ਬਜਟ ਕੈਨੇਡਾ ਦੀ ਤਰੱਕੀ ‘ਚ ਵਾਧਾ ਕਰੇਗਾ : ਟਰੂਡੋ
ਕਿਹਾ : ਅਸੀਂ ਅਮਰੀਕਾ ਵਿੱਚ ਵਾਪਰ ਰਹੇ ਨਸਲੀ ਹਮਲਿਆਂ ਬਾਰੇ ਜਾਗਰੂਕ ਹਾਂ
ਪੰਜਾਬੀਆਂ ਨੂੰ ਪ੍ਰਧਾਨ ਮੰਤਰੀ ਨੇ ਦਿੱਤੀ ਵਿਸਾਖੀ ਦੀ ਵਧਾਈ
ਬਰੈਂਪਟਨ/ਪਰਵਾਸੀ ਬਿਊਰੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਬਜਟ ਨੂੰ ਸਫਲ ਦੱਸਦਿਆਂ ਕਿਹਾ ਹੈ ਕਿ ਇਹ ਬਜਟ ਕੈਨੇਡਾ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਏਗਾ। ਉਨ੍ਹਾਂ ਕਿਹਾ ਕਿ ਇਸ ਨਾਲ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਨਵੀਂ ਤਕਨਾਲੋਜੀ ਅਤੇ ਦੇਸ਼ ਦੀ ਆਰਥਿਕਤਾ ਨੂੰ ਤਾਕਤ ਮਿਲੇਗੀ।
ਉਹ ਲੰਘੇ ਵੀਰਵਾਰ ਨੂੰ ਬਰੈਂਪਟਨ ਵਿੱਚ ਟੌਰਬਰਮ ਅਤੇ ਸਟੀਲਜ਼ ਦੇ ਨੇੜੇ ਸਥਿਤ ਮੈਗਨਾ ਕੰਪਨੀ ਦੇ ਪਲਾਂਟ ਵਿੱਚ ਆਪਣੀ ਸਰਕਾਰ ਦੇ ਬਜਟ ਨੂੰ ਪ੍ਰਮੋਟ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ।
ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਅਮਰੀਕਾ ਵਿੱਚ ਵਾਪਰ ਰਹੀਆਂ ਨਸਲੀ ਘਟਨਾਵਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਕੈਨੇਡਾ ਵਿੱਚ ਅਸੀਂ ਸਾਰੇ ਧਰਮਾਂ ਦੇ ਲੋਕ ਰਲ-ਮਿਲ ਕੇ ਰਹਿੰਦੇ ਹਾਂ ਅਤੇ ਸਾਡੇ ਮੁਲਕ ਵਿੱਚ ਹਾਲਾਤ ਕਾਫੀ ਬਿਹਤਰ ਹਨ। ਪਰੰਤੂ ਫਿਰ ਵੀ ਅਸੀਂ ਅਜਿਹੀਆਂ ਘਟਨਾਵਾਂ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਅਜਿਹੀ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਅਮਰੀਕਾ ਨਾਲ ਰਿਸ਼ਤਿਆਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਮੰਨਿਆਂ ਕਿ ਕੈਨੇਡੀਅਨ ਲੋਕਾਂ ਦੇ ਮਨਾਂ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਨਣ ਤੋਂ ਬਾਅਦ ਡਰ ਜ਼ਰੂਰ ਸੀ। ਪਰੰਤੂ ਉਨ੍ਹਾਂ ਨਾਲ ਹੀ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਵੀ ਇਹ ਸਮਝਦਾ ਹੈ ਕਿ ਕੈਨੇਡਾ ਨਾਲ ਵਪਾਰਕ ਰਿਸ਼ਤੇ ਬਹੁਤ ਮਹੱਤਵ ਰਖਦੇ ਹਨ। ਇਸ ਲਈ ਦੋਵੇਂ ਮੁਲਕ ਆਪਸੀ ਚੰਗੇਰੇ ਸਬੰਧਾਂ ਲਈ ਵਚਨਬੱਧ ਹਨ।
ਅੰਤ ਵਿੱਚ ਉਨ੍ਹਾਂ ਨੇ ਪੰਜਾਬੀਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਸੀਂ ਵੱਡੇ ਪੱਧਰ ‘ਤੇ ਵਿਸਾਖੀ ਮਨਾਈ ਸੀ। ਜਿਸ ਦਾ ਮੈਨੂੰ ਮਾਣ ਹੈ। ਅਸੀਂ ਇਸ ਪਰੰਪਰਾ ਨੂੰ ਜਾਰੀ ਰੱਖਾਂਗੇ ਅਤੇ ਮੈਂ ਸਮੂਹ ਪੰਜਾਬੀਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਭੇਜਦਾ ਹਾਂ।
ਆਪਣੀ ਫਿਟਨੈਸ ਦਾ ਪ੍ਰਧਾਨ ਮੰਤਰੀ ਨੇ ਰਜਿੰਦਰ ਸੈਣੀ ਕੋਲ ਖੋਲ੍ਹ ਦਿੱਤਾ ਰਾਜ
ਰਜਿੰਦਰ ਸੈਣੀ ਹੋਰਾਂ ਵੱਲੋਂ ਇਹ ਪੁੱਛੇ ਜਾਣ ‘ਤੇ ਕਿ ਤੁਸੀਂ ਆਪਣੇ ਆਪ ਨੂੰ ਫਿੱਟ ਕਿਸ ਤਰ੍ਹਾਂ ਰੱਖਦੇ ਹੋ ਅਤੇ ਆਪਣੀ ਰਾਜਨੀਤਕ ਜ਼ਿੰਦਗੀ ਦੇ ਨਾਲ-ਨਾਲ ਪਰਿਵਾਰਕ ਜ਼ਿੰਦਗੀ ਨੂੰ ਵੀ ਕਿਸ ਤਰ੍ਹਾਂ ਬੈਲੇਂਸ ਰੱਖਦੇ ਹੋ, ਉਨ੍ਹਾਂ ਕਿਹਾ ਕਿ ਮੈਂ ਸਮੇਂ ਸਿਰ ਸੌਂਦਾ ਹਾਂ, ਸਮੇਂ ਸਿਰ ਖਾਂਦਾ ਹਾਂ ਅਤੇ ਕੰਮ ਕਰਨ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਪੂਰਾ ਖਿਆਲ ਰੱਖਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਪ੍ਰਤੀ ਵੀ ਪੂਰੀ ਤਰ੍ਹਾਂ ਚੇਤੰਨ ਹਾਂ। ਕਿਉਂਕਿ ਜੇਕਰ ਮੈਂ ਆਪਣੇ ਪਰਿਵਾਰ ਦਾ ਖਿਆਲ ਨਹੀਂ ਰੱਖ ਸਕਦਾ ਹਾਂ ਤਾਂ ਪੂਰੇ ਦੇਸ਼ ਦਾ ਖਿਆਲ ਕਿਸ ਤਰ੍ਹਾਂ ਰੱਖ ਸਕਦਾ ਹਾਂ?
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …