Breaking News
Home / ਨਜ਼ਰੀਆ / ਪ੍ਰੀ ਵੈਡਿੰਗ ਸ਼ੂਟ ਦੇ ਫਰੇਮ ਵਿਚ ਫਿੱਟ ਹੋਏ

ਪ੍ਰੀ ਵੈਡਿੰਗ ਸ਼ੂਟ ਦੇ ਫਰੇਮ ਵਿਚ ਫਿੱਟ ਹੋਏ

ਪੰਜਾਬੀ
ਬਠਿੰਡਾ : ਉਹ ਦਿਨ ਹੁਣ ਪੁੱਗ ਗਏ ਜਦੋਂ ਪੰਜਾਬੀ ਵਿਆਹ ਸਾਦੇ ਹੁੰਦੇ ਸਨ। ਹੁਣ ਨਵੀਂ ਪੀੜ੍ਹੀ ਭਾਰੂ ਹੈ, ਨਵੀਂ ਪੈੜ ਤੇ ਨਵੇਂ ਸ਼ੌਕ, ਨਾਲ ਹੀ ਨਵਾਂ ਖਰਚਾ, ਵਿਆਹਾਂ ਦੇ ਬਜਟ ਨੂੰ ਜ਼ਰਬਾਂ ਦਿੰਦਾ ਹੈ। ਨਵਾਂ ਪੋਚ ਤਰਕ ਦਿੰਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਮੱਧ ਵਰਗੀ ਮਾਪੇ ਬੇਵੱਸ ਹੁੰਦੇ ਹਨ, ਜਿਨ੍ਹਾਂ ਨੂੰ ਪੁੱਛ ਕੇ ਦੇਖੋ ਕਿ ਸ਼ੌਕ ਵਿਚ ਕਿੰਨੇ ‘ਚ ਪੈਂਦਾ ਹੈ। ਸਰਦੇ ਪੁੱਜਦੇ ਪਰਿਵਾਰਾਂ ਲਈ ਵਿਆਹ ਹੁਣ ਵਿਆਹ ਨਹੀਂ, ਸ਼ੌਕ ਦੇ ਤੰਦ ਹਨ। ਸਮੁੱਚਾ ਸਮਾਜਿਕ ਤਾਣਾ ਬਾਣਾ ਇਸ ਤੰਦੂਆ ਜਾਲ ਵਿਚ ਉਲਝ ਗਿਆ ਹੈ। ਪੰਜਾਬ ਵਿਚ ਚਾਰ ਪੰਜ ਵਰ੍ਹੇ ਪਹਿਲਾਂ ਬਾਲੀਵੁੱਡ ਤਰਜ਼ ‘ਤੇ ਵਿਆਹਾਂ ਤੋਂ ਪਹਿਲਾਂ ਫ਼ੋਟੋਗਰਾਫੀ (ਪ੍ਰੀ-ਵੈਡਿੰਗ ਸ਼ੂਟ) ਦਾ ਰੁਝਾਨ ਸ਼ੁਰੂ ਹੋਇਆ। ਮਹਾਂਨਗਰਾਂ ਤੋਂ ‘ਪ੍ਰੀ-ਵੈਡਿੰਗ ਸ਼ੂਟ’ ਤੁਰਿਆ ਤੇ ਹੁਣ ਪੰਜਾਬ ਦੇ ਪਿੰਡਾਂ ਤੱਕ ਪੁੱਜ ਪੁੱਜ ਗਿਆ। ਅੱਡੀਆਂ ਚੁੱਕ ਕੇ ਹੁਣ ਹਰ ਪੰਜਾਬੀ ‘ਪ੍ਰੀ-ਵੈਡਿੰਗ ਸ਼ੂਟ’ ਉੱਤੇ ਵੀ ਜੇਬ ਢਿੱਲੀ ਕਰਦਾ ਹੈ।
ਹਰ ਜੋੜੀ ਆਖਦੀ ਹੈ ਕਿ ‘ਪ੍ਰੀ-ਵੈਡਿੰਗ ਸ਼ੂਟ’ ਨਾਲ ਇੱਕ ਯਾਦ ਕਾਇਮ ਰਹਿ ਜਾਂਦੀ ਹੈ। ਚੰਡੀਗੜ੍ਹ, ਮੁਹਾਲੀ ਤੇ ਲੁਧਿਆਣਾ ਵਿਚ ਏਦਾਂ ਦੇ ਸਟੂਡੀਓ ਵੀ ਹਨ, ਜਿਨ੍ਹਾਂ ਦਾ ਬਜਟ ਪੰਜ ਲੱਖ ਰੁਪਏ ਤੱਕ ਵੀ ਚਲਾ ਜਾਂਦਾ ਹੈ। ਔਸਤਨ ਬਜਟ 50 ਹਜ਼ਾਰ ਤੋਂ ਲੱਖ ਰੁਪਏ ਤੱਕ ਰਹਿੰਦਾ ਹੈ। ਅੰਮ੍ਰਿਤਸਰ ਦੇ ਸਟੂਡੀਓ ਡੇਢ ਲੱਖ ਤੱਕ ‘ਪ੍ਰੀ-ਵੈਡਿੰਗ ਸ਼ੂਟ’ ਦਾ ਖਰਚਾ ਲੈਂਦੇ ਹਨ। ਮਾਲਵੇ ਦੇ ‘ਪ੍ਰੀ-ਵੈਡਿੰਗ ਸ਼ੂਟ’ ਦੇ ਮਾਹਿਰ ਰੌਕੀ ਸ਼ੂਟਰ ਨੇ ਦੱਸਿਆ ਕਿ ‘ਪ੍ਰੀ ਵੈਡਿੰਗ ਸ਼ੂਟ’ ਨੇ ਫ਼ੋਟੋਗਰਾਫ਼ਰਾਂ ਨੂੰ ਵੱਡਾ ਰੁਜ਼ਗਾਰ ਦਿੱਤਾ ਹੈ ਤੇ ਤਿੰਨ ਚਾਰ ਸਾਲਾਂ ਤੋਂ ਰੁਝਾਨ ਕਾਫ਼ੀ ਵਧਿਆ ਹੈ। ਉਹ ਦੱਸਦਾ ਹੈ ਕਿ ਹੁਣ ਤਾਂ ਪਹੁੰਚ ਵਾਲੇ ਲੋਕ ਵਿਦੇਸ਼ਾਂ ਵਿਚ ਜਿਵੇਂ ਥਾਈਲੈਂਡ, ਸਿੰਘਾਪੁਰ, ਮਲੇਸ਼ੀਆ, ਪੈਰਿਸ ਤੇ ਦੁਬਈ ਵਿਚ ‘ਪ੍ਰੀ ਵੈਡਿੰਗ ਸ਼ੂਟ’ ਵਾਸਤੇ ਜਾਂਦੇ ਹਨ, ਜਿਨ੍ਹਾਂ ਦਾ ਖਰਚਾ ਦੋ ਲੱਖ ਤੋਂ ਪੰਜ ਲੱਖ ਚਲਾ ਜਾਂਦਾ ਹੈ। ਪੰਜਾਬ ਦੇ ਬਹੁਤੇ ਜੋੜੇ ਰਾਜਸਥਾਨ ਵਿਚ ਉਦੈਪੁਰ, ਜੈਪੁਰ, ਜੋਧਪੁਰ, ਜੈਸਲਮੇਰ, ਹਿਮਾਚਲ ਪ੍ਰਦੇਸ਼ ਵਿਚ ਊਨਾ, ਕਾਂਗੜਾ, ਸ਼ਿਮਲਾ ਤੋਂ ਇਲਾਵਾ ਕਸ਼ਮੀਰ ਤੇ ਲੱਦਾਖ਼ ਵਿਚ ਵੀ ਪ੍ਰੀ-ਵੈਡਿੰਗ ਸ਼ੂਟ ਲਈ ਜਾਂਦੇ ਹਨ।
ਦਿੱਲੀ ਯੂਨੀਵਰਸਿਟੀ ਦੇ ਪ੍ਰੋ.ਡਾ. ਰਵੀ ਰਵਿੰਦਰ ਦਾ ਪ੍ਰਤੀਕਰਮ ਹੈ ਕਿ ਪਹਿਲਾਂ ਵਿਆਹ ਸਮਾਜਿਕ ਰਸਮ ਤੇ ਮੁਹੱਬਤ ਦੀ ਗੰਢ ਹੁੰਦੇ ਸਨ। ਹੁਣ ਵਿਆਹ ਵਿਖਾਵੇ ਬਣ ਗਏ ਹਨ, ਜਿਨ੍ਹਾਂ ਦੀ ਚਮਕ ਦਮਕ ਆਮ ਪਰਿਵਾਰਾਂ ਦਾ ਕਚੂਮਰ ਕੱਢ ਦਿੰਦੀ ਹੈ। ਮਾਲਵਾ ਖ਼ਿੱਤੇ ਵਿਚ ਪ੍ਰੀ-ਵੈਡਿੰਗ ਸ਼ੂਟ ਲਈ ਬਕਾਇਦਾ ਲੋਕੇਸ਼ਨਾਂ ਬਣ ਗਈਆਂ ਹਨ। ਬੁਲਾਡੇਵਾਲਾ ਅਤੇ ਭੁੱਚੋ ਕਲਾਂ ਵਿਚ ਫ਼ਿਲਮ ਸਿਟੀ ਦੀ ਤਰਜ਼ ‘ਤੇ ਥਾਵਾਂ ਤਿਆਰ ਕੀਤੀਆਂ ਗਈਆਂ ਹਨ, ਜੋ ਪ੍ਰੀ-ਵੈਡਿੰਗ ਸ਼ੂਟ ਦਾ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਤੱਕ ਕਿਰਾਇਆ ਵਸੂਲ ਕਰਦੇ ਹਨ। ਨਾਭਾ ਵਿਚ ਦੋ ਹਵੇਲੀਆਂ ਹਨ, ਜਿਨ੍ਹਾਂ ਦਾ ਅੱਠ ਹਜ਼ਾਰ ਰੁਪਏ ਦਿਨ ਦਾ ਕਿਰਾਇਆ ਹੈ।
ਰਾਏਕੋਟ ਵਿਚ ਹਵੇਲੀ ਦਾ 15 ਹਜ਼ਾਰ ਕਿਰਾਇਆ ਅਤੇ ਲੁਧਿਆਣਾ ‘ਚ ਇੱਕ ਲੋਕੇਸ਼ਨ ਦਾ ਕਿਰਾਇਆ 15 ਹਜ਼ਾਰ ਹੈ, ਜਿੱਥੇ ਸਿਰਫ਼ ਜੋੜੀ ਦੀ ਫ਼ੋਟੋਗਰਾਫੀ ਤੇ ਵੀਡੀਓਗਰਾਫੀ ਕੀਤੀ ਜਾਂਦੀ ਹੈ। ਫਿਰ ਇਹੋ ਤਸਵੀਰਾਂ ‘ਤੇ ਵੀਡੀਓ ਦੇ ਗਾਣੇ ਵਿਆਹ ਵਾਲੇ ਦਿਨ ਚੱਲਦੇ ਹਨ। ਬਠਿੰਡਾ ਦੀ ਫ਼ਰੰਟੀਅਰ ਲੈਬ ਦੇ ਨਵਲ ਮੌਂਗਾ ਦਾ ਕਹਿਣਾ ਸੀ ਕਿ ਪ੍ਰੀ-ਵੈਡਿੰਗ ਸ਼ੂਟ ਲਈ ਜੋੜੀਆਂ ਹੁਣ ਇਤਿਹਾਸਿਕ ਥਾਵਾਂ ‘ਤੇ ਜਾਂਦੀਆਂ ਹਨ। ਮੌਂਗਾ ਨੇ ਦੱਸਿਆ ਕਿ ਕਿਸਾਨੀ ਪਰਿਵਾਰਾਂ ਵਿਚ ਇਹ ਰੁਝਾਨ ਤੇਜ਼ੀ ਨਾਲ ਵਧਿਆ ਹੈ ਜਿੱਥੇ ਨਵੀਂ ਪੀੜ੍ਹੀ ਮਾਪਿਆਂ ‘ਤੇ ਹਾਵੀ ਹੁੰਦੀ ਹੈ। ਨਵੀਂ ਪੀੜ੍ਹੀ ਪ੍ਰੀ-ਵੈਡਿੰਗ ਸ਼ੂਟ ਵਿਚ ਸਭ ਸ਼ੌਕ ਪੂਰੇ ਕਰਦੀ ਹੈ। ਪੰਜਾਬੀ ਪਹਿਰਾਵੇ ਵਿਚ ਪੁਰਾਤਨ ਥਾਵਾਂ ‘ਤੇ ਫ਼ੋਟੋਗਰਾਫੀ ਕੀਤੀ ਜਾਂਦੀ ਹੈ।
ਹਾਲ ਹੀ ਵਿਚ ‘ਆਪ’ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੀ ‘ਪ੍ਰੀ-ਵੈਡਿੰਗ ਸ਼ੂਟ’ ਦੀਆਂ ਤਸਵੀਰਾਂ ਵੀ ਨਸ਼ਰ ਹੋਈਆਂ ਸਨ। ਸਟੂਡੀਓ ਵਾਲੇ ਇਸ ਗੱਲੋਂ ਖ਼ੁਸ਼ ਹਨ ਕਿ ਰੁਜ਼ਗਾਰ ਵਧਿਆ ਹੈ ਪਰ ਜਿਨ੍ਹਾਂ ਪਰਿਵਾਰਾਂ ਦੇ ਖ਼ਰਚੇ ਵਧੇ ਹਨ, ਉਨ੍ਹਾਂ ਦੀ ਬੇਵਸੀ ਵੀ ਕਿਸੇ ਤੋਂ ਭੁੱਲੀ ਨਹੀਂ। ਵਿਦੇਸ਼ਾਂ ਵਿਚੋਂ ਆਉਂਦੇ ਨੌਜਵਾਨ ‘ਪ੍ਰੀ-ਵੈਡਿੰਗ ਸ਼ੂਟ’ ਉੱਤੇ ਖਰਚਾ ਦਿਲ ਖੋਲ੍ਹ ਕੇ ਕਰਦੇ ਹਨ।
ਬਠਿੰਡਾ ਦੇ ਪ੍ਰੋ. ਸਤਨਾਮ ਸਿੰਘ ਜੱਸਲ ਆਖਦੇ ਹਨ ਕਿ ਅਸਲ ਵਿਚ ਪਿਛਲੇ ਅਰਸੇ ਤੋਂ ਪੰਜਾਬੀ ਵਿਆਹ ਤਾਂ ਮੇਲੇ ਹੀ ਬਣ ਗਏ ਹਨ। ਰੀਸੋ ਰੀਸ ਲੋਕ ਵਿਆਹਾਂ ‘ਤੇ ਖੁੱਲ੍ਹਾ ਖ਼ਰਚ ਕਰਨ ਲੱਗੇ ਹਨ। ਉਨ੍ਹਾਂ ਆਖਿਆ ਕਿ ਨਵੇਂ ਸੰਕਟ ਵਿਚ ਪੰਜਾਬ ਨੂੰ ਸਾਦਗੀ ਵੱਲ ਮੁੜਨਾ ਪੈਣਾ ਹੈ। ਹਰ ਕਿਸੇ ਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਪੈਣੇ ਹਨ। ਪੱਛਮੀਕਰਨ ਨੇ ਪੰਜਾਬੀ ਵਿਆਹਾਂ ‘ਤੇ ਵੀ ਵੱਡੇ ਅਸਰ ਛੱਡੇ ਹਨ। ਵਿਆਹਾਂ ‘ਤੇ ਹੁੰਦੇ ਖ਼ਰਚੇ ਦੀ ਮੁਕਾਬਲੇਬਾਜ਼ੀ ਤੋਂ ਪਿੱਛੇ ਹਟਣਾ ਹੁਣ ਵਕਤ ਦੀ ਲੋੜ ਵੀ ਹੈ।

Check Also

ਜਾਗ ਵੇ ਸੁੱਤਿਆ ਵੀਰਨਾ!

ਡਾ. ਗੁਰਬਖ਼ਸ਼ ਸਿੰਘ ਭੰਡਾਲ 001-216-556-2080 ਜਾਗ ਵੇ ਸੁੱਤਿਆ ਵੀਰਨਾ! ਤੇਰਾ ਗਰਾਂ ਲੁਟੀਂਦਾ ਆ। ਸਾੜਸੱਤੀ ਵਾਪਰ …