Breaking News
Home / ਭਾਰਤ / ਅਸ਼ੋਕ ਗਹਿਲੋਤ ਨੇ ਸਚਿਨ ਪਾਇਲਟ ਨੂੰ ਦੱਸਿਆ ਨਿਕੰਮਾ ਤੇ ਨਕਾਰਾ ਵਿਅਕਤੀ

ਅਸ਼ੋਕ ਗਹਿਲੋਤ ਨੇ ਸਚਿਨ ਪਾਇਲਟ ਨੂੰ ਦੱਸਿਆ ਨਿਕੰਮਾ ਤੇ ਨਕਾਰਾ ਵਿਅਕਤੀ

ਕਿਹਾ – ਪਾਰਟੀ ਦੇ ਹਿੱਤਾਂ ਦੇ ਮੱਦੇਨਜ਼ਰ ਰਿਹਾ ਹਾਂ ਚੁੱਪ
ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੀ ਸਰਕਾਰ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਨਿਕੰਮਾ ਤੇ ਨਕਾਰਾ ਵਿਅਕਤੀ ਦੱਸਦਿਆਂ ਕਿਹਾ ਕਿ ਉਸ ਨੇ ਕੁਝ ਨਹੀਂ ਕੀਤਾ। ਗਹਿਲੋਤ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਪਹਿਲਾਂ ਉਸ ‘ਤੇ ਸਵਾਲ ਨਹੀਂ ਉਠਾਏ। ਹਾਲਾਂਕਿ ਆਪਣੇ ਬਿਆਨ ਵਿਚ ਗਹਿਲੋਤ ਨੇ ਪਾਇਲਟ ਦਾ ਸਿੱਧੇ ਤੌਰ ‘ਤੇ ਨਾਮ ਨਹੀਂ ਲਿਆ। ਗਹਿਲੋਤ ਨੇ ਕਿਹਾ ਕਿ ਰਾਜਸਥਾਨ ਵਿਚ ਸੂਬਾ ਪਾਰਟੀ ਪ੍ਰਧਾਨ ਬਦਲਣ ਦੀ ਮੰਗ ਨਹੀਂ ਉਠਾਈ ਗਈ ਸੀ, ਜੋ ਅਹੁਦਾ ਪਿਛਲੇ ਸੱਤ ਸਾਲ ਤੋਂ ਪਾਇਲਟ ਦੇ ਕੋਲ ਰਿਹਾ ਸੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਹ ਆਪਣੀ ਸਰਕਾਰ ਨੂੰ ਡੇਗਣ ਦੀਆਂ ਸਾਜਿਸ਼ਾਂ ਬਾਰੇ ਗੱਲਾਂ ਕਰਦਾ ਸੀ ਪਰ ਕਿਸੇ ਨੇ ਵੀ ਵਿਸ਼ਵਾਸ ਨਹੀਂ ਕੀਤਾ ਕਿ ਉਹ (ਪਾਇਲਟ) ਮਾਸੂਮ ਚਿਹਰੇ ਵਾਲਾ, ਹਿੰਦੀ ਤੇ ਅੰਗਰੇਜ਼ੀ ਜ਼ੁਬਾਨ ਉਪਰ ਚੰਗੀ ਮੁਹਾਰਤ ਰੱਖਣ ਵਾਲਾ ਅਤੇ ਦੇਸ਼ ਭਰ ਦੇ ਮੀਡੀਆ ‘ਤੇ ਪ੍ਰਭਾਵ ਪਾਉਣ ਵਾਲਾ ਇੰਝ ਕਰ ਸਕਦਾ ਹੈ। ਗਹਿਲੋਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜਸਥਾਨ ਹੀ ਅਜਿਹਾ ਇਕ ਸੂਬਾ ਹੈ ਜਿੱਥੇ 7 ਸਾਲਾ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਬਦਲਣ ਦੀ ਮੰਗ ਨਹੀਂ ਉਠਾਈ ਗਈ ਸੀ।
ਪਾਇਲਟ ਨੇ 30 ਤੋਂ 35 ਕਰੋੜ ਦੀ ਕੀਤੀ ਸੀ ਪੇਸ਼ਕਸ਼!
ਜੈਪੁਰ : ਰਾਜਸਥਾਨ ਤੋਂ ਕਾਂਗਰਸ ਦੇ ਇਕ ਵਿਧਾਇਕ ਗਿਰੀਰਾਜ ਸਿੰਘ ਮਲਿੰਗਾ ਨੇ ਬਾਗੀ ਪਾਰਟੀ ਆਗੂ ਸਚਿਨ ਪਾਇਲਟ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸਨੇ ਭਾਜਪਾ ਵਿਚ ਸ਼ਾਮਿਲ ਹੋਣ ਲਈ ਮੈਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਪਾਇਲਟ ਦੇ ਘਰ ਵਿਖੇ ਗੱਲਬਾਤ ਹੋਈ ਸੀ ਅਤੇ ਬਾਅਦ ਵਿਚ ਸੂਬਾ ਸਰਕਾਰ ਡੇਗਣ ਦੀਆਂ ਸਾਜਿਸ਼ਾਂ ਘੜੇ ਜਾਣ ਸਬੰਧੀ ਮੈਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਇਸ ਬਾਰੇ ਚੌਕਸ ਕਰ ਦਿੱਤਾ ਸੀ। ਮਲਿੰਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਸਚਿਨ ਪਾਇਲਟ ਨਾਲ ਗੱਲਬਾਤ ਹੋਈ ਸੀ। ਉਨ੍ਹਾਂ ਮੈਨੂੰ ਭਾਜਪਾ ਵਿਚ ਸ਼ਾਮਿਲ ਹੋਣ ਲਈ ਪੈਸਿਆਂ ਦੀ ਪੇਸ਼ਕਸ਼ ਕੀਤੀ ਸੀ ਪਰ ਮੈਂ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਕਿੰਨੇ ਪੈਸੇ ਉਨ੍ਹਾਂ ਨੂੰ ਦਿੱਤੇ ਜਾਣੇ ਸੀ, ਮਲਿੰਗਾ ਨੇ ਇਸ ਰਕਮ ਸਬੰਧੀ ਕੋਈ ਖ਼ੁਲਾਸਾ ਨਹੀਂ ਕੀਤਾ ਪਰ ਜਦ ਮਲਿੰਗਾ ਤੋਂ ਇਹ ਰਕਮ 30 ਤੋਂ 35 ਕਰੋੜ ਹੋਣ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਜਾਇਜ਼ ਕੀਮਤ ਦੀ ਪੇਸ਼ਕਸ਼ ਕੀਤੀ ਗਈ ਸੀ।
ਰਾਜਸਥਾਨ ਪੁਲਿਸ ਵਲੋਂ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਨੋਟਿਸ
ਜੈਪੁਰ : ਰਾਜਸਥਾਨ ਸਰਕਾਰ ਨੂੰ ਡੇਗਣ ਦੀ ਕਥਿਤ ਸਾਜਿਸ਼ ਦੀ ਜਾਂਚ ਕਰਨ ਵਾਲੇ ਰਾਜਸਥਾਨ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨਜ਼ ਗਰੁੱਪ (ਐਸ.ਓ.ਜੀ.) ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਧਾਰਾ ਸੀ.ਆਰ.ਪੀ.ਸੀ. ਤਹਿਤ ਇਕ ਨੋਟਿਸ ਦਿੱਤਾ ਹੈ, ਜਿਸ ਅਧੀਨ ਜਦ ਉਨ੍ਹਾਂ ਨੂੰ ਬੁਲਾਇਆ ਜਾਵੇ ਤਦ ਉਨ੍ਹਾਂ ਨੂੰ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣਾ ਹੋਵੇਗਾ। ਧਾਰਾ 160 ਤਹਿਤ ਸ਼ੇਖਾਵਤ ਦੇ ਨਿੱਜੀ ਸਕੱਤਰ ਨੂੰ ਇਹ ਸੰਮਨ ਭੇਜਿਆ ਗਿਆ ਹੈ। ਇਹ ਉਨ੍ਹਾਂ ਆਡੀਓ ਟੇਪਾਂ ਦੇ ਸਬੰਧ ‘ਚ ਹੈ, ਜਿਨ੍ਹਾਂ ‘ਚੋਂ ਇਕ ਟੇਪ ‘ਚ ਰਾਜਸਥਾਨ ਸਰਕਾਰ ਨੂੰ ਡੇਗਣ ਲਈ ਕਥਿਤ ਗੱਲਬਾਤ ਦੌਰਾਨ ਮੰਤਰੀ ਦੀ ਆਵਾਜ਼ ਸੁਣੀ ਗਈ।
ਅਸ਼ੋਕ ਗਹਿਲੋਤ ਦੇ ਭਰਾ ਦੇ ਘਰ ਈ.ਡੀ. ਦੇ ਛਾਪੇ
ਜੋਧਪੁਰ : ਰਾਜਸਥਾਨ ਵਿਚ ਚੱਲ ਰਹੇ ਸਿਆਸੀ ਘਮਾਸਾਣ ਦੇ ਚੱਲਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਫਰਟੀਲਾਈਜ਼ਰ ਸਕੈਮ ਮਾਮਲੇ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗਰਸੈਨ ਗਹਿਲੋਤ ਦੇ ਘਰ ਅਤੇ ਫਾਰਮ ਹਾਊਸ ‘ਤੇ ਛਾਪੇ ਮਾਰੇ। ਈਡੀ ਦੀ ਟੀਮ ਪੀਪੀਈ ਕਿੱਟਾਂ ਪਹਿਨ ਕੇ ਅਗਰਸੈਨ ਦੇ ਘਰ ਪਹੁੰਚੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਅਤੇ ਈਡੀ ਨੇ ਮੁੱਖ ਮੰਤਰੀ ਦੇ ਦੋ ਕਰੀਬੀ ਰਿਸ਼ਤੇਦਾਰਾਂ ਦੇ ਟਿਕਾਣਿਆਂ ‘ਤੇ ਵੀ ਛਾਪੇ ਮਾਰੇ ਸਨ। ਸੂਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਰੇਡ ਰਾਜ ਚਲਾ ਕੇ ਰੱਖਿਆ ਹੋਇਆ ਹੈ।

Check Also

ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …