Breaking News
Home / ਨਜ਼ਰੀਆ / 21 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼

21 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼

ਪੰਥ ਰਤਨ ਗਿਆਨੀ ਦਿੱਤ ਸਿੰਘ ਜੀ
ਇਕਵਾਕ ਸਿੰਘ ਪੱਟੀ
ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਸਿੱਖ ਕੌਮ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਲਗਭਗ 71 ਕਿਤਾਬਾਂ ਦੇ ਲੇਖਕ, ਉੱਤਮ ਵਿਆਖਿਆਕਾਰ ਅਤੇ ਪ੍ਰਚਾਰਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖਬਾਰ ਦੇ ਬਾਨੀ ਅਤੇ ਸੰਪਾਦਕ, ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਅਤੇ ਲਹੌਰ ਦੇ ਮੋਢੀ, ਖਾਲਸਾ ਦੀਵਾਨ ਲਹੌਰ, ਖਾਲਸਾ ਕਾਲਜ ਦੇ ਮੋਢੀ ਅਤੇ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਨੰਦਪੁਰ ਕਲੌੜ, ਫਤਹਿਗੜ੍ਹ ਸਾਹਿਬ ਵਿਖੇ ਬਾਬਾ ਦੀਵਾਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਾਮ ਕੌਰ ਦੀ ਕੁਖੋਂ ਹੋਇਆ ਸੀ। ਆਪ ਜੀ ਦੇ ਬਚਪਨ ਦਾ ਨਾਂ ‘ਦਿੱਤਾ ਰਾਮ’ ਸੀ। ਸੰਨ 1880 ਵਿੱਚ ਸਿੱਖ ਪ੍ਰੰਪਰਾ ਅਨੁਸਾਰ ਆਪ ਜੀ ਦਾ ਅਨੰਦ ਕਾਰਜ ਬੀਬੀ ਬਿਸ਼ਨ ਦੇਈ (ਮਗਰੋਂ ਬਿਸ਼ਨ ਕੌਰ) ਨਾਲ ਹੋਇਆ ਅਤੇ ਆਪ ਜੀ ਦਾ ਇੱਕ ਬੇਟਾ ਬਲਦੇਵ ਸਿੰਘ ਅਤੇ ਇੱਕ ਬੇਟੀ ਵਿਦਿਆਵੰਤੀ ਕੌਰ ਨੇ ਜਨਮ ਲਿਆ।
ਅੱਜ ਵੀ ਆਪ ਜੀ ਦੀ ਗਿਣਤੀ ਸਿੱਖ ਕੌਮ ਦੇ ਉਂਗਲੀਆਂ ਤੇ ਗਿਣੇ ਜਾਣ ਵਾਲੇ ਵਿਦਵਾਨਾਂ ਵਿੱਚ ਹੁੰਦੀ ਹੈ, ਜਿਸਦਾ ਕਾਰਣ ਇਹ ਸੀ ਕਿ ਆਪ ਜੀ ਨੇ ਗੁਰੂ ਬਾਣੀ ਦਾ ਓਟ ਆਸਰਾ ਲੈ ਕੇ, ਸੱਚ ਦੇ ਗਿਆਨ ਦਾ ਐਸਾ ਚਾਨਣ ਕੀਤਾ ਕਿ ਲੋਕਾਈ ਨੇ ਆਪ ਹੀ ਅਗਿਆਨਤਾ, ਅੰਧਵਿਸ਼ਵਾਸ਼ਾਂ, ਕਰਮਕਾਂਡਾਂ ਰੂਪੀ ਹਨੇਰੇ ਨੂੰ ਤਿਲਾਂਜਲੀ ਦੇਣੀ ਸ਼ੁਰੂ ਕਰ ਦਿੱਤੀ। ਆਪ ਜੀ ਨੇ ਕਰਮਕਾਂਡਾਂ ਵਿਰੁੱਧ ਲੋਕਾਈ ਨੂੰ ਡੱਟਵੇਂ ਰੂਪ ਵਿੱਚ ਲਾਮਬੰਦ ਕੀਤਾ ਅਤੇ ਗੁਰਮੁਖੀ ਅਕਬਾਰ, ਖਾਲਸਾ ਅਖਬਾਰ ਰਾਹੀਂ ਲੇਖ/ਸੰਪਾਦਕੀਆਂ ਲਿਖ ਕੇ ਅਤੇ ਥਾਂ-ਪੁਰ-ਥਾਂ ਜਾ ਕੇ ਭਾਸ਼ਣਾਂ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤਾ। ਭਾਵੇਂ ਕਿ ਆਪ ਜੀ ਨੂੰ ਸਮੇਂ ਦੀਆਂ ਪ੍ਰਚੱਲਿਤ ਸੰਪਰਾਦਾਵਾਂ/ਸੰਸਥਾਵਾਂ ਦੇ ਗੁੱਸੇ ਦ ਸ਼ਿਕਾਰ ਹੋਣਾ ਪਿਆ, ਪਰ ਆਪ ਨੇ ਸੱਚ ਦਾ ਸਾਥ ਨਾ ਛੱਡਿਆ ਅਤੇ ਹੋਰ ਵੀ ਉਤਸ਼ਾਹ, ਦਲੇਰੀ ਅਤੇ ਨਿਡਰਤਾ ਦੇ ਨਾਲ ਸੱਚ ਲਿਖਣਾ ਅਤੇ ਬੋਲਣਾ ਜਾਰੀ ਰੱਖਿਆ। ਇੱਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਰਾਬਰ ਗੱਦੀ ਲਾ ਕੇ ਬੈਠਣ ਵਾਲੇ ਬਾਬਾ ਖੇਮ ਸਿੰਘ ਦੀ ਗੱਦੀ ਚੁੱਕ ਕੇ ਬਾਹਰ ਸੜਕ ਤੇ ਸੁੱਟ ਦਿੱਤੀ। ਤਿੰਨ ਵਾਰ ਆਪ ਜੀ ਨੇ ਆਰੀਆ ਸਮਾਜ ਦੇ ਮੋਢੀ ਸਾਧੂ ਦਇਆ ਨੰਦ ਨੂੰ ਧਰਮ ਬਹਿਸਾਂ ਵਿੱਚੋਂ ਹਰਾਇਆ।
ਜਿਸ ਢੰਗ ਨਾਲ ਆਪ ਜੀ ਨੇ ਦਿਸ਼ਾਹੀਣ ਹੋ ਚੁੱਕੀ ਕੌਮ ਵਿੱਚ ਨਵੀਂ ਰੂਹ ਫੂਕੀ। ਥਾਂ ਪੁਰ ਥਾਂ ਜਾ ਕੇ ਸਿੱਖੀ ਸਿਧਾਂਤਾਂ ਦੇ ਝੰਡੇ ਗੱਡੇ, ਜਾਤ-ਪਾਤ, ਵਹਿਮਾਂ-ਭਰਮਾਂ, ਨਕਲੀ ਪੀਰਾਂ, ਸਾਧਾਂ, ਡੇਰਿਆਂ ਦਾ ਪਰਦਾ ਫਾਸ਼ ਕਰਕੇ ਲੋਕਾਈ ਨੂੰ ਹਲੂਣਿਆ। ਕੌਮ ਨੂੰ ਵਿੱਦਿਆਵਾਣ ਬਣਾਉਣ ਲਈ ਵਿਦਿਅਕ ਅਦਾਰੇ ਕਾਇਮ ਕੀਤੇ ਗਏ, ਸਿੰਘ ਸਭਾ ਲਹਿਰ ਰਾਹੀਂ, ਖਾਲਸਾ ਅਖਬਾਰ ਰਾਹੀਂ, ਪ੍ਰੋ ਗੁਰਮੁੱਖ ਸਿੰਘ ਦੇ ਸਹਿਯੋਗ ਸਦਕਾ ਆਪ ਜੀ ਇੰਗਲੈਂਡ ਦੀਆਂ ਅਖਬਾਰਾਂ ਵਿੱਚ ਛਪੀਆਂ ਖਬਰਾਂ ਨੂੰ ਝੂਠਲਾ ਦਿੱਤਾ (ਜਿਸ ਵਿੱਚ ਕਿਹਾ ਗਿਆ ਸੀ ਕਿ ਆੳਂਦੇ 25 ਸਾਲਾਂ ਵਿੱਚ ਸਿੱਖੀ ਖਤਮ ਹੋ ਜਾਵੇਗੀ) ਅਤੇ ਸਿੱਖੀ ਦੇ ਬਾਗ ਨੂੰ ਮੁੜ ਬਾਬੇ ਨਾਨਕ ਦੀ ਬਾਣੀ ਰੂਪੀ ਅੰਮ੍ਰਿਤ (ਵੀਚਾਰਧਾਰਾ ਦੇ ਪ੍ਰਚਾਰ ਸਦਕਾ) ਮੁੜ ਹਰਿਆ ਭਰਿਆ ਕਰ ਦਿੱਤਾ।
‘ਗੁੱਗਾ ਗਪੋੜਾ ਸੁਲਤਾਨ ਪੁਆੜਾ’, ‘ਨਕਲੀ ਸਿੱਖ ਪ੍ਰਬੋਧ’, ਖਾਲਸਾ ਅਖਬਾਰ ਰਾਹੀਂ ਲਿਖੀਆਂ ਸੰਪਾਦਕੀਆਂ ਅਤੇ ਗੁਰਮਤਿ ਲੇਖਾਂ ਸਦਕਾ ਕੌਮ ਵਿੱਚ ਜਾਗ੍ਰਿਤੀ ਆਈ। ਭਾਈ ਦਿੱਤ ਸਿੰਘ ਗਿਆਨੀ ਕੌਮ ਦੇ ਕੋਹਿਨੂਰ ਹੀਰੇ ਸਨ । ਅੱਜ ਵੀ ਜਦ ਉਹਨਾਂ ਦੀਆਂ ਲਿਖਤਾਂ ਪੜੀਏ ਤਾਂ ਪਤਾ ਲੱਗਦਾ ਹੈ ਕਿ ਉਸ ਸਮੇਂ ਕੌਮ ਵਿੱਚ ਕਿਸ ਪੱਧਰ ਤੇ ਅੰਧ ਵਿਸ਼ਵਾਸ਼, ਕਰਮਕਾਂਡ, ਬ੍ਰਹਾਮਣਵਾਦ ਭਾਰੂ ਹੋ ਚੁੱਕਿਆ ਸੀ, ਪਰ ਉਦੋਂ ਹੈਰਾਨੀ ਹੋਰ ਵੀ ਵੱਧ ਜਾਂਦੀ ਹੈ ਜਦ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਦਿਆਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਗੱਲ ਕੋਈ 100 ਸਾਲ ਪੁਰਾਣੀ ਨਹੀਂ ਇਹ ਤਾਂ ਅੱਜ ਦਾ ਵਾਕਿਆ ਹੈ। ਬਤੌਰ ਸਬੂਤ ਪਾਠਕ ਭਾਈ ਦਿੱਤ ਸਿੰਘ ਜੀ ਦੀ ਕੋਈ ਵੀ ਪੁਰਾਣੀ ਲਿਖਤ ਅੱਜ ਪੜ੍ਹ ਕੇ ਵੇਖ ਲੈਣ ਤਾਂ ਪਤਾ ਲੱਗ ਜਾਵੇਗਾ ਕਿ ਸਾਡੀ ਕੌਮ ਦੀ ਹਾਲਤ ਕਿੰਨੀ ਬੌਣੀ ਹੋ ਚੁੱਕੀ ਹੈ।
ਅੰਮ੍ਰਿਤ ਛੱਕਣ ਤੋਂ ਬਾਅਦ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਉਹਨਾਂ ਸਿੱਖਾਂ ਬਾਰੇ ਜੋ ਅੱਜ ਵੀ ਜਾਤ-ਪਾਤ ਵਿੱਚ ਫਸੇ ਪਏ ਹਨ ਬਾਰੇ ਆਪ ਜੀ ਨੇ ਵਿਅੰਗ ਕੱਸਦਿਆਂ ਕਿਹਾ:
ਕੌਣ ਸਿੱਖ ਹੁੰਦੇ ਹੋ ਭਾਈ?
ਮੈਂ ਅਰੋੜਾ ਇਹ ਹੈ ਨਾਈ ।
ਤੇਰੀ ਸਿੰਘਾ ਕੀ ਹੈ ਜਾਤਿ?
ਨਾਈਂ, ਛੀਬਾ, ਬੰਸੀ ਭਰਾਤ ।
ਅੱਜ ਵੀ ਪਿੰਡਾਂ ਵਿੱਚ ਥਾਂ ਪੁਰ ਥਾਂ ਛੱਤੀ ਪ੍ਰਕਾਰ ਦੇ ਪੀਰਾਂ ਦੀਆਂ ਕਬਰਾਂ, ਮੜ੍ਹੀਆਂ-ਮਸਾਣਾ ਜਿਹਨਾਂ ਦਾ ਕੋਈ ਇਤਹਾਸ ਵੀ ਨਹੀਂ ਪਤਾ (ਇਤਿਹਾਸ ਤਾਂ ਹੈ ਹੀ ਨਹੀਂ) ਦੀ ਪੂਜਾ ਹੋ ਰਹੀ ਹੈ । ਆਪ ਜੀ ਦੀ ਪੁੱਸਤਕ ‘ਗੁੱਗਾ ਗਪੌੜਾ-ਸੁਲਤਾਨ ਪੁਆੜਾ’ ਵਿੱਚ ਕਾਵਿ ਬੰਦ ਯਾਦ ਆ ਰਿਹਾ ਹੈ ਜੋ ਅੱਜ ਤੋਂ 100 ਸਾਲ ਦੇ ਵੱਧ ਸਮੇਂ ਤੋਂ ਪਹਿਲਾਂ ਲਿਖਿਆ ਹੋ ਕੇ ਵੀ ਅੱਜ ਦੇ ਸਾਮਾਜ ਦੀ ਹਾਲਤ ਬਿਆਨ ਕਰਦਾ ਹੈ:
ਉਦੇਖੋ ਮੂਰਖ ਦੇਸ਼ ਆਸਾਡਾ,
ਕਿਕੁਰ ਡੁਬਦਾ ਜਾਂਦਾ ।
ਸੱਪਾਂ, ਕੁਤਿਆਂ, ਬਿੱਲੀਆਂ,
ਕਾਵਾਂ, ਆਪਣੇ ਪੀਰ ਬਣਾਂਦਾ।
ਗੱਲ ਕੀ ਮਨੁੱਖਤਾ ਨੂੰ ਧਰਮ ਦੇ ਨਾਂ ਉੱਤੇ ਕੀਤੇ ਜਾ ਰਹੇ ਅਖੌਤੀ ਕਰਮਕਾਂਡਾ ਵਿਰੁੱਧ ਡੱਟ ਕੇ ਸੁਚੇਤ ਕੀਤਾ ਅਤੇ ਸੱਚ ਦੇ ਰਸਤੇ ਦਾ ਮਾਰਗ ਦਰਸ਼ਨ ਕਰਵਾਇਆ। ਪਰ ਕਿਤੇ ਨਾ ਕਿਤੇ ਅਸੀਂ ਅੱਜ ਵੀ ਧਰਮ ਦੇ ਨਾਂ ਅੰਨੀ ਸ਼ਰਧਾ ਅਧੀਨ ਹੋਰ ਰਹੀ ਮਾਨਸਿਕ, ਆਰਥਿਕ ਲੁੱਟ ਦਾ ਹਿੱਸਾ ਬਣੇ ਹੋਏ ਹਾਂ। ਆਪ ਜੀ ਨੇ ਬਹੁੱਤ ਥੌੜੇ ਸਮੇਂ ਵਿੱਚ (21 ਅਪ੍ਰੈਲ 1852- 6 ਸਤੰਬਰ 1901) ਹੀ ਕੌਮ ਨੂੰ ਇੱਕ ਨਵੀਂ ਸੇਧ ਦਿੱਤੀ ਸੀ। ਇਹੀ ਕਾਰਣ ਹੈ ਕਿ ਅੱਜ ਗਿਆਨੀ ਦਿੱਤ ਸਿੰਘ ਜੀ ਦੇ ਨਾਂ ਪੁਰ ਸੈਂਕੜੇ ਸੰਸਥਾਵਾਂ, ਰਸਾਲੇ, ਲਾਇਬ੍ਰੇਰੀਆਂ ਜਾਂ ਹੋਰ ਅਦਾਰੇ ਕਾਇਮ ਹਨ ਜੋ ਉਹਨਾਂ ਵੱਲੋਂ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਨੇਪੜੇ ਚਾੜ੍ਹਨ ਲਈ ਯਤਨਸ਼ੀਲ ਹਨ। ਇਸ ਦੇ ਨਾਲ ਹੀ ਅੱਜ ਲੋੜ ਹੈ ਕਿ ਪ੍ਰਚਾਰਕ/ਵਿਦਵਾਨ ਲੋਕਾਈ ਨੂੰ ਸੱਚ ਦਾ ਰਸਤਾ ਦ੍ਰਿੜ ਕਰਵਾਉਣ ਲਈ ਕਮਰਕੱਸੇ ਕਰਨ ਅਤੇ ਨਿਰੋਆ, ਸਿਹਤਮੰਦ ਅਤੇ ਸੋਹਣਾ ਸਮਾਜ ਸਿਰਜਣ ਵਿੱਚ ਆਪਣੀ ਭੁਮਿਕਾ ਨਿਭਾਉਣ। ਆਮੀਨ !!

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …