ਕਾਫੀ ਵਾਅਦੇ ਪੂਰੇ ਕਰ ਦਿੱਤੇ ਹਨ, ਬਾਕੀ ਵੀ ਪੂਰੇ ਕਰਾਂਗੇ : ਜੌਨ ਮਕੱਲਮ
ਮਿੱਸੀਸਾਗਾ/ਪਰਵਾਸੀ ਬਿਊਰੋ
ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਜੌਨ ਮਕੱਲਮ ਨੇ ਐਲਾਨ ਕੀਤਾ ਹੈ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਲਿਬਰਲ ਪਾਰਟੀ ਵੱਲੋਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਨਾਲ ਸੰਬੰਧਤ ਜਿਹੜੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਕਾਫੀ ਪੂਰੇ ਕਰ ਦਿੱਤੇ ਗਏ ਹਨ ਅਤੇ ਬਾਕੀ ਵੀ ਜਲਦੀ ਪੂਰੇ ਕੀਤੇ ਜਾਣਗੇ। ਬੀਤੇ ਸੋਮਵਾਰ ਨੂੰ ਅਦਾਰਾ ‘ਪਰਵਾਸੀ’ ਦੇ ਮਾਲਟਨ ਵਿੱਚ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਵਿੱਚ ਸਥਿਤ ਦਫਤਰ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਉਨ੍ਹਾਂ ਨੇ ਰੇਡੀਓ ਪਰਵਾਸੀ ਦੇ ਸਟੂਡਿਓ ਵਿੱਚ ਬੈਠ ਕੇ ਰੇਡੀਓ ਪਰਵਾਸੀ ਦੇ ਸੰਚਾਲਕ ਰਜਿੰਦਰ ਸੈਣੀ ਨਾਲ ਇਕ ਇੰਟਰਵਿਊ ਦੌਰਾਨ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਵੀਰਵਾਰ ਨੂੰ ਸਿਟੀਜ਼ਨਸ਼ਿਪ ਬਾਰੇ ਕੀਤੇ ਨਵੇਂ ਐਲਾਨਾਂ ਦੀ ਜਾਣਕਾਰੀ ਵੀ ਦਿੱਤੀ।
ਵਰਨਣਯੋਗ ਹੈ ਕਿ ਮੌਜੂਦਾ ਲਿਬਰਲ ਸਰਕਾਰ ਨੇ ਸਿਟੀਜ਼ਨਸ਼ਿਪ ਐਕਟ ਵਿੱਚ ਸੋਧ ਕਰਕੇ ਬਿੱਲ ਸੀ-24 ਦੇ ਪਿਛਲੀ ਕੰਸਰਵੇਟਿਵ ਸਰਕਾਰ ਵੱਲੋਂ ਪਾਸ ਕੀਤੇ ਐਕਟ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਬਿੱਲ ਮੁਤਾਬਕ ਜਿਹੜੇ ਵਿਅਕਤੀ ਕਿਸੇ ਵੀ ਅੱਤਵਾਦੀ ਜਾਂ ਹੋਰ ਸੰਗੀਨ ਅਪਰਾਧ ਵਿੱਚ ਸ਼ਾਮਲ ਹੁੰਦੇ ਸਨ ਅਤੇ ਜਿਨ੍ਹਾਂ ਕੋਲ ਦੋਹਰੀ ਨਾਗਰਿਕਤਾ ਹੁੰਦੀ ਸੀ, ਦੀ ਕੈਨੇਡੀਅਨ ਨਾਗਰਿਕਤਾ ਖਤਮ ਕਰਕੇ ਉਨ੍ਹਾਂ ਨੂੰ ਮੁਲਕ ਚੋਂ ਡਿਪੋਰਟ ਕੀਤਾ ਜਾ ਸਕਦਾ ਸੀ। ਜੋ ਹੁਣ ਨਹੀਂ ਹੋਵੇਗਾ। ਮੰਤਰੀ ਦਾ ਕਹਿਣਾ ਸੀ ਕਿ ਹਰ ਇਕ ਕੈਨੇਡੀਅਨ ਬਰਾਬਰਤਾ ਦਾ ਹਕੱਦਾਰ ਹੈ, ਚਾਹੇ ਉਹ ਨਵਾਂ ਕੈਨੇਡੀਅਨ ਹੋਵੇ ਹਾਂ ਪੁਰਾਣਾ। ਉਸ ਨੂੰ ਕੈਨੇਡਾ ‘ਚ ਰਹਿ ਕੇ ਹੀ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸੇ ਤਰਾ੍ਹਂ ਸਿਟੀਜ਼ਨਸ਼ਿਪ ਲੈਣ ਲਈ ਹੁਣ ਤਿੰਨ ਸਾਲ ਦਾ ਸਮਾਂ ਮੰਨਿਆ ਜਾਵੇਗਾ। ਇੰਜ ਪੰਜ ਸਾਲ ‘ਚੋਂ ਤਿੰਨ ਸਾਲ ਕੈਨੇਡਾ ਰਹਿਣਾ ਲਾਜ਼ਮੀ ਹੋਵੇਗਾ, ਜੋ ਪਿਛਲੀ ਸਰਕਾਰ ਨੇ 6 ਸਾਲ ‘ਚੋਂ ਚਾਰ ਸਾਲ ਕਰ ਦਿੱਤਾ ਸੀ।
ਮੰਤਰੀ ਨੇ ਦੱਸਿਆ ਕਿ ਜ਼ਰੂਰੀ ਨਹੀਂ ਕਿ ਨਵੇਂ ਆਏ ਇੰਮੀਗ੍ਰੈਂਟਾਂ ਨੂੰ ਅੰਗਰੇਜ਼ੀ ਆਊਂਦੀ ਹੋਵੇ। ਇਸ ਲਈ ਭਾਸ਼ਾ ਦਾ ਟੈਸਟ ਪਾਸ ਕਰਨ ਲਈ ਉਮਰ ਮੁੜ 18 ਤੋਂ 54 ਕਰ ਦਿੱਤੀ ਗਈ ਹੈ, ਜੋ ਪਿਛਲੀ ਸਰਕਾਰ ਨੇ 14 ਤੋਂ 65 ਕਰ ਦਿੱਤੀ ਸੀ।
ਵਿਦੇਸ਼ਾਂ ਤੋਂ ਆਏ ਵਿਦਿਆਰਥੀਆਂ ਨੂੰ ਸਿਟੀਜ਼ਨਸ਼ਿਪ ਦਾ ਲਾਭ ਦਿੰਦਿਆ ਉਨ੍ਹਾਂ ਕਿਹਾ ਕਿ ਅਜਿਹੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਅਤੇ ਕੰਮ ਦੌਰਾਨ ਕੈਨੇਡਾ ਵਿੱਚ ਬਿਤਾਏ ਸਮੇਂ ਚੋਂ ਅੱਧਾ ਸਮਾਂ ਜ਼ਰੂਰ ਗਿਣਿਆ ਜਾਵੇਗਾ।
ਸ਼੍ਰੀ ਸੈਣੀ ਵੱਲੋਂ ਮੰਤਰੀ ਨੂੰ ਯਾਦ ਕਰਵਾਇਆ ਗਿਆ ਕਿ ਟਰੱਕਿੰਗ ਕਿੱਤੇ ਵਿੱਚ ਕੰਮ ਕਰਦੇ ਟਰੱਕ ਡਰਾਈਵਰਾਂ ਨੂੰ ਕੰਮ ਦੇ ਸਿਲਸਿਲੇ ਵਿੱਚ ਅਕਸਰ ਅਮਰੀਕਾ ਜਾਣਾ ਪੈਂਦਾ ਹੈ, ਉਨ੍ਹਾਂ ਦਾ ਇਹ ਸਮਾਂ ਵੀ ਸਿਟੀਜ਼ਸ਼ਿਪ ਲਈ ਗਿਣਿਆ ਜਾਣਾ ਚਾਹੀਦਾ ਹੈ, ਜਿਸ ਬਾਰੇ ਗੰਭੀਰਤਾ ਨਾਲ ਗੌਰ ਕਰਨ ਦਾ ਮੰਤਰੀ ਨੇ ਵਾਅਦਾ ਕੀਤਾ।
ਮੰਤਰੀ ਨੇ ਦੱਸਿਆ ਕਿ ਉਹ ਬਹੁਤ ਜਲਦੀ ਐਲਾਨ ਕਰਨ ਵਾਲੇ ਹਨ ਕਿ ਹੁਣ ਫੈੇਮਿਲੀ ਕਲਾਸ ਵਿੱਚ 22 ਸਾਲ ਤੱਕ ਦੀ ਉਮਰ ਦੇ ਬੱਚੇ ਵੀ ਨਿਰਭਰ ਦੇ ਤੌਰ ਤੇ ਮਾਪਿਆਂ ਨਾਲ ਆ ਸਕਣਗੇ।
ਉਨ੍ਹਾਂ ਕਿਹਾ ਕਿ ਫੈਮਿਲੀ ਕਲਾਸ ਦੀਆਂ ਹਰ ਸਾਲ ਅਰਜ਼ੀਆਂ ਦੀ ਗਿਣਤੀ ਉਹ ਪਹਿਲਾਂ ਹੀ 5000 ਤੋਂ ਵਧਾ ਕੇ 10000 ਕਰ ਚੁੱਕੇ ਹਨ। ਜੋ ਕਿ ਅਗਲੇ ਸਾਲਾਂ ਦੌਰਾਨ ਵੀ ਜਾਰੀ ਰਹੇਗੀ। ਉਹ ਫੈਮਿਲੀ ਕਲਾਸ ਵਿੱਚ ਲਗ ਰਹੇ ਸਮੇਂ ਨੂੰ ਹੋਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸਿਟੀਜ਼ਨਸ਼ਿਪ ਲਈ ਵਧੀ ਫੀਸ ਨੂੰ ਉਨ੍ਹਾਂ ਘਟਾਉਣ ਦਾ ਕੋਈ ਵਾਅਦਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਕੋਈ ਵਾਅਦਾ ਨਹੀਂ ਕੀਤਾ ਸੀ। ਪਰੰਤੂ ਉਨ੍ਹਾਂ ਕਿਹਾ ਕਿ ਫੈਮਿਲੀ ਕਲਾਸ ਲਈ ਆਮਦਨ ਦੀ ਲਿਮਿਟ ਘਟਾਉਣ ਬਾਰੇ ਉਹ ਵਿਚਾਰ ਕਰ ਸਕਦੇ ਹਨ।
ਉਨ੍ਹਾਂ ਮੰਨਿਆ ਕਿ ਸਿਟੀਜ਼ਨਸ਼ਿਪ ਲੈਣ ਲਈ ਅਤੇ ਜੀਵਨ ਸਾਥੀ ਨੂੰ ਸਪਾਂਸਰ ਕਰਕੇ ਮੰਗਵਾਉਣ ਲਈ ਸਮਾਂ ਜ਼ਿਆਦਾ ਲਗ ਰਿਹਾ ਹੈ, ਜਿਸ ਨੂੰ ਉਹ ਘਟਾਉਣਗੇ।
ਸ਼੍ਰੀ ਸੈਣੀ ਵੱਲੋਂ ਜ਼ੋਰਦਾਰ ਤਰੀਕੇ ਨਾਲ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਝੂਠੇ ਵਿਆਹਾਂ ਰਾਹੀਂ ਅਤੇ ਕੈਨੇਡਾ ਪਹੁੰਚਦਿਆਂ ਹੀ ਲਾੜਾ-ਲਾੜੀ ਵੱਲੋਂ ਭੱਜ ਜਾਣ ਦੇ ਕੇਸਾਂ ਵਿੱਚ ਹੁਣ ਕਾਫੀ ਕਮੀ ਹੈ, ਜਿਸ ਦਾ ਸਿਹਰਾ ਨਵੇਂ ਬਣੇ ਉਸ ਕਾਨੂੰਨ ਨੂੰ ਜਾਂਦਾ ਹੈ, ਜਿਸ ਮੁਤਾਬਕ ਹੁਣ ਲਾੜੇ ਜਾਂ ਲਾੜੀ ਨੂੰ ਦੋ ਸਾਲ ਤੱਕ ਆਰਜ਼ੀ ਇੰਮੀਗ੍ਰੇਸ਼ਨ ਹੀ ਮਿਲਦੀ ਹੈ। ਮੰਤਰੀ ਦਾ ਕਹਿਣਾ ਸੀ ਕਿ ਇਸ ਦਾ ਦੂਜੇ ਪਾਸੇ ਦਰੁਪਯੋਗ ਵੀ ਹੋ ਰਿਹਾ ਹੈ। ਕਿਉਂਕਿ ਨਵੀਆਂ ਵਿਆਹ ਕੇ ਆਈਆਂ ਲੜਕੀਆਂ ਨੂੰ ਪਤੀ ਜਾਂ ਸਹੁਰਿਆਂ ਵੱਲੋਂ ਸ਼ੋਸ਼ਨ ਦਾ ਸ਼ਿਕਾਰ ਕੀਤਾ ਜਾਂਦਾ ਹੈ। ਪਰੰਤੂ ਸੈਣੀ ਵੱਲੋਂ ਜ਼ੋਰ ਦੇਣ ਤੇ ਉਨ੍ਹਾਂ ਕਿਹਾ ਕਿ ਇਸ ਕਾਨੂੰਨ ਵਿੱਚ ਤਬਦੀਲੀ ਕਰਨ ਤੋਂ ਪਹਿਲਾਂ ਉਹ ਪੂਰੀ ਗਭੀਰਤਾ ਨਾਲ ਸਲਾਹ ਮਸ਼ਵਰਾ ਕਰਨਗੇ।
ਅੰਤ ਵਿੱਚ ਉਨ੍ਹਾਂ ਨੇ ਇਸ ਗੱਲ ਤੇ ਤੱਸਲੀ ਅਤੇ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿਹੜਾ 25,000 ਸੀਰੀਅਨ ਰਿਫੂਜੀ ਮੰਗਵਾਊਣ ਦਾ ਐਲਾਨ ਕੀਤਾ ਸੀ, ਉਸ ਟੀਚੇ ਨੂੰ ਉਨ੍ਹਾਂ ਨੇ ਬਹੁਤ ਸਫਲਤਾ ਨਾਲ ਪੂਰਾ ਕਰ ਦਿੱਤਾ ਹੈ। ਉਨ੍ਹਾਂ ਮੰਨਿਆ ਕਿ ਉਨ੍ਹਾਂ ਦਾ ਸਟਾਫ ਇਸ ਕੰਮ ਵਿੱਚ ਬਹੁਤ ਵਿਅਸਤ ਸੀ। ਪਰੰਤੂ ਹੁਣ ਉਨ੍ਹਾਂ ਦਾ ਧਿਆਨ ਬਾਕੀ ਅਹਿਮ ਮੁੱਦਿਆਂ ਵੱਲ ਵੀ ਰਹੇਗਾ।
ਰੇਡੀਓ ਇੰਟਰਵਿਊ੍ਹ ਤੋਂ ਬਾਦ ਮੰਤਰੀ ਮਕੱਲਮ ਕਾਫੀ ਦੇਰ ਤੱਕ ਆਪਣੀ ਸਹਿਯੋਗੀ ਲੀਸਾ ਦੇ ਨਾਲ ਅਦਾਰਾ ਪਰਵਾਸੀ ਦੇ ਦਫਤਰ ਰੁਕੇ ਅਤੇ ਪਰਵਾਸੀ ਦੇ ਸਾਰੇ ਸਟਾਫ ਨਾਲ ਚਾਹ-ਪਾਣੀ ਪੀਤਾ ਅਤੇ ਕਾਫੀ ਹੋਰ ਮੁੱਦਿਆਂ ‘ਤੇ ਜਾਣਕਾਰੀ ਵੀ ਲਈ।
ਵਰਨਣਯੋਗ ਹੈ ਕਿ ਇਹ ਸਾਰੀ ਇੰਟਰਵਿਊ ਕੈਮਰੇ ਵਿੱਚ ਰਿਕਾਰਡ ਕਰਕੇ ਯੂ ਟਿਊਬ ‘ਤੇ ਪਾ ਦਿੱਤੀ ਗਈ ਹੈ, ਜਿਸਨੂੰ immigration minister Parvasi media group ਟਾਈਪ ਕਰਕੇ ਦੇਖਿਆ ਵੀ ਜਾ ਸਕਦਾ ਹੈ। ਬਹੁਤ ਲੋਕ ਇਸ ਨੂੰ ਹੁਣ ਤੱਕ ਯੂ ਟਿਊਬ ‘ਤੇ ਵੀ ਦੇਖ ਚੁੱਕੇ ਹਨ।
ਜਾਣ ਤੋਂ ਪਹਿਲਾਂ ਮੰਤਰੀ ਮਕੱਲਮ ਨੇ ਵਾਅਦਾ ਕੀਤਾ ਕਿ ਉਹ ਮੁੜ ਛੇਤੀ ਹੀ ਪਰਵਾਸੀ ਰੇਡਿਓ ਤੇ ਪੇਸ਼ ਹਣਿਗੇ ਅਤੇ ਬਾਕੀ ਰਹਿ ਗਏ ਅਹਿਮ ਮਸਲਿਆਂ ਬਾਰੇ ਗੱਲਬਾਤ ਕਰਨਗੇ।
ਪੀ ਆਰ ਕਾਰਡ ਦੀ ਸਮਾਂ ਸੀਮਾ 5 ਸਾਲ ਤੋਂ ਵਧਾ ਕੇ 10 ਸਾਲ ਕਰਨ ਬਾਰੇ ਹੋਵੇਗੀ ਗੰਭੀਰਤਾ ਨਾਲ ਵਿਚਾਰ : ਇੰਮੀਗ੍ਰੇਸ਼ਨ ਮੰਤਰੀ
ਜੌਨ ਮਕੱਲਮ ਨੇ ਸ਼੍ਰੀ ਸੈਣੀ ਦੇ ਉਸ ਸੁਝਾਅ ਨਾਲ ਵੀ ਸਹਿਮਤੀ ਪ੍ਰਗਟਾਈ ਕਿ ਪੀ ਆਰ ਕਾਰਡ ਦੀ ਅਵਧੀ ਪੰਜ ਸਾਲ ਦੀ ਬਜਾਏ ਪਾਸਪੋਰਟ ਵਾਂਗ 10 ਸਾਲ ਦੀ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਆਪਣੇ ਸਟਾਫ ਨਾਲ ਇਸ ਬਾਰੇ ਗੱਲਬਾਤ ਕਰਨਗੇ। ਸ਼੍ਰੀ ਸੈਣੀ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਚੰਡੀਗੜ੍ਹ ਵਿੱਚ ਸਥਿਤ ਕੈਨੇਡੀਅਨ ਕਾਂਸਲੇਟ ਦਫਤਰ ਵਿੱਚ ਅਜਿਹੇ ਵੀ ਵਿਜ਼ਟਰ ਵੀਜ਼ਿਆਂ ਤੇ ਕਾਫੀ ਰਿਜੈਕਸ਼ਨ ਹੋ ਰਹੀ ਹੈ, ਜਿਸ ਨੂੰ ਦਰੁਸਤ ਕੀਤੇ ਜਾਣ ਦੀ ਲੋੜ ਹੈ। ਮੰਤਰੀ ਨੇ ਇਸ ਬਾਰੇ ਪੂਰੀ ਸਹਿਮਤੀ ਪ੍ਰਗਟ ਕਰਦਿਆਂ ਮੰਨਿਆ ਕਿ ਉਨ੍ਹਾਂ ਦੇ ਦਫਤਰ ਵਿੱਚ ਵੀ ਅਜਿਹੀਆਂ ਸ਼ਿਕਾਇਤਾਂ ਬਹੁਤ ਆਉਂਦੀਆਂ ਹਨ ਅਤੇ ਉਹ ਇਸ ਮਾਮਲੇ ਤੇ ਪੂਰਾ ਗੌਰ ਕਰਨਗੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …