ਭਾਈ ਗੋਬਿੰਦ ਸਿੰਘ ਲੌਂਗੋਵਾਲ
ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਜ਼ਾਕਰ ਹੁਸੈਨ ਇਕ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਸਰਬੰਸਦਾਨੀ, ਸਾਹਿਬ-ਏ-ਕਮਾਲਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਇਕ ਤਕਰੀਰ ਕਰਨੀ ਸੀ। ਡਾਕਟਰ ਹੁਸੈਨ ਰਾਸ਼ਟਰਪਤੀ ਭਵਨ ਅੰਦਰ ਬੈਠੇ ਗੁਰੂ ਸਾਹਿਬ ਦੇ ਜੀਵਨ ਸਬੰਧੀ ਇਕ ਮਜ਼ਮੂਨ ਲਿਖ ਰਹੇ ਸਨ। ਅਚਾਨਕ ਉਨ੍ਹਾਂ ਦੇਖਿਆ ਕਿ ਲਿਖੇ ਕਾਗਜ਼ਾਂ ‘ਤੇ ਪਾਣੀ ਦੇ ਤੁਪਕੇ ਤ੍ਰਿਪ-ਤ੍ਰਿਪ ਕਰਕੇ ਡਿੱਗ ਰਹੇ ਹਨ। ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਨੇ ਆਸੇ-ਪਾਸੇ, ਉਤੇ-ਹੇਠਾਂ ਦੇਖਿਆ ਕਿ ਪਾਣੀ ਕਿਥੋਂ ਡਿੱਗ ਰਿਹਾ ਹੈ? ਪਰ ਕਿੱਧਰੋਂ ਵੀ ਪਾਣੀ ਡਿੱਗਦਾ ਦਿਖਾਈ ਨਾ ਦਿੱਤਾ। ਜਦ ਉਨ੍ਹਾਂ ਨੇ ਐਨਕ ਉਤਾਰ ਕੇ ਦੇਖਿਆ ਤਾਂ ਅੱਖਾਂ ਵਿਚੋਂ ਅਚੇਤ ਹੀ ਹੰਝੂ ਤ੍ਰਿਪ-ਤ੍ਰਿਪ ਕਰਕੇ ਵਹਿ ਰਹੇ ਸਨ। ਸੱਚਮੁਚ ਦਸਮ ਪਿਤਾ, ਸਰਬੰਸਦਾਨੀ, ਸਾਹਿਬ-ਏ-ਕਮਾਲਿ, ਚੋਜ਼ੀ ਪ੍ਰੀਤਮ, ਸੰਤ-ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇੰਨਾ ਹੁਲਾਸ ਤੇ ਕਰੁਣਾਮਈ ਹੈ ਕਿ ਹਰ ਇਨਸਾਨੀ ਹਿਰਦੇ ਨੂੰ ਹਿਲਾ ਕੇ ਰੱਖ ਦਿੰਦਾ ਹੈ। ਅਜਿਹੀ ਮਿਕਨਾਤੀਸੀ ਸ਼ਖ਼ਸੀਅਤ, ਅਕਾਲ ਪੁਰਖ ਦੀ ਪ੍ਰਤੱਖ ਜੋਤਿ ਜਿਸ ਵਿਚੋਂ ਫ਼ਕੀਰੀ ਅਤੇ ਬਾਦਸ਼ਾਹੀ ਇਕੋ ਸਮੇਂ ਝਲਕਦੀ ਹੈ। ਉਹ ਬਾਗ਼ੀ ਵੀ ਹੈ ਅਤੇ ਬੈਰਾਗੀ ਵੀ ਹੈ। ਕਵੀ ਵੀ ਹੈ ਅਤੇ ਤਲਵਾਰ ਦਾ ਧਨੀ ਵੀ। ਸੰਤ ਵੀ ਹੈ ਅਤੇ ਸਿਪਾਹੀ ਵੀ ਹੈ।
ਗੁਰੂ ਸਾਹਿਬ ਨੇ ਇਸ ਕਲੀਕਾਲ ਸੰਸਾਰ ਵਿਚ ਆਪਣੇ ਆਗਮਨ ਦਾ ਆਦਰਸ਼ ਆਪਣੀ ਪਾਵਨ ਰਚਨਾ ‘ਬਚਿੱਤਰ ਨਾਟਕ’ ਵਿਚ ਖੁਦ ਬਿਆਨ ਕੀਤਾ ਹੈ :
ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵਿ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥੪੨॥
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥੪੩॥
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਮਜ਼੍ਹਬ ਦੇ ਵਿਰੋਧੀ ਨਹੀਂ ਸਨ, ਗੁਰੂ ਸਾਹਿਬ ਜਬਰ-ਜ਼ੁਲਮ ਦੇ ਵਿਰੋਧੀ ਸਨ। ਆਪ ਮਨੁੱਖਤਾ ਦੇ ਵਿਸ਼ਵ ਰਹਿਬਰ ਸਨ। ਗੁਰੂ ਸਾਹਿਬ ਨੇ ਜਿਨ੍ਹਾਂ ਹਾਲਾਤਾਂ ਵਿਚ ਸਿੱਖ ਪੰਥ ਅਤੇ ਹਿੰਦੁਸਤਾਨੀ ਸਮਾਜ ਦੀ ਅਗਵਾਈ ਕੀਤੀ, ਉਨ੍ਹਾਂ ਵਿਚ ਗੁਰੂ ਸਾਹਿਬ ਦੀ ਰੱਬੀ ਸ਼ਖ਼ਸੀਅਤ ਦੀ ਮੁਕੰਮਲਤਾ ਪੂਰੇ ਵਿਸ਼ਵ ਸਾਹਮਣੇ ਠੋਸ ਰੂਪ ਵਿਚ ਉਭਰਦੀ ਹੈ।
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰਬ-ਸਾਂਝੀਵਾਲਤਾ ਵਾਲਾ ਆਦਰਸ਼ ਕਿੰਨਾ ਉੱਚਾ-ਸੁੱਚਾ ਸੀ, ਜਿਸ ਦਾ ਪ੍ਰਗਟਾਵਾ ਗੁਰੂ ਸਾਹਿਬ ਨੇ ਪਟਨਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਪ੍ਰਕਾਸ਼ ਧਾਰਨ ਵੇਲੇ ਹੀ ਕਰ ਦਿੱਤਾ ਸੀ। ਇਕ ਰੱਬੀ ਨੂਰ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦੇ ਜਨਮ ਦਾ ਅੰਤਰ ਆਤਮੇ ਪਤਾ ਲੱਗਣ ‘ਤੇ ਇਕ ਅੰਤਰਮੁਖੀ, ਅਨੁਭਵੀ ਫ਼ਕੀਰ ਭੀਖਣ ਸ਼ਾਹ ਜਦੋਂ ਪੰਜਾਬ ਤੋਂ ਪਟਨਾ ਸਾਹਿਬ ਆਇਆ ਤਾਂ ਉਸ ਦੇ ਮਨ ‘ਚ ਇਕ ਫ਼ੁਰਨਾ ਆਇਆ ਕਿ ਇਹ ਦੇਖਿਆ ਜਾਵੇ ਕਿ ਇਹ ‘ਰੱਬੀ ਨੂਰ’ ਹਿੰਦੂ ਅਤੇ ਮੁਸਲਮਾਨਾਂ ਵਿਚੋਂ ਕਿਸ ਦਾ ਪੱਖ ਪੂਰਦਾ ਹੈ। ਇਸ ਮੰਤਵ ਲਈ ਉਸ ਨੇ ਬਾਲ ਗੋਬਿੰਦ ਰਾਇ ਜੀ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਅਤੇ ਦੋ ਕੁੱਜੇ ਗੁਰੂ ਸਾਹਿਬ ਦੇ ਅੱਗੇ ਕਰ ਦਿੱਤੇ, ਜਿਨ੍ਹਾਂ ਵਿਚੋਂ ਇਕ ਵਿਚ ਦੁੱਧ ਅਤੇ ਇਕ ਵਿਚ ਪਾਣੀ ਸੀ। ਉਸ ਨੇ ਇਹ ਆਸ਼ਾ ਧਾਰੀ ਕਿ ਜੇ ਦੁੱਧ ਵਾਲੇ ਕੁੱਜੇ ‘ਤੇ ਹੱਥ ਰੱਖਣਗੇ ਤਾਂ ਹਿੰਦੂਆਂ ਦੇ ਅਵਤਾਰ ਹੋਣਗੇ ਤੇ ਜੇ ਪਾਣੀ ਵਾਲੇ ਕੁੱਜੇ ‘ਤੇ ਹੱਥ ਰੱਖਣਗੇ ਤਾਂ ਮੁਸਲਮਾਨਾਂ ਦੇ ਪੀਰ ਹੋਣਗੇ। ਪੁਰਖ ਭਗਵੰਤ, ਅਕਾਲ ਜੋਤਿ ਬਾਲ ਗੋਬਿੰਦ ਰਾਇ ਜੀ ਨੇ ਦੋਵਾਂ ਕੁੱਜਿਆਂ ‘ਤੇ ਹੱਥ ਰੱਖ ਦਿੱਤੇ। ਇੰਨੀ ਛੋਟੀ ਅਵਸਥਾ ਦੇ ਬਾਲ ਦੀ ਸੋਝੀ ਤੇ ਉੱਚ ਆਦਰਸ਼ੀ ਸੋਚ ਦਾ ਅਨੂਠਾ ਕੌਤਕ ਦੇਖ ਭੀਖਣ ਸ਼ਾਹ ਵਿਸਮਾਦਤ ਹੋ ਗਏ। ਬਾਹਰ ਆ ਕੇ ਕਹਿਣ ਲੱਗੇ, ”ਪਟਨੇ ਦੇ ਵਾਸੀਓ ਤੁਸੀਂ ਧੰਨ ਹੋ, ਤੁਸੀਂ ਵਡਭਾਗੇ ਹੋ, ਤੁਹਾਡੇ ਸ਼ਹਿਰ ਮਾਨਵਤਾ ਦਾ ਰਹਿਬਰ ਆ ਉਤਰਿਆ ਹੈ। ਉਹ ਨਾ ਇਕੱਲੇ ਹਿੰਦੂਆਂ ਦਾ ਤੇ ਨਾ ਇਕੱਲੇ ਮੁਸਲਮਾਨਾਂ ਦਾ ਹੈ। ਉਹ ਸਾਰੀ ਮਨੁੱਖਤਾ ਦਾ ਸਰਬ ਸਾਂਝਾ ਗੁਰੂ ਹੈ।” ਤੇ ਸੱਚਮੁਚ ਦਸਮ ਪਾਤਿਸ਼ਾਹ ਨੇ ਮਨੁੱਖ ਜਾਤੀ ਨੂੰ ਮਜ਼੍ਹਬਾਂ, ਫ਼ਿਰਕਿਆਂ ਦੇ ਝਗੜੇ-ਝੇੜਿਆਂ ਵਿਚੋਂ ਬਾਹਰ ਕੱਢ ਕੇ ਸਿਰਫ਼ ਧਰਮ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ।
ਅਨੰਦਪੁਰ ਸਾਹਿਬ ਦੀ ਧਰਤੀ ਤੋਂ 9 ਸਾਲ ਦੀ ਉਮਰ ‘ਚ ਆਪਣੇ ਗੁਰੂ ਪਿਤਾ ਨੂੰ ਤਿਲਕ-ਜੰਞੂ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਦਿੱਲੀ ਵੱਲ ਤੋਰਨਾ, ਦਿੱਲੀ ਤੋਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਉਣ ਵਾਲੇ ਭਾਈ ਜੈਤਾ ਨੂੰ ਛਾਤੀ ਨਾਲ ਲਾ ਕੇ ‘ਰੰਘੁਰੇਟੇ ਗੁਰੂ ਕੇ ਬੇਟੇ’ ਆਖਦਿਆਂ ਸਦੀਆਂ ਤੋਂ ਲਿਤਾੜੇ-ਨਪੀੜੇ ਤੇ ਜਾਤ-ਵਰਣ ਵਲੋਂ ‘ਸ਼ੂਦਰ’ ਆਖੇ ਜਾਣ ਵਾਲੇ ਲੋਕਾਂ ਨੂੰ ”ਇਨ ਗਰੀਬ ਸਿਖਨ ਕੋ ਦਊਂ ਪਾਤਸ਼ਾਹੀ॥ ਯੇਹ ਯਾਦ ਕਰਹਿਂ ਹਮਰੀ ਗੁਰਿਆਈ॥” ਆਖ ਕੇ ਵਡਿਆਉਣਾ, ਖ਼ਾਲਸਾ ਪੰਥ ਦੀ ਸਾਜਨਾ ਕਰਕੇ ਜਾਤ-ਪਾਤ, ਊਚ-ਨੀਚ, ਭਿੰਨ-ਭੇਦ ਨੂੰ ਮਿਟਾ ਕੇ ਜਬਰ-ਜ਼ੁਲਮ ਦੇ ਖਿਲਾਫ਼ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਦੁਨੀਆ ਦੇ ਇਤਿਹਾਸ ‘ਚ ਅਲੌਕਿਕ ਇਨਕਲਾਬ ਲਿਆਉਣਾ ਅਤੇ ਜਬਰ-ਜ਼ੁਲਮ ਦਾ ਨਾਸ਼ ਕਰਨ ਲਈ ਜ਼ਾਲਮਾਂ ਦਾ ਆਪਣੀ ਸ਼ਮਸ਼ੀਰ ਨਾਲ ਉਧਾਰ ਕਰਨਾ, ਦੁਸ਼ਟ-ਦਮਨ, ਖੜਗੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚੋਜਾਂ ਵਿਚ ਹੀ ਮਿਲਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿਚ ਕੁੱਲ 14 ਜੰਗਾਂ ਲੜੀਆਂ, ਜਿਨ੍ਹਾਂ ਵਿਚੋਂ ਇਕ ਵੀ ਜੰਗ, ਕਿਸੇ ਜ਼ਰ, ਜ਼ੋਰੂ, ਜ਼ਮੀਨ ਲਈ ਨਹੀਂ, ਬਲਕਿ ਹਰ ਜੰਗ ਜ਼ੁਲਮ ਦੇ ਖਿਲਾਫ਼ ਅਤੇ ਸੱਚ ਦੀ ਬੁਲੰਦੀ ਲਈ ਲੜੀ। ਸਭ ਤੋਂ ਵੱਡੀ ਗੱਲ ਇਹ ਕਿ ਗੁਰੂ ਸਾਹਿਬ ਨੇ ਇਕ ਵੀ ਜੰਗ ਪਹਿਲ ਵਜੋਂ ਨਹੀਂ ਲੜੀ। ਗੁਰੂ ਸਾਹਿਬ ਨੇ ਜੰਗ-ਯੁੱਧ ਕਦੇ ਵੀ ਦੁਸ਼ਮਣ ‘ਤੇ ਵਾਧਾ ਕਰਨ ਲਈ ਨਹੀਂ, ਸਗੋਂ ਸਵੈ-ਰੱਖਿਆ ਲਈ ਜਾਂ ਮਜ਼ਲੂਮਾਂ ਦਾ ਬਿਰਦ ਪਾਲਣ ਖ਼ਾਤਰ ਹੀ ਲੜੇ ਹਨ।
ਗੁਰੂ ਸਾਹਿਬ ਦੇ ਜੀਵਨ ਦੀ ਸਭ ਤੋਂ ਪਹਿਲੀ ਜੰਗ ਪਾਉਂਟਾ ਸਾਹਿਬ ਦੇ ਨੇੜੇ ਭੰਗਾਣੀ ਦੀ ਜੰਗ ਸੀ। ਜੰਗ ਦੇ ਮੈਦਾਨ ਵਿਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਜੇ ਹਰੀ ਚੰਦ ਨੂੰ ਪਹਿਲਾਂ ਵਾਰ ਕਰਨ ਲਈ ਕਹਿੰਦੇ ਹਨ ਤਾਂ ਆਪਣੀ ਜੰਗੀ-ਕਲ੍ਹਾ ਅਤੇ ਤੀਰਅੰਦਾਜ਼ੀ ‘ਤੇ ਬੇਹੱਦ ਮਾਣ ਕਰਨ ਵਾਲਾ ਹਰੀ ਚੰਦ ਸੋਚਣ ਲੱਗਾ, ”ਸਿੱਖਾਂ ਦਾ ਗੁਰੂ, ਪੀਰ ਤਾਂ ਹੋ ਸਕਦਾ ਹੈ, ਪਰ ਜੰਗੀ ਜਰਨੈਲ ਨਹੀਂ, ਜਿਸ ਨੂੰ ਇਹੀ ਪਤਾ ਨਹੀਂ ਕਿ ਜੰਗ ਦੇ ਮੈਦਾਨ ‘ਚ ਦੁਸ਼ਮਣ ਨਾਲ ਕੋਈ ਸਦਾਚਾਰ ਨਹੀਂ ਨਿਭਾਈਦਾ।” ਜਦੋਂ ਹਰੀ ਚੰਦ ਦਾ ਨਿਸ਼ਾਨਾ ਖਿੱਚ ਕੇ ਛੱਡਿਆ ਪਹਿਲਾ ਤੀਰ ਦਸਮੇਸ਼ ਪਿਤਾ ਦੇ ਘੋੜੇ ਦੇ ਲੱਗਾ ਤਾਂ ਗੁਰੂ ਸਾਹਿਬ ਨੇ ਹਰੀ ਚੰਦ ਨੂੰ ਮੁੜ ਵਾਰ ਕਰਨ ਲਈ ਲਲਕਾਰਿਆ। ਹਰੀ ਚੰਦ ਮੁੜ ਸੋਚਣ ਲੱਗਾ, ”ਇਹ ਵਾਕਈ ਕੋਈ ਪੀਰ ਹੀ ਹੋ ਸਕਦੈ, ਪਰ ਸਿਪਾਹੀ ਨਹੀਂ।” ਇਹ ਸੋਚਦਿਆਂ ਦੂਜਾ ਤੀਰ ਫ਼ੁੰਡਿਆ ਜੋ ਗੁਰੂ ਸਾਹਿਬ ਦੇ ਕੰਨ ਨੂੰ ਛੋਹ ਕੇ ਅੱਗੇ ਨਿਕਲ ਗਿਆ। ਗੁਰੂ ਸਾਹਿਬ ਨੇ ਕਿਹਾ, ”ਹਰੀ ਚੰਦ! ਮੁੜ ਵਾਰ ਕਰ।” ਹਰੀ ਚੰਦ ਸੋਚਣ ਲੱਗਾ ਏਸ ਫ਼ਕੀਰ ਨੂੰ ਜੰਗ ਦੇ ਮੈਦਾਨ ‘ਚ ਨਹੀਂ, ਕਿਸੇ ਗੁਫ਼ਾ ਜਾਂ ਕੁੰਦਰ ‘ਚ ਜਾ ਕੇ ਤਪ ਕਰਨਾ ਚਾਹੀਦਾ ਸੀ। ਹਰੀ ਚੰਦ ਨੇ ਜਦੋਂ ਤੀਜਾ ਤੀਰ ਪੂਰਾ ਨਿਸ਼ਾਨਾ ਬੰਨ੍ਹ ਕੇ ਮਾਰਿਆ ਤਾਂ ਜੋ ਗੁਰੂ ਸਾਹਿਬ ਦੇ ਸੀਨੇ ਵਿਚ ਲੱਗੇ ਤਾਂ ਇਹ ਤੀਰ ਵੀ ਨਿਸ਼ਾਨੇ ਤੋਂ ਖੁੰਝ ਕੇ ਗੁਰੂ ਸਾਹਿਬ ਦੀ ਕਮਰਕੱਸੇ ਵਾਲੀ ਪੇਟੀ ਵਿਚ ਜਾ ਵੱਜਾ। ਤੀਰ ਥੋੜ੍ਹਾ ਜਿਹਾ ਪੇਟੀ ਨੂੰ ਪਾੜ ਕੇ ਸਰੀਰ ਨਾਲ ਜਾ ਲੱਗਾ। ਜਦੋਂ ਤੀਜਾ ਤੀਰ ਸਰੀਰ ਨਾਲ ਥੋੜ੍ਹਾ ਜਿਹਾ ਛੂਹਿਆ ਗਿਆ ਤਾਂ ਗੁਰੂ ਸਾਹਿਬ ਨੇ ”ਜਬੈ ਬਾਣ ਲਾਗਯੋ॥ ਤਬੈ ਰੋਸ ਜਾਗਯੋ॥” ਉਚਾਰਦਿਆਂ ਸ਼ਿੱਸ਼ਤ ਬੰਨ੍ਹ ਕੇ ਅਜਿਹਾ ਨਿਸ਼ਾਨਾ ਸਾਧਿਆ ਕਿ ਪਹਿਲੇ ਹੀ ਤੀਰ ਨਾਲ ਹਰੀ ਚੰਦ ਢੇਰੀ ਹੋ ਗਿਆ। ਜੰਗ ਦੇ ਮੈਦਾਨ ‘ਚ ਕਿਸੇ ਦੁਸ਼ਮਣ ਦੇ ਲਗਾਤਾਰ ਤਿੰਨ ਵਾਰ ਸਹਿਜਤਾ ਦੇ ਨਾਲ ਝੱਲਣਾ ਉੱਚ-ਅਗੰਮੀ ਸੱਚੀ ਬੀਰਤਾ ਤੇ ਸਤਿ-ਆਦਰਸ਼ੀ ਨਿਰਵੈਰਤਾ ਦੀ ਨਿਸ਼ਾਨੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਨੁੱਖੀ ਜਾਮੇ ਅੰਦਰ ਵਿਚਰਦਿਆਂ ਸਿਰਫ਼ ਜੰਗ ਦੇ ਮੈਦਾਨ ‘ਚ ਇਕ ਅਗੰਮੀ ਬੀਰ-ਯੋਧੇ ਹੀ ਨਹੀਂ, ਸਗੋਂ ਸਦ-ਬਖ਼ਸ਼ਣਹਾਰ ਗੁਣੀ ਨਿਧਾਨ, ਮੁਕਤੀ ਦੇ ਦਾਤੇ, ਦਿਆਲੂ-ਕਿਰਪਾਲੂ ਅਤੇ ਬੰਧਨ ਕਾਟਨਹਾਰ ਫ਼ਕੀਰ ਵੀ ਸਨ। ਗੁਰੂ ਜੀ ਦਾ ਤੀਰ ਜੰਗ ਦੇ ਮੈਦਾਨ ਵਿਚ ਜ਼ਾਲਮ ਨੂੰ ਨਹੀਂ, ਉਸ ਦੇ ਅੰਦਰਲੇ ਜ਼ੁਲਮ ਨੂੰ ਮਾਰਦਾ ਸੀ। ਦਸਮੇਸ਼ ਪਿਤਾ ਦਾ ਤੀਰ ਖਾ ਕੇ ਕਦੇ ਕਿਸੇ ਨੇ ”ਉਫ” ਜਾਂ ”ਹਾਏ” ਨਹੀਂ ਕੀਤੀ ਬਲਕਿ ਉਸ ਦੀ ਆਤਮਾ ਮੁਕਤ ਹੋ ਗਈ। ਗੁਰੂ ਜੀ ਦੇ ਹਰੇਕ ਤੀਰ ਨਾਲ ‘ਸਵਾ ਤੋਲਾ ਸੋਨਾ’ ਲੱਗਾ ਹੁੰਦਾ ਸੀ, ਤਾਂ ਜੋ ਦੁਸ਼ਮਣ ਫ਼ੌਜ ਦਾ ਕੋਈ ਸਿਪਾਹੀ ਇਸ ਤੀਰ ਨਾਲ ਜ਼ਖ਼ਮੀ ਹੋਵੇ ਤਾਂ ਇਸ ਸੋਨੇ ਨਾਲ ਆਪਣਾ ਦਵਾ-ਦਾਰੂ ਦਾ ਇੰਤਜ਼ਾਮ ਕਰ ਸਕੇ ਤੇ ਜੇਕਰ ਉਸ ਦੀ ਮੌਤ ਹੋ ਜਾਵੇ ਤਾਂ ਉਸ ਦੇ ਪਰਿਵਾਰ ਵਾਲੇ ਉਸ ਦੇ ਅੰਤਮ ਕਿਰਿਆ-ਕਰਮ ਕਰ ਸਕਣ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਸੇ ਧਰਮ ਦੇ ਨਾਲ ਨਹੀਂ ਸੀ। ਉਨ੍ਹਾਂ ਦੀ ਲੜਾਈ ਬੁਰਾਈ ਦੇ ਖਿਲਾਫ਼ ਅਤੇ ਚੰਗੇ ਗੁਣਾਂ ਦੇ ਹਿੱਤ ਵਿਚ ਸੀ। ਇਸੇ ਕਾਰਨ ਹੀ ਅਨੇਕਾਂ ਹਿੰਦੂ-ਮੁਸਲਮਾਨ ਧਰਮ ਦੀਆਂ ਉੱਚ ਸ਼ਖ਼ਸੀਅਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੁਰੀਦ ਸਨ। ਮੁਸਲਮਾਨ ਧਰਮ ਨਾਲ ਸਬੰਧਤ ਭਾਈ ਗਨੀ ਖਾਂ-ਨਬੀ ਖਾਂ, ਕੋਟਲਾ ਨਿਹੰਗ ਖਾਂ, ਸੈਦਾ ਬੇਗ, ਪੀਰ ਬੁੱਧੂ ਸ਼ਾਹ ਅਤੇ ਹਿੰਦੂ ਧਰਮ ਨਾਲ ਸਬੰਧਤ ਭਾਈ ਨੰਦ ਲਾਲ, ਮੋਤੀ ਰਾਮ ਮਹਿਰਾ, ਦੀਵਾਨ ਟੋਡਰ ਮੱਲ ਆਦਿ ਅਨੇਕਾਂ ਸ਼ਖ਼ਸੀਅਤਾਂ ਹਨ, ਜੋ ਪਰਮਪਦ ਪਾ ਕੇ ਗੁਰਸਿੱਖੀ ‘ਚ ਪ੍ਰਵਾਨ ਚੜ੍ਹੀਆਂ।
ਅੱਜ ਪੂਰਾ ਵਿਸ਼ਵ ਭਾਈਚਾਰਾ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਜਥੇਬੰਦ ਹੋ ਰਿਹਾ ਹੈ, ਪਰ ਮਨੁੱਖੀ ਅਧਿਕਾਰਾਂ ਦਾ ਜਿਹੜਾ ਪਰਚਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਦੁਨੀਆ ‘ਤੇ ਲਹਿਰਾ ਗਏ, ਉਸ ਦੀ ਰਹਿੰਦੀ ਦੁਨੀਆ ਤੱਕ ਕੋਈ ਰੀਸ ਨਹੀਂ ਕੀਤੀ ਜਾ ਸਕੇਗੀ। ਦੁਨੀਆ ਦੇ ਮਹਾਨ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਵਲੋਂ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਜਾਤ-ਪਾਤ, ਊਚ-ਨੀਚ ਦੇ ਖ਼ਾਤਮੇ ਅਤੇ ਜ਼ਬਰ-ਜ਼ੁਲਮ ਦੇ ਵਿਰੁੱਧ ਦੱਬੇ-ਕੁਚਲੇ ਲੋਕਾਂ ਨੂੰ ਫ਼ੌਲਾਦੀ ਜੋਸ਼ ਨਾਲ ਲਬ-ਲਬ ਭਰ ਕੇ ਜਥੇਬੰਦ ਕਰਨ ਦੇ ਕਾਰਨਾਮੇ ਨੂੰ ਦੁਨੀਆ ਦਾ ਸਭ ਤੋਂ ਮਹਾਨ ਕਾਰਜ ਗਰਦਾਨਿਆ ਹੈ। ਅੰਗਰੇਜ਼ ਇਤਿਹਾਸਕਾਰ ਜੇ.ਡੀ. ਕਨਿੰਘਮ ਲਿਖਦੇ ਹਨ, ”ਗੁਰੂ ਗੋਬਿੰਦ ਸਿੰਘ ਸਾਹਿਬ ਇਕ ਨਿਡਰ, ਦਲੇਰ, ਨਿਯਮਬੱਧ ਢੰਗ ਨਾਲ ਕੰਮ ਕਰਨ ਵਾਲੇ ਸਿਆਣੇ ਵਿਅਕਤੀ ਸਨ, ਜਿਨ੍ਹਾਂ ਨੇ ਆਮ ਸੰਸਾਰ ਦੀ ਡਿੱਗਦੀ ਹੋਈ ਹਾਲਤ ਨੂੰ ਸਮਝਿਆ। ਉਨ੍ਹਾਂ ਨੇ ਜ਼ਬਰ ਜ਼ੁਲਮ ਦਾ ਮੁਕਾਬਲਾ ਕੀਤਾ। ਮਨੁੱਖਾਂ ਵਿਚ ਮੌਜੂਦ ਅੰਤਰਮੁਖੀ ਸ਼ਕਤੀਆਂ ਨੂੰ ਉਜਾਗਰ ਕਰਨ ਲਈ ‘ਆਗੂ’ ਅਤੇ ‘ਗੁਰੂ’ ਦੀ ਜ਼ਿੰਮੇਵਾਰੀ ਨੂੰ ਸਮੇਂ ਸਿਰ ਨਿਭਾਇਆ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਰਬ-ਸਾਂਝੀਵਾਲਤਾ ਤੇ ਸਰਬ ਸਾਂਝੀਵਾਲਤਾ ਦੀ ਚਰਮ ਸੀਮਾ ਦੇਖੋ, ਪਿਤਾ ਦੇ ਰੂਪ ਵਿਚ ਆਪਣੇ ਸਾਹਮਣੇ, ਚਮਕੌਰ ਦੀ ਗੜ੍ਹੀ ਵਿਚ ਪੁੱਤਰ ਸ਼ਹੀਦ ਹੁੰਦੇ ਦੇਖਦਿਆਂ ਵੀ ਸ਼ਾਂਤ ਰਹੇ ਤੇ ਅਕਾਲ ਪੁਰਖ ਦਾ ਸ਼ੁਕਰ ਮਨਾਉਂਦਿਆਂ ਮਾਛੀਵਾੜੇ ਦੇ ਜੰਗਲਾਂ ਵਿਚ ਪਾਟੇ ਹੋਏ ਜਾਮੇ, ਕੰਢਿਆਂ ਦੀ ਸੇਜ ‘ਤੇ ਰਾਤ ਦਾ ਵਾਸਾ ਕਰਦਿਆਂ ਵੀ ਅਡੋਲ ਰਹੇ। ਜਦੋਂ ਦੀਨਾ ਕਾਂਗੜ ਦੀ ਧਰਤੀ ‘ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਵੀ ਸੁਣੀ ਤਾਂ ਮੁੱਖੋਂ ਸਹਿਜ ਤੇ ਸ਼ਾਂਤ ਰਸ ‘ਚ ਇਹੀ ਉਚਾਰਿਆ, ”ਇਨ ਪੁਤਰਨ ਕੇ ਕਾਰਨੇ, ਵਾਰ ਦੀਏ ਸੁਤ ਚਾਰ॥ ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜਾਰ॥”
ਸੰਸਾਰਕ ਯਾਤਰਾ ਦੇ ਅੰਤਲੇ ਸਮੇਂ ਪਠਾਨ ਜਮਸ਼ੇਦ ਖਾਨ ਨੇ ਗੁਰੂ ਸਾਹਿਬ ‘ਤੇ ਖੰਜ਼ਰ ਨਾਲ ਹਮਲਾ ਕੀਤਾ ਤਾਂ ਦਸਮੇਸ਼ ਪਿਤਾ ਦੀ ਸ਼ਮਸ਼ੀਰ ਦੇ ਜੁਆਬੀ ਵਾਰ ਨਾਲ ਡਿੱਗਦੇ ਹੋਏ ਪਠਾਨ ਨੇ ‘ਹਾਇ ਅੰਮਾ’ ਕਿਹਾ ਤਾਂ ਆਪ ਜੀ ਉਸੇ ਸ਼ਾਂਤ ਰਸ ਵਿਚ ਬੋਲੇ, ”ਕਿਆ ਯਿਹ ਅੰਮਾ ਕਹਿਨੇ ਕਾ ਵਕਤ ਹੈ, ਅਲਾਹ ਕਹੋ! ਅਲਾਹ!”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿਚ ਏਨਾ ਹੁਲਾਸ ਤੇ ਕਰੁਣਾ ਹੈ ਕਿ ਹਰ ਇਕ ਹਿਰਦਾ ਹਿੱਲ ਜਾਂਦਾ ਹੈ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ”ਸੱਚੀ ਗੱਲ ਇਹ ਹੈ ਕਿ ਆਪੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਨਾ ਕੀਤਾ ਹੁੰਦਾ ਕਿ ਉਨ੍ਹਾਂ ਨੂੰ ਕੋਈ ਪ੍ਰਮੇਸ਼ਰ ਨਾ ਆਖੇ ਤਾਂ ਇਹ ਮੰਨਣਾ ਮੁਸ਼ਕਲ ਹੋ ਜਾਣਾ ਸੀ ਕਿ ਇਨਸਾਨੀ ਜਾਮੇ ਵਿਚ ਕੋਈ ਅਜਿਹੀ ਸ਼ਖ਼ਸੀਅਤ ਵੀ ਹੋ ਸਕਦੀ ਹੈ।”
ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਚਾਰ ਕੁ ਦਹਾਕਿਆਂ ਦੀ ਆਪਣੀ ਸਰਗਰਮ ਜ਼ਿੰਦਗੀ ਵਿਚ ਮਨੁੱਖਤਾ ਨੂੰ ਇੰਨੀ ਵੱਡੀ ਦੇਣ ਦਿੱਤੀ, ਜਿਸ ਦੀ ਸੋਝੀ ਹਾਸਲ ਕਰਨ ਲਈ ਸਾਨੂੰ ਹਾਲੇ ਬਹੁਤ ਸਮਾਂ ਲੱਗੇਗਾ। ਕਿਸੇ ਵਿਦਵਾਨ ਨੇ ਬਹੁਤ ਸੁੰਦਰ ਸ਼ਬਦਾਂ ਵਿਚ ਕਿਹਾ ਹੈ:
ਉਹਦੇ ਇਕ ਹੱਥ ਬਾਜ਼, ਉਹਦੇ ਦੂਜੇ ਹੱਥ ਘੋੜਾ
ਉਹਦੀ ਵਾਟ ਬੜੀ ਲੰਬੀ, ਪਰ ਉਹਦਾ ਸਮਾਂ ਬੜਾ ਥੋੜਾ।
‘ਹਿੰਦ ਦੀ ਚਾਦਰ’ ਪਿਤਾ ਦੀ ਸ਼ਹਾਦਤ ਤੋਂ ਬਾਅਦ ਨਗਾਰੇ, ਤਖ਼ਤ, ਤਾਜ ਅਤੇ ਫ਼ੌਜਾਂ ਦੀ ਸਥਾਪਤੀ ਕਰਨੀ। ਜ਼ੁਲਮ ਦੇ ਵਿਰੁੱਧ ਹਥਿਆਰਰਬੰਦ ਲੜਾਈ ਲਈ ਤਿਆਰੀ, ਅਨੰਦਪੁਰ ਨੂੰ ਛੱਡਣਾ, ਚਮਕੌਰ ਦੀ ਗੜ੍ਹੀ ‘ਚ ਪੁੱਤਰਾਂ ਦੀਆਂ ਬੇਖਫ਼ਨ ਲਾਸ਼ਾਂ ਨੂੰ ਛੱਡ ਕੇ ਅਗਲੀ ਵਾਟ ਨੂੰ ਤੁਰ ਪੈਣਾ, ਮਾਛੀਵਾੜੇ ਦੇ ਜੰਗਲਾਂ ‘ਚ ਪਾਟੇ ਬਸਤਰ, ਕੰਡਿਆਂ ਦੀਆਂ ਸੇਜ਼ਾਂ ‘ਤੇ ਸੌਣਾ ਅਤੇ ਖਿਦਰਾਣੇ ਦੀ ਢਾਬ ‘ਤੇ, ਜੀਵਨ ਦੀ ਆਖ਼ਰੀ ਤੇ ਚੌਦਵੀਂ ਜੰਗ ਲੜ ਕੇ ਦੱਖਣ ਵੱਲ ਨੂੰ ਚਾਲੇ ਪਾ ਦੇਣੇ, ਨਾਦੇੜ ਤੋਂ ਮਾਧੋ ਦਾਸ ਬੈਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ‘ਚ ਜ਼ੁਲਮ ਦੇ ਰਾਜ ਦੀ ਜੜ੍ਹ ਪੁੱਟਣ ਲਈ ਭੇਜਣਾ, ਖ਼ਾਲਸਾ ਪੰਥ ‘ਚ ਦੇਹਧਾਰੀ ਗੁਰੂ ਪਰੰਪਰਾ ਨੂੰ ਸਦਾ ਲਈ ਸਮਾਪਤ ਕਰਦਿਆਂ ਸ਼ਬਦ ਗੁਰੂ ਦੇ ਲੜ ਲਾਉਂਦਿਆਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਤਾਗੱਦੀ ਸੌਂਪਣੀ, ਇਹ ਸਭ ਕੁਝ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਬਹੁਤ ਤੇਜ਼ੀ ਨਾਲ ਵਾਪਰੇ ਅਹਿਮ ਇਤਿਹਾਸਕ ਘਟਨਾਕ੍ਰਮ ਹਨ, ਜਿਨ੍ਹਾਂ ਨੇ ਮਨੁੱਖਤਾ ਦੇ ਇਤਿਹਾਸ ਦਾ ਸੰਪੂਰਨ ਅਧਿਆਇ ਲਿਖਿਆ ਹੈ।
ਗੁਰੂ ਸਾਹਿਬ ਦੀ ਦੇਣ ਨੂੰ ਵਿਸ਼ਵ ਸਮਾਜ ਦੀ ਮਨੁੱਖੀ ਸੱਚਾਈ ਅਤੇ ਮਨੁੱਖੀ ਆਜ਼ਾਦੀਆਂ ਦੀ ਲੜੀ ਵਿਚ ਰੱਖ ਕੇ ਮੁਕੰਮਲ ਤੌਰ ‘ਤੇ ਸਮਝਣਾ ਜਾਂ ਲਿਖ ਸਕਣਾ ਦੁਨੀਆ ਦੇ ਲੇਖਕਾਂ, ਵਿਦਵਾਨਾਂ ਜਾਂ ਕਵੀਆਂ ਦੀ ਸੋਝੀ ਤੋਂ ਪਾਰਲੀ ਗੱਲ ਹੈ, ਪਰ ਉਨ੍ਹਾਂ ਦੀ ਅਜੋਕੇ ਭਾਰਤਵਰਸ਼ ਦੀ ਹੋਂਦ, ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਪ੍ਰਸੰਗ ‘ਚ ਕੀ ਦੇਣ ਹੈ, ਉਸ ਬਾਬਤ ਇਕ ਕਵੀ ‘ਕੁੱਜੇ ਵਿਚ ਸਮੁੰਦਰ’ ਵਾਲੇ ਬੜੇ ਸੋਹਣੇ ਸ਼ਬਦਾਂ ਵਿਚ ਲਿਖਦਾ ਹੈ:
”ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ
ਮੈਂ ਬਾਤ ਕਹੂੰ ਅਬ ਕੀ
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਤੋ ਸੁੰਨਤ ਹੋਤੀ ਸਭ ਕੀ।”
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ੍ਰੀ ਅਮ੍ਰਿਤਸਰ ਸਾਹਿਬ
Check Also
5 ਦਸੰਬਰ 1872 : ਜਨਮ ਦਿਹਾੜੇ ‘ਤੇ ਵਿਸ਼ੇਸ਼
ਭਾਈ ਵੀਰ ਸਿੰਘ ਖਿਲਾਫ਼ ਸਾਹਿਤ ਮਾਫ਼ੀਆ ਦਾ ਬਿਰਤਾਂਤ *ਹੀਰ-ਵੰਨੇ ਵਾਲੇ ‘ਚੁੰਝ ਵਿਦਵਾਨਾਂ’ ਵੱਲੋਂ ਭਾਈ ਸਾਹਿਬ …