19.4 C
Toronto
Friday, May 29, 2026
spot_img
Homeਹਫ਼ਤਾਵਾਰੀ ਫੇਰੀਪਾਕਿਸਤਾਨ 'ਚ 80 ਸਾਲਾਂ ਬਾਅਦ ਖੁੱਲ੍ਹਣਗੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਬੂਹੇ

ਪਾਕਿਸਤਾਨ ‘ਚ 80 ਸਾਲਾਂ ਬਾਅਦ ਖੁੱਲ੍ਹਣਗੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਬੂਹੇ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਦੀ ਹੋਵੇਗੀ ਸੇਵਾ-ਸੰਭਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਿਆਲਕੋਟ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ, ਜੋ ਵੰਡ ਤੋਂ ਬਾਅਦ ਬੰਦ ਪਿਆ ਸੀ, ਹੁਣ ਦੁਬਾਰਾ ਆਬਾਦ ਕੀਤਾ ਜਾਵੇਗਾ। ਗੁਰਦੁਆਰਾ ਪਹਿਲੀ ਪਾਤਸ਼ਾਹੀ ਨਾਨਕਸਰ ਸਿਆਲਕੋਟ ਦੇ ਡਸਕਾ ਜ਼ਿਲ੍ਹੇ ਦੇ ਪਿੰਡ ਫ਼ਤਹਿ ਭਿੰਡਰ ਵਿੱਚ ਸਥਿਤ ਹੈ। ਇਸ ਦੀ ਇਮਾਰਤ ਕਾਫੀ ਖ਼ਸਤਾ ਹਾਲਤ ਵਿੱਚ ਹੈ, ਜਿਸ ਦੀ ਮੁਰੰਮਤ ਲਈ ਹੁਣ ਜਾਂਚ ਕੀਤੀ ਜਾ ਰਹੀ ਹੈ।
ਮੰਨਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਦੀ ਯਾਤਰਾ ਕੀਤੀ ਸੀ। ਵੰਡ ਵੇਲੇ ਇਹ ਹਿੱਸਾ ਪਾਕਿਸਤਾਨ ਵਿੱਚ ਰਹਿ ਗਿਆ ਸੀ ਅਤੇ ਸਿੱਖ ਪਰਿਵਾਰਾਂ ਦੇ ਉੱਥੋਂ ਚਲੇ ਜਾਣ ਕਾਰਨ ਇਹ ਅਸਥਾਨ ਲੰਬੇ ਸਮੇਂ ਤੋਂ ਖਾਲੀ ਪਿਆ ਸੀ। ਉੱਥੇ ਅੱਜ ਵੀ ਗੁਰਮੁਖੀ ਵਿੱਚ ਲਿਖੀ ਇੱਕ ਸੰਗਮਰਮਰ ਦੀ ਤਖ਼ਤੀ ਮੌਜੂਦ ਹੈ, ਜੋ ਗੁਰੂ ਸਾਹਿਬ ਦੀ ਫੇਰੀ ਬਾਰੇ ਜਾਣਕਾਰੀ ਦਿੰਦੀ ਹੈ। ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ, ਸੱਭਿਆਚਾਰਕ ਕਮੇਟੀ ਦੀ ਚੇਅਰਪਰਸਨ ਸਈਦਾ ਨੋਸ਼ੀਨ ਇਫ਼ਤਿਖਾਰ ਅਤੇ ਈਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਕਮਰ-ਉਜ਼-ਜ਼ਮਾਨ ਨੇ ਮਾਹਿਰਾਂ ਨਾਲ ਮਿਲ ਕੇ ਇਸ ਅਸਥਾਨ ਦਾ ਦੌਰਾ ਕੀਤਾ।
ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿਆਲਕੋਟ ਦੇ ‘ਬਾਬੇ ਦੀ ਬੇਰੀ’ ਤੋਂ ਵਾਪਸ ਪਰਤਦੇ ਹੋਏ ਇੱਥੇ ਰੁਕੇ ਸਨ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਕਰੀਬ 80 ਸਾਲਾਂ ਤੋਂ ਬੰਦ ਰਹਿਣ ਕਾਰਨ ਕਾਫੀ ਖਸਤਾ ਹਾਲ ਹੋ ਚੁੱਕਾ ਹੈ ਅਤੇ ਇਮਾਰਤ ਵਿੱਚ ਤਰੇੜਾਂ ਆ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਮੁਤਾਬਿਕ ਸਿੱਖ ਵਿਰਾਸਤ ਨੂੰ ਸੰਭਾਲਣ ਅਤੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਹ ਕੰਮ ਕੀਤਾ ਜਾ ਰਿਹਾ ਹੈ। ਅਗਲੇ ਤਿੰਨ ਸਾਲਾਂ ਵਿੱਚ ਪਾਕਿਸਤਾਨ ਦੇ ਕਰੀਬ 40-50 ਗੁਰਦੁਆਰਿਆਂ ਦੀ ਮੁਰੰਮਤ ਕਰਨ ਦੀ ਯੋਜਨਾ ਹੈ। ਪਹਿਲੇ ਪੜਾਅ ਵਿੱਚ 17-18 ਗੁਰਦੁਆਰਿਆਂ ਦਾ ਕੰਮ ਚੱਲ ਰਿਹਾ ਹੈ, ਜੋ ਮਈ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਅਰੋੜਾ ਨੇ ਕਿਹਾ ਕਿ ਪਾਕਿਸਤਾਨ ਆਉਣ ਵਾਲੇ ਸਿੱਖ ਸ਼ਰਧਾਲੂ ਇਹ ਦੇਖ ਕੇ ਖੁਸ਼ ਹੁੰਦੇ ਹਨ ਕਿ ਉਨ੍ਹਾਂ ਦੇ ਪਵਿੱਤਰ ਅਸਥਾਨ ਸੁਰੱਖਿਅਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਤੋਂ ਬਿਨਾਂ ਸਿੱਖ ਇਤਿਹਾਸ ਅਧੂਰਾ ਹੈ।

 

RELATED ARTICLES
POPULAR POSTS