Breaking News
Home / ਨਜ਼ਰੀਆ / ਮੇਰਾ ਮੌਤ ਦੇ ਪੰਜੇ ‘ਚੋਂ ਬਚਣਾ

ਮੇਰਾ ਮੌਤ ਦੇ ਪੰਜੇ ‘ਚੋਂ ਬਚਣਾ

ਕਲਵੰਤ ਸਿੰਘ ਸਹੋਤਾ
ਮੌਤ ਇੱਕ ਅਟੱਲ ਸਚਾਈ ਹੈ, ਇਹ ਹਰ ਇਕ ਤੇ ਆਉਣੀ ਹੈ ਤੇ ਅਵੱਛ ਆਉਣੀ ਹੈ: ਪਰ ਇੱਕ ਗੱਲ ਜਿਸ ਦਾ ਪਤਾ ਨਹੀਂ ਉਹ ਇਹ ਹੈ ਕਿ ਕਦੋਂ, ਕਿਵੇਂ ਤੇ ਕਿਥੇ ਆਉਣੀ ਹੈ। ਤੁਰਦਿਆਂ ਫਿਰਦਿਆਂ ਆਉਣੀ ਹੈ, ਬਿਮਾਰ ਹੋ ਕੇ ਆਉਣੀ ਹੈ ਜਾਂ ਕਿਸੇ ਦੁਰਘਟਨਾ ‘ਚ ਇਸ ਦਾ ਕੋਈ ਪਤਾ ਨਹੀਂ। ਚਾਹੇ ਬਨਸਪਤੀ ਹੈ, ਜੀਵ ਜੰਤੂ ਹਨ, ਜਾਨਵਰ ਹਨ, ਪੰਛੀ ਹਨ, ਇਥੋਂ ਤੱਕ ਕਿ ਕੀਟਾਣੂਆਂ ਦਾ ਵੀ ਜੀਵਨ ਸਾਈਕਲ ਹੈ। ਆਪਣੀ ਉਮਰ ਭੋਗ ਕੇ ਸਭ ਵਿਨਾਸ਼ ਹੋ ਜਾਂਦੇ ਹਨ। ਬੰਦਾ ਇਨ੍ਹਾਂ ਸਭ ਜਾਤੀਆਂ ‘ਚੋਂ ਸਿਆਣਾਂ ਤੇ ਆਪਣੇ ਆਪ ਨੂੰ ਚੁਸਤ ਫੁਰਤ ਸਮਝਦਾ ਹੈ, ਪਰ ਮੌਤ ਤੋਂ ਡਰਦਾ ਬੜਾ ਹੈ। ਮੌਤ ਦਾ ਖਿਆਲ ਆਉਦਿਆਂ ਹੀ ਪਸੀਨੋ ਪਸੀਨਾਂ ਹੋ ਜਾਊ; ਸੋਚਣ ਲੱਗੂ ਮੇਰੇ ਮਗਰੋਂ ਆਹ ਕੰਮ ਕਿਵੇਂ ਹੋਊ, ਇਨ੍ਹਾਂ ਨਿਆਣਿਆਂ ਨੂੰ ਕੌਣ ਸਾਂਭੂ ਤੇ ਮਗਰੋਂ ਟੱਬਰ ਕਿਵੇਂ ਗੁਜ਼ਾਰਾ ਕਰੂ, ਇਤ ਆਦਿ ਖਿਆਲ ਆ ਬੰਦਾ ਘਬਰਾਹਟ ਦਾ ਆਲਮ ‘ਚ ਆ ਜਾਂਦਾ ਹੈ।
ਉਹਨਾਂ ਹੀ ਬੰਦਿਆਂ ‘ਚੋਂ ਮੈਂ ਵੀ ਹਾਂ। ਅਸੀਂ ਪੰਜਾਬੀ ਪੰਜਾਬ ਤੋਂ ਦੁੱਧ ਘਿਉ ਤੇ ਹੋਰ ਭਾਰੀਆਂ ਖੁਰਾਕਾਂ ਖਾਂਦੇ ਵੱਡੇ ਹੋਏ ਤੇ ਪਲੇ; ਹਰ ਤਰ੍ਹਾਂ ਦਾ ਭਾਰਾ ਖਾਣਾਂ ਖਾਣ ਦੇ ਪੁਸ਼ਤਾਂ ਤੋਂ ਆਦੀ ਹਾਂ ਪਰ ਨਾਲ ਸਖਤ ਕੰਮ ਵੀ ਕਰਿਆ ਕਰਦੇ ਸਾਂ ਜਿਸ ਕਰਕੇ ਭਾਰੀ ਚਰਬੀ ਵਾਲੀ ਖੁਰਾਕ ਦਾ ਪਚ ਜਾਣਾਂ ਤੇ ਸਰੀਰ ‘ਚ ਸੌਖਿਆਂ ਹੀ ਜਜ਼ਬ ਹੋ ਜਾਣਾ ਸੰਭਵ ਸੀ। ਜਿਉਂ ਹੀ ਸਮਾਂ ਬਦਲਿਆ, ਖੁਰਾਕਾਂ ਤਾਂ ਉਹੀ ਰਹੀਆਂ ਪਰ ਸਰੀਰ ਦੀ ਕਸਰਤ ਹੁੰਦੀ ਰਹਿਣ ਦੀਆਂ ਵਿਧੀਆਂ ‘ਚ ਚੋਖੀ ਕਮੀ ਹੋ ਗਈ। ਜਿਹੜੀ ਕਸਰਤ ਰੋਜ਼ਾਨਾਂ ਕੰਮ ਕਰਦਿਆਂ ਸੁਭਾਵਿਕ ਹੀ ਹੋ ਜਾਇਆ ਕਰਦੀ ਸੀ ਉਸ ਨੂੰ ਬਰੇਕਾਂ ਲੱਗ ਗਈਆਂ। ਸੁੱਖ ਸਹੂਲਤਾਂ ਦੇ ਵਾਧੇ ਨੇ ਭਾਰੀ ਖੁਰਾਕ ਨੂੰ ਸਾਡਾ ਦੁਸ਼ਮਣ ਬਣਾ ਦਿੱਤਾ। ਸਮੇਂ ਦੇ ਨਾਲ ਨਾਲ ਖੁਰਾਕਾਂ ਤਾਂ ਉਹੀ ਖਾਂਦੇ ਰਹੇ ਪਰ ਸਰੀਰ ਦੀ ਹਿੱਲ ਜੁੱਲ ਘੱਟ ਹੁੰਦੀ ਗਈ। ਪੈਦਲ ਤੁਰਨ ਦੀ ਥਾਂ ਮੋਟਰਾਂ ਗੱਡੀਆਂ ਚ੍ਹੜਨ ਲੱਗੇ, ਸਖ਼ਤ ਕੰਮ ਕਰਨ ਦੀ ਥਾਂ ਮਸ਼ੀਨਾਂ ਨੇ ਲੈ ਲਈ ਤੇ ਇੰਝ ਸਰੀਰਾਂ ‘ਚ ਚਰਬੀ ਦੀ ਬਹੁਤਾਤ ਜਮਾਂ ਹੋਣ ਲੱਗੀ, ਜਿਹੜੀ ਕਈ ਰੋਗਾਂ ਨੂੰ ਵੀ ਨਾਲ ਲੈ ਆਈ। ਇਸ ਦੇ ਮੱਦੇ ਨਜ਼ਰ ਸ਼ੂਗਰ, ਸਟਰੋਕ ਤੇ ਦਿਲ ਦੇ ਰੋਗਾਂ ਦੀ ਭਰਮਾਰ ਹੋ ਗਈ, ਜਿਹੜੀ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ। ਸੁਭਾਵਿਕ ਹੀ ਮੇਰੇ ਮਨ ‘ਚ ਵੀ ਇਹ ਭੈ ਬਣਨ ਲੱਗਾ ਕਿ ਇਨ੍ਹਾਂ ਤੋਂ ਬਚਣ ਦਾ ਉਪਰਾਲਾ ਕਰਨਾਂ ਚਾਂਹੀਦਾ, ਜਿਸ ਦਾ ਪ੍ਰਚਾਰ ਅੱਜ ਕੱਲ੍ਹ ਸਿਖ਼ਰਾਂ ‘ਤੇ ਹੈ ਕਿ ਸਿਹਤਮੰਦ ਖਾਣਾਂ ਖਾਓ, ਕਸਰਤ ਕਰੋ ਤੇ ਫਿਕਰ ਤੋਂ ਮੁਕਤ ਰਹੋਂ ਤਾਂ ਇਨ੍ਹਾਂ ਨਿਆਮਤਾਂ ਤੋਂ ਬਚਿਆ ਜਾ ਸਕਦਾ ਹੈ। ਓਪਨ ਹਰਟ ਸਰਜਰੀ ਅੱਜ ਇਕ ਆਮ ਗੱਲ ਬਣ ਗਈ ਹੈ, ਇਸ ਨੂੰ ਕੌਰੋਨਰੀ ਆਰਟਰੀ ਬਾਈਪਾਸ ਗਰਾਫ਼ਟ ਕਿਹਾ ਜਾਂਦਾ ਹੈ।
ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ, ਮੈਂ ਕਸਰਤ ਤੇ ਸਿਹਤਮੰਦ ਖਾਣੇ ਵਲ ਉਚੇਚਾ ਧਿਆਨ ਦੇਂਦਿਆਂ ਨੇਮ ਨਾਲ ਇਸ ਦੀ ਪਾਲਣਾ ਕਰਦਾ ਆਇਆ ਕਿ ਕਿਤੇ ਮੇਰੀ ਨਾਂ ਓਪਨ ਹਰਟ ਸਰਜਰੀ ਹੋਵੇ। ਨੇਮ ਬੱਧ ਡਾਕਟਰ ਨੂੰ ਦੇਖਣਾ ਤੇ ਖੂਨ ਟੈਸਟ ਹੁੰਦੇ ਰਹੇ ਜਿਸ ਨਾਲ ਪਤਾ ਲੱਗਦਾ ਰਿਹਾ ਕਿ ਮੇਰਾ ਬਲੱਡ ਪਰੈਸ਼ਰ, ਕਲਿਸਟਰੋਲ, ਸ਼ੂਗਰ ਤੇ ਹੋਰ ਸਭ ਕੁਝ ਨਿਯਮੱਤ ਦਾਇਰੇ ‘ਚ ਹੈ ਅਤੇ ਰਿਹਾ। ਮੇਰੇ ਲਈ ਇਹ ਇੱਕ ਬਹੁਤ ਖੁਸ਼ੀ ਤੇ ਰਾਹਤ ਵਾਲੀ ਗੱਲ ਸੀ ਕਿ ਮੈਂ ਨਿਯਮਤ ਢੰਗ ਅਨੁਸਾਰ ਖੁਰਾਕ ਤੇ ਕਸਰਤ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖ ਰਿਹਾਂ। ਮੇਰਾ ਫੈਮਲੀ ਫਿਜ਼ੀਸ਼ਨ ਵੀ ਇਸ ਗੱਲੋਂ ਖੁਸ਼ ਤੇ ਸੰਤੁਸ਼ਟ ਸੀ ਕਿ ਮੈ ਦੁਆਈਆਂ ਰਹਿਤ ਸਿਹਤਮੰਦ ਜੀਵਨ ਸ਼ੈਲੀ ਆਪਣਾ ਤੰਦਰੁਸਤੀ ਦੀ ਹੀ ਲੀਹ ‘ਤੇ ਹਾਂ।
ਦੋ ਦਹਾਕਿਆਂ ਤੋਂ ਵੱਧ ਮੈਨੂੰ ਦੌੜਦਿਆਂ ਤੇ ਹਾਈਕ ਕਰਦਿਆਂ ਹੋ ਗਿਆ, ਪੰਜ ਕਿਲੋਮੀਟਰ ਤੋਂ ਲੈ ਕੇ ਹਾਫ ਮੈਰਾਥਾਨ ਦੌੜਾਂ ‘ਚ ਹਿੱਸਾ ਲੈਣਾ ਮੇਰਾ ਨੇਮ ਬਣਿਆਂ ਰਿਹਾ, ਇਹ ਨੇਮ ਮੈਨੂੰ ਸਾਰਾ ਸਾਲ ਨਿਯਮਤ ਤਰੀਕੇ ਨਾਲ ਇਨ੍ਹਾਂ ਦੌੜਾਂ ‘ਚ ਹਿੱਸਾ ਲੈਣ ਲਈ ਉਤਸ਼ਾਹਤ ਵੀ ਕਰਦਾ ਤੇ ਨਾਲ ਨਾਲ ਮੇਰੇ ਸਰੀਰ ਤੇ ਮਨ ਨੂੰ ਲਗਾਤਾਰ ਊਰਜਾ ਦਾ ਸੋਮਾਂ ਭੀ ਬਣਦਾ। ਸਰੀਰ ਦਾ ਚੁਸਤ ਫੁਰਤ ਰਹਿਣਾ ਤੇ ਮਨ ਦਾ ਖੇੜਾ ਮੈਨੂੰ ਇਸ ਤੋਂ ਮਿਲਦਾ। ਹਰ ਆਉਣ ਵਾਲੀ ਅਗਲੀ ਦੌੜ ‘ਚ ਮੈਂ ਆਪਣਾਂ ਸਮਾਂ ਹੋਰ ਬਿਹਤਰ ਬਣਾਉਣ ਲਈ, ਹੋਰ ਸ਼ਿੱਦਤ ਨਾਲ ਤਿਆਰੀ ਕਰਦਾ: ਅਗਲੀ ਦੌੜ ਜਦ ਮੈਂ ਪਹਿਲਾਂ ਨਾਲੋਂ ਬਿਹਤਰ ਤੇ ਘੱਟ ਸਮੇਂ ‘ਚ ਪੂਰੀ ਕਰ ਲੈਂਦਾ ਤਾਂ ਮੈਨੂੰ ਅੰਤਾਂ ਦੀ ਖੁਸ਼ੀ ਹੁੰਦੀ ਤੇ ਲਗਦਾ ਕਿ ਮੈਂ ਦੌੜ ‘ਚ ਸੋਨ ਤਗਮਾਂ ਜਿੱਤ ਲਿਆ ਹੋਵੇ; ਮੈਂ ਆਪਣੇ ਆਪ ਨੂੰ ਉਲੰਪੀਅਨ ਬਣਿਆ ਮਹਿਸੂਸ ਕਰਨ ਲਗਦਾ। ਦਰਅਸਲ ਇਨ੍ਹਾਂ ਦੌੜਾਂ ‘ਚ ਹਿੱਸਾ ਲੈਣ ਵਾਲਾ ਹਰ ਇਕ ਹੀ ਉਲੰਪੀਅਨ ਹੈ, ਕਿਉਂਕਿ ਤੁਹਾਡਾ ਆਪਣੇ ਆਪ ਨਾਲ ਹੀ ਮੁਕਾਬਲਾ ਹੁੰਦਾ ਹੈ ਤੇ ਦੌੜ ਪੂਰੀ ਕਰ ਲੈਣਾ ਕੋਈ ਉਲੰਪਿਕ ਮੈਡਲ ਜਿੱਤਣ ਤੋਂ ਘੱਟ ਨਹੀਂ ਹੁੰਦਾ। ਇਹ ਇੱਕ ਚੰਗਾ ਰੁਝਾਨ ਹੈ, ਰੋਗਾਂ ਤੋਂ ਬਚੇ ਰਹਿਣ ਦਾ ਉਪਰਾਲਾ ਵੀ ਜਿਸ ਨਾਲ ਸਰੀਰ ਰਿਸ਼ਟ ਪੁਸ਼ਟ ਰਹਿ ਸਕੇ।
ਇਸੇ ਦੌੜ ਦੇ ਉਤਸ਼ਾਹ ਦੀ ਲੋਰ ਚੜ੍ਹਿਆ, ਨਾਲ ਨਾਲ ਮੈਨੂੰ ਹਾਈਕ ਕਰਨ ਦਾ ਨਸ਼ਾ ਵੀ ਹੋ ਗਿਆ। ਮੈਟਰੋ ਵੈਨਕੂਵਰ ਦੀ ਪ੍ਰਸਿੱਧ ਹਾਈਕ ਟਰੇਲ ਵੀ ਹਾਈਕ ਕਰਦਿਆਂ ਮੈਨੂੰ ਦੋ ਦਹਾਕਿਆਂ ਦੇ ਕਰੀਬ ਹੋ ਚੱਲਿਆ। ਇਹ ਹੈ ਗਰਾਊਜ਼ ਗਰਾਈਂਡ, ਜਿਸ ਦੀ ਵਾਟ ਹੈ ਤਕਰੀਬਨ ਤਿੰਨ ਕਿਲੋਮੀਟਰ ਤੇ ਸਿੱਧੀ ੳਚਾਈ ਨੌਂ ਸੌ ਮੀਟਰ। ਦੌੜਨ ਦੇ ਨਾਲ ਨਾਲ ਮੈਨੂੰ ਗਰਾਈਂਡ ਹਾਈਕ ਕਰਨ ਦਾ ਵੀ ਝੱਸ ਬਣਿਆ ਰਿਹਾ। ਇਥੇ ਵੀ ਹਰ ਵਾਰੀ ਮੈਂ ਦੇਖਦਾ ਕਿ ਕਿਤਨਾਂ ਸਮਾਂ ਲੱਗਾ ਤੇ ਇੰਜ ਹਰ ਅਗਲੀ ਵਾਰੀ ਪਹਿਲਾਂ ਨਾਲੋਂ ਬਿਹਤਰ ਸਮੇਂ ‘ਚ ਇਸ ਹਾਈਕ ਨੂੰ ਪੂਰੀ ਕਰਨ ਦੀ ਹੋੜ ‘ਚ ਰਹਿੰਦਾ। ਦੌੜਾਂ ਦਾ ਤੇ ਗਰਾਊਜ਼ ਗਰਾਈਂਡ ਦਾ ਸਮਾਂ ਮੇਰਾ ਪੈਮਾਨਾ ਸਨ, ਜੋ ਸਾਲਾਂ ਬੱਧੀ ਮੈਂ ਹੋਰ ਵਧੀਆ ਬਣਾਉਣ ਦਾ ਯਤਨ ਕਰਦਾ ਰਿਹਾ ਜਾਂ ਬਰਕਰਾਰ ਰੱਖ ਸਕਿਆ। ਇਸੇ ਰੋਟੀਨ ਅਧੀਨ ਦੋ ਦਹਾਕੇ ਬੀਤ ਜਾਣ ਬਾਅਦ, ਮੈਂ ਕੁੱਝ ਮਹਿਸੂਸ ਕੀਤਾ ਕਿ ਜਿਵੇਂ ਬਰੇਕਾਂ ਲੱਗ ਗਈਆ ਹੋਣ; ਮੇਰੇ ਪੂਰਾ ਜ਼ੋਰ ਲਾਉਣ ਦੇ ਬਾਵਯੂਦ ਵੀ ਮੇਰਾ ਸਮਾਂ ਵਧੀਆ ਤਾਂ ਕੀ ਹੋਣਾ ਬਲਿਕੇ ਪਿਛਲੇ ਸਾਲ ਜਿੰਨਾਂ ਵੀ ਬਰਕਰਾਰ ਨਾ ਰੱਖ ਹੋਵੇ। ਮੈਂ ਮਹਿਸੂਸ ਕੀਤਾ ਕਿ ਕਿਤੇ ਨਾ ਕਿਤੇ ਕੁਝ ਨਾਂ ਕੁਝ ਗਲਤ ਹੈ। ਨਿਯਮਤ ਸਮੇਂ ਅਨੁਸਾਰ ਜਦੋਂ ਮੈਂ ਖੂਨ ਟੈਸਟ ਬਾਅਦ ਡਾਕਟਰ ਕੋਲ ਗਿਆ ਤਾਂ ਉਸ ਕੋਲ ਦੌੜਾਂ ਤੇ ਹਾਈਕ ਕਰਨ ਦੇ ਸਮੇਂ ਦੇ ਹੌਲ਼ੀ ਹੋ ਜਾਣ ਦੀ ਗੱਲ ਕੀਤੀ ਤਾਂ ਉਸ ਕਿਹਾ ਕਿ ਇਹ ਉਮਰ ਦੇ ਕਰਕੇ ਹੈ; ਅੱਗੋਂ ਉਸ ਇਹ ਵੀ ਦੱਸਿਆ ਕਿ ਖੂਨ ਦੀ ਰਿਪੋਰਟ ਮੁਤਾਬਿਕ ਮੇਰਾ ਕਲਿਸਟਰੋਲ, ਸ਼ੂਗਰ, ਟਰਾਈ ਗਲਿਸਰਾਈਡਜ਼, ਬਲੱਡ ਪਰੈਸ਼ਰ ਤੇ ਬਾਕੀ ਸਭ ਗਿਣਤੀਆਂ ਮਿਣਤੀਆਂ ਵੀ ਠੀਕ ਹਨ ਤਾਂ ਮੈਨੂੰ ਲੱਗਿਆ ਕਿ ਮੇਰਾ ਐਵੇਂ ਭਰਮ ਹੀ ਹੈ ਤੇ ਉਮਰ ਦੇ ਤਕਾਜ਼ੇ ਅਨੁਸਾਰ ਹੀ ਸਮਾਂ ਸ਼ਾਇਦ ਹੌਲ਼ੀ ਹੋ ਗਿਆ ਹੋਵੇ ਅਤੇ ਜਦੋਂ ਲੈਬ ਰਿਪੋਰਟਾਂ ਤੇ ਡਾਕਟਰ ਦੀ ਸਮਝ ਮੁਤਾਬਿਕ ਕੁੱਝ ਗਲਤ ਮਲਤ ਨਹੀਂ, ਤਾਂ ਮੇਰੀ ਤਸੱਲੀ ਹੋ ਗਈ। ਇੰਜ ਇੱਕ ਸਾਲ ਹੋਰ ਲੰਘ ਗਿਆ। ਦੌੜ ਦਾ ਤੇ ਹਾਈਕ ਦਾ ਸਮਾਂ ਪਿਛਲੇ ਸਾਲ ਨਾਲੋਂ ਵੀ ਵੱਧ ਲੱਗਣ ਲੱਗ ਪਿਆ; ਦਸ ਕਿਲੋਮੀਟਰ ਪਿਛਲੇ ਸਾਲ ‘ਚ ਕਿਤਨੇ ਚਿਰ ‘ਚ ਦੌੜ ਲੈਂਦਾ ਸੀ ਅਤੇ ਗਰਾਊਜ਼ ਗਰਾਈਂਡ ਕਿਤਨੇ ਸਮੇਂ ‘ਚ ਕਰ ਲੈਂਦਾ ਸੀ, ਇਨ੍ਹਾਂ ਦੋਹਾਂ ਦਾ ਹੀ ਸਮਾਂ ਹੋਰ ਵੀ ਹੌਲ਼ੀ ਹੋ ਗਿਆ। ਨਿਯਮਤ ਸਮੇਂ ਤੇ ਜਦੋਂ ਮੈਂ ਅਗਲੇ ਸਾਲ ਮੁੜ ਬਲੱਡ ਵਰਕ ਤੋਂ ਬਾਅਦ ਡਾਕਟਰ ਕੋਲ ਗਿਆ ਤਾਂ ਫਿਰ ਸਭ ਕੁਝ ਠੀਕ ਠਾਕ ਨਿਕਲਿਆ। ਮੈਂ ਪਿਛਲੇ ਸਾਲ ਵਾਂਗ ਹੀ ਮੁੜ ਜ਼ਿਕਰ ਕੀਤਾ ਕਿ ਮੇਰਾ ਦੌੜ ਦਾ ਤੇ ਹਾਈਕ ਦਾ ਸਮਾਂ ਤਾਂ ਪਿਛਲੇ ਸਾਲ ਨਾਲੋਂ ਵੀ ਹੌਲੀ ਹੋ ਗਿਆ ਹੈ ਤਾਂ ਅੱਗੋਂ ਮੁੜ ਉਹੀ ਜੁਆਬ ਮਿਲਿਆ ਕਿ ਇਹ ਉਮਰ ਕਰਕੇ ਹੈ। ਅੱਗੋਂ ਮੈਂ ਗੰਭੀਰਤਾ ਨਾਲ ਕਿਹਾ ਕਿ ਸਮੇਂ ਦਾ ਏਨਾਂ ਫਰਕ ਤਾਂ ਪਿਛਲੇ ਪੰਦਰਾਂ ਅਠਾਰਾਂ ਸਾਲਾਂ ‘ਚ ਵੀ ਨਹੀਂ ਪਿਆ ਜਿਤਨਾਂ ਹੁਣ ਹਰੇਕ ਸਾਲ ਪੈਣ ਲੱਗਾ ਹੈ। ਇਹ ਸੁਣ ਕੇ ਡਾਕਟਰ ਉੱਤਰ ਦਿੱਤਾ ਕਿ ਤੁਸੀਂ ਅੱਗੇ ਵੀ ਜ਼ਿਕਰ ਕਰ ਚੁੱਕੇ ਹੋ ਕਿ ਤੁਹਾਡੀ ਟਾਲਰੈਂਸ ਘਟ ਰਹੀ ਹੈ ਤੇ ਸਮਾਂ ਵੱਧ ਲੱਗਣ ਲੱਗਾ ਹੈ, ਪਰ ਉਸ ਦਾ ਪੱਕਾ ਯਕੀਨ ਹੈ ਕਿ ਮੈਨੂੰ ਕੋਈ ਦਿਲ ਦਾ ਰੋਗ ਨਹੀਂ ਹੋ ਸਕਦਾ ਪਰ ਫਿਰ ਵੀ ਦਿਲ ਦੇ ਮਾਹਰ ਡਾਕਟਰ ਕੋਲ ਟੈਸਟ ਕਰਾ ਕੇ ਰੂਲ ਆਊਟ ਭਾਵ ਸ਼ੱਕ ਕਢਾ ਲੈਂਦੇ ਹਾਂ। ਮੇਰਾ ਵੀ ਇਹ ਯਕੀਨ ਬਣਿਆਂ ਹੋਇਆ ਸੀ ਕਿ ਮੈਂ ਇਤਨੇ ਸਾਲਾਂ ਤੋਂ ਦੌੜਦਾ ਤੇ ਗਰਾਊਜ਼ ਗਰਾਈਂਡ ਕਰਦਾ ਆ ਰਿਹਾ ਹਾਂ: ਇਹ ਦਿਲ, ਫੇਫੜਿਆਂ ਤੇ ਹੱਡੀਆਂ ਨੂੰ ਮਜ਼ਬੂਤ ਰੱਖਣ ਦੀ ਬਹੁਤ ਹੀ ਵਧੀਆ ਕਸਰਤ ਹੈ ਤੇ ਇੰਝ ਦਿਲ ਦਾ ਕੋਈ ਰੋਗ ਕਿਵੇਂ ਹੋ ਸਕਦਾ ਹੈ?
ਖੈਰ ਮਹੀਨੇ ਬਾਅਦ ਦਿਲ ਦੇ ਮਾਹਰ ਡਾਕਟਰ (ਹਰਟ ਸਪੈਸ਼ਲਿਸਟ) ਨੂੰ ਮਿਲਣ ਦੀ ਵਾਰੀ ਮਿਲੀ। ਸੰਭਵ ਹੈ ਕਿ ਮੇਰੇ ਫੈਮਲੀ ਡਾਕਟਰ ਵਲੋਂ ਭੇਜੀ ਜਾਣਕਾਰੀ ਦੇਖ ਕੇ ਉਸ ਇਹ ਅੰਦਾਜ਼ਾ ਲਾ ਲਿਆ ਹੋਵੇ ਕਿ ਮੈਨੂੰ ਦਿਲ ਦਾ ਤਾਂ ਕੋਈ ਰੋਗ ਹੋਣ ਦੀ ਸੰਭਾਵਨਾਂ ਹੀ ਨਹੀਂ, ਸ਼ਾਇਦ ਇਸੇ ਕਰਕੇ ਮੈਨੂੰ ਜਾਂਦਿਆ ਹੀ ਉਸ ਰੁੱਖੇ ਲਹਿਜੇ ‘ਚ ਕਹਿ ਦਿੱਤਾ ਕਿ ਮੈਂ ਐਵੇਂ ਹੀ ਅਪਣਾਂ ਤੇ ਉਸ ਦਾ ਸਮਾਂ ਬਰਬਾਦ ਕਰਦਾ ਫਿਰਦਾ ਹਾਂ। ਅੱਗੇ ਉਸ ਮੈਨੂੰ ਯਕੀਨ ਨਾਲ ਕਿਹਾ ਕਿ ਮੈਨੂੰ ਦਿਲ ਦਾ ਰੋਗ ਨਹੀਂ ਹੋ ਸਕਦਾ। ਮੇਰੇ ਵਾਰ ਵਾਰ ਕਈ ਤ੍ਹਰਾਂ ਦੇ ਸੁਆਲ ਪੁੱਛਣ ਤੇ ਆਖਿਰ ਉਸ ਮੈਨੂੰ ਸਟਰੈਸ ਟੈਸਟ ਲਈ ਲਾਈਨ ‘ਚ ਲਾ ਦਿੱਤਾ ਜਿਸ ਦੀ ਵਾਰੀ ਮਹੀਨੇ ਬਾਅਦ ਆਉਣੀ ਸੀ। ਟੈਸਟ ਤੋਂ ਹਫਤੇ ਬਾਅਦ ਜਦੋਂ ਮੈਂ ਮੁੜ ਉਸ ਨੂੰ ਮਿਲਿਆ ਤਾਂ ਉਸ ਦੋ ਤਿੰਨ ਕਿਸਮ ਦੀਆਂ ਦੁਆਈਆਂ ਦੀ ਪਰਚੀ ਲਿਖ ਕੇ ਦੇ ਦਿੱਤੀ ਅਤੇ ਇਕ ਹੋਰ ਅਡਵਾਂਸ ਟੈਸਟ ਲਈ ਬੁੱਕ ਕਰ ਦਿੱਤਾ ਜਿਸ ਦੀ ਵਾਰੀ ਡੇਢ ਮਹੀਨੇ ਬਾਅਦ ਆਉਣੀ ਸੀ, ਨਾਲ ਹੀ ਮੈਨੂੰ ਲਿਖੀਆ ਦੁਆਈਆ ਨਿਯਮ ਨਾਲ ਖਾਂਦੇ ਰਹਿਣ ਦੀ ਤਾੜਨਾਂ ਕਰ ਦਿੱਤੀ। ਇਸੇ ਦੌਰਾਨ ਮੇਰੇ ਪੁੱਛੇ ਸੁਆਲਾਂ ਦਾ ਜੁਆਬ ਕੋਈ ਤਸੱਲੀਬਖ਼ਸ਼ ਨਾਂ ਮਿਲਣ ਕਾਰਣ ਮੇਰੇ ਮਨ ਦੀ ਦੁਬਿਦਾ ਹੋਰ ਵਧ ਗਈ।
ਅਡਵਾਂਸ ਟੈਸਟ ਮਗਰੋਂ ਜਦੋਂ ਮੁੜ ਮੈਂ ਦਿਲ ਦੇ ਮਾਹਰ ਡਾਕਟਰ ਨੂੰ ਮਿਲਿਆ ਤਾਂ ਉਸ ਕਿਹਾ ਕਿ ਹੁਣ ਮੈਨੂੰ ਉਸ ਨੂੰ ਦੇਖਣ ਦੀ ਲੋੜ ਨਹੀਂ। ਮੈਨੂੰ ਸੁੱਖ ਦਾ ਸਾਹ ਆਇਆ ਲੱਗਿਆ, ਕਿ ਮੇਰੀਆਂ ਟੈਸਟ ਦੀਆਂ ਰਿਪੋਰਟਾਂ ਨੈਗੇਟਿਵ ਹੋਣਗੀਆਂ ਭਾਵ ਸਭ ਠੀਕ ਠਾਕ ਹੈ ਤੇ ਅੱਗੋਂ ਮੈਨੂੰ ਉਸ ਦੀਆਂ ਸੇਵਾਵਾਂ ਦੀ ਲੋੜ ਨਹੀਂ ਹੋਏਗੀ। ਮੈਂ ਅੱਗੇ ਮਨ ਦਾ ਸ਼ੰਕਾ ਦੂਰ ਕਰਨ ਲਈ ਪੁੱਛਿਆ ਕਿ ਕੀ ਸਭ ਠੀਕ ਹੈ? ਉਸ ਆਪਣੇ ਅੜਬ ਤੇ ਰੁੱਖੇ ਸੁਭਾਅ ਮੁਤਬਕ, ਜਿਹੜਾ ਮੈਂ ਪਹਿਲਾਂ ਦੋ ਵਾਰੀ ਮਹਿਸੂਸ ਕਰ ਚੁਕਿਆਂ, ਠਾਹ ਕਰਦਾ ਧਮਾਕਾ ਕਰ ਦਿੱਤਾ ਕਿ ਉਹ ਮੈਨੂੰ ਇਸ ਕਰਕੇ ਨਹੀਂ ਦੇਖੇਗਾ, ਕਿ ਹੁਣ ਮੇਰੀ ਫਾਈਲ ਸੇਂਟ ਪਾਲ ਹਸਪਤਾਲ ਵੈਨਕੂਵਰ ਭੇਜ ਰਿਹਾ ਹੈ। ਅੱਗੇ ਰਹਿੰਦੀ ਕਸਰ ਇਹ ਕਹਿ ਕੇ ਪੂਰੀ ਕਰ ਦਿੱਤੀ ਕਿ ਮੇਰੇ ਦਿਲ ਦੀਆਂ ਕੁੱਝ ਨਾੜਾਂ ਬੰਦ ਹਨ ਤੇ ਸੇਂਟ ਪਾਲ ਹਸਪਤਾਲ ‘ਚ ਐਂਜੀਓਗਰਾਮ ਹੋਏਗੀ ਜਿਸ ‘ਚ ਪਤਾ ਲੱਗੇਗਾ ਕਿ ਕੀ ਸਟਿੰਟ ਪੈਣਾ ਹੈ ਜਾਂ ਓਪਨ ਹਰਟ ਸਰਜਰੀ ਕਰਨੀਂ ਪੈਣੀ ਹੈ। ਇਹ ਸੁਣ ਕੇ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ ਤੇ ਮੈਂ ਘਮੇਟਾ ਖਾ ਕੇ ਡਿਗਣ ਵਾਲਾ ਹੋ ਗਿਆ। ਮੈਨੂੰ ਉਸ ਦੇ ਕਲੀਨਿਕ ਵਿਚੋਂ ਨਿਕਲਣਾ ਮੁਸ਼ਕਲ ਬਣ ਗਿਆ। ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਕਿਵੇਂ ਹੋ ਸਕਦਾ ਹੈ? ਮੇਰੇ ਦਿਲ ਦੀਆਂ ਨਾੜਾਂ ਕਿਵੇਂ ਬੰਦ ਹੋ ਸਕਦੀਆਂ ਹਨ? ਮੈਂ ਤਾਂ ਆਪਣੇ ਆਖਰੀ ਟੈਸਟ ਤੋਂ ਦੋ ਦਿਨ ਪਹਿਲਾਂ ਵੀ ਗਰਾਊਜ਼ ਗਰਾਈਂਡ ਕੀਤੀ ਸੀ ਭਾਵੇਂ ਸਮਾਂ ਜ਼ਿਆਦਾ ਲੱਗਿਆ ਸੀ ਪਰ ਨਾਲ ਹੀ ਨਾ ਤਾਂ ਮੈਨੂੰ ਸਾਹ ਚੜ੍ਹਿਆ ਤੇ ਨਾ ਹੀ ਮੇਰੇ ਕੋਈ ਛਾਤੀ ‘ਚ ਦਰਦ ਆਦਿ ਹੋਇਆ। ਮੇਰੇ ਮਨ ‘ਚ ਖਿਆਲਾਂ ਦੀ ਬੁਛਾੜ ਹੋ ਰਹੀ ਸੀ ਕਿ ਦੋ ਦਹਾਕਿਆਂ ਤੋਂ ਮੈਂ ਸਰੀਰ ਨੂੰ ਪਿੰਜ ਪਿੰਜ ਕੇ ਦੌੜਾਂ ਲਾਈਆਂ ਤੇ ਹਾਈਕ ਕੀਤੀ, ਇਸੇ ਕਰਕੇ ਮੈਂ ਇਹ ਕਸਰਤ ਕਰਦਾ ਸਾਂ ਕਿ ਕਿਤੇ ਮੇਰੀ ਓਪਨ ਹਰਟ ਸਰਜਰੀ ਨਾ ਹੋਵੇ: ਇਹੋ ਜਿਹੇ ਸੁਆਲ ਸੋਚਦਿਆਂ ਮੈਨੂੰ ਮੁੜ ਕੇ ਘਰ ਨੂੰ ਆਉਣਾਂ ਦੁੱਭਰ ਹੋ ਗਿਆ।
ਸੇਂਟ ਪਾਲ ਹਸਪਤਾਲ ਵੈਨਕੂਵਰ ਮੇਰੀ ਫਾਇਲ ਜਾਣ ਦੇ ਦਸ ਦਿਨਾਂ ਬਾਅਦ ਮੇਰੀ ਐਂਜੀਓਗਰਾਮ ਕਰਨ ਦੀ ਵਾਰੀ ਆਈ। ਦੋ ਦੋ ਦੇ ਗਰੁੱਪ ‘ਚ ਸਾਡੀ ਚਾਰ ਮਰੀਜ਼ਾਂ ਦੀ ਐਂਜੀਓਗਰਾਮ ਹੋਈ, ਦੋ ਦੀ ਪਹਿਲਾਂ ਤੇ ਦੋ ਦੀ ਬਾਅਦ; ਮੈਂ ਦੂਸਰੀ ਵਾਰੀ ‘ਚ ਸਾਂ। ਅਚੰਭੇ ਦੀ ਗੱਲ ਕਿ ਮੇਰੇ ਨਾਲ ਦੇ ਮਰੀਜ਼, ਜਿਨ੍ਹਾਂ ਦੀ ਛਾਤੀ ‘ਚ ਦਰਦ ਵੀ ਹੁੰਦਾ ਸੀ ਤੇ ਤੁਰਦਿਆਂ ਸਾਹ ਵੀ ਚੜ੍ਹਦਾ ਸੀ ਅਤੇ ਸਰੀਰ ਵੀ ਮੇਰੇ ਨਾਲੋਂ ਦੁੱਗਣੇ ਭਾਰੇ ਸਨ, ਸਭ ਦੀਆਂ ਨਾੜਾਂ ਸਾਫ਼ ਨਿਕਲੀਆਂ ਤੇ ਕਿਸੇ ਨੂੰ ਵੀ ਸਟਿੰਟ ਪਾਉਣ ਦੀ ਲੋੜ ਨਹੀਂ ਪਈ। ਚੌਥਾ, ਮੇਰਾ ਰਿਜ਼ਲਟ ਜਦੋਂ ਆਇਆ ਤਾਂ ਮੇਰੀ ਹੈਰਾਨੀ ਦੇ ਸਭ ਹੱਦ ਬੰਨੇ ਟੱਪ ਗਏ ਜਦੋਂ ਮੈਂ ਆਪਣੇ ਦਿਲ ਦੀਆਂ ਪੰਜ ਬੰਦ ਨਾੜਾਂ ਦੀ ਫੋਟੋ ਵਾਲਾ ਕਾਗਜ਼ ਦੇਖਿਆ ਤੇ ਦੱਸਿਆ ਗਿਆ ਕਿ ਮੇਰੇ ਕੋਈ ਸਟਿੰਟ ਨਹੀਂ ਪੈ ਸਕਦਾ ਤੇ ਓਪਨ ਹਰਟ ਸਰਜਰੀ ਕਰਨੀ ਪੈਣੀ ਹੈ। ਇਥੇ ਇਹ ਵਰਣਨ ਯੋਗ ਹੈ ਕਿ ਮੇਰੇ ਨਾਂ ਕਦੇ ਛਾਤੀ ‘ਚ ਦਰਦ ਹੋਇਆ ਤੇ ਨਾਂ ਹੀ ਕਦੇ ਸਾਹ ਚੜ੍ਹਿਆ ਸੀ।
ਇਸ ਉਪਰੰਤ ਪੂਰੇ ਸੱਤ ਹਫਤਿਆਂ ਬਾਅਦ ਮੇਰੀ ਕੁਆਡਰੂਪਲ ਓਪਨ ਹਰਟ ਸਰਜਰੀ ਹੋਈ; ਜਿਸ ‘ਚ ਚਾਰ ਨਾੜਾਂ ਲੱਤ ‘ਚੋਂ ਕੱਢ ਕੇ ਦਿਲ ‘ਚ ਪਾਈਆਂ। ਇਸ ਸਰਜਰੀ ਤੋਂ ਪਹਿਲਾਂ ਸੱਤ ਹਫਤਿਆਂ ਦੌਰਾਨ ਤਿੰਨ ਵਾਰੀ ਸਰਜਰੀ ਮੁਲਤਬੀ ਹੋਈ ਤੇ ਚੌਥੀ ਵਾਰੀ ਜਾ ਕੇ ਹੋਈ। ਤੀਸਰੀ ਵਾਰੀ ਸਾਰਾ ਦਿਨ ਭੁੱਖ ਨਿਭਾਣੇ ਸਰਜਰੀ ਦੀ ਇੰਤਜ਼ਾਰ ਕਰਦਿਆਂ ਮੰਜੇ ਤੇ ਪਿਆਂ ਲੰਘਿਆ ਤੇ ਸ਼ਾਮ ਨੂੰ ਘਰ ਭੇਜ ਦਿੱਤਾ ਕਿਉਂਕਿ ਪਹਿਲੀ ਸਰਜਰੀ ਹੀ ਨਹੀਂ ਸੀ ਮੁੱਕੀ। ਉਪਰ ਜ਼ਿਕਰ ਕੀਤਾ ਵਿਰਤਾਂਤ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਕਈ ਵਾਰੀ ਆਪਣੇ ਚਿੱਤੋਂ ਸਭ ਸੰਭਵ ਪਰੀਕਾਸ਼ਨ ਤੇ ਧਿਆਨ ਦੇ ਬਾਵਜੂਦ ਭੀ ਉਹੀ ਕੁਝ ਹੋ ਜਾਂਦਾ ਹੈ ਜਿਸ ਤੋਂ ਤੁਸੀਂ ਬਚਣ ਲਈ ਯਤਨਸ਼ੀਲ ਹੁੰਦੇ ਹੋ। ਇਸ ਦਾ ਮਤਲਬ ਇਹ ਨਹੀਂ ਕੱਢ ਲੈਣਾ ਚਾਹੀਦਾ ਕਿ ਸਿਹਤਮੰਦ ਜੀਵਨ ਜਿਉਣ ਦੇ ਤੌਰ ਤਰੀਕੇ, ਕਸਰਤ, ਖੁਰਾਕ ਤੇ ਫਿਕਰ ਰਹਿਤ ਜੀਵਨ ਜੀਊਣ ਦੀਆਂ ਕੋਸ਼ਿਸ਼ਾਂ ਸਹਾਈ ਨਹੀਂ ਹੁੰਦੀਆਂ। ਮੇਰੇ ਦੋ ਦਹਾਕਿਆਂ ਦੇ ਦੌਰਾਨ; ਕਸਰਤ, ਖੁਰਾਕ ਆਦਿ ਨੇਮਾਂ ਕਰਕੇ ਹੀ, ਡਾਕਟਰਾਂ ਮੁਤਾਬਿਕ, ਸਰਜਰੀ ਉਪਰੰਤ ਰੀਕਵਰੀ ਜਲਦੀ ਤੇ ਅੜਿਕਾ ਰਹਿਤ ਹੋਈ ਹੈ। ਇੱਕ ਨਾੜੀ ਤਾਂ ਪੂਰੀ ਬੰਦ ਹੋਣ ਦੇ ਬਾਵਯੂਦ ਭੀ ਦਿਲ ਦਾ ਪੱਠਾ ਨੁਕਸਾਨਿਆਂ ਨਹੀਂ ਗਿਆ: ਸਗੋਂ ਕਿਸੇ ਨਾਂ ਕਿਸੇ ਪਾਸਿਉਂ ਉਸਨੂੰ ਜ਼ਿੰਦਾ ਰੱਖਣ ਲਈ ਖੂਨ ਦੀ ਸਪਲਾਈ ਪਹੁੰਚਦੀ ਰਹੀ।
ਅਪਰੇਸ਼ਨ ਦੇ ਫੌਰਨ ਬਾਅਦ, ਨਿਯਮਤ ਰੀਹੈਬਲੀਟੇਸਲਨ (ਰੀਹੈਬ) ਦੇ ਪ੍ਰੋਗਰਾਮ ਅਨੁਸਾਰ ਅਤੇ ਹੈਲਥ ਕੇਅਰ ਨੁਮਾਇੰਦਿਆਂ ਦੇ ਉਤਸ਼ਾਹ ਸਦਕਾ ਮੈਂ ਸਰਜਰੀ ਦੇ ਢਾਈ ਮਹੀਨਿਆਂ ਬਾਅਦ ਸਨੋ ਸ਼ੂ ਭੀ ਕਰਨ ਲੱਗ ਪਿਆ ਜਿਹੜਾ ਮੈਂ ਸਰਦੀਆਂ ਨੂੰ ਪਿਛਲੇ ਪੰਜ ਸਾਲ ਤੋਂ ਕਰਦਾ ਆ ਰਿਹਾਂ। ਚਾਰ ਮਹੀਨਿਆਂ ਬਾਅਦ ਵੈਨਕੂਵਰ ਸੰਨ ਰੰਨ ਦੀ ਦਸ ਕਿਲੋਮੀਟਰ ਦੌੜ ਵੀ ਪੂਰੀ ਦੌੜ ਲਈ। ਇਹ ਮੇਰਾ ਇਕੀਵਾਂ ਸੰਨ ਰੰਨ ਸੀ।
ਜੂਨ ‘ਚ ਸਰਜਰੀ ਤੋਂ ਛੇ ਮਹੀਨਿਆਂ ਬਾਅਦ ਮੈਂ ਯੂ.ਬੀ. ਸੀ. ਲੌਂਗਿਸਟ ਡੇ ਰੰਨ ਦੀ ਪੰਜ ਕਿਲੋਮੀਟਰ ਦੀ ਦੌੜ, ਜਿਸ ‘ਚ ਹਿੱਸਾ ਲੈਂਦਿਆਂ ਵੀਹ ਸਾਲ ਹੋ ਗਏ, ਭੀ ਸਫ਼ਲਤਾ ਸਹਿਤ ਨਿਯਮਤ ਸਮੇਂ ‘ਚ ਹੀ ਬਿਨਾਂ ਕਿਸੇ ਅੜਿਕੇ ਦੇ ਪੂਰੀ ਦੌੜ ਲਈ। ਹੁਣ ਸਰਜਰੀ ਨੂੰ ਪੌਣੇ ਦੋ ਸਾਲ ਤੋਂ ਉੱਪਰ ਸਮਾਂ ਹੋ ਚੱਲਿਆ, ਮੇਰੀ ਕਸਰਤ ਤੇ ਜੀਵਨ ਸ਼ੈਲੀ ਪਹਿਲਾਂ ਵਾਲੀ ਹੀ ਜਾਰੀ ਹੈ: ਜਿਹੜੀ ਮੈਨੂੰ ਪਹਿਲਾਂ ਵਾਂਗ ਹੀ ਰਿਸ਼ਟ ਪੁਸ਼ਟ, ਖੁਸ਼, ਸੰਤੁਸ਼ਟ ਤੇ ਖੇੜੇ ਭਰਪੂਰ ਸਮਾਂ ਬਿਤਾਉਣ ‘ਚ ਊਰਜਾ ਦਿੰਦੇ ਰਹਿਣ ਸਮੇਤ ਹੋਰ ਰੁਝੇਵਿਆਂ ਲਈ ਵੀ ਪ੍ਰੇਰਿਤ ਕਰਦੀ ਹੈ।
ਜ਼ਿੰਦਗੀ ਦਾ ਰਹਿੰਦਾ ਸਮਾਂ ਮੇਰੇ ਲਈ ਹੋਰ ਵੀ ਮਹੱਤਵਪੂਰਨ ਬਣ ਗਿਆ ਹੈ: ਮੈਂ ਇਸ ਨੂੰ ਦੂਸਰਾ ਜਨਮ ਸਮਝਦਾ ਹੋਇਆ, ਇਸ ਨਵੀਂ ਮਿਲੀ ਜ਼ਿੰਦਗੀ ਨੂੰ, ਕਿਵੇਂ, ਹੋਰ ਭੀ ਵਧੀਆ ਤਰੀਕੇ ਨਾਲ ਸਮੇਂ ਦਾ ਉਪਯੋਗ ਕਰਨਾਂ; ਉਸਾਰੂ, ਉਤਸ਼ਾਹਤ ਤੇ ਅਰਥ ਭਰਪੂਰ ਰੁਝੇਵਿਆਂ ਤੇ ਪਹਿਲੂਆਂ ਨੂੰ ਮਹੱਤਤਾ ਦੇਣਾ ਤੇ ਸਮਝਣਾ ਮੇਰੇ ਰੋਜ਼ਾਨਾ ਜੀਵਨ ਦੇ ਨਿੱਤ ਨੇਮ ਦਾ ਹਿੱਸਾ ਹੈ। ਇੰਜ ਹਰ ਲੰਘਿਆ ਦਿਨ ਮੈਨੂੰ ਇਕ ਬਹੁਤ ਬਡਮੁੱਲਾ ਖ਼ਜ਼ਾਨਾ ਤੇ ਆਉਣ ਵਾਲਾ ਇਕ ਹੋਰ ਦਿਨ ਬੀਤ ਚੁੱਕੀ ਜ਼ਿੰਦਗੀ ‘ਚ ਵਾਧੇ ਦਾ ਪ੍ਰਤੀਕ ਹੈ।
ਫੋਨ ਨੰਬਰ : 604-589-5919

 

Check Also

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …