Breaking News
Home / ਨਜ਼ਰੀਆ / ਚੋਣਾਂ ਦੀ ਗੇਮ ਖਤਮ ਹੋ ਗਈ ਤੇ ਨਵੀਂ ਟੀਮ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਦੀ ਜ਼ਿੰਮੇਵਾਰੀ

ਚੋਣਾਂ ਦੀ ਗੇਮ ਖਤਮ ਹੋ ਗਈ ਤੇ ਨਵੀਂ ਟੀਮ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਦੀ ਜ਼ਿੰਮੇਵਾਰੀ

ਹਰਚੰਦ ਸਿੰਘ ਬਾਸੀ
ਪਿਛਲੇ ਦਿਨੀਂ ਬਰੈਂਪਟਨ ਸਿਟੀ ਦੀਆਂ ਚੋਣਾਂ ਸੰਪਨ ਹੋ ਗਈਆਂ। ਵੋਟਰਾਂ ਨੇ ਆਪੋ ਆਪਣੇ ਵਾਰਡਾਂ ਵਿੱਚੋਂ ਸਿਟੀ ਲਈ ਪ੍ਰਤੀਨਿਧ ਚੁਣ ਕੇ ਭੇਜੇ। ਬਹੁ ਗਿਣਤੀ ਵੋਟਰਾਂ ਨੇ ਜਿਸ ਦੇ ਹੱਕ ਵਿੱਚ ਵੋਟਾਂ ਪਾਈਆਂ ਉਹਨਾਂ ਦੇ ਸਿਰ ‘ਤੇ ਜਿੱਤ ਦਾ ਤਾਜ ਸਜਿਆ। ਜਿੰਨੀ ਕੁ ਪਹਿਲਾਂ ਜਿੱਤ ਹਾਰ ਲਈ ਲੋਕਾਂ ਵਿੱਚ ਚਰਚਾ ਸੀ। ਉਸੇ ਤਰ੍ਹਾਂ ਇਲੈਕਸ਼ਨ ਦੇ ਨਤੀਜੇ ਆਉਣ ਤੋਂ ਬਾਅਦ ਥਾਂ-ਥਾਂ ‘ਤੇ ਚੀਰ ਫਾੜ ਕਰਦੇ ਵੇਖੇ ਗਏ। ਆਪਣੇ ਦਾਅਵੇ ਦੀ ਬੜੇ ਜ਼ੋਰਦਾਰ ਢੰਗ ਨਾਲ ਪੁਸ਼ਟੀ ਕਰਦੇ ਵੇਖੇ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਫਲਾਣਾ ਉਮੀਦਵਾਰ ਪੱਕਾ ਜਿੱਤ ਜਾਏਗਾ। ਦੂਜਾ ਕਹਿੰਦਾ ਜਿੱਤ ਤਾਂ ਨਹੀਂ ਸਕਦਾ ਸੀ ਪਰ ਅਖੀਰ ਵਿੱਚ ਵੋਟਰਾਂ ਨੇ ਧੋਖਾ ਦਿੱਤਾ ਕਹਿੰਦੇ ਕਿਸੇ ਨੂੰ ਰਹੇ ਤੇ ਵੋਟ ਕਿਸੇ ਹੋਰ ਪਾਸੇ ਪਾ ਗਏ। ਗੇਮ ਖੇਡਦੇ ਖਿਡਾਰੀ ਕੁੱਝ ਜਿੱਤ ਜਾਂਦੇ ਹਨ ਕੁੱਝ ਹਾਰ ਜਾਂਦੇ ਹਨ। ਹਾਰ ਜਿੱਤ ਦੇ ਸਿਲਸਲੇ ਨਾਲ ਗੇਮ ਦਾ ਅੰਤ ਹੋ ਜਾਂਦਾ ਹੈ। ਸਿਟੀ ਲਈ ਮੇਅਰ ਦੀ ਚੋਣ ਸਬੰਧੀ ਚੋਣ ਤੋਂ ਪਹਿਲਾਂ ਇੱਕੋ ਨਾਮ ਜਿਨ੍ਹਾਂ ਲੋਕਾਂ ਦੀ ਜਬਾਨ ‘ਤੇ ਸੀ ਉਹ ਸਨ ਵਧੇਰੇ ਕਰਕੇ ਇੱਕ ਕਮਿਊਨਿਟੀ ਦੇ। ਆਪਣੇ ਅੰਦਾਜ਼ ਵਿੱਚ ਉਹਨਾਂ ਨੇ ਖੂਬ ਪ੍ਰਚਾਰ ਕੀਤਾ ਸੀ ਕਿ ਸਿਟਿੰਗ ਮੇਅਰ ਲਿੰਡਾ ਜੈਫਰੀ ਦਾ ਕੋਈ ਤੋੜ ਨਹੀਂ ਇਹ ਇੱਕ ਤਰਫਾ ਮੈਚ ਹੈ। ਬਾਕੀ ਤਾਂ ਮੇਅਰ ਦੇ ਉਮੀਦਵਾਰ ਬੁਰੀ ਤਰ੍ਹਾਂ ਹਾਰਨਗੇ। ਉਹਨਾਂ ਨੂੰ ਬੁਰੀ ਤਰ੍ਹਾਂ ਨਮੋਸ਼ੀ ਝੱਲਣੀ ਪਏਗੀ। ਹੋਰ ਤਰ੍ਹਾਂ ਦੇ ਵਿਸ਼ੇਸ਼ਣ ਵਰਤੇ ਜਾਂਦੇ ਰਹੇ। ਇਸ ਗੱਲ ਦੀ ਪੁਸ਼ਟੀઠઠਲਈ ਲਿੰਡਾ ਜੈਫਰੀ ਦੇ ਹੱਕ ਵਿੱਚ ਕੀਤੇ ਗਏ ਵੱਡੇ ਇਕੱਠ ਦੀ ਉਦਾਹਰਨ ਦਿੰਦੇ ਸਨ। ਉਸ ਦੇ ਹਮਾਇਤੀ ਇਹ ਕਹਿੰਦੇ ਸੁਣੇ ਜਾ ਸਕਦੇ ਸਨ ਕਿ ਬਰੈਂਪਟਨ ਦੇ ਪੰਜ ਐਮ ਪੀ, ਕੁਝ ਐਮ ਪੀ ਪੀ, ਗੁਰਦੁਆਰਾ ਸਭਾਵਾਂ, ਸ਼ਹਿਰ ਦੇ ਕੁੱਝ ਵੱਡੇ ਬਿਜਨਸਮੈਨ ਉਸ ਦੀ ਹਮਾਇਤ ਵਿੱਚ ਪਹੁੰਚੇ ਸਨ। ਬਾਕੀ ਜਨਤਾ ਦਾ ਤਾਂ ਪੁੱਛੋ ਨਾ ਕਿੰਨੀ ਕੁ ਸੀ। ਗੱਲਾਂ ਕਰਕੇ ਸਿਟੀ ਵਿੱਚ ਇਸ ਤਰ੍ਹਾਂ ਦਾ ਮਹੌਲ ਬਣਾਇਆ ਗਿਆ ਸੀ। ਕਈ ਨਾਮੀ ਗਰਾਮੀ ਲੋਕਾਂ ਨੇ ਇਸ ਇਕੱਠ ਦੇ ਪ੍ਰਬੰਧ ਲਈ ਪੈਸਾ ਲਾਇਆ ਸੀ। ਇਸ ਤੋਂ ਇਹ ਵੀ ਲੋਕ ਕਹਿੰਦੇ ਸੁਣੇ ਗਏ ਕਿઠઠਬਰੈਂਪਟਨ ਦੀਆਂ ਚੋਣਾਂ ਨੂੰ ਪੰਜਾਬ ਅਨੁਸਾਰ ਢਾਲਣ ਦੇ ਰਾਹ ਤੁਰ ਪਏ ਹਨ। ਇਸ ਨਾਲ ਰਾਜਨੀਤੀ ਗੰਧਲੀ ਹੋ ਜਾਏਗੀ। ਜੋ ਭਵਿਖ ਲਈ ਚੰਗੇ ਸੰਕੇਤ ਨਹੀਂ। ਜੋ ਅੱਜ ਪੈਸਾ ਲਾਉਂਦੇ ਹਨ ਉਹ ਦਬਾਅ ਬਣਾ ਕੇ ਆਪਣੇ ਹਿੱਤਾਂ ਲਈ ਗਲਤ ਫੈਸਲੇ ਕਰਾਉਣਗੇ ਜੋ ਆਮ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਹੋਵੇਗਾ।
ਦੂਸਰੇ ਪਾਸੇ ਪੈਟਰਿਕ ਬਰਾਊਨ ਦੀ ਜਿੱਤ ਦੀਆਂ ਕਨਸੋਆਂ ਵੀ ਦਿਨੋ ਦਿਨ ਜ਼ੋਰ ਪਕੜ ਰਹੀਆਂ ਸਨ। ਇਹ ਇੱਕ ਖਾਮੋਸ਼ ਜਿਹੀ ਹਵਾ ਦਾ ਹਨ੍ਹੇਰੀ ਬਨਣ ਦਾ ਸੰਕੇਤ ਦੇ ਰਹੀਆਂ ਸਨ। ਇਸ ਹਵਾ ਦੀ ਸਰਸਰਾਹਟ ਅਤੇ ਧਮਕ ਨੂੰ ਉਹ ਲੋਕ ਸੁਣ ਰਹੇ ਸਨ ਜੋ ਬਹੁਤੇ ਉਲਾਰੂ ਨਹੀਂ ਸਨ ਅਤੇ ਇਲੈਕਸ਼ਨ ਦੇ ਪਾਸਾ ਪਰਤਣ ਦੀ ਸੰਭਾਵਨਾ ਨੂੰ ਭਾਂਪ ਰਹੇ ਸਨ। ਉਹਨਾਂ ਦੇ ਪੈਟਰਿਕ ਬਰਾਉਨ ਦੇ ਜਿਤਣ ਦੇ ਸੰਕੇਤ ਨਿਰਮੂਲ ਨਹੀਂ ਸਨ ਸਗੋਂ ਹਕੀਕਤ ਵਿੱਚ ਬਦਲ ਗਏ। ਗਿਣਤੀ ਵੇਲੇ ਲਿੰਡਾ ਜੈਫਰੀ ਦੇ ਹਮਾਇਤੀ ਜਿਹੜੇ ਉਸ ਦੀ ਜਿੱਤ ਦੇ ਦਾਅਵੇ ਬੰਨ੍ਹਦੇ ਸਨ, ਸਾਹ ਰੋਕ ਕੇ ਲੀਡ ਟੁੱਟਣ ਦੀ ਖਬਰ ਸੁਨਣ ਲਈ ਬੇਚੈਨ ਸਨ। ਪਰ ਉਹ ਸਮਾਂ ਨਾ ਆਇਆ। ਪੈਟਰਿਕ ਬਰਾਊਨ ਦੀ ਜਿੱਤ ਦਾ ਘੋੜਾ ਸਰਪਟ ਦੌੜਦਾ ਜਿੱਤ ਦੀ ਮੰਜ਼ਿਲ ਵੱਲ ਜਾ ਰਿਹਾ ਸੀ। ਆਖਰ ਨੂੰ ਪੈਟਰਿਕ ਬਰਾਊਨ ਨੇ ਬ੍ਰੈਂਪਟਨ ਸਿਟੀ ਦੇ ਮੇਅਰ ਦੀ ਕੁਰਸੀ ਸੰਭਾਲ ਲਈ।
ਕੁੱਝ ਕੁ ਲਿੰਡਾ ਜੈਫਰੀ ਦੇ ਹਮਾਇਤੀ ਉਸ ਦੇ ਮੇਅਰ ਬਨਣ ‘ਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਕੀ ਕੀ ਉਮੀਦਾਂ ਲਗਾਈ ਬੈਠੇ ਸਨ ਉਹ ਸੱਭ ਧਰੀਆਂ ਧਰਾਈਆਂ ਰਹਿ ਗਈਆਂ। ਕੁੱਝ ਲੋਕ ਇਹ ਵੀ ਕਹਿੰਦੇ ਸੁਣੇ ਗਏ ਕਿ ਉਸ ਦਿਨ ਦੇ ਇਕੱਠ ਨੇ ਲਿੰਡਾ ਜੈਫਰੀ ਦੀ ਹਾਰ ਦਾ ਰਾਹ ਬਣਾ ਦਿਤਾ ਸੀ। ਕੁੱਝ ਹੋਰ ਕਮਿਊਨਿਟੀਆਂ ਦੇ ਲੋਕ ਲਿੰਡਾ ਜੈਫਰੀ ਤੋਂ ਪਾਸਾ ਵੱਟ ਗਏ। ਇਹ ਕੀ ਕੁੱਝ ਹੋਇਆ ਕਿਉਂ ਹੋਇਆ ਇਸ ਦਾ ਫੈਸਲਾ ਕਰਨਾ ਇੰਨਾ ਕਠਿਨ ਹੈ ਜਿੰਨਾ ਪਾਣੀ ਵਿੱਚੋਂ ਮੱਖਣ ਕੱਢਣਾ ਹੁੰਦਾ ਹੈ। ਜਿੱਤ ਵੇਲੇ ਸੱਭ ਲੋਕਾਂ ਦੀ ਹਮਾਇਤ ਦਿਸਦੀ ਹੈ ਅਤੇ ਹਾਰ ਵੇਲੇ ਕਈਆਂ ‘ਤੇ ਸੰਕੇ ਖੜ੍ਹੇ ਹੁੰਦੇ ਹਨ। ઠਸਿਆਣੇ ਕਹਿੰਦੇ ਹਨઠ”ਉਹੀ ਸੱਚ ਨਹੀਂ ਜੋ ਮੈਂ ਕਿਹਾ ਹੈ ਸੱਚ ਉਹ ਹੈ ਜਿਸ ਦਾ ਚਾਨਣ ਸੱਭ ਨੂੰ ਹੋਵੇ।
ਚਲੋ ਲੋਕ ਰਾਜ ਵਿੱਚ ਇਹ ਪ੍ਰਕਿਰਿਆ ਅਤਿ ਜਰੂਰੀ ਹੈ। ਵੱਖ-ਵੱਖ ਤਜਰਬੇਕਾਰ, ਈਮਾਨਦਾਰ, ਚੰਗਾ ਦ੍ਰਿਸ਼ਟੀਕਣ ਰੱਖਣ ਵਾਲੇ ਲੋਕਾਂ ਨੂੰ ਅੱਗੇ ਆ ਕੇ ਲੋਕਾਂ ਦੇ ਭਲੇ ਲਈ ਆਪਣੀ ਯੋਗਤਾ ਵਿਖਾਉਣ ਲਈ ਮੈਦਾਨ ਵਿੱਚ ਆਉਣਾ ਚਾਹੀਦਾ ਹੈ। ਜਨਤਾ ਨੇ ਆਪਣੇ ਪੈਸੇ ਨੂੰ ਵਰਤਣ ਦਾ ਹੱਕ ਉਹਨਾਂ ਨੂੰ ਦੇਣਾ ਹੁੰਦਾ ਹੈ। ਇਸ ਲਈ ਜਿਨ੍ਹਾਂ ਵੀ ਉਮੀਦਵਾਰ ਨੂੰ ਜਨਤਾ ਨੇ ਚੁਣਿਆ ਹੈ ਉਹ ਜਨਤਾ ਦੇ ਇੱਕ ਇੱਕ ਪੈਸੇ ਨੂੰ ਵਰਤਣ ਵੇਲੇઠઠਜਨਤਾ ਪ੍ਰਤੀ ਆਪਣੀ ਵਫਾਦਾਰੀ ਦਾ ਧਿਆਨ ਰੱਖਣ।
ਜੋ ਉਮੀਦਵਾਰ ਜਿੱਤ ਗਏ ਉਹਨਾਂ ਸੱਭ ਨੂੰ ਬਹੁਤ-ਬਹੁਤ ਵਧਾਈਆਂ। ਹੁਣ ਇਸ ਚੋਣ ਤੋਂ ਪਿੱਛੋਂ ਸਿਟੀ ਦੇ ਪ੍ਰਤੀਨਿਧਾਂ ਮੇਅਰ, ਰਿਜਨਲ ਕੌਂਸਲਰ, ਕੌਂਸਲਰ, ਸਕੂਲ ਟਰੱਸਟੀ ਇੱਕ ਟੀਮ ਬਣਾ ਕੇ ਸਿਟੀ ਦੀ ਬਿਹਤਰੀ ਲਈ ਕੰਮ ਕਰਨ। ਆਪਸੀ ਖਿਚੋਤਾਣ ਲੋਕਾਂ ਦੇ ਭਰੋਸੇ ਨੂੰ ਸੱਟ ਲਾਏਗੀ। ਸ਼ਹਿਰ ਦੇ ਲੋਕਾਂ ਦਾ ਨੁਕਸਾਨ ਹੋਵੇਗਾ। ਜੋ ਕੰਮ ਅੱਜઠઠਕਰਨ ਵਾਲਾ ਹੈ ਜੇ ਨਾ ਹੋਇਆ ਤਾਂ ਚਾਰ ਸਾਲ ਪਿਛੇ ਪੈ ਜਾਏਗਾ ਜਿਸ ਨਾਲ ਅੱਜ ਦੇ ਬੱਚੇ ਆਦਮੀ ਔਰਤਾਂ ਜ਼ਿੰਦਗੀ ਦੇ ਕਈ ਚੰਗੇ ਮੌਕਿਆਂ ਤੋਂ ਵਿਰਵੇ ਰਹਿ ਜਾਣਗੇ। ਸਿਟੀ ਵਿੱਚ ਯੂਨੀਵਰਸਿਟੀ, ਇੰਸ਼ੋਰੈਂਸ, ਕਰਾਈਮ, ਟਰੈਫਿਕ ਸਮੱਸਿਆਵਾਂ, ਹਸਪਤਾਲ, ਰੋਜ਼ਗਾਰ ਦੇ ਸਾਧਨ, ਲਾਈਟ ਰੇਲਵੇ, ਟਰਾਂਸਿਟ ਆਦਿ ਜਿਹੀਆਂ ਭਖਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਸਾਧਨ ਜੁਟਾਉਣਗੇ। ਯੂਨੀਵਰਸਿਟੀ ਦੀ ਮੰਗ ਪ੍ਰੋਵੈਂਸ਼ੀਅਲ ਸਰਕਾਰ ਨੇ ਰੱਦ ਕਰ ਦਿੱਤੀ ਹੈ। ਇਸ ਦਾ ਕੀ ਬਣੇਗਾ। ਲੋਕ ੳਮੀਦ ਰੱਖ ਕੇ ਉਡੀਕ ਕਰਨਗੇ ਕਦ ਇਹ ਵੱਡੇ ਕੰਮ ਅਤੇ ਸ਼ਹਿਰ ਨਾਲ ਜੁੜੇ ਕਈ ਹੋਰ ਕੰਮ ਨੇਪਰੇ ਚੜ੍ਹਨਗੇ। ਚੁਣੇ ਗਏ ਪ੍ਰਤੀਨਿਧਾਂ ਨੂੰ ਜਿੱਤ ਦਾ ਹਨੀਮੂਨ ਮਣਾ ਕੇ ਬੇਲੋੜੇ ਗਰੂਰ ਨੂੰ ਛੱਡ ਕੇ, ਮਿਲ ਕੇ ਸ਼ਹਿਰ ਦੀ ਪ੍ਰਗਤੀ ਲਈ ਆਪਣੀ ਵਧੀਆਂ ਕਾਰਜਸ਼ੈਲੀ ਦਾ ਪ੍ਰਗਟਾਵਾ ਕਰਨ ਚਾਹੀਦਾ ਹੈ। ਜਿੱਤੀੇ ਜਾਂ ਹਾਰੀ ਧਿਰ ਦੇ ਸ਼ਹਿਰ ਦੇ ਪਤਵੰਤੇ ਜੋ ਚੋਣਾਂ ਵਿੱਚ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ ਸ਼ਹਿਰ ਦੀ ਬਿਹਤਰੀ ਲਈ ਆਪਣੇ ਸਾਰਥਿਕ, ਅਮਲ ਵਿੱਚ ਲਿਆਂਦੇ ਜਾ ਸਕਣ ਵਾਲੇ ਸੁਝਾੳ ਸਮੇਂ-ਸਮੇਂ ‘ਤੇ ਸਿਟੀ ਕੌਂਸਲ ਨੂੰ ਭੇਜਦੇ ਰਹਿਣਾ ਚਾਹੀਦਾ ਹੈ। ਹਾਰ ਜਿੱਤ ਤੋਂ ਬਾਅਦ ਸਿਟੀ ਕੌਂਸਲ ਸੱਭ ਲੋਕਾਂ ਦੀ ਹੈ। ਸਿਟੀ ਕੌਂਸਲ ਅਤੇ ਸ਼ਹਿਰ ਦੇ ਲੋਕਾਂ ਰਲ ਕੇ ਕੰਮ ਕਰਨਾ ਹੈ। ਆਮ ਲੋਕਾਂ ਨੂੰ ਸਿਟੀ ਦੇ ਕਾਨੂੰਨਾਂ ਦੇ ਪਾਬੰਦ ਰਹਿਣਾ ਚਾਹੀਦਾ ਹੈ। ਅਸੀਂ ਸਾਰਿਆਂ ਮਿਲ ਕੇ ਸ਼ਹਿਰ ਦੀ ਸੁੰਦਰਤਾ ਅਤੇ ਪ੍ਰਗਤੀ ਦੀ ਰਾਖੀ ਕਰਨੀ ਹੈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …