Breaking News
Home / ਹਫ਼ਤਾਵਾਰੀ ਫੇਰੀ / ਕੇਜਰੀਵਾਲ, ਸੰਜੇ ਸਿੰਘ ਤੇ ਭਗਵੰਤ ਮਾਨ ਖਿਲਾਫ ਪਟੀਸ਼ਨ

ਕੇਜਰੀਵਾਲ, ਸੰਜੇ ਸਿੰਘ ਤੇ ਭਗਵੰਤ ਮਾਨ ਖਿਲਾਫ ਪਟੀਸ਼ਨ

a photo of the atatck on Kejriwal's car near Ludhiana.

19 ਮਾਰਚ ਨੂੰ ਹੋਵੇਗੀ ਸੁਣਵਾਈ
ਲੁਧਿਆਣਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਖ਼ਿਲਾਫ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਥਿਤ ਪੋਸਟਰ ਨੂੰ ਲੈ ਕੇ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ। ਇਹ ਪਟੀਸ਼ਨ ਮੋਗਾ ਦੇ ਰਹਿਣ ਵਾਲੇ ਜਗਦੀਪ ਸਿੰਘ ਗਿੱਲ ਨੇ ਦਾਖਲ ਕੀਤੀ ਹੈ। ਆਪਣੀ ਪਟੀਸ਼ਨ ਵਿੱਚ ਜਗਦੀਪ ਸਿੰਘ ਗਿੱਲ ਨੇ ਇਲਜ਼ਾਮ ਲਾਇਆ ਹੈ ਕਿ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਨ ਮੌਕੇ ‘ਆਪ’ ਵੱਲੋਂ ਪੋਸਟਰ ਵੰਡ ਕੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਗਦੀਪ ਸਿੰਘ ਅਨੁਸਾਰ ਆਮ ਆਦਮੀ ਨੇ ਰਾਜਨੀਤਕ ਲਾਭ ਲਈ ਅਜਿਹਾ ਕੀਤਾ। ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ। ‘ਆਪ’ ਦੇ ਤਿੰਨ ਆਗੂਆਂ ਤੋਂ ਇਲਾਵਾ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਪਾਰਟੀ ਦੇ ਫ਼ਰੀਦਕੋਟ ਤੋਂ ਐਮ.ਪੀ. ਪ੍ਰੋਫੈਸਰ ਸਾਧੂ ਸਿੰਘ ਦਾ ਨਾਮ ਵੀ ਪਟੀਸ਼ਨ ਵਿੱਚ ਸ਼ਾਮਲ ਹੈ।
ਲੁਧਿਆਣਾ ਵਿੱਚ ਕੇਜਰੀਵਾਲ ਦੀ ਕਾਰ ‘ਤੇ ਪਥਰਾਅ
ਲੁਧਿਆਣਾ : ਪੰਜਾਬ ਦੌਰੇ ‘ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਾਫ਼ਲੇ ‘ਤੇ ਇੱਥੇ ਪਥਰਾਅ ਹੋਇਆ। ਇਸ ਦੌਰਾਨ ਇਕ ਇਨੋਵਾ ਗੱਡੀ ਦਾ ਸ਼ੀਸ਼ਾ ਟੁੱਟ ਗਿਆ, ਪਰ ਉਸ ਵਿੱਚ ਬੈਠੇ ਕੇਜਰੀਵਾਲ ਤੇ ਹੋਰ ਸਾਰਿਆਂ ਦਾ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੇਜਰੀਵਾਲ ਲੁਧਿਆਣਾ ਵਿੱਚ ਸਨਅਤਕਾਰਾਂ ਨਾਲ ਮੀਟਿੰਗ ਕਰਨ ਲਈ ਆਏ ਹੋਏ ਸਨ। ਉਨ੍ਹਾਂ ਦਾ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਇਕ ਰਿਜ਼ੋਰਟ ਵਿੱਚ ਸਮਾਗਮ ਸੀ। ਕੇਜਰੀਵਾਲ ਦੇ ਸਮਾਗਮ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਰਿਜ਼ੋਰਟ ਦੇ ਬਾਹਰ ਕਤਲੇਆਮ ਪੀੜਤਾਂ, ਅਕਾਲੀ ਦਲ ਅਤੇ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਸਮਾਗਮ ਖ਼ਤਮ ਹੋਣ ਤੱਕ ਵੀ ਰਿਜ਼ੋਰਟ ਦੇ ਦੋਵੇਂ ਮੇਨ ਗੇਟਾਂ ਦੇ ਬਾਹਰ ਕਤਲੇਆਮ ਪੀੜਤਾਂ ਤੇ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਵੱਲੋਂ ਪ੍ਰਦਰਸ਼ਨ ਜਾਰੀ ਸੀ, ਇਸ ਕਰਕੇ ਪੁਲਿਸ ਨੇ ‘ਆਪ’ ਆਗੂ ਦੇ ਕਾਫ਼ਲੇ ਨੂੰ ਪਿਛਲੇ ਗੇਟ ਤੋਂ ਪਿੰਡਾਂ ਵਿੱਚ ਕੱਢਣ ਦੀ ਯੋਜਨਾ ਬਣਾਈ। ਇਸ ਬਾਰੇ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਪਤਾ ਲੱਗ ਗਿਆ ਤੇ ਉਹ ਪਹਿਲਾਂ ਹੀ ਇਸ ਰੂਟ ‘ਤੇ ਪਹੁੰਚ ਗਏ। ਉਨ੍ਹਾਂ ਕਾਫ਼ਲੇ ਨੂੰ ਦੇਖਦਿਆਂ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਅਰਵਿੰਦ ਕੇਜਰੀਵਾਲ ਦੀ ਗੱਡੀ ਕੋਲ ਪਹੁੰਚ ਗਏ। ਇਸੇ ਦੌਰਾਨ ਪਿੱਛੋਂ ਕੁੱਝ ਨੌਜਵਾਨਾਂ ਨੇ ਕਾਫ਼ਲੇ ‘ਤੇ ਪਥਰਾਅ ਕਰ ਦਿੱਤਾ।
ਪਥਰਾਅ ਦੌਰਾਨ ਅਰਵਿੰਦ ਕੇਜਰੀਵਾਲ ਦੀ ਇਨੋਵਾ ਕਾਰ ਅਤੇ ‘ਆਪ’ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਗੱਡੀ ਦੇ ਸ਼ੀਸ਼ੇ ਟੁੱਟ ਗਏ, ਪਰ ਗੱਡੀਆਂ ਵਿੱਚ ਬੈਠੇ ਸਾਰੇ ਆਗੂ ਵਾਲ-ਵਾਲ ਬਚ ਗਏ। ਸ਼ੀਸ਼ੇ ਟੁੱਟਣ ਦੀ ਆਵਾਜ਼ ਸੁਣ ਕੇ ਰਸਤੇ ਵਿੱਚ ਹੀ ਸੁਰੱਖਿਆ ਕਰਮੀਆਂ ਨੇ ਕਾਫ਼ਲਾ ਰੋਕ ਦਿੱਤਾ ਅਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਭਜਾਇਆ। ਇਸ ਦੌਰਾਨ  ਕੇਜਰੀਵਾਲ ਦੇ ਸੁਰੱਖਿਆ ਕਰਮੀਆਂ ਤੇ ਯੂਥ ਅਕਾਲੀ ਦਲ ਦੇ ਵਰਕਰਾਂ ਵਿਚਕਾਰ ਗਾਲੀ ਗਲੋਚ ਵੀ ਹੋਇਆ। ਅਕਾਲੀ ਵਰਕਰਾਂ ਨੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਦੇ ਸੁਰੱਖਿਆ ਕਰਮੀ ਨੇ ਯੂਥ ਅਕਾਲੀ ਦਲ ਦੇ ਇਕ ਵਰਕਰ ਜੀਤਾ ਸਿੰਘ ਨੂੰ ਡੰਡਾ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ।
ਇਸੇ ਦੌਰਾਨ ਐਸਐਸਪੀ ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਥਾਣਾ ਦਾਖਾ ਵਿੱਚ ਅਣਪਛਾਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੱਥਰ ਮਾਰ ਕੇ ਦਹਿਸ਼ਤ ਫੈਲਾਉਣ ਅਤੇ ਤੋੜਫੋੜ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਪ੍ਰਦਰਸ਼ਨਕਾਰੀਆਂ ਦਾ ਪਤਾ ਲਾ ਕੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਵੇਗੀ।
ਸਰਕਾਰ ਤੇ ਕਾਂਗਰਸੀ ਆਗੂਆਂ ਦਾ ਹੱਥ: ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਪਥਰਾਅ ਦੀ ਘਟਨਾ ਤੋਂ ਬਾਅਦ ਟਵੀਟ ਕੀਤਾ ਕਿ ਇਸ ਪਿੱਛੇ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸੀ ਆਗੂਆਂ ਦਾ ਹੱਥ ਹੈ। ਅਜਿਹਾ ਕਰਕੇ ਇਹ ਲੋਕ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦਬਾਉਣਾ ਚਾਹੁੰਦੇ ਹਨ, ਪਰ ਅਜਿਹੇ ਪਥਰਾਅ ਕਰਵਾ ਕੇ ਜਾਂ ਫਿਰ ਪ੍ਰਦਰਸ਼ਨ ਕਰ ਕੇ ਕੋਈ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਹੀਂ ਦਬਾ ਸਕਦਾ।
ਸੁਖਬੀਰ ਨੇ ਕਰਵਾਇਆ ਕਾਤਲਾਨਾ ਹਮਲਾ: ‘ਆਪ’
ਚੰਡੀਗੜ੍ਹ  : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਸੰਗਠਨ ਮੁਖੀ ਦੁਰਗੇਸ਼ ਪਾਠਕ, ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਯੂਥ ਵਿੰਗ ਦੇ ਪ੍ਰਧਾਨ ਹਰਜੋਤ ਬੈਂਸ ਤੇ ਕਾਨੂੰਨੀ ਸੈੱਲ ਦੇ ਕਨਵੀਨਰ ਹਿੰਮਤ ਸਿੰਘ ਸ਼ੇਰਗਿੱਲ ਸਮੇਤ ਦੋਸ਼ ਲਾਇਆ ਕਿ ਪੰਜਾਬ ਵਿੱਚ ‘ਆਪ’ ਦੀ ਚੜ੍ਹਤ ਤੋਂ ਬੁਖਲਾਏ ਸੁਖਬੀਰ ਬਾਦਲ ਨੇ ਪਹਿਲਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜ ਰੋਜ਼ਾ ਦੌਰੇ ਦੌਰਾਨ ਵਿਰੋਧ ਪ੍ਰਦਰਸ਼ਨ ਕਰਵਾਏ ਅਤੇ ਇਸ ਸਭ ਦੇ ਬਾਵਜੂਦ ਦੌਰਾ ਸਫ਼ਲ ਹੋਣ ਤੋਂ ਬੁਖਲਾ ਕੇ ਕੇਜਰੀਵਾਲ ‘ਤੇ ਕਾਤਲਾਨਾ ਹਮਲਾ ਕਰਵਾਇਆ। ‘ਆਪ’ ਆਗੂ ਨੇ ਕਿਹਾ ਕਿ ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾ ਹੋਣ ਦੀ ਘਟਨਾ ਮੌਕੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਦੇ ਭਰਾ ਹਰਕਿੰਦਰ ਸਿੰਘ, ਲਤਾਲਾ ਤੋਂ ਅਕਾਲੀ ਦਲ ਦੇ ਇੰਚਾਰਜ ਅਮਨਦੀਪ ਸਿੰਘ ਔਲਖ, ਅਕਾਲੀ ਦਲ ਯੂਥ ਵਿੰਗ ਦੇ ਸਰਕਲ ਇੰਚਾਰਜ ਜੱਸਾ ਸਿੰਘ ਬਡਵਾਲ ਤੇ ਦਾਖਾ ਹਲਕੇ ਤੋਂ ਅਕਾਲੀ ਆਗੂ ਪ੍ਰਭਦੀਪ ਸਿੰਘ ਮਾਂਗਟ ਮੌਜੂਦ ਸਨ, ਜਿਸ ਬਾਰੇ ਜਾਣਕਾਰੀ ਐਸਐਸਪੀ ਜਗਰਾਓਂ ਰਵਚਰਨ ਸਿੰਘ ਬਰਾੜ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਥਾਂ ‘ਤੇ ‘ਆਪ’ ਨੇ ਉਦਯੋਗਪਤੀਆਂ ਨਾਲ ઠਰੂ-ਬ-ਰੂ ਰੱਖੀ ਸੀ, ਉਸ ਦੇ ਬਿਲਕੁਲ ਨਾਲ ਪੈਂਦੇ ઠਇਕ ਪੈਲੇਸ ਵਿੱਚ ਹੁਕਮਰਾਨਾਂ ਨੇ ਹਮਲਾਵਰਾਂ ਨੂੰ ਰੋਟੀ-ਪਾਣੀ ਛਕਾਇਆ ਸੀ ਅਤੇ ਉੱਥੋਂ ਹੀ ਉਨ੍ਹਾਂ ਨੂੰ ਲਾਠੀਆਂ ਤੇ ਪੱਥਰ ਮੁਹੱਈਆ ਕਰਕੇ ਹਮਲੇ ਲਈ ਭੇਜਿਆ ਗਿਆ ਸੀ।
ਸੁਖਬੀਰ ਵੱਲੋਂ ਨਿੰਦਾ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਰਵਿੰਦ ਕੇਜਰੀਵਾਲ ਦੀ ਕਾਰ ਉੱਤੇ ਪਥਰਾਅ ਹੋਣ ਦੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …