Breaking News
Home / ਹਫ਼ਤਾਵਾਰੀ ਫੇਰੀ / ਜੱਲ੍ਹਿਆਂਵਾਲਾ ਬਾਗ ਕਾਂਡ ਬਾਰੇ ਮੁਆਫ਼ੀ ਮੰਗਣ ਲਈ ਬਰਤਾਨਵੀ ਸੰਸਦ ਵਿਚ ਮਤਾ ਪੇਸ਼

ਜੱਲ੍ਹਿਆਂਵਾਲਾ ਬਾਗ ਕਾਂਡ ਬਾਰੇ ਮੁਆਫ਼ੀ ਮੰਗਣ ਲਈ ਬਰਤਾਨਵੀ ਸੰਸਦ ਵਿਚ ਮਤਾ ਪੇਸ਼

ਲੰਡਨ : ਭਾਰਤੀ ਮੂਲ ਦੇ ਇਕ ਸਭ ਤੋਂ ਸੀਨੀਅਰ ਬਰਤਾਨਵੀ ਐਮਪੀ ਵੀਰੇਂਦਰ ਸ਼ਰਮਾ ਨੇ ਬਰਤਾਨਵੀ ਹਕੂਮਤ ਵੱਲੋਂ 1919 ਦੇ ਜੱਲ੍ਹਿਆਂਵਾਲਾ ਬਾਗ ਕਾਂਡ ਲਈ ਮੁਆਫ਼ੀ ਮੰਗੇ ਜਾਣ ਸਬੰਧੀ ਇਕ ਮਤਾ ਮੁਲਕ ਦੀ ਸੰਸਦ ਵਿੱਚ ਵਿੱਚ ਪੇਸ਼ ਕੀਤਾ ਹੈ। ਇਸ ਵਿੱਚ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਉਤੇ ਇਸ ਕਾਂਡ ਲਈ ਮੁਆਫ਼ੀ ਮੰਗਣ ‘ਤੇ ਜ਼ੋਰ ਦਿੱਤਾ ਗਿਆ ਹੈ। ਈਲਿੰਗ ਸਾਊਥਾਲ ਤੋਂ ਲੇਬਰ ਪਾਰਟੀ ਦੇ ਐਮਪੀ ਸ਼ਰਮਾ ਨੇ ਇਹ ਅਰਲੀ ਡੇਅ ਮੋਸ਼ਨ ਇਸੇ ਹਫ਼ਤੇ ਪੇਸ਼ ਕੀਤਾ, ਜਿਸ ਉਤੇ ਪੰਜ ਹੋਰ ਸੰਸਦ ਮੈਂਬਰਾਂ ਦੇ ਵੀ ਦਸਤਖ਼ਤ ਹਨ। ਇਹ ਕਤਲੇਆਮ 1919 ਦੀ ਵਿਸਾਖੀ ਮੌਕੇ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਵਿੱਚ ਵਾਪਰਿਆ ਸੀ, ਜਦੋਂ ਉਥੇ ਅਜ਼ਾਦੀ ਪੱਖੀ ਮੁਜ਼ਾਹਰਾ ਕਰ ਰਹੇ ਸੈਂਕੜੇ ਲੋਕਾਂ ਨੂੰ ਜਰਨਲ ਡਾਇਰ ਦੀ ਅਗਵਾਈ ਹੇਠਲੀ ਫ਼ੌਜੀ ਟੁਕੜੀ ਨੇ ਗੋਲੀਆਂ ਨਾਲ ਭੁੰਨ ਸੁੱਟਿਆ ਸੀ। ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਆਪਣੀ ਭਾਰਤ ਫੇਰੀ ਦੌਰਾਨ ਇਸ ਕਤਲੇਆਮ ਨੂੰ ‘ਸ਼ਰਮਨਾਕ ਕਾਰਵਾਈ’ ਕਰਾਰ ਦਿੱਤਾ ਸੀ। ਮਤੇ ਵਿੱਚ ਕਿਹਾ ਗਿਆ ਹੈ ਕਿ ਹੁਣ ਜਦੋਂ ਇਸ ਕਾਂਡ ਦੀ ਪਹਿਲੀ ਸਦੀ ਕਰੀਬ ਆ ਰਹੀ ਹੈ, ਤਾਂ ਇਸ ਨੂੰ ਚੇਤੇ ਕੀਤਾ ਜਾਣਾ ਚੰਗਾ ਰਹੇਗਾ। ਇਸ ਵਿੱਚ ਬਰਤਾਨਵੀ ਸਰਕਾਰ ਨੂੰ ਇਹ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ ਕਿ ‘ਬਰਤਾਨਵੀ ਬੱਚਿਆਂ ਨੂੰ ਇਸ ਸ਼ਰਮਨਾਕ ਦੌਰ ਬਾਰੇ ਪੜ੍ਹਾਇਆ ਜਾਵੇ ਅਤੇ ਕਿ ਮੌਜੂਦਾ ਬਰਤਾਨਵੀ ਕਦਰਾਂ-ਕੀਮਤਾਂ ਪੁਰਅਮਨ ਰੋਸ ਮੁਜ਼ਾਹਰੇ ਦੇ ਹੱਕ ਦਾ ਸਵਾਗਤ’ ਕਰਦੀਆਂ ਹਨ। ਇਸ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਸਰਕਾਰ ਇਸ ਲਈ ਸੰਸਦ ਵਿੱਚ ‘ਰਸਮੀ ਤੌਰ ‘ਤੇ ਮੁਆਫ਼ੀ ਮੰਗੇ’ ਤੇ ਇਸ ਨੂੰ ਯਾਦ ਕਰਨ ਲਈ ਇਕ ਦਿਨ ਮਿਥਿਆ ਜਾਵੇ।
ਭਾਰਤੀਆਂ ਵਾਸਤੇ ਅਹਿਮ ਘਟਨਾ: ਸ਼ਰਮਾ
ਵੀਰੇਂਦਰ ਸ਼ਰਮਾ ਨੇ ਮਤੇ ਵਿੱਚ ਕਿਹਾ ਹੈ, ”ਇਹ ਭਾਰਤ ਵਿੱਚ ਬਰਤਾਨਵੀ ਇਤਿਹਾਸ ਦੀ ਬੜੀ ਅਹਿਮ ਘਟਨਾ ਸੀ। ਅਨੇਕਾਂ ਲੋਕ ਆਖਦੇ ਹਨ ਕਿ ਇਹ ਅੰਤ ਦੀ ਸ਼ੁਰੂਆਤ ਸੀ। ਇਕ ਅਜਿਹੀ ਘਟਨਾ ਜਿਸ ਨੇ ਅਜ਼ਾਦੀ ਦੀ ਲਹਿਰ ਨੂੰ ਹੁਲਾਰਾ ਦਿੱਤਾ। ਇਸ ਨੂੰ ਲਾਜ਼ਮੀ ਯਾਦ ਕੀਤਾ ਜਾਣਾ ਚਾਹੀਦਾ ਹੈ।”

 

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …