Breaking News
Home / ਹਫ਼ਤਾਵਾਰੀ ਫੇਰੀ / ਕਿਸਾਨਾਂ ਦੀਆਂ ਆਤਮ ਹੱਤਿਆਵਾਂ ਨੂੰ ਲੈ ਕੇ ਸਿੱਧੂ ਤੇ ਮਜੀਠੀਆ ਵਿਚਾਲੇ ਤੂੰ-ਤੂੰ, ਮੈਂ-ਮੈਂ

ਕਿਸਾਨਾਂ ਦੀਆਂ ਆਤਮ ਹੱਤਿਆਵਾਂ ਨੂੰ ਲੈ ਕੇ ਸਿੱਧੂ ਤੇ ਮਜੀਠੀਆ ਵਿਚਾਲੇ ਤੂੰ-ਤੂੰ, ਮੈਂ-ਮੈਂ

ਨਵਜੋਤ ਸਿੱਧੂ ਦਾ ਬਿਕਰਮ ਮਜੀਠੀਆ ‘ਤੇ ਵਿਧਾਨ ਸਭਾ ‘ਚ ਸ਼ਬਦੀ ਹਮਲਾ
ਅਸੀਂ ਚਿੱਟਾ ਨਹੀਂ ਵੇਚਦੇ
ਚੀਕਾਂ ਨਾ ਮਾਰ, ਕੰਮਾਂ ਨੂੰ ਦੇਖ ਕੇ ਹੀ ਲੋਕਾਂ ਨੇ ਤੁਹਾਨੂੰ ਬਦਲਿਐ : ਨਵਜੋਤ ਸਿੰਘ ਸਿੱਧੂ
ਜਿਹੜੀ ਸਰਕਾਰ ਦੀ ਗੱਲ ਕਰਦੈਂ ਉਦੋਂ ਤੇਰੀ ਪਤਨੀ ਵੀ ਸਾਡੇ ਨਾਲ ਹੀ ਬੈਠਦੀ ਸੀ : ਮਜੀਠੀਆ
ਚੰਡੀਗੜ੍ਹ/ਬਿਊਰੋ ਨਿਊਜ਼ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਤਿੱਖਾ ਹਮਲਾ ਕਰਕੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਸਿਫਰ ਕਾਲ ‘ਚ ਬਿਕਰਮ ਮਜੀਠੀਆ ਉਚਾ ਬੋਲ ਕੇ ਪਰਮਿੰਦਰ ਢੀਂਡਸਾ ਦੇ ਪੱਖ ‘ਚ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਿੱਧੂ ਸਰਕਾਰ ਵੱਲੋਂ ਉਠੇ ਅਤੇ ਬਿਕਰਮ ਮਜੀਠੀਆ ਨੂੰ ਘੇਰ ਲਿਆ। ਹੋਇਆ ਇਸ ਤਰ੍ਹਾਂ ਕਿ ਅਕਾਲੀ ਵਿਧਾਇਕ ਐਨ ਕੇ ਸ਼ਰਮਾ ਨੇ ਕਿਸਾਨ ਵੱਲੋਂ 13 ਜਨਵਰੀ ਨੂੰ ਕੀਤੀ ਆਤਮ ਹੱਤਿਆ ਦਾ ਮਾਮਲਾ ਉਠਾਇਆ ਜਿਸ ‘ਚ ਬੈਂਕ ਕਰਮਚਾਰੀ ਕਿਸਾਨ ਦੇ ਘਰ ਉਸ ਦੀ ਜ਼ਮੀਨ ਦੀ ਕੁਰਕੀ ਕਰਨ ਪਹੁੰਚੇ। ਸ਼ਰਮਾ ਨੇ ਕਿਹਾ, ਸਰਕਾਰ ਨੇ ਜਦੋਂ ਵਾਅਦਾ ਕੀਤਾ ਸੀ ਕਿ ਕੁਰਕੀ ਨਹੀਂ ਹੋਵੇਗੀ ਤਾਂ ਬੈਂਕਾਂ ਨੂੰ ਅਜੇ ਤੱਕ ਇਹ ਹੁਕਮ ਕਿਉਂ ਨਹੀਂ ਦਿੱਤਾ ਗਿਆ। ਇਸ ਦਾ ਜਵਾਬ ਨਵਜੋਤ ਸਿੰਘ ਸਿੱਧੂ ਦੇਣਾ ਚਾਹੁੰਦੇ ਸਨ ਪ੍ਰੰਤੂ ਸਪੀਕਰ ਨੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸਮਾਂ ਦੇ ਦਿੱਤਾ। ਢੀਂਡਸਾ ਨੇ ਵਿੱਤ ਵਿਭਾਗ ਦੇ 18 ਮਾਰਚ ਨੂੰ ਦਿੱਤੇ ਹੁਕਮ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਨੇ ਸਾਰੇ ਕੰਮ ਰੋਕ ਦਿੱਤੇ ਹਨ ਅਤੇ ਟੈਂਡਰ ਰੱਦ ਕਰ ਦਿੱਤੇ ਹਨ। ਉਨ੍ਹਾਂ ਨੇ ਆਰੋਪ ਲਗਾਇਆ ਕਿ ਸਰਕਾਰ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਜਿਹੀਆਂ ਸੰਸਥਾਵਾਂ ਨੂੰ ਵੀ ਖਰਚ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ। ਢੀਂਡਸਾ ਕੁਝ ਹੋਰ ਬੋਲਣਾ ਚਾਹੁੰਦੇ ਸਨ ਪ੍ਰੰਤੂ ਸਪੀਕਰ ਨੇ ਇਹ ਕਹਿੰਦੇ ਹੋਏ ਇਜਾਜ਼ਤ ਨਹੀਂ ਦਿੱਤੀ ਕਿ ਉਹ ਅਨੁਪੂਰਕ ਮੰਗਾਂ ‘ਤੇ ਹੋਣ ਵਾਲੀ ਬਹਿਸ ‘ਚ ਇਹ ਮਾਮਲਾ ਉਠਾ ਲੈਣ ਪ੍ਰੰਤੂ ਬਿਕਰਮ ਮਜੀਠੀਆ ਢੀਂਡਸਾ ਦੇ ਪੱਖ ‘ਚ ਆ ਗਏ ਅਤੇ ਸਪੀਕਰ ਤੋਂ ਮੰਗ ਕਰਨ ਲੱਗੇ ਕਿ ਸਾਬਕਾ ਵਿੱਤ ਮੰਤਰੀ ਨੂੰ ਬੋਲਣ ਦਿੱਤਾ ਜਾਵੇ ਪ੍ਰੰਤੂ ਸਪੀਕਰ ਨੇ ਬਿਕਰਮ ਮਜੀਠੀਆ ਨੂੰ ਅਣਸੁਣਿਆ ਕਰਕੇ ਸਿੱਧੂ ਨੂੂੰ ਸਮਾਂ ਦੇ ਦਿੱਤਾ।
ਸਿੱਧੂ ਨੇ ਕਿਹਾ ਕਿ ਅਸੀਂ ਚਿੱਟਾ ਨਹੀਂ ਵੇਚਦੇ, ਰੇਤਾ ਨਹੀਂ ਵੇਚਦੇ। 13 ਜਨਵਰੀ ਨੂੰ ਜਿਸ ਦਿਨ ਕਿਸਾਨ ਨੇ ਆਤਮ ਹੱਤਿਆ ਕੀਤੀ ਉਦੋਂ ਸਰਕਾਰ ਅਕਾਲੀ-ਭਾਜਪਾ ਦੀ ਸੀ। ਸਾਨੂੰ ਤਾਂ ਅਜੇ ਦਸ ਦਿਨ ਵੀ ਨਹੀਂ ਹੋਏ। ਛੇ ਮਹੀਨੇ ‘ਚ ਤਾਂ ਕੁੰਭ ਕਰਣ ਦੀ ਵੀ ਨੀਂਦ ਖੁੱਲ੍ਹ ਜਾਂਦੀ ਹੈ, ਤੁਹਾਡੀ ਤਾਂ ਦਸ ਸਾਲਾਂ ਤੋਂ ਨਹੀਂ ਖੁੱਲ੍ਹੀ। ਐਨ ਕੇ ਸ਼ਰਮਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬੈਂਕਾਂ ਨੂੰ ਹਦਾਇਤ ਦਿੱਤੀ ਜਾਵੇਗੀ ਕਿ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਵੇਗੀ।
‘ਵਾੲ੍ਹੀਟ’ ਤੋਂ ਸ਼ੁਰੂ ਹੋਈ ਬਹਿਸ ‘ਚਿੱਟੇ’ ਤੱਕ ਜਾ ਪੁੱਜੀ
ਚੰਡੀਗੜ੍ਹ : ਗੱਲ ਅਕਾਲੀ ਦਲ ਦੀ ਹੋਵੇ ਜਾਂ ਆਮ ਆਦਮੀ ਪਾਰਟੀ ਦੀ, ਨਵਜੋਤ ਸਿੰਘ ਸਿੱਧੂ ਕੋਈ ਮੌਕਾ ਨਹੀਂ ਛੱਡਦੇ। ਸਿੱਧੂ ਬੁੱਧਵਾਰ ਨੂੰ ਏਨੇ ਗਰਮ ਹੋ ਗਏ ਕਿ ਉਨ੍ਹਾਂ ਨੇ ਆਪਣੀਆਂ ਬਾਹਾਂ ਤੱਕ ਚੜ੍ਹਾ ਲਈਆਂ। ਉਨ੍ਹਾਂ ਦੇ ਸਾਹਮਣੇ ਸਨ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ। ਕਾਂਗਰਸ ਸਰਕਾਰ ਵਲੋਂ ਅਕਾਲੀ ਦਲ-ਭਾਜਪਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ‘ਤੇ ਵ੍ਹਾਈਟ ਪੇਪਰ ਲਿਆਉਣ ਦੀ ਨੀਅਤ ‘ਤੇ ਮਜੀਠੀਆ ਨੇ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨੀਅਤ ਕੰਮ ਕਰਨ ਦੀ ਨਹੀਂ, ਬਲਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਹੈ। ਮਜੀਠੀਆ ਦੇ ਇਸ ਕਥਨ ‘ਤੇ ਸਿੱਧੂ ਭੜਕ ਉਠੇ ਅਤੇ ਬੋਲੇ ਕਿ ਸਰਕਾਰ ਦੀ ਮਨਸ਼ਾ ਚਿੱਟਾ ਵੇਚਣ ਦੀ ਨਹੀਂ ਹੈ। ਮਜੀਠੀਆ ਵੀ ਪਿੱਛੇ ਨਹੀਂ ਹਟੇ ਉਹ ਬੋਲੇ, ਜਿਸ ਸਰਕਾਰ ਦੇ ਕਾਰਜ ਕਾਲ ਦੀ ਗੱਲ ਕਰ ਰਹੇ ਹੋ, ਉਸ ਸਮੇਂ ਉਨ੍ਹਾਂ ਦੀ ਪਤਨੀ ਟ੍ਰੇਜਰੀ ਬੈਂਚ ਵਿਚ ਸਾਡੇ ਨਾਲ ਬੈਠਦੀ ਸੀ। ਇਸ ‘ਤੇ ਦੋਵੇਂ ਨੇਤਾਵਾਂ ਵਿਚ ਖਾਸੀ ਗਰਮਾ-ਗਰਮੀ ਵੀ ਹੋਈ। ਦੋਵੇਂ ਹੀ ਨੇਤਾ ਇਕ ਦੂਜੇ ਨੂੰ ਬੈਠਣ ਲਈ ਕਹਿਣ ਲੱਗੇ, ਜਦਕਿ ਇਸ ਤੋਂ ਪਹਿਲਾਂ ਜਦੋਂ ਪਰਮਿੰਦਰ ਸਿੰਘ ਢੀਂਡਸਾ ਵਿੱਤੀ ਹਾਲਤ ‘ਤੇ ਬੋਲਣ ਲਈ ਉਠੇ ਤਾਂ ਸਿੱਧੂ ਨੇ ਆਪਣੇ ਹੀ ਅੰਦਾਜ਼ ਵਿਚ ਕਿਹਾ, ‘ਤੂੰ ਇਧਰ ਉਧਰ ਦੀ ਗੱਲ ਨਾ ਕਰ, ਦੱਸ ਕਾਰਵਾਂ ਕਿਉਂ ਲੁੱਟਿਆ’ ਸਿੱਧੂ ਏਨੇ ਗਰਮ ਸਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵਲੋਂ ਉਠਾਏ ਜਾ ਰਹੇ ਮੁੱਦੇ ‘ਤੇ ਸਦਨ ਵਿਚ ਵ੍ਹਾਈਟ ਪੇਪਰ ਲਿਆਉਣ ਦੀ ਗੱਲ ਕਰ ਰਹੇ ਸਨ, ਸਿੱਧੂ ਮੁੱਖ ਮੰਤਰੀ ਨੂੰ ਰੋਕ ਕੇ ਆਪਣੀ ਗੱਲ ਕਰਨਾ ਚਾਹੁੰਦੇ ਸਨ, ਜਿਸ ‘ਤੇ ਬ੍ਰਹਮ ਮਹਿੰਦਰਾ ਨੇ ਸਿੱਧੂ ਨੂੰ ਰੋਕਿਆ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …