Breaking News
Home / ਨਜ਼ਰੀਆ / ਨੇੜਿਉਂ ਤੱਕਿਆ

ਨੇੜਿਉਂ ਤੱਕਿਆ

ਬਾਪੂ ਜੱਸੋਵਾਲ
ਉਹ ਤਾਂ ਇੱਕ ਦਰਵੇਸ਼ ਸੀ…
ਗੁਰਦੀਸ਼ ਕੌਰ ਗਰੇਵਾਲ
ਪਿਛਲੇ ਹਫਤੇ ਬਾਪੂ ਜੱਸੋਵਾਲ ਜੀ ਦਾ ਜਨਮ ਦਿਹਾੜਾ ਸੀ। ਸੋ ਉਹਨਾਂ ਦੀਆਂ ਯਾਦਾਂ ਮੇਰੇ ਜ਼ਿਹਨ ਵਿੱਚ ਇੱਕ ਵਾਰ ਫਿਰ ਤਾਜ਼ਾ ਹੋ ਗਈਆਂ। ਪੰਜਾਬੀ ਵਿਰਸੇ ਤੇ ਸਭਿਆਚਾਰ ਦੇ ਬਾਬਾ ਬੋਹੜ, ਪੰਜਾਬ ਤੇ ਪੰਜਾਬੀਅਤ ਦੇ ਪਹਿਰੇਦਾਰ, ਕਲਾਕਾਰਾਂ ਦੇ ਰਹਿਬਰ, ਸ. ਜਗਦੇਵ ਸਿੰਘ ਜੱਸੋਵਾਲ ਬਾਰੇ ਬਹੁਤ ਕੁੱਝ ਲਿਖਿਆ ਤੇ ਕਿਹਾ ਸੁਣਿਆਂ ਜਾ ਚੁੱਕਾ ਹੈ। ਉਹ ਜ਼ਿੰਦਗੀ ਦੇ ਆਖਰੀ ਸਫਰ ਤੱਕ, ਜ਼ਿੰਦਾ ਦਿਲ ਇਨਸਾਨ ਰਹੇ। ਹਸਪਤਾਲ ਦੇ ਬੈੱਡ ਤੇ ਲੇਟਿਆਂ ਵੀ ਉਹ ਹਰਭਜਨ ਮਾਨ ਵਰਗੇ ਕਲਾਕਾਰਾਂ ਤੋਂ ਹੀਰ ਦੀਆਂ ਕਲੀਆਂ ਸੁਣ ਰਹੇ ਸਨ। ਉਹਨਾਂ ਦੇ ਨਾਲ ਜਿੰਨੇ ਵੀ ਵਿਸ਼ੇਸ਼ਣ ਲਾਏ ਜਾਣ ਘੱਟ ਹਨ। ਪਰ ਮੇਰੀਆਂ ਨਜ਼ਰਾਂ ਵਿੱਚ ਉਹ ਇੱਕ ਦਰਵੇਸ਼ ਫਕੀਰ ਸਨ। ਭਾਵੇਂ ਪੰਜਾਬੀ ਭਵਨ ਵਿਖੇ ਕਈ ਵਾਰੀ ਉਹਨਾਂ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਬਤ ਦੇਖਿਆ, ਪਰ ਦੋ ਤਿੰਨ ਵਾਰੀ ਉਹਨਾਂ ਨੂੰ ਨੇੜਿਉਂ ਤੱਕਣ ਦਾ ਮੌਕਾ ਮਿਲਿਆ। ਅੱਜ ਜੋ ਅਨੁਭਵ ਮੈਂ ਆਪ ਨਾਲ ਸਾਂਝੇ ਕਰਨ ਜਾ ਰਹੀ ਹਾਂ, ਸ਼ਾਇਦ ਉਸ ਤੇ ਤੁਹਾਨੂੰ ਯਕੀਨ ਨਾ ਆਵੇ, ਪਰ ਇਹ ਹੈਨ ਸੋਲਾਂ ਆਨੇ ਸੱਚ।
ਕੋਈ ਚਾਰ ਕੁ ਸਾਲ ਪਹਿਲਾਂ ਦੀ ਗੱਲ ਹੈ। ਮੇਰੀ ਉਦੋਂ ਅਜੇ ਪਹਿਲੀ ਪੁਸਤਕ ‘ਹਰਫ਼ ਯਾਦਾਂ ਦੇ’ ਕਾਵਿ- ਸੰਗ੍ਰਹਿ- ਹੀ ਛਪੀ ਸੀ ਜਾਂ ਕਹਿ ਲਵੋ ਕਿ ਮੈਂ ਸਾਹਿਤਕਾਰਾਂ ਦੇ ਪਰਿਵਾਰ ਵਿੱਚ ਅਜੇ ਦਾਖਲਾ ਹੀ ਲਿਆ ਸੀ। ਜੱਸੋਵਾਲ ਸਾਹਿਬਦੀ ਸ਼ਖ਼ਸੀਅਤ ਬਾਰੇ  ਬਹੁਤ ਕੁੱਝ ਸੁਣ ਰੱਖਿਆ ਸੀ, ਪਰ ਕਦੇ ਉਹਨਾਂ ਨੂੰ ਨੇੜਿਉਂ ਤੱਕਣ ਦਾ ਮੌਕਾ ਨਹੀਂ ਸੀ ਮਿਲਿਆ। ਪੰਜਾਬੀ ਭਵਨ ਇੱਕ ਦੋ ਵਾਰੀ ਉਹਨਾਂ ਨੂੰ ਸਟੇਜ ਤੇ ਬੈਠਿਆਂ ਤੱਕਿਆ, ਪਰ ਕਦੇ ਦੋ ਬੋਲਾਂ ਦੀ ਸਾਂਝ ਨਾ ਪੈ ਸਕੀ ਤੇ ਚਾਹੁੰਦਿਆਂ ਹੋਇਆਂ ਵੀ ਉਹਨਾਂ ਦਾ ਅਸ਼ੀਰਵਾਦ ਨਾ ਪ੍ਰਾਪਤ ਕਰ ਸਕੀ।
ਉਹਨਾਂ ਦਿਨਾਂ ਵਿੱਚ ਹੀ, ਅਖਬਾਰ ਰਾਹੀਂ ਮੈਂਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਭਵਨ ਵਿੱਚ ਨਿਰਮਲ ਜੌੜਾ ਦਾ ਲਿਖਿਆ ਹੋਇਆ ਨਾਟਕ-‘ਮੈਂ ਪੰਜਾਬ ਬੋਲਦਾਂ’ ਖੇਡਿਆ ਜਾ ਰਿਹਾ ਹੈ। ਮੈਂਨੂੰ ਸ਼ੁਰੂ ਤੋਂ ਹੀ ਨਾਟਕ ਦੇਖਣ ਦਾ ਸ਼ੌਕ ਹੈ। ਸੋ ਮੈਂ ਦਿੱਤੇ ਸਮੇਂ ਮੁਤਾਬਕ, ਗੁਰੂ ਨਾਨਕ ਭਵਨ ਪਹੁੰਚ ਗਈ। ਕੁੱਝ ਹੀ ਦੇਰ ਵਿੱਚ ਔਡੀਟੋਰੀਅਮ ਖਚਾ ਖਚ ਭਰ ਗਿਆ। ਅਗਲੀਆਂ ਸੀਟਾਂ ਪਤਵੰਤੇ ਸੱਜਣਾਂ ਲਈ ਰਾਖਵੀਆਂ ਸਨ। ਸੋ ਮੈਂ ਵਿਚਕਾਰ ਜਿੱਥੇ ਸੀਟ ਮਿਲੀ ਬੈਠ ਗਈ।ਖ਼ੈਰ ਦੋ ਢਾਈ ਘੰਟੇ ਸਮਾਗਮ ਚਲਦਾ ਰਿਹਾ। ਅੰਤ ਵਿੱਚ ਜੱਸੋਵਾਲ ਸਾਹਿਬ ਤੇ ਹੋਰ ਮਹਾਨ ਸ਼ਖਸੀਅਤਾਂ ਨੂੰ ਸਟੇਜ ਤੇ ਬੁਲਾਇਆ ਗਿਆ ਤਾਂ ਕਿ ਕਲਾਕਾਰਾਂ ਦਾ ਸਨਮਾਨ ਕੀਤਾ ਜਾ ਸਕੇ। ਜੱਸੋਵਾਲ ਸਾਹਿਬ ਨੂੰ ਸਟੇਜ ਤੇ ਦੇਖ ਕੇ ਇੱਕਦਮ ਮੇਰੇ ਦਿਮਾਗ਼ ਵਿੱਚ ਆਇਆ ਕਿ- “ਮੈਂ ਆਪਣੀ ਨਵੀਂ ਛਪੀ ਪਲੇਠੀ ਪੁਸਤਕ, ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਨੂੰ ਕਿਉਂ ਨਹੀਂ ਅਜੇ ਤੱਕ ਭੇਟ ਕੀਤੀ?” ਕੁਦਰਤੀ ਮੇਰੇ ਪਰਸ ਵਿੱਚ ਉਸ ਦਿਨ ਇੱਕ ਕਿਤਾਬ ਸੀ। ਮੇਰਾ ਮਨ ਕਰੇ ਕਿ ਉਹਨਾਂ ਨੂੰ ਸਟੇਜ ਤੇ ਜਾ ਕੇ ਆਪਣੀ ਪੁਸਤਕ ਭੇਟ ਕਰਾਂ ਪਰ ਸੋਚਾਂ ਕਿ- ਸਟੇਜ ਸਕੱਤਰ ਦੀ ਇਜ਼ਾਜਤ ਬਗੈਰ ਕਿਵੇਂ ਸਟੇਜ ਤੇ ਜਾਇਆ ਜਾ ਸਕਦਾ ਹੈ? ਜੇ ਸਟੇਜ ਕੋਲ ਚਲੀ ਵੀ ਗਈ, ਇਜਾਜ਼ਤ ਨਾ ਮਿਲੀ ਤਾਂ ਇੰਨੇ ਲੋਕਾਂ ਵਿੱਚ ਨਿਮੋਝੂਣਾ ਹੋਣਾ ਪਏਗਾ। ਇਸੇ ਉਧੇੜ ਬੁਣ ਵਿੱਚ ਸਮਾਗਮ ਖਤਮ ਹੋ ਗਿਆ।
”ਮੇਰੀ ਤਾਂ ਉਹਨਾਂ ਨਾਲ ਅਜੇ ਜਾਣ ਪਛਾਣ ਵੀ ਨਹੀਂ, ਸੋ ਕਿਸੇ ਦਿਨ ਪੰਜਾਬੀ ਭਵਨ ਹੀ ਮਿਲਾਂਗੀ” ਮਨ ਵਿੱਚ ਸੋਚਦੀ ਹੋਈ, ਸਾਰੇ ਦਰਸ਼ਕਾਂ ਨਾਲ ਮੈਂ ਵੀ ਬਾਹਰ ਆ ਗਈ ਅਤੇ ਹੱਥ ਵਿਚ ਫੜੀ ਹੋਈ ਭੇਟ ਕਰਨ ਵਾਲੀ ਪੁਸਤਕ ਪਰਸ ਵਿੱਚ ਪਾ ਲਈ। ਪਾਰਕਿੰਗ ਵਿੱਚੋਂ ਕਿਨੈਟਿਕ ਕੱਢਣ ਲਈ, ਜੱਕੋ ਤੱਕੀ ਵਿੱਚ, ਪਰਸ ਡਿੱਕੀ ਵਿੱਚ ਰੱਖ ਲਿਆ। ਗੁਰਭਜਨ ਗਿੱਲ ਵੀਰ ਜੀ ਹੋਰੀਂ ਸਾਰੇ ਅਜੇ ਪਿੱਛੇ ਹੀ ਸਨ। ਪਤਾ ਨਹੀਂ ਕਿਹੜੇ ਵੇਲੇ ਜੱਸੋਵਾਲ ਸਾਹਿਬ, ਤੇਜ਼ ਕਦਮੀਂ ਮੇਰੇ ਪਿੱਛੇ ਹੀ ਆ ਗਏ ਤੇ ਪਾਰਕਿੰਗ ਵਿੱਚ ਆ ਕੇ ਕਹਿਣ ਲੱਗੇ-” ਕੀ ਸੋਚ ਰਹੇ ਹੋ ਬੀਬਾ ਜੀ?” ਮੈਂ ਪਿੱਛੇ ਮੁੜ ਦੇਖਿਆ ਤਾਂ ਮੇਰੀ ਹੈਰਾਨੀ ਤੇ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੇਰਾ ਸਿਰ ਆਪ ਮੁਹਾਰੇ ਉਹਨਾਂ ਅੱਗੇ ਆਦਰ ਨਾਲ ਝੁੱਕ ਗਿਆ। ਉਹ ਮੈਂਨੂੰ ਰੱਬ ਦਾ ਰੂਪ ਹੀ ਲੱਗੇ।”ਮੈਂ ਤੁਹਾਨੂੰ ਆਪਣੀ ਪੁਸਤਕ ਭੇਂਟ ਕਰਨੀ ਸੀ, ਬਾਪੂ ਜੀਸ਼” ਮੈਂ ਮਸਾਂ ਹੀ ਕਹਿ ਸਕੀ। “ਲਿਆਓ ਬੀਬਾ ਜੀ” ਤੇ ਉਹਨਾਂ ਮੇਰੀ ਪੁਸਤਕ ਲੈ ਕੇ ਮੱਥੇ ਨੂੰ ਲਾਈ, ਮੇਰੇ ਸਿਰ ਤੇ ਪਿਆਰ ਦਿੱਤਾ। ਕਈਆਂ ਨੇ ਤਿਰਛੀ ਨਜ਼ਰੇ ਤੱਕਿਆ ਵੀ, ਕਿ ਜੱਸੋਵਾਲ ਸਾਹਿਬ ਪਾਰਕਿੰਗ ਵਿੱਚ ਇਸ ਬੀਬੀ ਕੋਲ ਕਿਵੇਂ ਖੜੇ ਹਨ, ਜਿਸ ਦੀ ਅਜੇ ਪੰਜਾਬੀ ਭਵਨ ਵਿੱਚ ਵੀ ਕੋਈ ਬਹੁਤੀ ਪਹਿਚਾਣ ਨਹੀਂ। ਇਹ ਮੇਰੀ ਉਹਨਾਂ ਨਾਲ ਪਹਿਲੀ ਮੁਲਾਕਾਤ ਸੀ। ਮੈਂ ਘਰ ਆ ਕੇ ਵੀ ਸੋਚਦੀ ਰਹੀ ਕਿ ਕੋਈ ਸਟੇਜ ਤੇ ਖੜਾ ਬੰਦਾ ਕਿਵੇਂ ਬੁੱਝ ਸਕਦਾ ਹੈ ਕਿ ਦਰਸ਼ਕਾਂ ਵਿੱਚ ਬੈਠੇ ਕਿਸੇ ਬੰਦੇ ਦੇ ਮਨ ਵਿੱਚ ਕੀ ਚਲ ਰਿਹਾ ਹੈ, ਜਿਸ ਨੂੰ ਉਹ ਜਾਣਦਾ ਤੱਕ ਨਹੀਂ? ਕਦੇ ਸੋਚਾਂ- ਕਹਿੰਦੇ ਹਨ ਕਿ ਜੇ ਕਿਸੇ ਨੂੰ ਸੱਚੇ ਦਿਲੋਂ ਯਾਦ ਕਰੀਏ ਤਾਂ ਕੁਦਰਤ ਦੇ ‘ਖਿੱਚ ਦੇ ਸਿਧਾਂਤ’ ਰਾਹੀਂ ਉਹ ਬੰਦਾ ਆਪ ਮੁਹਾਰੇ ਤੁਹਾਡੇ ਵੱਲ ਖਿੱਚਿਆ ਆਉਂਦਾ ਹੈ। ਮੈਂ ਇਸ ਘਟਨਾ ਦਾ ਜ਼ਿਕਰ ਬੱਚਿਆਂ ਨਾਲ ਕੀਤਾ ਤਾਂ ਉਹ ਕਹਿਣ ਲੱਗੇ ਕਿ- “ਉਹ ਜਰੂਰ ਰੱਬ ਦੇ ਨੇੜੇ ਹੋਣਗੇ।”ਸੱਚਮੁੱਚ ਹੀ ਉਹ ਰੱਬ ਦਾ ਭਗਤ ਸੀ- ਕਿਉਂਕਿ ਉਹ ਇਨਸਾਨ ਦੋਹਰੇ ਕਿਰਦਾਰ ਦਾ ਮਾਲਕ ਨਹੀਂ ਸੀ..ਅੰਦਰੋਂ ਬਾਹਰੋਂ ਇੱਕੋ ਜਿਹਾ…ਪੰਜਾਬ ਤੇ ਮਾਂ ਬੋਲੀ ਪੰਜਾਬੀ ਦਾ ਦੁੱਖ ਦਰਦ ਮਹਿਸੂਸ ਕਰਨ ਵਾਲਾ..ਸ਼ਾਇਰਾਂ ਤੇ ਕਲਾਕਾਰਾਂ ਦਾ ਕਦਰਦਾਨ…। ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਉਹਨਾਂ ਤੇ ਬਾਖ਼ੂਬੀ ਢੁਕਦਾ ਹੈ- “ਬੁੱਲਿਆ ਰੱਬ ਉਹਨਾਂ ਨੂੰ ਮਿਲਦਾ, ਨੀਤਾਂ ਜਿਹਨਾਂ ਦੀਆਂ ਸੱਚੀਆਂ”
ਇੱਕ ਵਾਰ, ਬਜ਼ੁਰਗ ਸਾਹਿਤਕਾਰ ਈਸ਼ਰ ਸਿੰਘ ਸੋਬਤੀ ਦੀ ਵਿਆਹ ਦੀ 50ਵੀਂ ਵਰ੍ਹੇ ਗੰਢ, ਸਿਰਜਣਧਾਰਾ ਸੰਸਥਾ ਵਲੋਂ, ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿੱਚ ਮਨਾਈ ਜਾ ਰਹੀ ਸੀ। ਬਾਪੂ ਜੀ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸਨ। ਇੱਕ ਗਾਇਕ ਨੇ, ਸੋਬਤੀ ਸਾਹਿਬ ਨੂੰ ਵਿਆਹ ਦਾ ਦਿਨ ਚੇਤੇ ਕਰਵਾਉਣ ਲਈ, ਸੇਹਰਾ ਗਾਉਣਾ ਸ਼ੁਰੂ ਕਰ ਦਿੱਤਾ। ਜੱਸੋਵਾਲ ਸਾਹਿਬ ਵੀ ਲੋਰ ਵਿੱਚ ਆ ਗਏ ਤੇ ਪਤਾ ਨਹੀਂ ਕਿੰਨੀ ਮਾਇਆ ਇੱਕ ਲਿਫਾਫੇ ਵਿੱਚ ਪਾ ਕੇ ਉਸ ਅੱਗੇ ਧਰ ਦਿੱਤੀ। ਉਹਨਾਂ ਦੀ ਦੇਖਾ ਦੇਖੀ ਕਈਆਂ ਨੂੰ ਜੇਬਾਂ ਢਿੱਲੀਆਂ ਕਰਨੀਆਂ ਪਈਆਂ। ਪਹਿਲੀ ਵਾਰੀ ਇਹ ਵਰਤਾਰਾ ਮੈਂ ਇਸ ਹਾਲ ਵਿੱਚ ਤੱਕਿਆ ਕਿਉਂਕਿ ਸ਼ਾਇਰਾਂ ਨੂੰ ਤਾਂ ਦਾਦ ਮਿਲਣੀ ਹੀ ਬੜਾ ਵੱਡਾ ਸਨਮਾਨ ਸਮਝਿਆ ਜਾਂਦਾ ਹੈ।ਪਰ ਜਦ ਉਹਨਾਂ ਆਪ ਵੀ ਕੰਨ ਤੇ ਹੱਥ ਧਰ ਕੇ ਇੱਕ ਪੇਂਡੂ ਬੋਲੀ ਲੰਬੀ ਹੇਕ ਵਿੱਚ ਪਾਈ ਤਾਂ ਸਭ ਨੂੰ ਸਰੂਰ ਆ ਗਿਆ।
ਗੁਰਦੇਵ ਨਗਰ ਲੁਧਿਆਣਾ ਵਿਖੇ, ਇੱਕ ਵਾਰੀ ਉਹਨਾਂ ਦੇ ਗ੍ਰਹਿ ਵਿਖੇ ਜਾਣ ਦਾ ਸਬੱਬ ਵੀ ਬਣਿਆਂ। ਕਿਸੇ ਪਰਵਾਸੀ ਦੀ ਪੁਸਤਕ ਰਲੀਜ਼ ਹੋਣੀ ਸੀ। ਉਸ ਨੇ ਕੁੱਝ ਕੁ ਸਾਹਿਤਕਾਰਾਂ ਨੂੰ ਜੱਸੋਵਾਲ ਸਾਹਿਬ ਦੇ ਘਰ ਹੀ ਸੱਦ ਲਿਆ, ਜਿਹਨਾਂ ਵਿੱਚ ਸਰਦਾਰ ਪੰਛੀ ਵੀ ਸਨ। ਪੰਛੀ ਸਾਹਿਬ ਨੇ ਆਪਣੀਆਂ ਸ਼ਗਿਰਦ ਦੋ ਤਿੰਨ ਬੇਟੀਆਂ ਨੂੰ ਵੀ ਬੁਲਾ ਲਿਆ, ਜਿਹਨਾਂ ਵਿੱਚ ਮੈਂ ਵੀ ਸ਼ਾਮਲ ਸਾਂ। ਬੁੱਕ ਰਲੀਜ਼ ਬਾਅਦ ਸ਼ਾਇਰੋ- ਸ਼ਾਇਰੀ ਦਾ ਦੌਰ ਚੱਲ ਪਿਆ। ਦੋ ਕਾਲਜ ਪੜ੍ਹਦੇ ਮੁੰਡਿਆਂ ਨੇ ਦੇਵ ਥਰੀਕੇ ਦੀ ਹਾਜ਼ਰੀ ਵਿੱਚ, ਉਹਨਾਂ ਦੇ ਪੰਜਾਬ ਬਾਰੇ ਲਿਖੇ ਹੋਏ ਗੀਤਾਂ ਨੂੰ, ਸੁਰੀਲੀ ਆਵਾਜ਼ ਵਿੱਚ ਗਾ ਕੇ,ਰੰਗ ਬੰਨ੍ਹ ਦਿੱਤਾ। ਬਾਪੂ ਜੱਸੋਵਾਲ ਉਹਨਾਂ ਬੱਚਿਆਂ ਨੂੰ, ਮਾਇਆ ਵੀ ਦੇਈ ਜਾਣ ਤੇ ਨਾਲ ਦਾਦ ਵੀ- “ਓਏ ਜਿਉਂਦੇ ਰਹੋ, ਸ਼ੇਰ ਪੁੱਤਰੋ..! ਮਨ ਖੁਸ਼ ਕਰਤਾ..!” ਇਸ ਦਾ ਮਤਲਬ ਇਹ ਨਹੀਂ ਕਿ ਉਹ ਪੈਸੇ ਦਾ ਦਿਖਾਵਾ ਕਰਦੇ ਸਨ, ਪਰ ਜਦੋਂ ਵੀ ਉਹਨਾਂ ਨੂੰ ਕਿਸੇ ਦੀ ਕਲਾ ਚੰਗੀ ਲਗਦੀ ਤਾਂ ਉਹਨਾਂ ਦਾ ਹੱਥ ਆਪ ਮੁਹਾਰੇ ਜੇਬ ਵੱਲ ਚਲਾ ਜਾਂਦਾ ਸੀ। ਉਹ ਕਲਾ ਦੇ ਅਸਲੀ ਕਦਰਦਾਨ ਸਨ।
ਉਹਨਾਂ ਦੇ ਪ੍ਰਸ਼ੰਸਕਾਂ ਤੇ ਸ਼ਗਿਰਦਾਂ ਦਾ ਘੇਰਾ ਇੰਨਾ ਵਿਸ਼ਾਲ ਸੀ ਕਿ- ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ, ਦੇਸ਼ ਵਿਦੇਸ਼ ਤੋਂ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ। ਮਾਡਲ ਟਾਊਨ ਐਕਸਟੈਂਸ਼ਨ ਦੇ ਗੁਰਦੁਆਰੇ ਦਾ ਹਾਲ ਭਰ ਕੇ, ਉਨੀ ਹੀ ਸੰਗਤ ਵਿਹੜੇ ਵਿੱਚ ਖੜ੍ਹੀ ਸੀ।ਮੇਰੇ ਨਾਲ ਬੈਠੇ ਮੈਡਮ ਬਲਬੀਰ ਕੌਰ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਜੋ ਉਚੇਚੇ ਤੌਰ ਤੇ ਪਟਿਆਲੇ ਤੋਂ ਆਏ ਸਨ- ਕਹਿ ਰਹੇ ਸਨ ਕਿ ਭਾਵੇਂ ਮੈਂ ਆਪਣੇ ਅਹੁਦੇ ਤੋਂ ਪ੍ਰੀਮੈਚਿਉਰ ਰਿਟਾਇਰਮੈਂਟ ਲੈ ਲਈ ਹੋਈ ਹੈ, ਪਰ ਮੈਂ  ਜੱਸੋਵਾਲ ਵਰਗੇ ਇਨਸਾਨ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣਾ ਆਪਣਾ ਫਰਜ਼ ਸਮਝਿਆ। ਇਸ ਗੁਰਦੁਆਰੇ ਵਿੱਚ ਇੰਨਾ ਵਿਸ਼ਾਲ ਇਕੱਠ ਪਹਿਲੀ ਵਾਰੀ ਦੇਖਣ ਨੂੰ ਮਿਲਿਆ। ਭਾਵੇਂ ਸਿਆਸਤ ਉਸ ਦਰਵੇਸ਼ ਨੂੰ ਰਾਸ ਨਹੀਂ ਸੀ ਆਈ ਪਰ-ਕਾਂਗਰਸ, ਅਕਾਲੀ, ਭਾਜਪਾ, ਆਪ..- ਗੱਲ ਕੀ ਹਰੇਕ ਸਿਆਸੀ ਪਾਰਟੀ ਦੇ ਨੁਮਾਇੰਦੇ, ਉਸ ਦਿਨ ਪਹੁੰਚੇ ਹੋਏ ਸਨ। ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਰੇ ਉਹਨਾਂ ਨੂੰ ਆਪਣਾ ਸਮਝਦੇ ਸਨ। ਉਹ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸੀ, ਹੈ ਤੇ ਰਹੇਗਾ। ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਉਹ ਜੱਸੋਵਾਲ ਸਾਹਿਬ ਦੇ ਆਦਰਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਵੇ, ਪੰਜਾਬ ਤੇ ਮਾਂ ਬੋਲੀ ਪੰਜਾਬੀ ਦੇ ਹਿੱਤਾਂ ਦੀ ਰਾਖੀ ਲਈ ਆਪਣਾ ਬਣਦਾ ਯੋਗਦਾਨ ਪਾਵੇ- ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।
ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮੇਰੇ ਅੰਦਰੋਂ ਵੀ ਉਸ ਦਿਨ ਇਹ ਆਵਾਜ਼ ਆ ਰਹੀ ਸੀ-
ਮਾਂ ਬੋਲੀ ਦਾ ਸੱਚਾ ਪੁੱਤਰ,ਬਣਿਆਂ ਰਿਹਾ ਹਮੇਸ਼ ਸੀ।
ਦਿੱਲ ਦੀਆਂ ਗੱਲਾਂ ਬੁੱਝਣ ਵਾਲਾ,ਉਹ ਤਾਂ ਇੱਕ ਦਰਵੇਸ਼ ਸੀ।
ਕੈਲਗਰੀ,  403-404-1450

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …