Breaking News
Home / ਪੰਜਾਬ / ਪਾਣੀਆਂ ਦੇ ਮੁੱਦੇ ‘ਤੇ ਲੱਗਣ ਵਾਲਾ ਮੋਰਚਾ 3 ਫਰਵਰੀ ਤੱਕ ਮੁਲਤਵੀ

ਪਾਣੀਆਂ ਦੇ ਮੁੱਦੇ ‘ਤੇ ਲੱਗਣ ਵਾਲਾ ਮੋਰਚਾ 3 ਫਰਵਰੀ ਤੱਕ ਮੁਲਤਵੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਵਿਚਾਰ ਕਰਦਿਆਂ ਆਰੋਪ ਲਾਇਆ ਗਿਆ ਕਿ ਸਰਕਾਰ ਲੋਕਾਂ ਖ਼ਾਸ ਕਰਕੇ ਕਿਸਾਨਾਂ ਦੀਆਂ ਉਮੀਦਾਂ ‘ਤੇ ਖ਼ਰਾ ਉਤਰਨ ‘ਚ ਅਸਫ਼ਲ ਰਹੀ ਹੈ। ਕਿਸਾਨ ਆਗੂਆਂ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਐਸਵਾਈਐਲ ਦੀ ਥਾਂ ਵਾਈਐਸਐਲ ਬਣਾਉਣ ਅਤੇ ਟ੍ਰਿਬਿਊਨਲ ਦਾ ਗਠਨ ਕਰਨ ਦੀ ਤਜਵੀਜ਼ ਲਈ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ।
ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ, ਬੋਘ ਸਿੰਘ ਮਾਨਸਾ ਅਤੇ ਹਰਜਿੰਦਰ ਸਿੰਘ ਟਾਂਡਾ ਆਦਿ ਆਗੂ ਹਾਜ਼ਰ ਸਨ। ਮੀਟਿੰਗ ਦੌਰਾਨ ਜ਼ੀਰਾ ਸ਼ਰਾਬ ਫੈਕਟਰੀ ਦੇ ਤੇਜ਼ਾਬੀ ਪਾਣੀ ਨਾਲ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਵਿਰੁੱਧ ਸੰਘਰਸ਼ ਕਰ ਰਹੀ ਕਮੇਟੀ ਦੀ ਅਪੀਲ ਨੂੰ ਧਿਆਨ ਵਿੱਚ ਰੱਖਦਿਆਂ ਜਥੇਬੰਦੀਆਂ ਵੱਲੋਂ ਲਾਏ ਜਾ ਰਹੇ ਮੋਰਚੇ 3 ਫਰਵਰੀ 2023 ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਮੋਰਚਾ ਪਾਣੀ ਦੇ ਗੰਭੀਰ ਸੰਕਟ, ਵਾਤਾਵਰਨ ਪ੍ਰਦੂਸ਼ਣ ਅਤੇ ਸੰਘੀ ਢਾਂਚੇ ‘ਤੇ ਹਮਲੇ ਤੋਂ ਇਲਾਵਾ ਹੋਰ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਜ਼ੀਰਾ ਸੰਘਰਸ਼ ਕਮੇਟੀ ਦੀਆਂ ਅਸਲ ਸਮੱਸਿਆਵਾਂ ਵੱਲ ਕੋਈ ਧਿਆਨ ਨਾ ਦੇਣ ਦੇ ਰਵੱਈਏ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਫੈਕਟਰੀ ਦਾ ਰਸਾਇਣਾਂ ਵਾਲਾ ਪਾਣੀ ਕੇ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …