ ਮੁਖੀ ਮੁੱਲਾ ਮੁਹੰਮਦ ਉਮਰ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਸ ਤੋਂ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ‘ਤੇ ਹਮਲਾ ਕਰ ਦਿੱਤਾ ਸੀ। ਉਸ ਹਮਲੇ ਦੌਰਾਨ ਅਮਰੀਕਾ ਨੇ ਇਕ ਤਰ੍ਹਾਂ ਨਾਲ ਅਫ਼ਗਾਨਿਸਤਾਨ ਨੂੰ ਬੁਰੀ ਤਰ੍ਹਾਂ ਤਬਾਹ ਹੀ ਕਰ ਦਿੱਤਾ ਸੀ। ਇਹ ਸਭ ਕੁਝ ਅਮਰੀਕਾ ਨੇ ਪਾਕਿਸਤਾਨ ਦੀ ਮਦਦ ਨਾਲ ਹੀ ਕੀਤਾ ਸੀ ਅਤੇ ਉਸ ਦੀ ਧਰਤੀ ਨੂੰ ਹੀ ਅਫ਼ਗਾਨਿਸਤਾਨ ਵਿਚ ਤਾਲਿਬਾਨਾਂ ਵਿਰੁੱਧ ਹਮਲਿਆਂ ਲਈ ਵਰਤਿਆ ਗਿਆ ਸੀ। ਪਰ ਅੱਜ ਸਥਿਤੀ ਪੂਰੀ ਤਰ੍ਹਾਂ ਨਾਲ ਬਦਲੀ ਜਾਪਦੀ ਹੈ। ਅਮਰੀਕਾ ਪਾਕਿਸਤਾਨ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਗਿਆ ਹੈ। ਇਸ ਦਾ ਇਕ ਵੱਡਾ ਕਾਰਨ ਉਥੇ ਦੁਨੀਆ ਭਰ ਦੇ ਅੱਤਵਾਦੀ ਸੰਗਠਨਾਂ ਦੇ ਅੱਡਿਆਂ ਦਾ ਕਾਇਮ ਹੋਣਾ ਹੈ, ਜਿਥੋਂ ਅੱਤਵਾਦੀ ਸੰਗਠਨ ਨਿੱਤ ਦਿਨ ਭਾਰਤ, ਅਫ਼ਗਾਨਿਸਤਾਨ, ਯੂਰਪੀ ਦੇਸ਼ਾਂ ਸਮੇਤ ਕੈਨੇਡਾ ਤੇ ਅਮਰੀਕਾ ਨੂੰ ਧਮਕੀਆਂ ਦਿੰਦੇ ਰਹਿੰਦੇ ਹਨ, ਪਰ ਪਾਕਿਸਤਾਨ ਵਿਚ ਅਸਲੀ ਤਾਕਤ ਫ਼ੌਜ ਦੇ ਹੱਥਾਂ ਵਿਚ ਹੀ ਹੈ। ਉਥੋਂ ਦੇ ਹੀ ਅਨੇਕਾਂ ਅੱਤਵਾਦੀ ਸੰਗਠਨਾਂ ਨੇ ਪਾਕਿਸਤਾਨੀ ਫ਼ੌਜ ਤੇ ਹਕੂਮਤ ਨੂੰ ਵੀ ਚੁਣੌਤੀ ਦਿੱਤੀ ਹੋਈ ਹੈ। ਉਹ ਉਥੋਂ ਆਪਣੀਆਂ ਕਾਰਵਾਈਆਂ ਵੀ ਕਰਦੇ ਰਹਿੰਦੇ ਹਨ ਅਤੇ ਪਾਕਿਸਤਾਨ ਨੂੰ ਧਮਕੀਆਂ ਵੀ ਦਿੰਦੇ ਰਹਿੰਦੇ ਹਨ। ਅਜਿਹੇ ਹਾਲਾਤ ਨੇ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਦੀਆਂ ਇਸ ਬੇਹੱਦ ਗੁਰਬਤ ਮਾਰੇ ਅਤੇ ਆਰਥਿਕ ਪੱਖੋਂ ਬੁਰੀ ਤਰ੍ਹਾਂ ਲੜਖੜਾ ਰਹੇ ਦੇਸ਼ ਬਾਰੇ ਚਿੰਤਾਵਾਂ ਵਿਚ ਵਾਧਾ ਕੀਤਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਇਕ ਕੇਸ ਵਿਚ ਪੰਜ ਸਾਲ ਲਈ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਹੈ ਤੇ ਉਨ੍ਹਾਂ ਦੀ ਕੌਮੀ ਅਸੈਂਬਲੀ ਦੀ ਮੈਂਬਰੀ ਵੀ ਖ਼ਤਮ ਕਰ ਦਿੱਤੀ ਹੈ। ਇਸ ਨਾਲ ਇਮਰਾਨ ਖ਼ਾਨ ਦੇ ਸਮਰਥਕ ਵਿਖਾਵਿਆਂ ‘ਤੇ ਉਤਰ ਆਏ ਹਨ। ਉਥੇ ਰਾਜਨੀਤਕ ਅਸਥਿਰਤਾ ਹੋਰ ਵਧਦੀ ਨਜ਼ਰ ਆ ਰਹੀ ਹੈ।
ਜੇਕਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਪਾਕਿਸਤਾਨ ਨੂੰ ਅੱਜ ਦੁਨੀਆ ਦੇ ਖ਼ਤਰਨਾਕ ਦੇਸ਼ਾਂ ਵਿਚੋਂ ਇਕ ਕਿਹਾ ਹੈ ਤਾਂ ਉਸ ਦੇ ਇਸ ਬਿਆਨ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਸਕਦਾ ਹੈ ਕਿਉਂਕਿ ਪਾਕਿਸਤਾਨ ਕੋਲ ਅੱਜ ਵੱਡੀ ਮਾਤਰਾ ਵਿਚ ਪਰਮਾਣੂ ਹਥਿਆਰ ਹਨ। ਸਿਆਸੀ, ਆਰਥਿਕ ਅਤੇ ਸਮਾਜਿਕ ਤੌਰ ‘ਤੇ ਬੁਰੀ ਤਰ੍ਹਾਂ ਲੜਖੜਾ ਰਹੇ ਇਸ ਦੇਸ਼ ਵਿਚ ਪਰਮਾਣੂ ਹਥਿਆਰਾਂ ਦੇ ਜ਼ਖੀਰੇ ਨੂੰ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ। ਇਥੇ ਅੱਤਵਾਦੀ ਸੰਗਠਨਾਂ ਦੇ ਵਧ ਰਹੇ ਲਗਾਤਾਰ ਪ੍ਰਭਾਵ ਅਤੇ ਦਬਾਅ ਕਰਕੇ ਇਹ ਤਬਾਹਕੁੰਨ ਹਥਿਆਰ ਹੋਰ ਵੀ ਅਸੁਰੱਖਿਅਤ ਹੁੰਦੇ ਜਾਪਦੇ ਹਨ। ਅਸੀਂ ਅਮਰੀਕੀ ਰਾਸ਼ਟਰਪਤੀ ਦੇ ਇਸ ਬੇਹੱਦ ਗੰਭੀਰ ਬਿਆਨ ਨਾਲ ਸਹਿਮਤ ਹਾਂ ਪਰ ਅਮਰੀਕਾ ਨੂੰ ਪਾਕਿਸਤਾਨ ਸੰਬੰਧੀ ਦਹਾਕਿਆਂ ਤੋਂ ਚਲਦੀ ਆ ਰਹੀ ਆਪਣੀ ਦੋਗਲੀ ਨੀਤੀ ਸੰਬੰਧੀ ਵੀ ਗੰਭੀਰਤਾ ਨਾਲ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੋਵੇਗੀ। ਬਿਨਾਂ ਸ਼ੱਕ ਅੱਜ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਭਾਰਤ ਲਈ ਹੀ ਨਹੀਂ ਸਗੋਂ ਦੁਨੀਆ ਭਰ ਲਈ ਇਕ ਵੱਡਾ ਖ਼ਤਰਾ ਬਣੇ ਨਜ਼ਰ ਆਉਂਦੇ ਹਨ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …