Breaking News
Home / ਮੁੱਖ ਲੇਖ / ਬੜਾ ਖ਼ਤਰਨਾਕ ਹੈ ਆਲਮੀ ਤਪਸ਼ ਦਾ ਵਰਤਾਰਾ

ਬੜਾ ਖ਼ਤਰਨਾਕ ਹੈ ਆਲਮੀ ਤਪਸ਼ ਦਾ ਵਰਤਾਰਾ

316844-1rZ8qx1421419655-300x225ਵਿਜੈ ਬੰਬੇਲੀ
ਸਾਡੇ ਗ੍ਰਹਿ ਪ੍ਰਿਥਵੀ ਤੋਂ ਬਿਨਾਂ ਸ਼ੌਰ-ਮੰਡਲ ਦੇ ਜ਼ਿਆਦਾਤਰ ਗ੍ਰਹਿ ਜਾਂ ਤਾਂ ਯਖ ਠੰਢੇ ਹਨ ਜਾਂ ਬਹੁਤ ਜ਼ਿਆਦਾ ਗਰਮ। ਧਰਤੀ ਤੋਂ ਇਲਾਵਾ ਹੋਰ ਕਿਸੇ ਗ੍ਰਹਿ ‘ਤੇ ਜ਼ਿੰਦਗੀ ਵਿਗਸਦੀ ਤੇ ਧੜਕਦੀ ਨਹੀਂ। ਦਰੱਖਤ ਨਹੀਂ ਮੌਲਦੇ ਕੇਵਲ ਸਾਡੀ ਧਰਤੀ ਉੱਤੇ ਹੀ ਸਾਵਾਂ ਤਾਪਮਾਨ ਹੈ, ਜਿਹੜਾ ਜੀਵਨ ਉਤਪਤੀ ਲਈ ਜ਼ਰੂਰੀ ਹੈ। ਪਰ ਕੀ ਧਰਤੀ ਉੱਤੇ ਜੀਵਨ ਹਮੇਸ਼ਾ ਸੁਰੱਖਿਅਤ ਰਹੇਗਾ? ਇਹ ਸਵਾਲ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਵਰ੍ਹਿਆਂ ਤੋਂ ਲਗਾਤਾਰ ਧਰਤੀ ਵੀ ਗਰਮ ਹੋਣ ਵੱਲ ਵਧਦੀ ਜਾ ਰਹੀ ਹੈ।
ਅੰਤਰ-ਰਾਸ਼ਟਰੀ ਵਿਗਿਆਨਕ ਭਾਈਚਾਰੇ ਅਨੁਸਾਰ, ਇਸ ਸਮੇਂ ਦੁਨੀਆ ਨੂੰ ਸਭ ਤੋਂ ਵੱਡਾ ਖ਼ਤਰਾ ਆਲਮੀ-ਤਪਸ਼ ਭਾਵ ਗਲੋਬਲ-ਵਾਰਮਿੰਗ ਤੋਂ ਹੈ। ਇਸ ਦੀ ‘ਬਦੌਲਤ’ ਹੀ ਦੁਨੀਆ ਹੜ੍ਹ, ਸੋਕਾ, ਸਮੁੰਦਰੀ ਤੂਫਾਨ, ਭੁਖਮਰੀ ਤੇ ਨਵੀਆਂ-ਨਿਵੇਕਲੀਆਂ ਬਿਮਾਰੀਆਂ ਤੋਂ ਮੁਕਤੀ ਪਾਉਣ ਵਿੱਚ ਨਾ ਸਿਰਫ਼ ਮੁਸ਼ਕਲ ਵਿਚ ਹੈ ਸਗੋਂ ਇਸ ਨਾਲ ਜੁੜੀਆਂ ਅਲਾਮਤਾਂ ਵਿੱਚ ਹੋਰ ਵਾਧਾ ਹੋ ਰਿਹਾ ਹੈ। ਸੰਸਾਰ ਮੌਸਮ ਜਥੇਬੰਦੀ (ਵਰਲਡ ਮੈਟਿਉਰਲੌਜੀਕਲ ਆਰਗੇਨਾਈਜੇਸ਼ਨ) ਸੰਯੁਕਤ ਰਾਸ਼ਟਰ ਸੰਘ ਦੀ ਇੱਕ ਇਕਾਈ ਨੇ ਕਰੀਬ ਦਸ ਸਦੀਆਂ ਦੇ ਅੰਕੜਿਆਂ ਦੇ ਤੁਲਨਾਤਮਿਕ ਅਧਿਐਨ ਉਪਰੰਤ ਚੇਤਾਵਨੀ ਦਿੱਤੀ ਹੈ ਕਿ ਗਰਮ ਹੋ ਰਹੀ ਧਰਤੀ ਇੱਕ ਖ਼ਤਰਨਾਕ ਨਤੀਜੇ ਵੱਲ ਵਧ ਰਹੀ ਹੈ। ਤਾਪਮਾਨ ਵਿੱਚ ਵਾਧੇ ਦੇ ਇਸ ਸਿਲਸਿਲੇ ਨੇ ਬੀਤੇ ਤਿੰਨ-ਚਾਰ ਦਹਾਕਿਆਂ ਤੋਂ ਜਦੋਂ ਪੂਰੀ ਦੁਨੀਆਂ ਵਿੱਚ ਉਦਯੋਗਿਕ ਗਤੀਵਿਧੀਆਂ ਅਤੇ ਖਣਿਜ ਤੇਲਾਂ ਦੀ ਵਰਤੋਂ ਵਿੱਚ ਜ਼ੋਰਦਾਰ ਵਾਧਾ ਹੋਇਆ ਹੈ; ਜ਼ਿਆਦਾ ਜ਼ੋਰ ਫੜਿਆ ਹੈ।ਮੌਸਮ ਵਿਗਿਆਨੀਆਂ ਨੇ ਧਰਤੀ ਦੇ ਗਰਮ ਹੋਣ ਦੇ ਜੋ ਕਾਰਨ ਲੱਭੇ ਹਨ, ਉਨ੍ਹਾਂ ਵਿੱਚ ਸਭ ਤੋਂ ਵੱਡਾ ਕਾਰਨ ਵਾਤਾਵਰਣ ਵਿੱਚ ਕਾਰਬਨ ਡਾਇਆਕਸਾਈਡ ਅਤੇ ਦੂਜੀਆਂ ਗ੍ਰੀਨ ਹਾਊਸ (ਗੈਸਾਂ ਮੀਥੈਨ ਤੇ ਨਾਈਟਰੇਸ ਆਕਸਾਈਡ ਆਦਿ) ਦੀ ਦਿਨੋਂ-ਦਿਨ ਵਧਦੀ ਮਾਤਰਾ ਹੈ। ਸੰਘਣੀ ਖੇਤੀ ਨੇ ਵੀ ਇਸ ਵਿੱਚ ਤਿੱਖਾ ਵਾਧਾ ਕੀਤਾ ਹੈ। ਝੋਨੇ ਲਈ ਪਾਣੀ ਵਾਲੇ ਬਨਾਵਟੀ ਵਿਕਸਿਤ ਕੀਤੇ ਖੇਤਰਾਂ ਵਿੱਚ ਰਸਾਇਣਿਕ ਖਾਦਾਂ ਤੇ ਦਵਾਈਆਂ ਦੀ ਵਰਤੋਂ ਨੇ ਰਿਵਾਇਤੀ ਅਤੇ ਕੁਦਰਤੀ ਖਾਦਾਂ ਨੂੰ ਮੀਥੇਨ ਗੈਸ ਵਿੱਚ ਬਦਲ ਦਿੱਤਾ ਹੈ। ਇਸ ਨਾਲ ਭੂਮੀ ਦੀ ਨਮੀ ਤਾਂ ਘਟੀ ਹੀ ਹੈ ਸਗੋਂ ਇਹ ਫ਼ਸਲਾਂ ਦੇ ਗ਼ੈਰ-ਮਿਆਰੀ ਅਤੇ ਘੱਟ ਝਾੜ ਦਾ ਕਾਰਨ ਵੀ ਬਣੇ। ਉਦਯੋਗਿਕ ਕ੍ਰਾਂਤੀ ਤੋਂ ਬਾਅਦ ਵਿਸ਼ਵ ਵਿੱਚ ਕਾਰਬਨ ਡਾਇਆਕਸਾਈਡ ਦਾ ਉਤਪਾਦਨ ਵਧਿਆ ਹੈ। ਉਦਯੋਗ ਕੋਲਾ, ਪੈਟਰੋਕੈਮੀਕਲ ਅਤੇ ਕੁਦਰਤੀ ਗੈਸਾਂ ਜਿਹੇ ਹਾਈਡਰੋਕਾਰਬਨ ਬਾਲਣ ‘ਤੇ ਨਿਰਭਰ ਹੋ ਕੇ ਰਹਿ ਗਏ ਹਨ। ਪਿਛਲੀ ਡੇਢ ਸਦੀ ਵਿੱਚ ਤਾਪਮਾਨ 1.08 ਡਿਗਰੀ ਫਾਰਨਹੀਟ ਤੋਂ 1.26 ਡਿਗਰੀ ਫਾਰਨਹੀਟ ਤਕ ਚਲਾ ਗਿਆ ਹੈ, ਜੋ ਇਸ ਗੱਲ ਦਾ ਸੂਚਕ ਹੈ ਕਿ ਕਿਵੇਂ ਧਰਤੀ ਦੇ ਹਰੇ-ਭਰੇ ਪਿੰਡੇ ਨੂੰ ਜ਼ਹਿਰੀਲੇ ਧੂੰਏ ਵਿੱਚ ਲਿਪਟੇ ਗਰਮ ਗ੍ਰਹਿ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਉਸ ਓਜ਼ੋਨ ਪਰਤ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ ਜੋ ਮਾਰੂ ਸੂਰਜੀ ਪਰਾਬੈਂਗਨੀ ਕਿਰਨਾਂ ਨੂੰ ਸਾਡੇ ਤੱਕ ਪਹੁੰਚਣ ਤੋਂ ਰੋਕਦੀ ਹੈ। ਸਾਲ 2001 ਦੀ ਰਿਪੋਰਟ ਅਨੁਸਾਰ ਓਜ਼ੋਨ ਪਰਤ ਵਿੱਚ ਛੇਕ ਦਾ ਆਕਾਰ 27 ਲੱਖ ਵਰਗ ਕਿਲੋਮੀਟਰ ਦਾ ਹੋ ਗਿਆ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਛੇਕ ਦੱਸਿਆ ਗਿਆ ਸੀ। ਬੇਸ਼ੱਕ ਓਜ਼ੋਨ ਪਰਤ ਵਿੱਚ ਆਪਣੇ-ਆਪ ਨੂੰ ਮੁਰੰਮਤ ਕਰਨ ਦੀ ਵਿਵਸਥਾ ਹੈ ਪਰ ਅਜਿਹਾ ਉਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੈਸਾਂ ਦੇ ਉੱਥੇ ਪਹੁੰਚਣਾ ਬੰਦ ਹੋਣ ਨਾਲ ਹੀ ਸੰਭਵ ਹੈ।
ਧਰਤੀ ਉੱਤੇ ਤਪਸ਼ ਵਧਣ ਦੇ ਇੱਕ ਨਹੀਂ, ਬਲਕਿ ਅਨੇਕਾਂ ਕਾਰਨ ਹਨ। ਏਅਰ ਕੰਡੀਸ਼ਨਰਾਂ, ਰੈਫਰੀਜਰੇਟਰਾਂ ਅਤੇ ਫੋਮ ਉਦਯੋਗਾਂ ਤੋਂ ਨਿਕਲਣ ਵਾਲੀਆਂ ਕਲੋਰੋ-ਫਲੋਰੋ ਕਾਰਬਨ ઠਗੈਸਾਂ, ਬਨਾਵਟੀ ਖਾਦਾਂ, ਕੀੜੇਮਾਰ ਤੇ ਨਦੀਨਨਾਸ਼ਕ ਦਵਾਈਆਂ, ਵਾਹਨਾਂ ਦਾ ਧੂੰਆਂ, ਜੰਗਲਾਂ ਦੀ ਅੱਗ, ਸ਼ੋਰ ਪ੍ਰਦੂਸ਼ਨ, ਉਦਯੋਗਿਕ ਤੇ ਰਸਾਇਣਿਕ ਗਤੀਵਿਧੀਆਂ, ਪ੍ਰਮਾਣੂ ਤੇ ਪੁਲਾੜ ਖੋਜਾਂ, ਪੈਟਰੋ-ਕੈਮੀਕਲ ਦੀ ਅੰਧਾਧੁੰਦ ਵਰਤੋਂ ਅਤੇ ਮਾਰੂ ਹਥਿਆਰਾਂ ਦਾ ਚਲਨ ਆਦਿ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਵਾਤਾਵਰਣ ਅੰਦਰ ਘੁਸਪੈਠ ਹੋ ਰਹੀ ਹੈ। ਪੈਰਾਬੈਂਗਨੀ ਕਿਰਨਾਂ ਤੋਂ ਧਰਤੀ ਨੂੰ ਬਚਾਉਣ ਵਾਲੀ ਓਜ਼ੋਨ ਪਰਤ ਵਿਚਲੇ ਛੇਕ ਸਮੇਤ, ਧਰਤੀ ਦੇ ਰੇਗਿਸਤਾਨੀਕਰਨ ਲਈ ਵੀ ਇਹੋ ਕਾਰਕ ਜ਼ਿੰਮੇਵਾਰ ਹਨ। ਮਲੇਰੀਆ, ਪੀਲੀਆ ਅਤੇ ਡੈਂਗੂ ਆਦਿ ਜਿਹੀਆਂ ਅਨੇਕਾਂ ਖ਼ਤਰਨਾਕ ਬਿਮਾਰੀਆਂ ਸਮੇਤ ਚਮੜੀ ਰੋਗ ਅਤੇ ਕੈਂਸਰ ਦੀ ਮਹਾਂਮਾਰੀ ਆਦਿ ਵੀ ਵਧਦੇ ਤਾਪਮਾਨ ਕਾਰਨ ਹੀ ਪੈਰ ਪਸਾਰ ਰਹੇ ਹਨ। ਧਰਤੀ ਦੀ ਹਰੀ ਪੱਟੀ, ਗਰਮੀ ਸੋਖਣ ਵਾਲੇ ਬਰਫੀਲੇ ਖੰਡ ਅਤੇ ਜਲ ਸੋਮੇ ਘਟਦੇ ਜਾ ਰਹੇ ਹਨ ਜਿਸ ਨਾਲ ਮੌਸਮ ਅਤੇ ਰੁੱਤ ਬਦਲਾਅ ਨੇ ਤਬਦੀਲੀ ਦੀ ਰਾਹ ਫੜ ਲਈ ਹੈ। ਜੇ ਆਲਮੀ-ਤਪਸ਼ ਦੀ ਦਰ ਇਹੋ ਰਹੀ ਤਾਂ ਵੀ 2050 ਤਕ ਤਾਪਮਾਨ ਵਿੱਚ 4 ਤੋਂ 6 ਡਿਗਰੀ ਸੈਲਸ਼ੀਅਸ ਦਾ ਵਾਧਾ ਹੋਣਾ ਨਿਸ਼ਚਿਤ ਹੈ। 2001 ਵਿੱਚ ਐਂਟਾਰਟਿਕਾ ਵਿੱਚ 1200 ਵਰਗ ਮੀਲ ਦਾ ਬਰਫੀਲਾ ਟਾਪੂ ਦੇਖਦੇ-ਦੇਖਦੇ ਪੰਘਰ ਗਿਆ ਸੀ। ਐਂਟਾਰਟਿਕਾ ਦੇ ਜਿਸ ਪੂਰਬੀ ਤੱਟੀ ਇਲਾਕੇ ਨਾਲ ਲਗਦਾ ਇਹ ਵਿਸ਼ਾਲ ਬਰਫ ਖੰਡ ਗਾਇਬ ਹੋਇਆ ਉੱਥੇ ਤਾਪਮਾਨ ਵਿੱਚ ਸਿਫਤੀ ਵਾਧਾ ਨੋਟ ਕੀਤਾ ਗਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਐਂਟਾਰਟਿਕਾ ਤੋਂ ਇਲਾਵਾ ਕਿਲੀ-ਮੰਜ਼ਾਰੋਂ ਪਰਬਤ ਦੀਆਂ ਬਰਫੀਲੀਆਂ ਸਿਖ਼ਰਾਂ ਨੂੰ ਵੀ ਇਹ ਤਪਸ਼ ਹੋਰ ਛੇ-ਸੱਤ ਦਹਾਕਿਆਂ ਤੱਕ 75 ਫ਼ੀਸਦੀ ਪੰਘਰਾਂ ਦੇਣ। ਸਾਡੇ ਗੰਗੋਤਰੀ ਗਲੇਸ਼ੀਅਰ ਨੂੰ ਅੱਠ ਮੀਟਰ ਪਿੱਛੇ ਖਿਸਕਾ ਦੇਣ ਅਤੇ 1972 ਦੇ ਬਾਅਦ ਵੇਨਜੂਏਲਾ ਸਥਿਤ ਛੇ ਹਿਮ ਸਿਖ਼ਰਾਂ ਵਿੱਚੋਂ ਚਾਰ ਨੂੰ ਪੂਰੀ ਤਰ੍ਹਾਂ ਗਾਇਬ ਕਰ ਦੇਣ ਪਿੱਛੇ ਵੀ ਆਲਮੀ-ਤਪਸ਼ ਦਾ ਹੀ ઠਹੱਥ ਹੈ। ਫਿਰ ਕੀ ਹੋਵੇਗਾ ਜਦੋਂਕਿ ਮਹਿਜ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਵੀ ਪਹਿਲਾਂ ਭਾਰੀ ਹੜ੍ਹਾਂ, ਸੋਕਾ, ਸਮੁੰਦਰੀ ਉਠਾਅ ਉਪਰੰਤ ਕਈ ਤਟਵਰਤੀ ਨੀਵੇਂ ਦੇਸ਼ਾਂ ਨੂੰ ਨਿਗਲ ਜਾਣ ਦਾ ਕਾਰਨ ਬਣ ਸਕਦਾ ਹੈ।
ਇਹ ਗਲੇਸ਼ੀਅਰ ਹੀ ਹਨ ਜਿਨ੍ਹਾਂ ਵਿੱਚੋਂ ਪਾਣੀ ਰਿਸ-ਰਿਸ ਕੇ ਵੱਡੀਆਂ-ਵੱਡੀਆਂ ਨਦੀਆਂ ਹੋਂਦ ਵਿੱਚ ਆਈਆਂ। ਗੰਗਾ, ਸਿੰਧੂ ਅਤੇ ਬ੍ਰਹਮਪੁਤਰ ਆਦਿ ਇਨ੍ਹਾਂ ਦੀ ਹੀ ਦੇਣ ਹੈ ਜਿਨ੍ਹਾਂ ਸਾਨੂੰ ਉਪਜਾਊ ਖਿੱਤੇ ਬਖ਼ਸ਼ੇ। ਨਦੀਆਂ ਦੁਆਲੇ ਹੀ ਮਨੁੱਖੀ ਸੱਭਿਆਤਾਵਾਂ ਦਾ ਉਗਮਨઠਹੋਇਆ। ਸਮੁੱਚੀ ਮਨੁੱਖਤਾ ਦੇ ਵਿਕਾਸ ਵਿੱਚ ਇਨ੍ਹਾਂ ਸੰਘਣੇ ਬਰਫ ਸੋਮਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਪਰ ਵਧਦੇ ਤਾਪਮਾਨ ਨਾਲ ਹੁਣ ઠਇਹ ਪਿਘਲਦੇ ਤੇ ਸੁੰਗੜਦੇ ਜਾ ਰਹੇ ਹਨ। ਜੇ ਤਾਪਮਾਨ ਦੇ ਵਾਧੇ ਦੀ ਰਫ਼ਤਾਰ ਇਹੋ ਰਹੀ ਤਾਂ 2035 ਤੱਕ ਇਨ੍ਹਾਂ ਦਾ ਵਜੂਦ ਖ਼ਤਮ ਹੋ ਜਾਣ ਦਾ ਅੰਦੇਸ਼ਾ ਹੈ। ‘ਇੰਟਰਨੈਸ਼ਨਲ ਕਮਿਸ਼ਨ ਫਾਰ ਸਨੋਅ ਐਂਡ ਆਈਸ’ ਅਨੁਸਾਰ ਜੇ ਧਰਤੀ ਦਾ ਤਾਪਮਾਨ ਇਵੇਂ ਹੀ ਵਧਦਾ ਰਿਹਾ ਤਾਂ ਇਹ ਭਾਣਾ ਜਲਦੀ ਵੀ ਵਾਪਰ ਸਕਦਾ ਹੈ। ‘ਵਰਕਿੰਗ ਗਰੁੱਪ ਆਫ ਹਿਮਾਲਿਆ ਗਲੇਸ਼ੀਆਲੋਜੀ’ ਮੁਤਾਬਿਕ ਮੌਜੂਦਾ 5 ਲੱਖ ਵਰਗ ਕਿਲੋਮੀਟਰ ਦਾ ਹਿਮ-ਖੇਤਰ ਸੁੰਗੜ ਕੇ ਬਹੁਤ ਛੇਤੀ ਇੱਕ ਲੱਖ ਵਰਗ ਕਿਲੋਮੀਟਰ ਦੇ ਕਰੀਬ ਰਹਿ ਜਾਵੇਗਾ। ਗਲੇਸ਼ੀਅਰ ਜੋ ਨਿਰਮਲ ਜਲ-ਕੁੰਡਾਂ ਅਤੇ ਦਰਿਆਵਾਂ ਦੇ ਜਨਮ ਸੋਮੇ ਹਨ ਤੋਂ ਅਸੀਂ ਹੱਥ ਧੋ ਬੈਠਾਂਗੇ।
ਹਾਲ ਹੀ ਵਿੱਚ ‘ਨੇਚਰ’ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਹੋਏ ਜੀਵ ਵਿਗਿਆਨ ਦੇ ਇੱਕ ਖੋਜ ਪੱਤਰ ਅਨੁਸਾਰ, ਦੁਨੀਆ ਦੇ ਛੇ ਮਹੱਤਵਪੂਰਨ ਖਿੱਤਿਆਂ ਵਿੱਚ, ਜੋ ਮੋਟੇ ਤੌਰ ‘ਤੇ ਦੁਨੀਆਂ ਦਾ 20 ਫ਼ੀਸਦੀ ਖੇਤਰ ਦਰਸਾਉਂਦੇ ਹਨ, ਵਿੱਚ ਕਰਵਾਈ ਗਈ ਖੋਜ ਨੇ ਸਾਬਿਤ ਕੀਤਾ ਹੈ ਕਿ ਗਰੀਨ ਹਾਊਸ ਗੈਸਾਂ ਖ਼ਾਸ ਤੌਰ ‘ਤੇ ਕਾਰਬਨ ਡਾਈਆਕਸਾਈਡ ਦੇ ਬਹੁਤ ਜ਼ਿਆਦਾ ਉਤਪਾਦਨ ਉਪਰੰਤ ਗਲੋਬਲ ਵਾਰਮਿੰਗ ਕਾਰਨ ਹਜ਼ਾਰਾਂ ਪ੍ਰਜਾਤੀਆਂ ਦੇ ਜੀਵਨ ‘ਤੇ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ। ਖੋਜ ਵਿੱਚ ਪੌਦਿਆਂ, ਥਣਧਾਰੀ ਜੀਵਾਂ, ਚਿੜੀਆਂ, ਰੀਂਘਣ ਵਾਲੇ ਜਾਨਵਰਾਂ, ਡੱਡੂਆਂ, ਤਿਤਲੀਆਂ ਅਤੇ ਦੂਜੀਆਂ ਮਹੱਤਵਪੂਰਨ ਤੇ ਜੀਵ ਪ੍ਰਜਾਤੀਆਂ ਨੂੰ ਵਿਸ਼ੇਸ ਰੂਪ ਵਿੱਚ ਸ਼ਾਮਿਲ ਕੀਤਾ ਗਿਆ ਹੈ; ਜਿਨ੍ਹਾਂ ਉੱਤੇ ਗਰਮ ਮੌਸਮ ਦਾ ਸਭ ਤੋਂ ਜ਼ਿਆਦਾ ਅਸਰ ਪੈਣ ਦੀ ਸੰਭਾਵਨਾ ਹੈ। ਇੱਕ ਖੋਜ ਅਨੁਸਾਰ 2.2 ਤੋਂ 4.9 ਫਾਰਨਹੀਟ ਨਾਲ ਹੀ 20 ਤੋਂ 30 ਫ਼ੀਸਦੀ ਜੀਵ ਵਿਭਿੰਨਤਾ ਉੱਤੇ ਮਾਰੂ ਅਸਰ ਪੈਂਦਾ ਹੈ।  ਆਲਮੀ ਤਪਸ਼ ਦਾ ਭਿਆਨਕ ਅਸਰ ਜੀਵ-ਜੰਤੂ ਪ੍ਰਜਾਤੀਆਂ ‘ਤੇ ਪੈਣਾ ਤਾਂ ਸੁਭਾਵਿਕ ਹੈ। ਇਹ ਵੀ ਸਾਬਤ ਹੋ ਚੁੱਕਾ ਹੈ ਕਿ ਜੇ ਹਾਲਤ ਇਹੋ ਰਹੀ ਤਾਂ 2050 ਤੱਕ ਸਾਡੀ ਧਰਤੀ ਉਤੇ ਮੌਜੂਦ ਦਰੱਖਤਾਂ ਦਾ ਵੀ 50 ਫ਼ੀਸਦੀ ਤੱਕ ਸਫ਼ਾਇਆ ਹੋ ਜਾਵੇਗਾ। ਦੁਨੀਆ ਭਰ ਵਿੱਚ ਸਥਾਪਿਤ ਪ੍ਰਯੋਗਸ਼ਾਲਾਵਾਂ ਨੇ ਕੁੱਲ ਮਿਲਾ ਕੇ 1103 ਜਾਤੀਆਂ ‘ਤੇ ਨਜ਼ਰ ਰੱਖੀ ਹੈ ਅਤੇ ਸਮੁੱਚੇ ਅਧਿਐਨ ਅਨੁਸਾਰ ਇਨ੍ਹਾਂ ઠਵਿੱਚੋਂ 15 ਤੋਂ 37 ਫ਼ੀਸਦੀ ਜਾਤੀਆਂ 2050 ਤੱਕ ਵਾਤਾਵਰਣੀ ਤਬਦੀਲੀ ਕਾਰਨ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੀਆਂ। ਇਹੀ ਹੋਣੀ ਦਰੱਖਤਾਂ ਅਤੇ ਜੀਵ-ਜੰਤੂਆਂ ਨਾਲ ਵਾਪਰਨੀ ਹੈ। 12 ਹਜ਼ਾਰ ਪ੍ਰਜਾਤੀਆਂ ਹੁਣ ਲੋਪ ਹੋ ਜਾਣ ਦੇ ਕਿਨਾਰੇ ਹਨ। ਭੀਸ਼ਣ ਤਪਸ਼ ਕਾਰਨ ਰੁੱਤਾਂ ਬਦਲਾਅ ਅਤੇ ਧਰਤੀ ਦੀ ਥਰਥਰਾਹਟ (ਅੰਦਰੂਨੀ ਉਥਲ-ਪੱਥਲ) ਕਾਰਨ ਵੀ ਇਨ੍ਹਾਂ ਨੂੰ ਖ਼ਤਰੇ ਖੜ੍ਹੇ ਹੋਏ ਹਨ।
ਰੁੱਤ ਬਦਲਾਅ, ਮੀਂਹ ਅਨਿਯਮਤਾਂ ਅਤੇ ਸੁੱਕਦੇ ਜਾ ਰਹੇ ਜਲ ਸਰੋਤਾਂ ਕਾਰਨ ਪੈਦਾ ਹੋ ਰਿਹਾ ਜਲ-ਸੰਕਟ ਧਰਤੀ ਦੇ ਗਰਮ ਮਿਜਾਜ਼ ਦਾ ਸਿੱਟਾ ਹੈ। ਵਧਦੀ ਆਬਾਦੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਅਤੇ ਭਾਰੂ ਮੁਨਾਫ਼ੇ ਦੀ ਲਾਲਸਾਈ ਪ੍ਰਵਿਰਤੀ ਕਾਰਨ ਮਨੁੱਖ ਵੱਲੋਂ ਕੁਦਰਤੀ ਸਰੋਤਾਂ ਉੱਤੇ ਕੀਤੇ ਤਾਬੜ ਤੋੜ ਹੱਲੇ ਨੇ ਪਾਣੀ ਦੇ ਪੱਧਰ ਨੂੰ ઠਲਗਾਤਾਰ ਹੇਠਾਂ ਪਹੁੰਚਾਉਣ ਤੋਂ ਇਲਾਵਾ ਧਰਤੀ ਨੂੰઠਅੰਦਰ ਹੀ ਅੰਦਰ ਬਹੁਤ ਖੋਖਲਾ ਕਰ ਦਿੱਤਾ ਹੈ। ਤੇਲ, ਕੋਲੇ ਅਤੇ ਹੋਰ ਖਣਿਜ ਪਦਾਰਥਾਂ ਨੂੰ ਖ਼ਤਮ ਕਰਨ ਲਈ ਅਜੋਕਾ ਮਨੁੱਖ ਪੱਬਾਂ ਭਾਰ ਹੋਇਆ ਫਿਰਦਾ ਹੈ। ਧਰਤੀ ਦਾ ਇਹ ਖੋਖਲਾਪਨ ਜ਼ਮੀਨ ਧਸਣ ਦੀਆਂ ਦੁਰਘਟਨਾਵਾਂ ਨੂੰ ਜਨਮ ਦੇਵੇਗਾ। ਸਿੱਟੇ ਵਜੋਂ ਧਰਤੀ ਦੇ ਸਤੁੰਲਨ ਵਿਚ ਥਰਥਰਾਹਟ, ਭੂਚਾਲਾਂ ਦਾ ਖ਼ਤਰਾ ਅਤੇ ਰੁੱਤਾਂ ਵਿਚ ਤਿੱਖੀਆਂ ਤਬਦੀਲੀਆਂ ਹੋਣੀਆਂ ਸੁਭਾਵਿਕ ਹਨ।
ਧਰਤੀ ਉੱਤੇ ਵਧ ਰਹੀ ਤਪਸ਼ ਕਾਰਨ ਛੇ ਰੁੱਤਾਂ ਵਾਲਾ ਭਾਰਤੀ ਉਪ ਮਹਾਂਦੀਪ ਸਿਰਫ਼ ਦੋ ਰੁੱਤਾਂ ਭਾਵ ਗਰਮੀ ਅਤੇ ਸਰਦੀ ਵਾਲਾ ਖਿੱਤਾ ਬਣ ਕੇ ਰਹਿ ਗਿਆ ਹੈ। ਇਨ੍ਹਾਂ ਦੋਵਾਂ ਰੁੱਤਾਂ ਦੀ ਵੀ ਨਾ ਸਿਰਫ਼ ਸਮਾਂ-ਸੀਮਾ ਵਧ-ਘਟ ਰਹੀ ਹੈ ਸਗੋਂ ਇਸ ਦੇ ਤਾਪਮਾਨ ਬਾਰੇ ਵੀ ਅਨਿਸ਼ਚਿਤਤਾ ਬਣੀ ਰਹਿੰਦੀ ਹੈ। ਛੇ ਰੁੱਤਾਂ ਤੋਂ ਦੋ ਜਾਂ ਤਿੰਨ ਰੁੱਤਾਂ ਵਿਚ ਸੁੰਗੜ ਜਾਣ ਦਾ ਅਰਥ ਹੈ ਬਹੁ-ਭਾਂਤੀ ਵੰਨ-ਸੁਵੰਨਤਾ ਤੋਂ ਦੋ ਜਾਂ ਤਿੰਨ ਵਿਚ ਤਬਦੀਲ ਹੋ ਜਾਣਾ। ਤਦ ਨਾ ਤਾਂ ਰੁੱਤਾਂ ਦੀ ਵੰਨਗੀ ਲੱਭੇਗੀ ਅਤੇ ਨਾ ਹੀ ਇਸ ਬਹੁ-ਵੰਨਗੀ ਤਹਿਤ ਕੁਦਰਤ ਵੱਲੋਂ ਪਰੋਸੀਆਂ ਜਾਣ ਵਾਲੀਆਂ ਨਿਆਮਤਾਂ ਦਾ ਲੁਤਫ਼। ਇੰਜ ਰੁੱਤਾਂ ਦੀ ਕਹਾਣੀ ਵੀ ਪਰੀ-ਕਥਾ ਵਾਂਗ ਬੀਤੀ ਬਾਤ ਬਣ ਜਾਵੇਗੀ। ਜਿਵੇਂ ਦੁਆਬੇ ਨੂੰ ਛੱਡ ਕੇ ਕੋਈ ਅੰਬੀਆਂ ਨੂੰ ਤਰਸਦਾ ਹੈ ਉਵੇਂ ਹੀ ਛੇ ਰੁੱਤਾਂ ਦੀਆਂ ਬਰਕਤਾਂ ਤੋਂ ਹੱਥ ਧੋ ਕੇ ਬੰਦਾ ਸਿਰਫ਼ ਦੋ-ਰੁੱਤਾਂ ਦੀਆਂ ਪੈਦਾਵਾਰਾਂ ਨੂੰ ਖਾਣ-ਹੰਢਾਉਣ ਅਤੇ ਪਹਿਨਣ-ਪਚਰਨ ਲਈ ਬੰਨ੍ਹਿਆ ਜਾਵੇਗਾ। ਬਹੁ-ਭਾਂਤੀ ਬਨਸਪਤੀ ਅਤੇ ਜੀਵਾਂ ਦੀ ਤਾਂ ਗੱਲ ਹੀ ਛੱਡੋ ਸਾਨੂੰ ਆਪਣੇ ਕੱਪੜੇ-ਲੱਤੇ, ਰਹਿਣ ਸਹਿਣ, ਮਨ-ਪ੍ਰਚਾਵਿਆਂ, ਰੈਣ-ਵਸੇਰਿਆਂ ਗੱਲ ਕੀ; ਸਮੁੱਚੀ ਜੀਵਨ ਸ਼ੈਲੀ ਵਿੱਚ ਵੀ ਤਿੱਖੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ। ਇਸ ਨਾਲ ਤਿੱਖੀਆਂ ਰਾਜਨੀਤਿਕ ਤਬਦੀਲੀਆਂ ਸਮੇਤ ਆਮ ਬੰਦੇ ਦੀ ਜ਼ਿੰਦਗੀ ਵੀ ਉਥਲ-ਪੱਥਲ ਹੋਵੇਗੀ। ਇਹ ਸੰਦਰਭ ਵਿੱਚ ਮੁੱਦਾ ਇਹ ਹੈ ਕਿ ਕੁਦਰਤੀ ਸੋਮਿਆਂ, ਜਲ, ਬਨਸਪਤੀ ਅਤੇ ਜੀਵ ਜੰਤੂਆਂ ਨੂੰ ਬਚਾਉਣ ਦਾ ਹੱਲ ਕੀ ਕੀਤਾ ਜਾਵੇ? ਮਨੁੱਖ ਵੀ ਤਦ ਹੀ ਬਚੇਗਾ ਜੇ ਗਲੋਬਲ-ਵਾਰਮਿੰਗ (ਆਲਮੀ-ਤਪਸ਼) ਨੂੰ ਸਦੀਵੀ ਅਲਵਿਦਾ ਆਖੀ ਜਾਵੇ। ਇਸ ਲਈ ਸਾਨੂੰ ਉਸ ਸੰਸਾਰਕ ਨਿਜ਼ਾਮ ਨੂੰ ਵੀ ਨਾਕਾਰਨਾ ਪਵੇਗਾ ਜਿਹੜਾ ਭਾਈਚਾਰਕ ਬਰਾਬਰਤਾ ਅਤੇ ਕੁਦਰਤੀ ਸਹਿਹੋਂਦ ਦੀ ਬਜਾਏ ਪਦਾਰਥਿਕ ਸਹੂਲਤਾਂ ਅਤੇ ਮੁਨਾਫ਼ਿਆਂ ਮਗਰ ਹਫਲਿਆ ਫਿਰਦਾ ਹੈ। ਜੇ ਅਸੀਂ ਨਾ ਸੰਭਲੇ ਤਾਂ ਹੋਰ ਅੱਧੀ ਸਦੀ ਬਾਅਦ ਕੁਝ ਨਹੀਂ ਬਚੇਗਾ।

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …