Breaking News
Home / ਨਜ਼ਰੀਆ / ਗੁਲਜ਼ਾਰ ਸੰਧੂ ਦੇ ਵਿਆਹ ਦੀ ਗੋਲਡਨ ਜੁਬਲੀ

ਗੁਲਜ਼ਾਰ ਸੰਧੂ ਦੇ ਵਿਆਹ ਦੀ ਗੋਲਡਨ ਜੁਬਲੀ

ਪ੍ਰਿੰ. ਸਰਵਣ ਸਿੰਘ
ਗਿਆਰਾਂ ਮਾਰਚ ਗੁਲਜ਼ਾਰ ਸੰਧੂ ਦੇ ਵਿਆਹ ਦਾ ਦਿਨ ਹੈ। ਉਸ ਦੇ ਵਿਆਹ ਨੂੰ 50 ਸਾਲ ਹੋ ਰਹੇ ਹਨ। 22 ਮਾਰਚ ਨੂੰ ਉਹ 82 ਵਰ੍ਹਿਆਂ ਦਾ ਹੋ ਰਿਹੈ। ਉਨ੍ਹਾਂ ਦਾ ਵਿਆਹ ਨੁਸ਼ਹਿਰਾ ਪੰਨੂੰਆਂ ਵਿਚ ਹੋਇਆ ਸੀ। ਉਥੇ ਕਾਹਲੀ ‘ਚ ਸੰਧੂ ਨੂੰ ਆਪਣੇ ਦੋਸਤ ਦਾ ਕੋਟ ਪਾਉਣਾ ਪੈ ਗਿਆ। ਦੋਸਤ ਨੂੰ ਸਿਗਰਟ ਪੀਣ ਦੀ ਤਲਬ ਹੋਈ ਤਾਂ ਉਸ ਨੇ ਸਭਾ ‘ਚ ਸਜੇ ਲਾੜੇ ਦੀ ਜੇਬ ‘ਚੋਂ ਸਿਗਰਟਾਂ ਦੀ ਡੱਬੀ ਆ ਕੱਢੀ। ਵੇਖਣ ਵਾਲੇ ਹੈਰਾਨ ਕਿ ਕਿਹੋ ਜਿਹਾ ਪ੍ਰਾਹੁਣਾ ਸਹੇੜ ਬੈਠੇ? ਏਨਾ ਸ਼ੁਕਰ ਕਿ ਅਨੰਦ ਕਾਰਜਾਂ ਵਿਚ ਵਿਘਨ ਨਹੀਂ ਪਿਆ। ਮੈਨੂੰ ਉਨ੍ਹਾਂ ਦੇ ਵਿਆਹ ਦੇ ਵੇਰਵੇ ਦਾ ਪੂਰਾ ਪਤਾ ਨਾ ਲੱਗਦਾ ਜੇ ਸੰਧੂ ਜੋੜਾ ਮੁਕੰਦਪੁਰ ਸਾਡੇ ਕੋਲ ਰਾਤ ਨਾ ਰਹਿੰਦਾ। ਉੱਦਣ ਉਹ ਆਪਣੇ ਪਿੰਡ ਸੂਨੀ ਤੋਂ ਆਏ। ਰਾਹ ‘ਚ ਬਹਿਰਾਮ ਦੇ ਅੱਡੇ ‘ਤੇ ਬੂਟ ਪਾਲਿਸ਼ ਕਰਾਉਣ ਦੀ ਵਿਹਲ ਮਿਲ ਗਈ। ਆਉਂਦਿਆਂ ਸੌਣ ਦਾ ਢਮਕਾ ਲਾ ਕੇ ਸ਼ਾਮੀਂ ਚੌਕੀਆਂ ਦਾ ਮੇਲਾ ਵੇਖ ਲਿਆ। ਮਲਵਈਆਂ ਤੋਂ ਦੁਆਬੀਏ ਬਣੇ ਸ਼ਮਸ਼ੇਰ ਤੇ ਮੈਨੂੰ ਵੱਡੇ ਭਾਈ ਗੁਲਜ਼ਾਰ ਨੂੰ ਗੁਰਜ ਦੇਣ ਦਾ ਮੌਕਾ ਮਿਲ ਗਿਆ।
ਸੁਣੋ ਵਿਆਹ ਦੀ ਸਾਖੀ। ਦਿੱਲੀ ਵਿਚ ਡਾ. ਸੁਰਜੀਤ ਕੌਰ ਪੰਨੂੰ ਗੁਲਜ਼ਾਰ ਸਿੰਘ ਸੰਧੂ ਤੋਂ ਵੱਡੀ ਅਫ਼ਸਰ ਸੀ। ਕੁੜੀ ਮਾਝੇ ਦੀ ਮੁੰਡਾ ਦੁਆਬੇ ਦਾ। ਗੁਲਜ਼ਾਰ ਨੇ ਉਨ੍ਹਾਂ ਨਾਲ ਸਾਵੇਂ ਹੋਣ ਲਈ ਸੰਤ ਸਿੰਘ ਸੇਖੋਂ, ਪ੍ਰੋ. ਮੋਹਨ ਸਿੰਘ, ਸਾਧੂ ਸਿੰਘ ਹਮਦਰਦ, ਕੁਲਵੰਤ ਸਿੰਘ ਵਿਰਕ, ਮੀਸ਼ਾ, ਸ਼ਿਵ ਕੁਮਾਰ ਤੇ ਕੁਝ ਹੋਰ ਮਸ਼ਹੂਰ ਬੰਦਿਆਂ ਨੂੰ ਜਾਨੀ ਬਣਨ ਦਾ ਸੱਦਾ ਦਿੱਤਾ। ਬੱਸ ਨੁਸ਼ਹਿਰੇ ਨੂੰ ਤੋਰ ਦਿੱਤੀ। ਆਪ ਕਾਰ ਵਿਚ ਜਲੰਧਰੋਂ ਮੋਹਨ ਸਿੰਘ ਤੇ ਹਮਦਰਦ ਨੂੰ ਲੈ ਕੇ ਪਹੁੰਚਣਾ ਸੀ। ਜਾਨੀ ਪਹਿਲਾਂ ਪਹੁੰਚ ਗਏ, ਲਾੜਾ ਲੇਟ। ਮੋਹਨ ਸਿੰਘ ਦੇ ਘਰੋਂ ਪਤਾ ਲੱਗਾ ਕਿ ਪਿੱਪਲ ਹੇਠ ਸ਼ਤਰੰਜ ਖੇਡ ਰਿਹੈ। ਪਿੱਪਲਾਂ ‘ਚੋਂ ਉਹ ਪਿੱਪਲ ਮਸਾਂ ਲੱਭਾ ਜਿਥੇ ਮੋਹਨ ਸਿੰਘ ਤੇ ਹਮਦਰਦ ਦੀ ਬਿਸਾਤ ਵਿਛੀ ਸੀ। ਗਿਆਨੀ ਸ਼ਾਦੀ ਸਿੰਘ ਵੀ ਹਾਜ਼ਰ ਸੀ। ਲੇਟ ਹੋਣ ਦੀ ਦੁਹਾਈ ਪਾ ਕੇ ਮਸੀਂ ਉਠਾਏ।
ਭੱਜ-ਭੱਜਾ ਕੇ ਨੌਸ਼ਹਿਰੇ ਪਹੁੰਚੇ। ਬਰਾਤ ਨੂੰ ਸੁਖ ਦਾ ਸਾਹ ਆਇਆ। ਬੱਕਰੀਆਂ ਨਾਲ ਲੱਦੇ ਟਰੱਕ ‘ਚੋਂ ਤਾਜ਼ਾ ਖਿਜ਼ਾਬ ਲਾਈ ਸੇਖੋਂ ਉਤਰਿਆ। ਲਾੜਾ ਆਇਆ ਵੇਖ ਕੇ ਢੋਲੀ ਢੋਲ ਵਜਾਉਣ ਲੱਗਾ। ਜਾਨੀ ਭੰਗੜਾ ਪਾਉਣ ਲੱਗੇ। ਸੰਧੂ ਦਾ ਕੋਟ ਦੂਰ ਖੜ੍ਹੀ ਬੱਸ ਵਿਚ ਸੀ। ਉਹਨੇ ਕੋਲ ਖੜ੍ਹੇ ਦੇਸ ਰਾਜ ਗੋਇਲ ਦਾ ਕੋਟ ਪਾ ਲਿਆ। ਕੋਟ ਵਿਚਲੇ ਮੁਨੀਸ਼ਨ ਨੇ ਫਿਰ ਜਿਹੜਾ ਰੰਗ ਵਿਖਾਉਣਾ ਸੀ ਵਿਖਾ ਦਿੱਤਾ!
ਰਾਤ ਦੀ ਦਾਰੂ ਦਾ ਭੰਨਿਆ ਸ਼ਿਵ ਕੁਮਾਰ ਸਵੇਰੇ ਪੁੱਜਾ। ਕੁੜੀ ਵਾਲਿਆਂ ਸਮਝਿਆ ਮੁੰਡੇ ਵਾਲਿਆਂ ਕੋਈ ਗਾਉਣ ਵਾਲਾ ਲਿਆਂਦਾ। ਅਨੰਦ ਕਾਰਜ ਹੋਏ ਤਾਂ ਕਹਿੰਦੇ ਪੜ੍ਹਾਓ ਇਹਤੋਂ ਸਿਹਰਾ। ਸ਼ਿਵ ਕੁਮਾਰ ‘ਧੀਆਂ ਦੇ ਦੁੱਖ ਬੁਰੇ’ ਗਾਉਣ ਲੱਗਾ। ਆਵਾਜ਼ ਵਿਚ ਲੋਹੜੇ ਦਾ ਸੋਜ਼। ਮਝੈਲਾਂ ਦੇ ਅਥਰੂ ਵਹਿ ਤੁਰੇ ਤੇ ਨਾਲ ਹੀ ਦੁਆਬੀਆਂ ਦੇ।
ਸੰਧੂ ਦੀ ਜ਼ੁਬਾਨੀ, ”ਕਿਸੇ ਪਰਚੇ ਨੇ ਲੰਮੀ ਕਹਾਣੀ ਦਾ ਅੰਕ ਕੱਢਣਾ ਸੀ। ਮੈਂ ਲੰਮੀ ਕਹਾਣੀ ਲਿਖ ਦਿੱਤੀ-ਗਮਲੇ ਦੀ ਵੇਲ। ਇਹ ਗੁਰਵੇਲ ਪੰਨੂੰ ਤੇ ਮਿੰਨੀ ਗਰੇਵਾਲ ਦੀ ਕਹਾਣੀ ਸੀ। ਚੰਗੀ ਜੋੜੀ ਸੀ ਉਹਨਾਂ ਦੀ। ਸੁਰਜੀਤ ਨੇ ਪੜ੍ਹੀ। ਪੜ੍ਹ ਕੇ ਉਹ ਏਸ ਨਤੀਜੇ ‘ਤੇ ਪੁੱਜੀ ਕਿ ਜਿਹੜਾ ਬੰਦਾ ਇਹੋ ਜਿਹੀ ਕਹਾਣੀ ਲਿਖ ਸਕਦੈ, ਉਹਦੇ ਨਾਲ ਵਿਆਹ ਕੀਤਾ ਜਾ ਸਕਦੈ। ਇਹ ਕਹਾਣੀ ਸਾਨੂੰ ਤਾਂ ਫਲੀ, ਪਰ ਗੁਰਵੇਲ ਤੇ ਮਿੰਨੀ ਨੂੰ ਰਾਸ ਨਾ ਆਈ। ਉਸ ਪਿੱਛੋਂ ਛੇਤੀ ਹੀ ਉਨ੍ਹਾਂ ਦਾ ਤੋੜ ਵਿਛੋੜਾ ਹੋ ਗਿਆ।”
ਗੁਲਜ਼ਾਰ ਸੰਧੂ ਬੇਪਰਵਾਹ ਬੰਦਾ ਹੈ। ਮਸਤ-ਮੌਲਾ। ਨਾ ਚੜ੍ਹੀ ਦੀ ਨਾ ਲੱਥੀ ਦੀ। ਮਿਲਣ ਵਰਤਣ ‘ਚ ਦਿਲ ਦਰਿਆ। ਨਿੱਘਾ ਦੋਸਤ, ਕੂਲ਼ਾ ਲੇਖਕ, ਕਰਮਾਂ ਦਾ ਬਲੀ। ਪੁਆਧ ‘ਚ ਜੰਮਿਆ, ਮਾਲਵੇ ‘ਚ ਸਕੂਲੀ ਪੜ੍ਹਾਈ, ਦੁਆਬੇ ‘ਚ ਕਾਲਜੀ, ਦਿੱਲੀ, ਲੁਧਿਆਣੇ, ਚੰਡੀਗੜ੍ਹ ਤੇ ਪਟਿਆਲੇ ਨੌਕਰੀ। ਮਾਝੇ ਦੀ ਕੁੜੀ ਸੰਗ ਵਿਆਹੇ ਜਾਣ ਨਾਲ ਉਹਦੇ ਅੰਦਰ ਸਮੱਗਰੀ ਦਾ ਅਜਿਹਾ ਮਸੱਦ ਫਿਰਿਆ ਕਿ ਦੇਗ ਤੇਗ ਫਤਿਹ ਹੈ! ਨਿਘੋਚੀ ਗੁਰਬਚਨ, ਸੰਧੂ ਬਾਰੇ ਲਿਖਦੈ, ”ਉਦੋਂ ਗੁਲਜ਼ਾਰ ਦੀ ਉਮਰ ਵੀਹਾਂ ਤੋਂ ਵੀ ਘੱਟ ਸੀ। ਜੇ ਦਿੱਲੀ ਵੱਲ ਮੂੰਹ ਨਾ ਕਰਦਾ ਤਾਂ ਸਾਊਥਾਲ ਪੁੱਜ ਜਾਂਦਾ। ਹੋਰ ਜ਼ੋਰ ਲਗਾਂਦਾ ਤਾਂ ਵੈਨਕੂਵਰ ਜਾਂ ਕੈਲੀਫੋਰਨੀਆ। 1953 ‘ਚ ਬੀ. ਏ. ਪਾਸ ਲਈ ਵਿਦੇਸ਼ ਜਾਣਾ ਅੱਜ ਵਾਂਗ ਮੁਸ਼ਕਲ ਤਾਂ ਸੀ ਨਹੀਂ। ਜੇ ਕਿਤੇ ਉਹ ਭਾਰਤ ਦੀ ਥਾਂ ਅਮਰੀਕਾ ਦੀ ਰਾਜਧਾਨੀ ਪੁੱਜ ਜਾਂਦਾ ਤਾਂ ਦਿੱਲੀ ਸੁੰਨੀ ਹੋ ਜਾਂਦੀ ਤੇ ਸਾਹਿਤ ਵਿਚ ਪੈਦਾ ਹੋਣ ਵਾਲੀ ਖਾਈ ਨੂੰ ਕੌਣ ਭਰਦਾ? ਅਮਰੀਕਾ ਵਿਚ ਲੋਕ ਉਸ ਨੂੰ ‘ਮਿਸਟਰ ਸੈਂਡੀ’ ਕਹਿੰਦੇ।”
ਉਹ ਉਸ ਨੂੰ ‘ਨਵੇਂ ਯੁੱਗ ਦਾ ਜੱਟ’ ਕਹਿ ਕੇ ਨਿਵਾਜਦਾ ਹੈ। ਸੰਧੂ ਲਿਖਦੈ, ”ਮੇਰਾ ਜੱਦੀ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਵਿਚ ਹੈ, ਸੂਨੀ। ਮੇਰੇ ਬਾਪੂ ਜੀ ਊਠ ਵਾਹੁੰਦੇ ਸਨ। ਮੈਦਾਨ ਦੀ ਉਪਜ ਪਹਾੜਾਂ ਨੂੰ ਲੈ ਜਾਂਦੇ ਤੇ ਉਥੋਂ ਦੀ ਉਪਜ ਥੱਲੇ ਲੈ ਆਉਂਦੇ। ਕਦੀ ਭਾੜਾ, ਕਦੀ ਵਣਜ। ਮੈਂ ਆਪਣੇ ਨਾਨਕੇ ਪਿੰਡ ਕੋਟਲਾ ਬਡਲਾ (ਠਾਣਾ ਖੰਨਾ) ਵਿਚ ਜੰਮਿਆ ਤੇ ਮੇਰੀ ਮੁੱਢਲੀ ਵਿਦਿਆ ਅੱਠਵੀਂ ਤਕ ਏ. ਐੱਸ. ਹਾਈ ਸਕੂਲ ਖੰਨੇ ਵਿਚ ਹੋਈ। ਇਹ ਵਿਦਿਆ ਮੈਂ ਆਪਣੀ ਮਾਸੀ ਗੁਰਦੇਵ ਕੌਰ ਦੇ ਪਿੰਡ ਬਾਹੋਮਾਜਰੇ ਰਹਿ ਕੇ ਪ੍ਰਾਪਤ ਕੀਤੀ। ਬਾਹੋਮਾਜਰਾ ਖੰਨੇ ਤੋਂ ਕੇਵਲ ਚਾਰ ਕਿਲੋਮੀਟਰ ਸੀ ਤੇ ਮੇਰੇ ਪਿੰਡ ਸੂਨੀ ਦੇ ਨੇੜਲਾ ਹਾਈ ਸਕੂਲ ਮਾਹਿਲਪੁਰ ਸੂਨੀ ਤੋਂ ਦਸ-ਗਿਆਰਾਂ ਕਿਲੋਮੀਟਰ। ਜਦੋਂ ਮੈਂ ਸਾਈਕਲ ਚਲਾਉਣ ਜੋਗਾ ਹੋ ਗਿਆ ਤਾਂ ਮਾਹਿਲਪੁਰ ਪੜ੍ਹਨ ਲੱਗਾ ਜਿਥੋਂ ਬੀ. ਏ. ਪਾਸ ਕਰ ਕੇ ਕੰਮ ਦੀ ਭਾਲ ਵਿਚ ਦਿੱਲੀ ਚਲਾ ਗਿਆ। ਉਥੇ 28 ਸਾਲ ਭਾਰਤ ਸਰਕਾਰ ਦੀ ਨੌਕਰੀ ਕੀਤੀ। 1984 ਵਿਚ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਆ ਲੱਗਿਆ। ਤਿੰਨ ਸਾਲ ਓਥੇ ਰਿਹਾ। ਫੇਰ ਤਿੰਨ ਸਾਲ ਪੰਜਾਬ ਆਟਰਸ ਕੌਂਸਲ ਦਾ ਚੇਅਰਮੈਨ, ਦੋ ਸਾਲ ਪੰਜਾਬ ਰੈੱਡ ਕਰਾਸ ਦਾ ਸੈਕਟਰੀ ਤੇ ਚਾਰ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਦਾ ਪ੍ਰੋਫੈਸਰ ਤੇ ਮੁਖੀ। ਫੇਰ ਤਿੰਨ ਕੁ ਸਾਲ ‘ਦੇਸ਼ ਸੇਵਕ’ ਦਾ ਸੰਪਾਦਕ।”
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਚੰਗੀ ਸੁੱਝੀ। ਪਹਿਲਾਂ ਉਸ ਨੂੰ ਪ੍ਰੋਫ਼ੈਸਰ ਆਫ਼ ਐਮੀਨੈਂਸ ਦੀ ਪਦਵੀ ਦਿੱਤੀ ਤੇ ਵਿਆਹ ਦੀ 50ਵੀ ਵਰ੍ਹੇ-ਗੰਢ ਤੋਂ ਦਸ ਕੁ ਦਿਨ ਪਹਿਲਾਂ ਆਜੀਵਨ ਫੈਲੋਸਿਪ ਦਾ ਸ਼ਗਨ ਪਾ ਦਿੱਤਾ। ਉਸ ਦੀ ਨਿਮਰਤਾ ਵੇਖੋ, ”ਮੈਂ ਇਹੋ ਜਿਹਾ ਕੋਈ ਸੰਘਰਸ਼ ਨਹੀਂ ਕੀਤਾ ਜੋ ਦੱਸਣ ਵਾਲਾ ਹੋਵੇ। ਮੇਰੇ ਮਾਪਿਆਂ ਨੇ ਮੈਨੂੰ ਸਬਰ ਸੰਤੋਖ ਸਿਖਾਉਂਦਿਆਂ ਕਿਹਾ ਸੀ ਕਿ ਜ਼ਿੰਦਗੀ ਵਿਚ ਢੇਰੀ ਨਹੀਂ ਢਾਉਣੀ। ਜ਼ਿੰਦਗੀ ਵਿਚ ਸਫਲ ਹੋਣ ਦਾ ਇਕੋ ਇਕ ਤਰੀਕਾ ਕਿ ਢੇਰੀ ਢਾਏ ਬਿਨਾਂ ਲੱਗੇ ਰਹਿਣਾ।”
ਕਹਿੰਦਾ ਹੈ, ਮੈਂ ਅੱਸੀਆਂ ਤੋਂ ਟੱਪ ਗਿਆਂ। ਹੁਣ ਮੈਨੂੰ ਕੋਈ ਇਹ ਨਹੀਂ ਪੁੱਛਦਾ ਕਿ ਮੈਂ ਨਵਾਂ ਕੀ ਲਿਖਿਆ? ਇਹੀਉ ਪੁੱਛਿਆ ਜਾਂਦੈ ਕਿ ਸਿਹਤ ਦਾ ਕੀ ਹਾਲ ਹੈ? ਪਹਿਲੀਆਂ ਵਿਚ ਮੈਂ ਇਸ ਦਾ ਉੱਤਰ ‘ਚੜ੍ਹਦੀ ਕਲਾ’ ਦਿੰਦਾ ਸੀ। ਫਿਰ ‘ਇਕ ਨੰਬਰ’ ਕਹਿਣ ਲੱਗ ਪਿਆ। ਉਸ ਪਿੱਛੋਂ ‘ਹਾਲੀ ਤਕ ਠੀਕ ਹੈ’। ਅੱਜ ਕੱਲ੍ਹ ਮੇਰਾ ਉੱਤਰ ਕੇਵਲ ਇਕ ਸ਼ਬਦ ਤਕ ਸੀਮਤ ਹੋ ਗਿਆ ਹੈ-ਚਲਦੈ! ਹੁਣ ਮੈਂ ਉਸ ਗੇਂਦ ਵਾਂਗ ਹਾਂ ਜਿਹੜੀ ਰੁੜ੍ਹ ਤਾਂ ਰਹੀ ਹੈ ਪਰ ਇਸ ਦਾ ਰੁੜ੍ਹਨਾ ਰੁਕਣ ਵਾਲਾ ਹੈ।
ਰੌਅ ਮੇਂ ਹੈ ਰਖਸ਼ ਏ ਉਮਰ ਕਹਾਂ ਦੇਖੀਏ ਥਮੇਂ
ਨਾ ਹਾਥ ਬਾਗ ਪਰ ਹੈ ਨਾ ਪਾ ਹੈ ਰਕਾਬ ਮੇਂ
ਮੈਂ ਵੀ ਵਿਆਹ ‘ਚ ਬੀ ਦਾ ਲੇਖਾ ਪਾ ਬੈਠਾਂ। ਵਿਆਹ ਉਹਦਾ ਦੇਰ ਨਾਲ ਹੋਇਆ, 33ਵੇਂ ਸਾਲ ਦੀ ਉਮਰ ਵਿਚ। ਡਾ. ਸੁਰਜੀਤ ਕੌਰ ਦਾ ਓਦੂੰ ਵੀ ਲੇਟ, 37ਵੇਂ ਸਾਲ ਵਿਚ। ਲਾੜਾ ਅੰਗਰੇਜ਼ੀ ਦੀ ਐੱਮ. ਏ. ਤੇ ਲਾੜੀ ਐੱਮ. ਬੀ. ਬੀ. ਐੱਸ। ਜੇ ਕੋਈ ਕਹਿੰਦਾ, ‘ਵਿਆਹ ਬੜਾ ਲੇਟ ਕਰਾਇਆ’ ਤਾਂ ਸਫਾਈ ਦਿੰਦੇ, ‘ਬਲਵੰਤ ਗਾਰਗੀ ਨਾਲੋਂ ਤਾਂ ਫੇਰ ਵੀ ਪਹਿਲਾਂ ਕਰਾ ਲਿਆ!’
ਸੰਧੂ ਦੇ ਪਿਤਾ ਹਰੀ ਸਿੰਘ ਕੋਲ 15 ਕਿੱਲੇ ਜ਼ਮੀਨ ਸੀ। ਸੰਧੂ 9 ਸਾਲ ਦੀ ਉਮਰ ਵਿਚ ਮੰਗਿਆ ਗਿਆ। ਮੰਗੇਤਰ ਅਨਪੜ੍ਹ ਰਹਿ ਜਾਣ ਕਾਰਨ ਵਿਆਹ ਨਾ ਹੋ ਸਕਿਆ। 15ਵੇਂ ਸਾਲ ਦੀ ਉਮਰੇ ਦੁਬਾਰਾ ਮੰਗਿਆ। ਹੋਰ ਪੜ੍ਹਨ ਤੇ ਨੌਕਰੀ ਜੋਗਾ ਹੋਣ ਦੀਆਂ ਗੱਲਾਂ ਸੁਣ ਕੇ ਅਗਲਿਆਂ ਨੇ ਕੁੜੀ ਕਿਤੇ ਹੋਰ ਵਿਆਹੁਣ ‘ਚ ਭਲਾ ਸਮਝਿਆ। ਡਾ. ਮਹਿੰਦਰ ਸਿੰਘ ਰੰਧਾਵਾ ਦੀਆਂ ਦੋ ਤੇ ਹਾਕੀ ਵਾਲੇ ਬਲਬੀਰ ਦੀਆਂ ਤਿੰਨ ਮੰਗਣੀਆਂ ਵੀ ਸਿਰੇ ਨਹੀਂ ਸੀ ਚੜ੍ਹੀਆਂ। ਸੰਧੂ ਦਾ ਵਿਆਹ ਫਿਰ ਉਥੇ ਹੀ ਹੋਇਆ ਜਿਥੇ ਸੰਜੋਗ ਸਨ। ਉਮੈਦਵਾਰੀ ਹੋਈ ਪਰ ਬਾਲ-ਬੱਚਾ ਨਾ ਹੋ ਸਕਿਆ। ਡਾ. ਅਤਰ ਸਿੰਘ ਦੱਸਦਾ ਸੀ, ”ਇਕੇਰਾਂ ਸੰਧੂ ਕਨਾਟ ਪਲੇਸ ਕਾਕੇ ਦੇ ਢਾਬੇ ‘ਤੇ ਲੋਰ ‘ਚ ਨੋਟ ਸੁੱਟਦਾ ਕਹਿੰਦਾ, ”ਆਪਣੇ ਕਿਹੜਾ ਜੁਆਕ ਰੋਂਦੇ ਆ!” ਖਿਲਰੇ ਨੋਟ ਅਤਰ ਸਿੰਘ ਨੇ ਹੀ ਸੰਭਾਲੇ ਸਨ।
ਸੰਧੂ ਜੋੜੇ ਨੇ ਲਿਖ ਦਿੱਤਾ ਹੈ ਕਿ ਸਾਡੀਆਂ ਦੇਹਾਂ ਮੈਡੀਕਲ ਸੰਸਥਾਵਾਂ ਨੂੰ ਦਾਨ ਕਰ ਦਿੱਤੀਆਂ ਜਾਣ। ਸਾਡਾ ਮਰਨਾ ਖੁਸ਼ੀ ਨਾਲ ਮਨਾਇਆ ਜਾਵੇ। ਦੇਹ ਦਾਨ ਦਾ ਕਾਰਡ ਉਨ੍ਹਾਂ ਦੀ ਜੇਬ ਵਿਚ ਰਹਿੰਦੈ ਕਿ ਜਿਥੇ ਪ੍ਰਾਣ ਪੰਖੇਰੂ ਹੋਣ ਉਥੋਂ ਦੀ ਨੇੜਲੀ ਡਾਕਟਰੀ ਸੰਸਥਾ ਨੂੰ ਸਬੂਤੀ ਦੇਹ ਦੇ ਦਿੱਤੀ ਜਾਵੇ। ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਕਿਹਾ ਹੋਇਆ ਕਿ ਰੋਣ ਕਰਲਾਉਣ ਦੀ ਥਾਂ ਖੁਸ਼ੀ ਮਨਾਈ ਜਾਵੇ।
ਗੁਲਜ਼ਾਰ ਦਾ ਪਹਿਲਾ ਨਾਂ ਬਲਬੀਰ ਸੀ। ਫਿਰ ਬੱਲਾ ਤੇ ਗੁਲਜ਼ਾਰਾ ਹੋ ਗਿਆ। ਫਿਰ ਗੁਲਜ਼ਾਰ ਸਿੰਘ ਸੰਧੂ। ਪਹਿਲਾਂ ਮੈਂ ਵੀ ਆਪਣੇ ਨਾਂ ਨਾਲ ਸੰਧੂ ਲਿਖਦਾ ਸੀ। ਮੈਨੂੰ ਸੰਧੂ ਲਿਖਣੋਂ ਗੁਲਜ਼ਾਰ ਸੰਧੂ ਨੇ ਹਟਾਇਆ। ਅਖੇ ਦੋ ਸੰਧੂਆਂ ਦਾ ਭੁਲੇਖਾ ਪੈ ਜਿਆ ਕਰੂ। ਦਿੱਲੀ ਉਹਦੇ ਕੋਲ ਮੋਟਰ ਸਾਈਕਲ ਸੀ ਤੇ ਮੇਰੇ ਕੋਲ ਸਾਈਕਲ। ਉਹ ਪੰਜਾਬ ਤੋਂ ਆਏ ਲੇਖਕਾਂ ਦੀ ਸੇਵਾ ਕਰਦਾ ਤੇ ਮੋਟਰ ਸਾਈਕਲ ਦੇ ਝੂਟੇ ਦਿੰਦਾ। ਮੈਂ ਅੜੇ ਥੁੜੇ ਖ਼ਾਲਸਾ ਕਾਲਜ ਦੇ ਡੀ. ਪੀ. ਈ. ਸਰਦਾਰ ਪ੍ਰੀਤਮ ਸਿੰਘ ਬੈਂਸ ਤੋਂ ਪੈਸੇ ਫੜਦਾ। ਸੰਧੂ ਸਰਦਾਰੀ ਮੈਂ ਵੱਡੇ ਭਾਈ ਨੂੰ ਛੱਡਣ ਵਿਚ ਭਲਾ ਸਮਝਿਆ।
ਪ੍ਰੀਤਮ ਸਿੰਘ ਬੈਂਸ ਕੋਲ ਸੰਧੂ ਰਹਿੰਦਾ ਰਿਹਾ ਸੀ। ਦੋਹੇਂ ਦੁਆਬੀਏ ਸਨ। ਜਦੋਂ ਉਹ ਬੈਂਸ ਨੂੰ ਜਨੇਤ ਦਾ ਸੱਦਾ ਦੇਣ ਗਿਆ ਤਾਂ ਬੈਂਸ ਨੇ ਪੁੱਛਿਆ, ”ਵਿਆਹ ਕੀਹਦੇ ਨਾਲ ਹੋ ਰਿਹੈ?”
ਸੰਧੂ ਨੇ ਹੁੱਬ ਕੇ ਦੱਸਿਆ, ”ਮਾਝੇ ਤੋਂ ਪੰਨੂੰਆਂ ਦੀ ਧੀ ਐ।”
ਬੈਂਸ ਬੋਲਿਆ, ”ਮਾਝੇ ਵਾਲੇ ਤਾਂ ਆਪਾਂ ਦੁਆਬੇ ਵਾਲਿਆਂ ਨੂੰ ਕੁੱਟਣਗੇ।”
ਸੰਧੂ ਨੇ ਕਿਹਾ, ”ਜੀਹਦੇ ਨਾਲ ਵਿਆਹ ਹੋ ਰਿਹਾ ਉਹਦਾ ਭਰਾ ਗੁਰਬਚਨ ਘੈਂਟ ਬੰਦਾ। ਉਹ ਨੀ ਕੁੱਟਣ ਦਿੰਦਾ।”
ਗੁਰਬਚਨ ‘ਗੁਰਾ’ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਤਕੜਾ ਖਿਡਾਰੀ ਸੀ। ਲੜਾਈ ਭਿੜਾਈ ‘ਚ ਕਾਇਮ। ਬੈਂਸ ਉਹਦੇ ਨਾਲ ਪੜ੍ਹਦਾ ਰਿਹਾ ਸੀ। ਉਸ ਨੇ ਕਿਹਾ, ”ਜੇ ਗੁਰੇ ਦੀ ਭੈਣ ਐਂ ਤਾਂ ਉਹ ਹੋਰ ਵੀ ਕੁੱਟਣਗੇ।”
ਸੰਧੂ ਨੇ ਪੁੱਛਿਆ, ”ਤਾਂ ਫੇਰ ਜਵਾਬ ਦੇ ਦੇਈਏ?”
ਬੈਂਸ ਕੁਝ ਪਲ ਚੁੱਪ ਰਿਹਾ। ਸੋਚ ਕੇ ਬੋਲਿਆ, ”ਜਵਾਬ ਦਿੱਤਾ ਤਾਂ ਘਰ ਆ ਕੇ ਕੁੱਟਣਗੇ।”
11 ਮਾਰਚ 1966 ਨੂੰ ਉਨ੍ਹਾਂ ਦਾ ਵਿਆਹ ਹੋਇਆ। 11 ਮਾਰਚ 66 ਨੂੰ ਹੀ ਪੰਜਾਬੀ ਸੂਬੇ ਦੀ ਮੰਗ ਮੰਨੀ ਗਈ। ਮੰਗ ਮੰਨਣ ਪਿੱਛੇ 1965 ਦੀ ਇੰਡੋ-ਪਾਕਿ ਜੰਗ ਵਿਚ ਸਿੱਖ ਫੌਜੀਆਂ ਤੇ ਸਰਹੱਦ ਨੇੜਲੇ ਪੰਜਾਬੀਆਂ ਵੱਲੋਂ ਜੰਗ ਵਿਚ ਪਾਇਆ ਯੋਗਦਾਨ ਸੀ। ਪੰਜਾਬੀਆਂ ਨੇ ਪੰਜਾਬੀ ਸੂਬਾ ਜੰਗ ਜਿੱਤ ਕੇ ਲਿਆ। ਸਰਹੱਦੀ ਪਿੰਡਾਂ ਵਿਚ ਜੰਗ ਦਾ ਉਜਾੜਾ ਵੇਖਦਿਆਂ ਲੇਖਕ ਸੰਧੂ ਤੇ ਡਾ. ਪੰਨੂੰ ਇਕ ਦੂਜੇ ਦੇ ਹੋ ਗਏ। ਸੰਧੂ ਦੇ ਲਿਖਣ ਮੂਜਬ, ”ਸੰਨ 1966 ਤੋਂ ਸੁਰਜੀਤ ਐਸ. ਕੇ. ਸੰਧੂ ਹੋ ਗਈ। ਮੇਰੀ ਜੀਵਨ ਸਾਥਣ। ਭਾਰਤ ਤੇ ਪਾਕਿਸਤਾਨ ਵਾਂਗ ਸਾਡੇ ਵਿਚਕਾਰ ਵੀ ਅਮਨ ਤੇ ਸ਼ਾਂਤੀ ਦੇ ਦੌਰ ਚਲਦੇ ਰਹਿੰਦੇ ਹਨ। ਲੜਾਈ ਹੁੰਦਿਆਂ ਵੀ ਦੇਰ ਨਹੀਂ ਲੱਗਦੀ ਤੇ ਜੰਗ ਬੰਦੀ ਵੀ ਐਵੇਂ ਕਿਵੇਂ ਹੋ ਜਾਂਦੀ ਹੈ।”
ਸਾਡਾ ਬਾਈ ਸੰਧੂ ਸ਼ਾਇਦ ਕਦੇ ਲਿਖੇ ਪਈ ਮਾਝੇ ਦੇ ਭਾਊਆਂ ਦੀ ਕੁੱਟ ਤੋਂ ਉਹ ਕਿਵੇਂ ਬਚਿਆ ਆ ਰਿਹੈ ਤੇ ਵਿਆਹ ਦੀ ਗੋਲਡਨ ਜੁਬਲੀ ਤਕ ਕਿਵੇਂ ਪਹੁੰਚ ਗਿਐ?
ਫੋਨ 94651-01651

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …