ਆਰਜ਼ੀ ਢਾਂਚੇ ਅਤੇ ਸਟੇਜਾਂ ਜੇਸੀਬੀ ਨਾਲ ਤੋੜੀਆਂ; ਟਰੈਕਟਰ-ਟਰਾਲੀਆਂ ਸੜਕਾਂ ਤੋਂ ਹਟਾਈਆਂ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਪਟਿਆਲਾ ਜ਼ਿਲ੍ਹੇ ‘ਚ ਪੈਂਦੇ ਸ਼ੰਭੂ ਅਤੇ ਸੰਗਰੂਰ ਦੇ ਢਾਬੀ ਗੁੱਜਰਾਂ ਬਾਰਡਰਾਂ ‘ਤੇ 13 ਮਹੀਨਿਆਂ ਤੋਂ ਮੋਰਚੇ ਲਾ ਕੇ ਬੈਠੇ ਕਿਸਾਨਾਂ ਖਿਲਾਫ ਕਾਰਵਾਈ ਕਰਦਿਆਂ ਦੋਵੇਂ ਬਾਰਡਰ ਖਾਲੀ ਕਰਵਾ ਲਏ ਹਨ। ਇਹ ਕਾਰਵਾਈ ਚੰਡੀਗੜ੍ਹ ‘ਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਮੋਰਚਿਆਂ ਵੱਲ ਪਰਤ ਰਹੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸਮੇਤ ਹੋਰ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਮਗਰੋਂ ਕੀਤੀ ਗਈ।
ਕਿਸਾਨਾਂ ਨੂੰ ਬਹਾਦਰਗੜ੍ਹ ਦੇ ਕਮਾਂਡੋ ਟਰੇਨਿੰਗ ਸੈਂਟਰ ਲਿਜਾਇਆ ਗਿਆ, ਜਿਸ ਨੂੰ ਆਰਜ਼ੀ ਡਿਟੈਨਸ਼ਨ ਕੇਂਦਰ ਵਿਚ ਤਬਦੀਲ ਕੀਤਾ ਗਿਆ ਹੈ। ਕਿਸਾਨਾਂ ਨੂੰ ਪਹਿਲਾਂ ਮੁਹਾਲੀ ਦੇ ਫੇਜ਼-11 ਥਾਣੇ ਲਿਆਂਦਾ ਗਿਆ ਸੀ। ਡੱਲੇਵਾਲ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਤਬਦੀਲ ਕੀਤੇ ਜਾਣ ਦੇ ਚਰਚੇ ਹਨ।
ਇਸ ਦੌਰਾਨ ਪੁਲਿਸ ਨੇ ਦੋਵੇਂ ਬਾਰਡਰਾਂ ‘ਤੇ ਬੁਲਡੋਜ਼ਰ ਕਾਰਵਾਈ ਕਰਦਿਆਂ ਕਿਸਾਨਾਂ ਵੱਲੋਂ ਬਣਾਈਆਂ ਸਟੇਜਾਂ ਢਾਹ ਦਿੱਤੀਆਂ। ਢਾਬੀ ਗੁੱਜਰਾਂ ਬਾਰਡਰ ‘ਤੇ ਝੜਪ ਮਗਰੋਂ ਪੁਲਿਸ ਨੇ ਕਿਸਾਨਾਂ ‘ਤੇ ਹਲਕਾ ਲਾਠੀਚਾਰਜ ਕੀਤਾ। ਵੱਡੀ ਗਿਣਤੀ ‘ਚ ਕਿਸਾਨ ਹਿਰਾਸਤ ‘ਚ ਲਏ ਗਏ ਹਨ। ਕਿਸਾਨਾਂ ਖਿਲਾਫ ਕਾਰਵਾਈ ਦੌਰਾਨ ਪਟਿਆਲਾ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਸ਼ੰਭੂ ਅਤੇ ਖਨੌਰੀ ਦੋਵਾਂ ਬਾਰਡਰਾਂ ‘ਤੇ 500 ਦੇ ਕਰੀਬ ਕਿਸਾਨ ਸਨ ਜਦਕਿ ਪੁਲਿਸ ਦੀ ਨਫਰੀ 5000 ਦੇ ਕਰੀਬ ਹੈ। ਪੁਲਿਸ ਨੇ ਰਾਤੋਂ-ਰਾਤ ਇਥੇ ਬਣੇ ਕਿਸਾਨਾਂ ਦੇ ਰੈਣ-ਬਸੇਰਿਆਂ ਸਮੇਤ ਹੋਰ ਸਾਰਾ ਸਾਜ਼ੋ-ਸਾਮਾਨ ਲਾਂਭੇ ਕਰ ਦਿੱਤਾ ਹੈ। ਭਾਵੇਂ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ‘ਚ ਵੱਖ-ਵੱਖ ਥਾਈਂ ਪਹਿਲਾਂ ਹੀ ਪੁਲਿਸ ਫੋਰਸ ਇਕੱਠੀ ਹੋ ਗਈ ਸੀ ਪਰ ਦੋਵੇਂ ਬਾਰਡਰਾਂ ‘ਤੇ ਧਾਵਾ ਵਾਰੋ-ਵਾਰੀ ਬੋਲਿਆ ਗਿਆ।