-3.4 C
Toronto
Sunday, December 21, 2025
spot_img
Homeਭਾਰਤਦੁਨੀਆ ਦਾ ਲੱਕ ਤੋੜਿਆ ਕਰੋਨਾ ਨੇ

ਦੁਨੀਆ ਦਾ ਲੱਕ ਤੋੜਿਆ ਕਰੋਨਾ ਨੇ

ਇਕੱਲੇ ਯੂਰਪ ਵਿਚ ਹੀ ਮੌਤਾਂ ਦਾ ਅੰਕੜਾ 90 ਹਜ਼ਾਰ ਤੋਂ ਪਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਸ਼ਵ ਭਰ ‘ਚ ਫੈਲੀ ਕਰੋਨਾ ਨਾਮੀ ਮਹਾਂਮਾਰੀ ਨੇ ਦੁਨੀਆ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪੂਰੇ ਸੰਸਾਰ ਵਿਚ ਕਰੋਨਾ ਵਾਇਰਸ ਹੁਣ ਤੱਕ 1 ਲੱਖ 36 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਨਿਕਲ ਚੁੱਕਿਆ ਹੈ। ਪ੍ਰੰਤੂ ਅਜੇ ਵੀ ਇਸ ਮਹਾਂਮਾਰੀ ਦੀ ਮਾਰ ਹੇਠ 21 ਲੱਖ ਤੋਂ ਵੱਧ ਵਿਅਕਤੀ ਹਨ। ਇਸ ਸਭ ਕੁਝ ਦੇ ਚਲਦਿਆਂ ਇਕ ਦਿਲ ਨੂੰ ਤਸੱਲੀ ਦੇਣ ਵਾਲੀ ਖ਼ਬਰ ਇਹ ਵੀ ਹੈ ਕਿ ਇਸ ਨਾਮੁਰਾਦ ਬਿਮਾਰੀ ਖਿਲਾਫ਼ ਜਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ 5 ਲੱਖ 25 ਹਜ਼ਾਰ ਤੋਂ ਵੱਧ ਵਿਅਕਤੀ ਸਿਹਤਯਾਬ ਹੋ ਕੇ ਜਿੱਤ ਹਾਸਲ ਕਰ ਚੁੱਕੇ ਹਨ। ਇਸ ਮਹਾਂਮਾਰੀ ਦੀ ਲਪੇਟ ਵਿਚ ਬੁਰੀ ਤਰ੍ਹਾਂ ਘਿਰੇ ਇਕੱਲੇ ਯੂਰਪ ਵਿਚ ਹੁਣ ਤੱਕ 90 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜੋ ਪੂਰੇ ਵਿਸ਼ਵ ਭਰ ‘ਚ ਹੋਈਆਂ ਮੌਤਾਂ ਦਾ 65 ਫੀਸਦੀ ਹਨ। ਯੂਰਪ ਅਧੀਨ ਆਉਂਦੇ ਇਟਲੀ ਵਿਚ 21 ਹਜ਼ਾਰ 645 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਦਕਿ ਇਥੇ ਕਰੋਨਾ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ ਅਜੇ ਵੀ 1 ਲੱਖ 65 ਹਜ਼ਾਰ ਤੋਂ ਵੱਧ ਹੈ। ਜਦਕਿ ਦੂਜੇ ਪਾਸੇ ਅਮਰੀਕਾ ਵਿਚ 28 ਹਜ਼ਾਰ ਤੋਂ ਵੱਧ ਮੌਤਾਂ, ਸਪੇਨ ਵਿਚ 19 ਹਜ਼ਾਰ ਤੋਂ ਵੱਧ, ਫਰਾਂਸ ਵਿਚ 17 ਹਜ਼ਾਰ ਤੋਂ ਵੱਧ, ਬ੍ਰਿਟੇਨ ‘ਚ 12 ਹਜ਼ਾਰ 800 ਤੋਂ ਵੱਧ ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਭਾਰਤ ਵਿਚ ਵੀ ਕਰੋਨਾ ਵਾਇਰਸ ਦਾ ਕਹਿਰ ਘਟਦਾ ਨਜ਼ਰ ਨਹੀਂ ਆ ਰਿਹਾ ਭਾਰਤ ਵਿਚ ਕਰੋਨਾ ਪੀੜਤ ਵਿਅਕਤੀਆਂ ਦਾ ਅੰਕੜਾ 13 ਹਜ਼ਾਰ ਨੂੰ ਛੂਹਣ ਵਾਲਾ ਹੈ ਜਦਕਿ ਮੌਤਾਂ ਦੀ ਗਿਣਤੀ 438 ਨੂੰ ਪਾਰ ਕਰ ਗਈ ਹੈ।
ਪੰਜਾਬ ‘ਚ ਕਰੋਨਾ ਦਾ ਖੌਫ ਬਰਕਰਾਰ
ਕਰੋਨਾ ਪੀੜਤਾਂ ਦੀ ਗਿਣਤੀ 193 ਹੋਈ ਜਦਕਿ 14 ਤੱਕ ਹੋ ਚੁੱਕੀਆਂ ਹਨ ਮੌਤਾਂ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ‘ਚ ਕਰੋਨਾ ਵਾਇਰਸ ਦਾ ਖੌਫ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਅੱਜ ਫਿਰ ਪੰਜਾਬ ਅੰਦਰ 5 ਨਵੇਂ ਕਰੋਨਾ ਪੀੜਤਾਂ ਦੇ ਸਾਹਮਣੇ ਆਉਣ ਨਾਲ ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 193 ਹੋ ਗਈ ਹੈ। ਉਧਰ ਅੱਜ ਅੰਮ੍ਰਿਤਸਰ ਦੇ ਗਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਗੁਰਦਾਸਪੁਰ ਜ਼ਿਲ੍ਹੇ ਦੀ ਰਿਟਾਇਰਡ ਟੀਚਰ ਨੇ ਕਰੋਨਾ ਕਾਰਨ ਦਮ ਤੋੜ ਦਿੱਤਾ ਜਿਸ ਨਾਲ ਗੁਰਦਾਸ ਜ਼ਿਲ੍ਹੇ ‘ਚ ਕਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ। ਹੁਣ ਪੰਜਾਬ ਵਿਚ ਕਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ 14 ਹੋ ਗਈ ਹੈ। ਅੱਜ ਕਰੋਨਾ ਪੀੜਤਾਂ ਦੇ ਸਾਹਮਣੇ ਆਏ ਨਵੇਂ ਪੰਜ ਕੇਸਾਂ ਵਿਚ 3 ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ 4 ਜਲੰਧਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀ ਹਨ ਜਿਨ੍ਹਾਂ ਦੀ ਕਰੋਨਾ ਰਿਪੋਰਟ ਪਾਜਿਟਿਵ ਪਾਈ ਗਈ ਹੈ। ਪਟਿਆਲਾ ਵਿਖੇ ਸਫਾਬਾਦੀ ਗੇਟ ‘ਚੋਂ ਮਿਲੇ ਕਰੋਨਾ ਮਰੀਜ਼ਾਂ ਕਾਰਨ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਹੁਣ ਪਟਿਆਲਾ ਜ਼ਿਲ੍ਹੇ ‘ਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 6 ਹੋ ਗਈ ਹੈ।

RELATED ARTICLES
POPULAR POSTS