Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਕਾਂਗਰਸ ਦਾ ਕਲੇਸ਼ ਦਿਨੋਂ-ਦਿਨ ਵਧਦਾ ਹੀ ਜਾ ਰਿਹੈ

ਪੰਜਾਬ ਕਾਂਗਰਸ ਦਾ ਕਲੇਸ਼ ਦਿਨੋਂ-ਦਿਨ ਵਧਦਾ ਹੀ ਜਾ ਰਿਹੈ

ਦਿੱਲੀ ਤੋਂ ਨਾਰਾਜ਼ ਹੋ ਕੇ ਕੈਪਟਨ ਪਰਤੇ ਪੰਜਾਬ
ਬੇਅਦਬੀ, ਡਰੱਗ ਅਤੇ ਰੇਤ ਮਾਫੀਆ ‘ਤੇ ਕਾਰਵਾਈ ਲਈ ਕੈਪਟਨ ਨੂੰ ਦਿੱਤਾ ਸਮਾਂ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਪਰ ਕਾਂਗਰਸ ਵਿਚ ਵਿਵਾਦ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਕੇਂਦਰੀ ਕਮੇਟੀ ਦੇ ਸਾਹਮਣੇ ਆਪਣੀ ਗੱਲ ਕਹਿਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਾਪਸ ਪਹੁੰਚ ਗਏ। ਕਾਂਗਰਸ ਵਿਚ ਕਲੇਸ਼ ਨੂੰ ਲੈ ਕੇ ਮੁੱਖ ਮੰਤਰੀ ਨੇ ਦੋ ਵਾਰ ਦਿੱਲੀ ਦਾ ਦੌਰਾ ਕੀਤਾ ਹੈ, ਪਰ ਇਕ ਵਾਰ ਵੀ ਹਾਈਕਮਾਨ ਨਾਲ ਗੱਲਬਾਤ ਨਹੀਂ ਹੋਈ। ਮੰਗਲਵਾਰ ਅਤੇ ਬੁੱਧਵਾਰ ਨੂੰ ਕੈਪਟਨ ਨੇ ਕਮੇਟੀ ਨੂੰ ਦੱਸਿਆ ਕਿ ਨਵਜੋਤ ਸਿੱਧੂ ਹੀ ਵਿਵਾਦ ਦਾ ਕਾਰਨ ਹੈ ਅਤੇ ਉਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਕੈਪਟਨ ਨੇ ਕਿਹਾ ਕਿ ਜਿੰਨਾ ਚਿਰ ਸਿੱਧੂ ‘ਤੇ ਕਾਰਵਾਈ ਨਹੀਂ ਹੁੰਦੀ, ਓਨਾ ਚਿਰ ਪਾਰਟੀ ‘ਚ ਏਕਤਾ ਹੋਣੀ ਮੁਸ਼ਕਲ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਦੱਸਣ ਮੁਤਾਬਕ ਅਮਰਿੰਦਰ ਨੇ ਕਿਹਾ ਕਿ ਸਿੱਧੂ ਨੂੰ ਹਾਈਕਮਾਨ ਸਮਝਾਏ, ਸਿੱਧੂ ਮੇਰੇ ਕਹਿਣ ਤੋਂ ਬਾਹਰ ਹਨ। ਉਥੇ ਕਮੇਟੀ ਨੇ ਵੀ ਹਾਈਕਮਾਨ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੈਪਟਨ ਨੂੰ 18 ਨੁਕਤਿਆਂ ਵਾਲੇ ਪ੍ਰੋਗਰਾਮ ਦੇ ਤਹਿਤ ਸੂਬੇ ਦੇ ਸ਼ਹਿਰੀ ਖੇਤਰਾਂ ਵਿਚ 200 ਯੂਨਿਟ ਬਿਜਲੀ ਮੁਫਤ ਦੇਣ ਦੀ ਯੋਜਨਾ ਬਣਾਉਣ ਨੂੰ ਕਿਹਾ ਗਿਆ ਹੈ। ਇਹ ਵੀ ਕਿਹਾ ਗਿਆ ਕਿ ਰੇਤ, ਡਰੱਗ ਤੇ ਟਰਾਂਸਪੋਰਟ ਮਾਫੀਆ ‘ਤੇ ਠੋਸ ਕਾਰਵਾਈ ਕਰੋ।
ਜੁਲਾਈ ਦੇ ਪਹਿਲੇ ਹਫਤੇ ਕਾਂਗਰਸਦਾ ਕਲੇਸ਼ ਹੋਵੇਗਾ ਖਤਮ
ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਕਿਹਾ ਕਿ ਜੋ ਵੀ ਬਾਕੀ ਚੁਣਾਵੀ ਵਾਅਦੇ ਰਹਿੰਦੇ ਹਨ, ਉਨ੍ਹਾਂ ਨੂੰ ਤੁਰੰਤ ਪੂਰਾ ਕਰੋ। ਇਸ ਲਈ ਮੁੱਖ ਮੰਤਰੀ ਨੂੰ ਇਕ ਡੈਡ ਲਾਈਨ ਦੇ ਦਿੱਤੀ ਗਈ ਹੈ। ਰਾਵਤ ਨੇ ਕਿਹਾ ਕਿ ਪੰਜਾਬ ਵਿਚ ਪੈਦਾ ਹੋਇਆ ਕਲੇਸ਼ ਜੁਲਾਈ ਦੇ ਪਹਿਲੇ ਹਫ਼ਤੇ ਖਤਮ ਕਰ ਦਿੱਤਾ ਜਾਵੇਗਾ।
ਬਰਗਾੜੀ ਕੇਸ ਦੀ ਜਾਂਚ ‘ਚ ਦੇਰੀ ਨਹੀਂ ਹੋਣ ਦਿਆਂਗੇ : ਰਾਵਤ
ਹਰੀਸ਼ ਰਾਵਤ ਨੇ ਦੱਸਿਆ ਕਿ ਹਾਈਕਮਾਨ ਨੇ ਬਰਗਾੜੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸਦੀ ਜਾਂਚ ਨੂੰ ਜਲਦ ਪੂਰਾ ਕਰਨ ਲਈ ਕਿਹਾ ਹੈ। ਹਾਈਕਮਾਨ ਦਾ ਮੰਨਣਾ ਹੈ ਕਿ ਇਹ ਸਾਰਿਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ। ਅਜਿਹੇ ਵਿਚ ਜਾਂਚ ਰਿਪੋਰਟ ਨੂੰ ਲੈ ਕੇ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ। ਮੰਤਰੀਆਂ ਅਤੇ ਵਿਧਾਇਕਾਂ ਵਲੋਂ ਡਰੱਗ ਮਾਫੀਆ ‘ਤੇ ਕਾਰਵਾਈ ਨਾ ਕਰਨ ਨੂੰ ਲੈ ਕੇ ਜੋ ਆਰੋਪ ਲਗਾਏ ਜਾ ਰਹੇ ਹਨ, ਉਸ ਨੂੰ ਵੀ ਗੰਭੀਰਤਾ ਨਾਲ ਲਿਆ ਗਿਆ ਹੈ। ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਕੈਪਟਨ ਨੂੰ ਇਕ ਪਲਾਨ ਤਿਆਰ ਕਰਨ ਲਈ ਕਿਹਾ ਗਿਆ ਹੈ, ਜੋ ਵੀ ਹੋਵੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

 

Check Also

ਮੌਤ ਦਾ ਸਤਸੰਗ ਜ਼ਿੰਮੇਵਾਰ ਕੌਣ?

‘ਭੋਲੇ ਬਾਬਾ’ ਦੇ ਨਾਮ ਨਾਲ ਮਸ਼ਹੂਰ ਸੂਰਜਪਾਲ ਹੋਇਆ ਫਰਾਰ, ਪ੍ਰਬੰਧਕਾਂ ‘ਤੇ ਐਫਆਈਆਰ ਲਖਨਊ/ਬਿਊਰੋ ਨਿਊਜ਼ : …