7.9 C
Toronto
Wednesday, October 29, 2025
spot_img
Homeਪੰਜਾਬਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ

ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ

ਡਾ. ਬਲਬੀਰ ਸਿੰਘ ਨੇ ਸਿਹਤ ਮੰਤਰੀ ਵਜੋਂ ਸਹੁੰ ਚੁੱਕੀ
ਫੌਜਾ ਸਿੰਘ ਸਰਾਰੀ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਆਪਣੇ ਪਹਿਲੇ ਸਾਲ ਦੇ ਕਾਰਜਕਾਲ ਅੰਦਰ ਹੀ ਮੰਤਰੀ ਮੰਡਲ ਵਿੱਚ ਤੀਜਾ ਵੱਡਾ ਫੇਰਬਦਲ ਕਰ ਦਿੱਤਾ ਹੈ। ਸਰਕਾਰ ਨੇ ਭ੍ਰਿਸ਼ਟਾਚਾਰ ਦੇ ਕਥਿਤ ਆਰੋਪਾਂ ਵਿੱਚ ਘਿਰੇ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਵਿਭਾਗ ਮੰਤਰੀ ਫੌਜਾ ਸਿੰਘ ਸਰਾਰੀ ਤੋਂ ਅਸਤੀਫਾ ਲੈਣ ਤੋਂ ਕੁਝ ਸਮੇਂ ਬਾਅਦ ਹੀ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਕੈਬਨਿਟ ਵਿੱਚ ਸ਼ਾਮਲ ਕਰ ਲਿਆ। ਡਾ. ਬਲਬੀਰ ਸਿੰਘ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ‘ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹਲਫ਼ ਦਿਵਾਇਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਹਾਜ਼ਰ ਰਹੇ। ਪੰਜਾਬ ਵਿੱਚ ਇਹ ਸਾਰਾ ਸਿਆਸੀ ਘਟਨਾਕ੍ਰਮ ਅਚਨਚੇਤ ਵਾਪਰਿਆ ਹੈ ਜਦੋਂ ਅਚਾਨਕ ਹੀ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਤੋਂ ਅਸਤੀਫ਼ਾ ਲੈਣ ਤੋਂ ਕੁਝ ਘੰਟਿਆਂ ਬਾਅਦ ਹੀ ਡਾ. ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦਾ ਆਡੀਓ ਕਲਿੱਪ ਵਾਇਰਲ ਹੋਇਆ ਸੀ, ਜਿਸ ਵਿੱਚ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ ਸਨ। ਸਰਾਰੀ ਵੱਲੋਂ ਅਸਤੀਫਾ ਦੇਣ ਦੇ ਕਾਰਨਾਂ ਨੂੰ ਨਿੱਜੀ ਦੱਸਿਆ ਜਾ ਰਿਹਾ ਹੈ। ਸਰਾਰੀ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਤੇ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ। ਸੂਬਾ ਸਰਕਾਰ ਨੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੋਂ ਸਾਰੇ ਵਿਭਾਗ ਲੈ ਕੇ ਡਾ. ਬਲਬੀਰ ਸਿੰਘ ਨੂੰ ਸੌਂਪ ਦਿੱਤੇ ਹਨ। ਹੁਣ ਡਾ. ਬਲਬੀਰ ਸਿੰਘ ਕੋਲ ਸਿਹਤ ਅਤੇ ਪਰਿਵਾਰ ਭਲਾਈ, ਸਿਹਤ ਸਿੱਖਿਆ ਤੇ ਖੋਜ ਅਤੇ ਚੋਣਾਂ ਦਿੱਤੀਆਂ ਗਈਆਂ ਹਨ। ਜਦਕਿ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਫੌਜਾ ਸਿੰਘ ਸਰਾਰੀ ਵਾਲੇ ਵਿਭਾਗਾਂ ਫੂਡ ਪ੍ਰੋਸੈਸਿੰਗ, ਬਾਗਬਾਨੀ ਦੇ ਨਾਲ-ਨਾਲ ਆਜ਼ਾਦੀ ਘੁਲਾਟੀਏ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ 19 ਮਾਰਚ 2022 ਨੂੰ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ, ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਵਿਧਾਇਕ ਹਰਭਜਨ ਸਿੰਘ ਈਟੀਓ, ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ, ਭੋਆ ਤੋਂ ਵਿਧਾਇਕ ਲਾਲ ਚੰਦ, ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਬਤੌਰ ਕੈਬਨਿਟ ਮੰਤਰੀ ਸਹੁੰ ਚੁੱਕੀ ਸੀ। ਉਸ ਤੋਂ ਬਾਅਦ ਕੈਬਨਿਟ ਵਿੱਚ ਵਾਧਾ ਕਰਦਿਆਂ ਡਾ. ਇੰਦਰਬੀਰ ਨਿੱਝਰ, ਅਮਨ ਅਰੋੜਾ, ਚੇਤਨ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਪਾਰਟੀ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਸਿਹਤ ਮੰਤਰੀ ਦੇ ਅਹੁਦੇ ‘ਤੇ ਤਾਇਨਾਤ ਡਾ. ਵਿਜੈ ਸਿੰਗਲਾ ਨੂੰ ਕੈਬਨਿਟ ਵਿੱਚੋਂ ਬਾਹਰ ਕਰ ਦਿੱਤਾ ਸੀ ਤੇ ਹੁਣ ਫੌਜਾ ਸਿੰਘ ਸਰਾਰੀ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਮੁੱਖ ਮੰਤਰੀ ਸਣੇ ਕਈ ਵਜ਼ੀਰਾਂ ਦੇ ਵਿਭਾਗ ਬਦਲੇ : ਪੰਜਾਬ ਕੈਬਨਿਟ ਵਿੱਚ ਡਾ. ਬਲਬੀਰ ਸਿੰਘ ਦੇ ਸ਼ਾਮਲ ਹੋਣ ਦੇ ਨਾਲ ਹੀ ਮੁੱਖ ਮੰਤਰੀ ਸਣੇ ਅੱਧਾ ਦਰਜਨ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਗਿਆ ਹੈ। ਇਸ ਫੇਰਬਦਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਜਨਰਲ ਪ੍ਰਸ਼ਾਸਨ, ਗ੍ਰਹਿ ਮਾਮਲੇ ਤੇ ਨਿਆਂ, ਪ੍ਰਸੋਨਲ, ਵਿਜੀਲੈਂਸ, ਸਹਿਕਾਰਤਾ, ਇੰਡਸਟਰੀਜ਼ ਤੇ ਕਾਮਰਸ, ਰੁਜ਼ਗਾਰ ਪੈਦਾਵਾਰ ਤੇ ਸਿਖਲਾਈ, ਜੇਲ੍ਹਾਂ, ਕਾਨੂੰਨੀ ਮਾਮਲੇ ਤੇ ਹਵਾਬਾਜ਼ੀ ਵਿਭਾਗ ਰਹਿ ਗਏ ਹਨ।
ਗੁਰਮੀਤ ਸਿੰਘ ਮੀਤ ਹੇਅਰ ਨੂੰ ਪ੍ਰਸ਼ਾਸਕੀ ਸੁਧਾਰ, ਜਲ ਸਰੋਤ, ਮਾਈਨਿੰਗ, ਵਿਗਿਆਨ ਤਕਨੀਕ ਅਤੇ ਵਾਤਾਵਰਣ, ਖੇਡਾਂ ਤੇ ਯੂਥ ਸੇਵਾਵਾਂ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟ੍ਰੇਨਿੰਗ, ਉੱਚੇਰੀ ਸਿੱਖਿਆ ਤੇ ਸਕੂਲ ਸਿੱਖਿਆ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਆਜ਼ਾਦੀ ਘੁਲਾਟੀਏ, ਰੱਖਿਆ ਸੇਵਾਵਾਂ ਮਾਮਲੇ, ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਵਿਭਾਗ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਇਨਵੈਸਟਮੈਂਟ ਪ੍ਰਮੋਸ਼ਨ, ਕਿਰਤ, ਸ਼ਿਕਾਇਤ ਨਿਵਾਰਣ ਅਤੇ ਪ੍ਰਹੁਣਾਚਾਰੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ।
ਡਾ. ਬਲਬੀਰ ਸਿੰਘ ਨੇ ਸਿਹਤ ਮੰਤਰੀ ਵਜੋਂ ਅਹੁਦਾ ਸੰਭਾਲਿਆ
ਚੰਡੀਗੜ੍ਹ : ਪੰਜਾਬ ਦੇ ਨਵੇਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਮੰਗਲਵਾਰ ਨੂੰ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਮੰਤਰੀ ਦਾ ਅਹੁਦਾ ਸਾਂਭ ਲਿਆ ਹੈ। ਡਾ. ਬਲਬੀਰ ਸਿੰਘ ਨੇ ਅਹੁਦਾ ਸਾਂਭਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਮਾਡਲ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਪੰਜਾਬ ਸਰਕਾਰ ਦੇ ਤਰਜੀਹੀ ਖੇਤਰ ਹਨ। ਇਸ ਲਈ ਪੰਜਾਬ ਵਾਸੀਆਂ ਨੂੰ ਆਲਾ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਹੇਠਲੇ ਪੱਧਰ ਤੱਕ ਲਾਗੂ ਕੀਤੇ ਜਾਣਗੇ।

 

 

RELATED ARTICLES
POPULAR POSTS