-12.3 C
Toronto
Monday, February 2, 2026
spot_img
Homeਮੁੱਖ ਲੇਖਕੈਨੇਡਾ ਦਾ ਬਰਫ਼ੀਲਾ ਮੌਸਮ ਅਤੇ ਸਮੱਸਿਆਵਾਂ

ਕੈਨੇਡਾ ਦਾ ਬਰਫ਼ੀਲਾ ਮੌਸਮ ਅਤੇ ਸਮੱਸਿਆਵਾਂ

ਪ੍ਰਿੰਸੀਪਲ ਵਿਜੇ ਕੁਮਾਰ
ਕੈਨੇਡਾ ਪਰਵਾਸੀਆਂ ਨੂੰ ਆਪਣੇ ਵੱਲ ਬਹੁਤ ਆਕਰਸ਼ਿਤ ਕਰਦਾ ਹੈ। ਵਿਦੇਸ਼ਾਂ ਤੋਂ ਕੈਨੇਡਾ ‘ਚ ਆ ਕੇ ਵਸਣ ਦੇ ਚਾਹਵਾਨ ਪਰਵਾਸੀ ਲੋਕ ਵਿਸ਼ੇਸ਼ ਤੌਰ ‘ਤੇ ਵਿਦਿਆਰਥੀ ਵਰਗ ਜਦੋਂ ਇਸ ਦੇਸ਼ ਦੇ ਸ਼ੁੱਧ ਵਾਤਾਵਰਨ, ਆਵੋ ਹਵਾ, ਡਾਲਰਾਂ ‘ਚ ਕਮਾਈ, ਮਹਿਲਾਂ ਵਰਗੇ ਘਰ, ਚਾਰੇ ਪਾਸੇ ਹਰਿਆਲੀ, ਖੁੱਲ੍ਹੀਆਂ ਸੜਕਾਂ, ਵੱਡੀਆਂ ਗੱਡੀਆਂ, ਸੋਨੇ ਦੇ ਕੜੇ ਅਤੇ ਚੈਨੀਆਂ ਅਤੇ ਸਰਦੀਆਂ ਦੇ ਦਿਨਾਂ ‘ਚ ਇੱਥੋਂ ਦੇ ਨਿਵਾਸੀਆਂ ਦੇ ਸਰੀਰਾਂ ਉੱਤੇ ਪਏ ਗਰਮ ਕੱਪੜੇ ਅਤੇ ਬਰਫ਼ ਨਾਲ ਖੇਡਦੇ ਨੌਜਵਾਨ ਮੁੰਡੇ, ਕੁੜੀਆਂ ਅਤੇ ਬੱਚਿਆਂ ਨੂੰ ਮੀਡੀਆ ਵਿੱਚ ਵੇਖਦੇ, ਪੜ੍ਹਦੇ ਅਤੇ ਲੋਕਾਂ ਦੇ ਮੂੰਹਾਂ ਤੋਂ ਸੁਣਦੇ ਹਨ ਤਾਂ ਉਨ੍ਹਾਂ ਦੇ ਕੈਨੇਡਾ ਵਿੱਚ ਆ ਕੇ ਵਸਣ ਦੇ ਸੁਪਨਿਆਂ ਨੂੰ ਖੰਭ ਲੱਗ ਜਾਂਦੇ ਹਨ। ਉਨ੍ਹਾਂ ਦਾ ਦਿਲ ਕਰਨ ਲੱਗ ਪੈਂਦਾ ਹੈ ਕਿ ਕਦੋਂ ਜਹਾਜ਼ ਵਿੱਚ ਉੱਡ ਕੇ ਕੈਨੇਡਾ ਦੀ ਧਰਤੀ ਉੱਤੇ ਪਹੁੰਚ ਜਾਣ, ਪਰ ਕੌੜਾ ਸੱਚ ਇਹ ਵੀ ਹੈ ਕਿ ਕੈਨੇਡਾ ਵਿੱਚ ਵਸਦੇ ਲੋਕਾਂ ਦੀ ਜ਼ਿੰਦਗੀ ਦੀ ਤਸਵੀਰ ਦਾ ਇਹ ਇੱਕ ਪੱਖ ਹੈ।
ਕੈਨੇਡਾ ਠੰਢੇ ਪੱਛਮੀ ਦੇਸ਼ਾਂ ਵਿੱਚੋਂ ਇੱਕ ਹੈ। ਇੱਥੋਂ ਦੀ ਸਰਦ ਰੁੱਤ ਬਾਰੇ ਅਕਸਰ ਇਹ ਸੁਣਿਆ ਜਾਂਦਾ ਹੈ ਕਿ ਇਹ ਕੋਈ ਮਜ਼ਾਕ ਨਹੀਂ ਹੈ। ਇਹ ਰੁੱਤ ਹੱਦ ਤੋਂ ਜ਼ਿਆਦਾ ਠੰਢੀ ਅਤੇ ਬਰਫ਼ੀਲੀ ਹੁੰਦੀ ਹੈ। ਕੈਨੇਡਾ ਦੀ ਸਰਦ ਰੁੱਤ ਬਾਰੇ ਜਾਣਕਾਰੀ ਹਾਸਲ ਕਰਨ ਲਈ ਇਸ ਦੇ ਦਸ ਸ਼ਹਿਰਾਂ ਦੇ ਸਰਦ ਰੁੱਤ ਦੇ ਮੌਸਮ ਬਾਰੇ ਜਾਣ ਲੈਂਦੇ ਹਾਂ।
ਇਸ ਦੇ ਇੱਕ ਸ਼ਹਿਰ ਐਡਮਿੰਟਨ ਦਾ ਸਰਦ ਰੁੱਤ ਦੇ ਮਹੀਨਿਆਂ ਦੌਰਾਨ ਔਸਤਨ ਤਾਪਮਾਨ -13 ਡਿਗਰੀ ਤੋਂ ਥੱਲੇ ਰਹਿੰਦਾ ਹੈ। ਇਹ ਸ਼ਹਿਰ ਪੂਰਨ ਤੌਰ ‘ਤੇ ਖੁਸ਼ਕ ਅਤੇ ਭਿਆਨਕ ਸਰਦੀ ਲਈ ਜਾਣਿਆ ਜਾਂਦਾ ਹੈ। ਸਾਲ ਦੇ ਚਾਰ ਮਹੀਨਿਆਂ ਦੇ ਔਸਤਨ 133 ਦਿਨ ਔਸਤਨ 339 ਸੈਂਟੀਮੀਟਰ ਬਰਫ਼ ਪੈਂਦੀ ਹੈ। ਹੱਡ ਚੀਰਵੀਆਂ ਠੰਢੀਆਂ ਬਰਫ਼ੀਲੀਆਂ ਹਵਾਵਾਂ ਚੱਲਦੀਆਂ ਹਨ।
ਕਿਊਬਿਕ ਸ਼ਹਿਰ ਦੇ 129 ਕਿਲੋਮੀਟਰ ਉੱਤਰ ਦੱਖਣ ਵਿੱਚ ਸਥਿਤ ਟੌਰਸ ਨਦੀ ‘ਤੇ ਸਾਲਾਨਾ ਔਸਤਨ ਤਾਪਮਾਨ -14 ਡਿਗਰੀ ਤੋਂ ਥੱਲੇ ਰਹਿੰਦਾ ਹੈ ਅਤੇ 259 ਸੈਂਟੀਮੀਟਰ ਬਰਫ਼ ਪੈਂਦੀ ਹੈ। ਇੱਥੇ ਖੁਸ਼ਕ ਨਮੀ ਵਾਲਾ ਮੌਸਮ ਹੋਣ ਕਰਕੇ ਮੌਸਮ ਵਿੱਚ ਗਰਮ ਤੋਂ ਸਰਦ ਰੁੱਤ ‘ਚ ਭਿਆਨਕ ਤਬਦੀਲੀ ਹੁੰਦੀ ਹੈ, ਇਸ ਲਈ ਇਸ ਖੇਤਰ ਵਿੱਚ ਥੋੜ੍ਹੇ ਸਮੇਂ ਲਈ ਗਰਮੀ ਅਤੇ ਲੰਬੇ ਸਮੇਂ ਤੱਕ ਭਿਆਨਕ ਸਰਦੀ ਪੈਂਦੀ ਹੈ। ਕਿਊਬਿਕ ਸ਼ਹਿਰ ਦਾ ਸਰਦ ਰੁੱਤ ‘ਚ ਔਸਤਨ ਤਾਪਮਾਨ -15.4 ਡਿਗਰੀ ਰਹਿੰਦਾ ਹੈ। ਸਭ ਤੋਂ ਵੱਧ ਬਰਫ਼ ਪੈਣ ਵਾਲੇ ਸ਼ਹਿਰਾਂ ‘ਚੋਂ ਇੱਕ ਇਸ ਸ਼ਹਿਰ ‘ਚ ਔਸਤਨ 303.4 ਸੈਂਟੀਮੀਟਰ ਬਰਫ਼ ਪੈਂਦੀ ਹੈ। ਬਰਫ਼ੀਲੇ ਦਿਨਾਂ ਵਿੱਚ ਇਸ ਸ਼ਹਿਰ ਵਿੱਚ ਕਾਰਨੀਵਲ ਤਿਉਹਾਰ ਮਨਾਇਆ ਜਾਂਦਾ ਹੈ, ਜਿਸ ‘ਚ ਦੁਨੀਆ ਭਰ ਤੋਂ ਲੋਕ ਆਉਂਦੇ ਹਨ।
ਮੌਂਟਰੀਅਲ ਸ਼ਹਿਰ ਦੇ 156 ਕਿਲੋਮੀਟਰ ਪੂਰਬ ਵਿੱਚ ਸਥਿਤ ਸ਼ਹਿਰ ਸ਼ੇਰਬਰੂਕ ‘ਚ ਔਸਤਨ ਤਾਪਮਾਨ -15.4 ਡਿਗਰੀ ਤੋਂ ਹੇਠਾਂ ਰਹਿੰਦਾ ਹੈ। ਇੱਥੇ ਦਾ ਤਾਪਮਾਨ ਖੁਸ਼ਕ ਹੁੰਦਾ ਹੈ। ਇੱਥੇ ਲੰਬੇ ਸਮੇਂ ਤੱਕ ਚੱਲਣ ਵਾਲੇ ਸਰਦ ਮੌਸਮ ‘ਚ 286.5 ਸੈਂਟੀਮੀਟਰ ਬਰਫ਼ ਪੈਂਦੀ ਹੈ। ਉਨਟਾਰੀਓ ਦੇ ਸਡਬਰੀ ‘ਚ ਸਰਦ ਰੁੱਤ ਵਿੱਚ ਔਸਤਨ ਤਾਪਮਾਨ -15.5 ਡਿਗਰੀ ਤੋਂ ਹੇਠਾਂ ਰਹਿੰਦਾ ਹੈ ਅਤੇ 236.4 ਸੈਂਟੀਮੀਟਰ ਬਰਫ਼ ਪੈਂਦੀ ਹੈ। ਪੂਰਬ ‘ਚ ਪੈਂਦੀਆਂ ਵੱਡੀਆਂ ਝੀਲਾਂ, ਆਰਕਟਿਕ ਹਵਾਵਾਂ ਦੇ ਚੱਲਣ ਕਾਰਨ ਸਡਬਰੀ ਦਾ ਮੌਸਮ ਬੇਹੱਦ ਠੰਢਾ ਹੁੰਦਾ ਹੈ। ਸਡਬਰੀ ‘ਚ ਔਸਤਨ 136 ਦਿਨ ਬਰਫ਼ ਪੈਂਦੀ ਹੈ।
ਸਸਕੈਚਵਾਨ ਸ਼ਹਿਰ ਦਾ ਸਰਦ ਰੁੱਤ ‘ਚ ਔਸਤਨ ਤਾਪਮਾਨ -16.5 ਡਿਗਰੀ ਤੋਂ ਘੱਟ ਰਹਿੰਦਾ ਹੈ। ਸਾਲ ਦੇ 124 ਦਿਨ ਇਹ ਬਰਫ਼ ਨਾਲ ਢਕਿਆ ਰਹਿੰਦਾ ਹੈ। 1893 ਵਿੱਚ ਸਰਦ ਰੁੱਤ ਵਿੱਚ ਇਸ ਦਾ ਤਾਪਮਾਨ -50 ਡਿਗਰੀ ਰਿਹਾ ਸੀ। 1,21,621 ਦੀ ਆਬਾਦੀ ਵਾਲਾ ਸ਼ਹਿਰ ਥੰਡ ਰਵੇ (ਓਂਟਾਰੀਓ) ਸਬਡਰੀ ਦੇ 1000 ਕਿਲੋਮੀਟਰ ਉੱਤਰ ਪੂਰਬ ‘ਚ ਉੱਪਰ ਨੂੰ ਸਥਿਤ ਹੈ। ਸਰਦ ਰੁੱਤ ਅਤੇ ਬਰਫ਼ੀਲੇ ਦਿਨਾਂ ‘ਚ ਇਸ ਦਾ ਔਸਤਨ ਤਾਪਮਾਨ -18 ਡਿਗਰੀ ਤੋਂ ਥੱਲੇ ਰਹਿੰਦਾ ਹੈ। ਰੇਗੀਨਾ (ਸਸਕੈਚਵਾਨ) ਦੇ 258 ਕਿਲੋਮੀਟਰ ਦੱਖਣ ‘ਚ ਸਥਿਤ ਹੈ। ਸਸਕੈਚਵਾਨ ਦੀ ਰਾਜਧਾਨੀ ਦੇ ਇਸ ਸ਼ਹਿਰ ਦੇ ਨਿਵਾਸੀਆਂ ਨੂੰ ਸਰਦ ਰੁੱਤ ਦੇ ਦਿਨਾਂ ‘ਚ ਭਾਰੀ ਬਰਫ਼ਬਾਰੀ, ਹੱਡ ਚੀਰਵੀਆਂ ਠੰਢੀਆਂ ਹਵਾਵਾਂ ਚੱਲਣ ਨਾਲ ਇਹ ਦਿਨ ਬਹੁਤ ਔਖੇ ਹੋ ਕੇ ਗੁਜ਼ਾਰਨੇ ਪੈਂਦੇ ਹਨ। ਸਰਦ ਰੁੱਤ ‘ਚ ਇੱਥੋਂ ਦਾ ਤਾਪਮਾਨ ਔਸਤਨ-182 ਡਿਗਰੀ ਦੇ ਥੱਲੇ ਰਹਿੰਦਾ ਹੈ। ਕੁਝ ਦਿਨਾਂ ‘ਚ ਇਸ ਦਾ ਤਾਪਮਾਨ -30 ਡਿਗਰੀ ਵੀ ਚਲਾ ਜਾਂਦਾ ਹੈ।
ਕਿਊਬਿਕ ਸ਼ਹਿਰ ਦੇ 211 ਕਿਲੋਮੀਟਰ ਉੱਤਰ ਵਿੱਚ ਸਥਿਤ ਸੈਗੁਏਨੇ ਦਾ ਸਰਦ ਰੁੱਤ ਵਿੱਚ ਔਸਤਨ ਤਾਪਮਾਨ -18.3 ਡਿਗਰੀ ਰਹਿੰਦਾ ਹੈ। ਇੱਥੇ ਔਸਤਨ 321.7 ਸੈਂਟੀਮੀਟਰ ਬਰਫ਼ ਪੈਂਦੀ ਹੈ। ਇਹ ਕੈਨੇਡਾ ਦਾ ਸਭ ਤੋਂ ਵੱਧ ਬਰਫ਼ ਪੈਣ ਵਾਲਾ ਦੂਜਾ ਸ਼ਹਿਰ ਹੈ। ਮੈਨੀਟੋਬਾ ਦਾ ਸ਼ਹਿਰ ਵਿਨੀਪੈਗ ਕੈਨੇਡਾ ਦਾ ਸਭ ਤੋਂ ਠੰਢਾ ਸ਼ਹਿਰ ਹੈ। ਵਿਨੀਪੈਗ ਦਾ ਸਰਦ ਰੁੱਤ ‘ਚ ਔਸਤਨ ਤਾਪਮਾਨ -19.2 ਡਿਗਰੀ ਤੋਂ ਹੇਠਾਂ ਪਹੁੰਚ ਜਾਂਦਾ ਹੈ। ਇੱਥੋਂ ਦੇ 12 ਦਿਨ ਅਜਿਹੇ ਵੀ ਹੁੰਦੇ ਹਨ, ਜਦੋਂ ਇੱਥੋਂ ਦਾ ਤਾਪਮਾਨ -30 ਡਿਗਰੀ ਹੁੰਦਾ ਹੈ। ਇਹ ਸ਼ਹਿਰ ਰੈੱਡ ਰਿਵਰ ਵੈਲੀ ਦੇ ਨੇੜੇ ਸਥਿਤ ਹੈ।
ਕੈਨੇਡਾ ਦੇ ਨਵੰਬਰ ਤੋਂ ਮਾਰਚ ਤੱਕ ਦੇ ਬਰਫ਼ੀਲੇ ਅਤੇ ਸਰਦ ਰੁੱਤ ਦੇ ਪੰਜ ਮਹੀਨੇ ਕੈਨੇਡਾ ਵਾਸੀਆਂ ਲਈ ਬਹੁਤ ਸਮੱਸਿਆ ਭਰਪੂਰ ਹੁੰਦੇ ਹਨ। ਇਨ੍ਹਾਂ ਮਹੀਨਿਆਂ ਵਿੱਚ ਚਾਰੇ ਪਾਸੇ ਪਤਝੜ ਛਾ ਜਾਂਦੀ ਹੈ। ਰੁੱਖ ਰੁੰਡ ਮਰੁੰਡ ਹੋ ਜਾਂਦੇ ਹਨ। ਸਮੁੱਚਾ ਖੇਤਰ ਬਰਫ਼ ਨਾਲ ਢਕ ਜਾਂਦਾ ਹੈ। ਠੰਢੀਆਂ ਹੱਡ ਚੀਰਵੀਆਂ ਹਵਾਵਾਂ ਚੱਲਦੀਆਂ ਹਨ। ਪਾਰਕਾਂ ਬਰਫ਼ ਨਾਲ ਢਕ ਜਾਂਦੀਆਂ ਹਨ। ਬਜ਼ੁਰਗਾਂ ਅਤੇ ਬੱਚਿਆਂ ਦਾ ਘਰ ਤੋਂ ਨਿਕਲਣਾ ਬੰਦ ਹੋ ਜਾਂਦਾ ਹੈ। ਬਰਫ਼ ਉੱਤੋਂ ਫਿਸਲ ਕੇ ਡਿੱਗਣ ਦੇ ਡਰ ਕਾਰਨ ਲੋਕਾਂ ਨੂੰ ਸੈਰ ਕਰਨੀ ਔਖੀ ਕਰ ਦਿੰਦਾ ਹੈ। ਬੇਸਮੈਂਟ ‘ਚ ਰਹਿੰਦੇ ਲੋਕਾਂ ਦੀ ਜ ਿਹੋਰ ਵੀ ਔਖੀ ਹੋ ਜਾਂਦੀ ਹੈ। ਸਵੇਰੇ ਬੱਚਿਆਂ ਨੂੰ ਸਕੂਲ ਛੱਡਣ ਲਈ ਅਤੇ ਡਿਊਟੀ ‘ਤੇ ਜਾਣ ਲਈ ਘਰ ਅੱਗੇ ਅਤੇ ਗੱਡੀਆਂ ਉੱਤੇ ਜੰਮੀ ਬਰਫ਼ ਸਾਫ਼ ਕਰਨਾ ਬਹੁਤ ਵੱਡੀ ਮੁਸੀਬਤ ਹੁੰਦੀ ਹੈ। ਘਰਾਂ ਸਾਹਮਣੇ ਪਈ ਬਰਫ਼ ਸਾਫ਼ ਨਾ ਹੋਣ ਦੀ ਸੂਰਤ ‘ਚ ਮਕਾਨ ਮਾਲਕਾਂ ਨੂੰ ਜੁਰਮਾਨਾ ਦੇਣਾ ਪੈਂਦਾ ਹੈ।
ਘਰਾਂ ‘ਚ ਆਨਲਾਈਨ ਸਾਮਾਨ ਪਹੁੰਚਾਉਣ ਵਾਲੇ ਕਰਮਚਾਰੀਆਂ ਅਤੇ ਕਾਰੋਬਾਰੀਆਂ ਲਈ ਬਰਫ਼ ਅਤੇ ਚੱਲਦੀਆਂ ਬਰਫ਼ੀਲੀਆਂ ਹਵਾਵਾਂ ‘ਚ ਕੰਮ ਕਰਨਾ ਮੁਸੀਬਤ ਬਣ ਜਾਂਦਾ ਹੈ। ਖੁੱਲ੍ਹੇ ਵਿੱਚ ਹੋਣ ਵਾਲੇ ਸਮਾਗਮ ਅਤੇ ਪਾਰਟੀਆਂ ਬੰਦ ਹੋ ਜਾਂਦੇ ਹਨ। ਜ਼ਿੰਦਗੀ ਦੀ ਚਾਲ ਮੱਠੀ ਪੈ ਜਾਂਦੀ ਹੈ।
ਜੇਕਰ ਕੋਈ ਵਿਅਕਤੀ ਬਰਫ਼ ਤੋਂ ਫਿਸਲ ਕੇ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਵੇ ਤਾਂ ਹੋਰ ਵੱਡੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ ਕਿਉਂਕਿ ਇਸ ਮੁਲਕ ਦੀਆਂ ਸਿਹਤ ਸੇਵਾਵਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਇਸ ਮੌਸਮ ਦੌਰਾਨ ਗਰਮ ਕੱਪੜੇ ਪਾਉਣ ਵਿੱਚ ਕੀਤੀ ਥੋੜ੍ਹੀ ਵੀ ਲਾਪ੍ਰਵਾਹੀ ਬਿਮਾਰੀ ਦਾ ਕਾਰਨ ਬਣ ਜਾਂਦੀ ਹੈ। ਇੱਥੋਂ ਦੇ ਜ਼ਿਆਦਾਤਰ ਲੋਕ ਗਰਦਨ, ਪਿੱਠ, ਜੋੜਾਂ, ਡਿਸਕ ਅਤੇ ਹੱਡੀਆਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ।
ਉਨ੍ਹਾਂ ਨੂੰ ਫਿਜਿਓਥੈਰੇਪੀ ਕਰਵਾਉਣੀ ਪੈਂਦੀ ਹੈ। ਟਰੱਕ ਡਰਾਈਵਰਾਂ, ਟੈਕਸੀ ਚਾਲਕਾਂ ਅਤੇ ਹੋਰ ਗੱਡੀਆਂ ਚਲਾਉਣ ਵਾਲੇ ਲੋਕਾਂ ਨੂੰ ਬਰਫ਼ ਵਿੱਚ ਬਹੁਤ ਔਖ ਪੈਦਾ ਹੋ ਜਾਂਦੀ ਹੈ। ਧੁੱਪ ਨਾ ਮਿਲਣ ਕਾਰਨ ਲੋਕਾਂ ਨੂੰ ਵਿਟਾਮਿਨ ਡੀ ਦੀ ਘਾਟ ਰਹਿੰਦੀ ਹੈ ਜਿਸ ਕਰਨ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਠੰਢੇ ਮੌਸਮ ਦੇ ਪ੍ਰਭਾਵ ਕਾਰਨ ਨਵਜਾਤ ਬੱਚਿਆਂ ਨੂੰ ਦੇਰ ਨਾਲ ਚੱਲਣ, ਬੈਠਣ ਅਤੇ ਬੋਲਣ ਦੀ ਸਮੱਸਿਆ ਆਮ ਹੀ ਵੇਖਣ ਨੂੰ ਮਿਲਦੀ ਹੈ। ਲੋਕ ਘਰਾਂ, ਗੱਡੀਆਂ, ਪਲਾਜ਼ਿਆਂ, ਦਫ਼ਤਰਾਂ ਅਤੇ ਹਸਪਤਾਲਾਂ ਵਿੱਚ ਲੱਗੇ ਹੀਟਰਾਂ ਨਾਲ ਸਰਦੀ ਤੋਂ ਆਪਣਾ ਬਚਾਅ ਕਰਦੇ ਹਨ। ਭਾਵੇਂ ਸਰਕਾਰ ਨੇ ਬਰਫ਼ੀਲੇ ਦਿਨਾਂ ਵਿੱਚ ਇੱਥੋਂ ਦੇ ਨਿਵਾਸੀਆਂ ਦੇ ਬਚਾਅ ਲਈ ਬਹੁਤ ਉਪਰਾਲੇ ਕੀਤੇ ਹੋਏ ਹਨ, ਪਰ ਫਿਰ ਵੀ ਇੱਥੋਂ ਦੇ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਪੈਣ ਵਾਲੀ ਬਰਫ਼ ਇੱਥੋਂ ਦੀ ਖੇਤੀ ਅਤੇ ਪਾਣੀ ਦੇ ਸੋਮਿਆਂ ਲਈ ਵਰਦਾਨ ਵੀ ਹੈ। ਸਰਕਾਰਾਂ ਬਰਫ਼ ਦੇ ਪਿਘਲਣ ਤੋਂ ਪੈਦਾ ਹੋਣ ਵਾਲੇ ਪਾਣੀ ਦੀ ਇੱਕ ਬੂੰਦ ਨੂੰ ਵੀ ਜਾਇਆ ਨਹੀਂ ਹੋਣ ਦਿੰਦੀਆਂ।

RELATED ARTICLES
POPULAR POSTS