ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗ਼ਦਰੀ ਸ਼ਹੀਦ ਅਤੇ ਕੈਨੇਡਾ ਦੇ ਸ਼ਹੀਦ ਲੂਈਸ ਰਿਆਲ
ਡਾ. ਗੁਰਵਿੰਦਰ ਸਿੰਘ
001-604-825-1550
16 ਨਵੰਬਰ ਦਾ ਦਿਨ ਜਿੱਥੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਹੋਰ ਸਾਥੀਆਂ ਦਾ ਸ਼ਹੀਦੀ ਦਿਨ ਹੈ, ਉੱਥੇ ਹੀ ਕੈਨੇਡਾ ਦੇ ਮਹਾਨ ਯੋਧੇ ਲੂਈਸ ਰਿਆਲ ਦਾ ਵੀ ਸ਼ਹੀਦੀ ਦਿਹਾੜਾ ਹੈ। 16 ਨਵੰਬਰ 1885 ਵਿੱਚ ਕੈਨੇਡਾ ਦੀ ਧਰਤੀ ਤੇ ਮੈਟੀਸ ਭਾਈਚਾਰੇ ਦੇ ਆਗੂ ਅਤੇ ਮੈਨੀਟੋਬਾ ਦੇ ਵਿਦਰੋਹੀ ਯੋਧੇ ਲੂਈਸ ਰਿਆਲ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। 16 ਨਵੰਬਰ 2018 ਨੂੰ ਬੀਸੀ ਵਿਧਾਨ ਸਭਾ ਵਿਖੇ ਲੂਇਸ ਰਿਆਲ ਦਿਵਸ ਮਨਾਇਆ। ਇਸ ਮੌਕੇ ‘ਤੇ ਪ੍ਰੋਕਲੇਮੇਸ਼ਨ ਵੀ ਜਾਰੀ ਕੀਤਾ ਗਿਆ, ਜੋ ਕਿ ਇਕ ਚੰਗੀ ਗੱਲ ਹੈ। ਮਹਾਨ ਯੋਧਿਆਂ ਦੇ ਸੰਘਰਸ਼ ਯਾਦ ਰੱਖਣੇ ਜ਼ਰੂਰੀ ਹਨ। ਕੈਨੇਡਾ ਦੇ ਮੈਟੀਸ ਭਾਈਚਾਰੇ ਵਾਸਤੇ ਇਹ ਐਲਾਨਨਾਮਾ ਲੁਈਸ ਰਿਆਲ ਨੂੰ ਸੱਚੀ ਸ਼ਰਧਾਂਜਲੀ ਹੈ। ਅੱਜ-ਕੱਲ੍ਹ ਸਰਕਾਰੀ ਅਤੇ ਦਰਬਾਰੀ ਲੋਕਾਂ ਵੱਲੋਂ ਇਹ ਬਿਰਤਾਂਤ ਜ਼ੋਰ-ਸ਼ੋਰ ਨਾਲ ਘੜਿਆ ਜਾ ਰਿਹਾ ਹੈ ਕਿ ਕੀ ਵਿਦੇਸ਼ਾਂ ‘ਚ ਰਹਿੰਦੇ ਹੋਏ ਵੀ ਆਪਣੇ ਦੇਸ਼ ਲਈ ਆਜ਼ਾਦੀ ਦਾ ਸੰਘਰਸ਼ ਲੜਿਆ ਜਾ ਸਕਦਾ ਹੈ ਅਤੇ ਸਰਕਾਰੀ ਜਬਰ ਖਤਮ ਕੀਤਾ ਜਾ ਸਕਦਾ ਹੈ? ਜੀ ਹਾਂ, ਅਜਿਹਾ ਬਿਲਕੁਲ ਹੋ ਸਕਦਾ ਹੈ। ਮਿਸਾਲ ਦੇਖਣੀ ਹੋਵੇ, ਤਾਂ ਗਦਰ ਲਹਿਰ ਦੇ ਮਹਾਨ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੈਂਕੜੇ ਹੀ ਉਹਨਾਂ ਯੋਧਿਆਂ ਤੋਂ ਮਿਲਦੀ ਹੈ, ਜਿਨ੍ਹਾਂ ਨੇ ਅਮਰੀਕਾ ਅਤੇ ਕੈਨੇਡਾ ਆ ਕੇ ਪਹਿਲਾਂ ਨਸਲਵਾਦ ਅਤੇ ਬਸਤੀਵਾਦ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਇੱਥੋਂ ਹੀ ਬ੍ਰਿਟਿਸ਼ ਇੰਡੀਆ ਸਰਕਾਰ ਦੇ ਖਿਲਾਫ ਐਲਾਨੇ-ਜੰਗ ਕੀਤਾ। ਇਥੇ ਅਖਬਾਰ ਕੱਢੇ, ਸੰਸਥਾਵਾਂ ਕਾਇਮ ਕੀਤੀਆਂ ਅਤੇ ਫਿਰ ਭਾਰਤ ਵਿੱਚੋਂ ਜ਼ਾਲਮ ਹਕੂਮਤ ਦੀ ਜੜ੍ਹ ਪੱਟੀ। ਅੱਜ ਵੀ ਇਹ ਗੱਲ ਕਹਿਣੀ ਉਚਿਤ ਹੋਵੇਗੀ ਕਿ ਕਿਸੇ ਦੇਸ ਦੀ ਜ਼ਾਲਮ ਸਰਕਾਰ ਅਤੇ ਗੁਲਾਮੀ ਦੇ ਖਾਤਮੇ ਲਈ ਕਿ ਬਾਹਰਲੇ ਦੇਸ਼ਾਂ ਤੋਂ ਸੰਘਰਸ਼ ਲੜਿਆ ਜਾ ਸਕਦਾ ਹੈ। ਇਹ ਗੱਲ ਯਕੀਨਨ ਤੌਰ ‘ਤੇ ਸਹੀ ਹੈ। ਅੱਜ ਦੇ ਭਾਰਤ ਵਿੱਚ ਸਿਆਸੀ ਚੋਰਾਂ ਦੇ ਵੱਸ ਪੈ ਕੇ ਕੁਰਲਾ ਰਹੇ ਦੇਸਵਾਸੀਆਂ ਲਈ ਸੰਘਰਸ਼ ਕਰਨ ਵਾਲੇ ਜੁਝਾਰੂ, ਸ਼ਹੀਦ ਸਰਾਭਾ ਦੇ ਵਾਰਿਸ ਫਾਸ਼ੀਵਾਦੀ ਇੰਡੀਅਨ ਸਟੇਟ ਖਿਲਾਫ ਵਿਦੇਸ਼ਾਂ ਦੀ ਧਰਤੀ ਤੋਂ ਆਜ਼ਾਦੀ ਦੀ ਲਹਿਰ ਰਾਹੀਂ ਗ਼ਦਰੀ ਬਾਬਿਆਂ ਦਾ ਇਤਿਹਾਸ ਦੁਹਰਾ ਰਹੇ ਹਨ।
ਗ਼ਦਰ ਲਹਿਰ ਦੇ ਸਭ ਤੋਂ ਛੋਟੀ ਉਮਰ (19 ਸਾਲ 5 ਮਹੀਨੇ 23 ਦਿਨ) ਦੇ ਮਹਾਨ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗ਼ਦਰੀ ਯੋਧਿਆਂ ਵੱਲੋਂ ਸ਼ਹੀਦੀ ਖੁਮਾਰੀਆਂ ਮੌਕੇ, ਇਸ ਮਕਬੂਲ ਕਵਿਤਾ ਦਾ ਗਾਇਨ ਕੀਤਾ ਦੱਸਿਆ ਜਾਂਦਾ ਹੈ। ਭਾਈ ਕਰਤਾਰ ਸਿੰਘ ਸਰਾਭਾ ਦਾ ਜਨਮ ਪੰਜਾਬ ਵਿੱਚ ਜ਼ਿਲ੍ਹਾ ਲੁਧਿਆਣਾ ‘ਚ ਪਿੰਡ ਦੇ ਪਿੰਡ ਸਰਾਭਾ ਦੇ ਬਾਬਾ ਬਚਨ ਸਿੰਘ ਦੇ ਪੁੱਤਰ ਸਰਦਾਰ ਮੰਗਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਾਹਿਬ ਕੌਰ ਦੀ ਕੁੱਖੋਂ 24 ਮਈ 1896 ਨੂੰ ਹੋਇਆ।
ਗ਼ਦਰ ਲਹਿਰ ਦੇ ਜਰਨੈਲ, ਦਲੇਰ, ਸੂਰਬੀਰ ਅਤੇ ਤੂਫ਼ਾਨਾਂ ਦਾ ਸ਼ਾਹ ਅਸਵਾਰ ਭਾਈ ਕਰਤਾਰ ਸਿੰਘ ਸਿਰਫ਼ ਉੱਨੀ ਕੁ ਵਰਿਆਂ ਦੀ ਉਮਰ ਵਿੱਚ ਜੀਵਨ ਕੁਰਬਾਨ ਕਰ ਗਏ।16 ਨਵੰਬਰ 1915 ਗ਼ਦਰ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ ਮਹਾਨ ਯੋਧੇ ਅਤੇ ‘ਗਦਰ’ ਅਖ਼ਬਾਰ ਦੇ ਸੰਪਾਦਕ ਭਾਈ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਲਾਹੌਰ ਜੇਲ੍ਹ ‘ਚ ਫਾਂਸੀ ਚੜ੍ਹਨ ਵਾਲੇ ਸੂਰਮਿਆਂ ਵਿੱਚ, ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹੀਦ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ, ਸ਼ਹੀਦ ਭਾਈ ਬਖਸ਼ੀਸ਼ ਸਿੰਘ ਪਿੰਡ ਗਿੱਲਵਾਲੀ, ਸ਼ਹੀਦ ਭਾਈ ਸੁਰੈਣ ਸਿੰਘ (ਛੋਟਾ) ਪਿੰਡ ਗਿੱਲ ਵਾਲੀ, ਸ਼ਹੀਦ ਭਾਈ ਸੁਰੈਣ ਸਿੰਘ (ਵੱਡਾ ) ਪਿੰਡ ਗਿੱਲਵਾਲੀ, ਸ਼ਹੀਦ ਭਾਈ ਹਰਨਾਮ ਸਿੰਘ ਪਿੰਡ ਭੱਟੀ ਗੋਰਾਇਆ (ਸਿਆਲਕੋਟ), ਸ਼ਹੀਦ ਭਾਈ ਵਿਸ਼ਨੂੰ ਗਣੇਸ਼ ਪਿੰਗਲੇ ਯਰਵਦਾ(ਮਹਾਰਾਸ਼ਟਰ) ਸੱਤ ਗ਼ਦਰੀ ਯੋਧੇ ਸ਼ਾਮਲ ਸਨ। ਇਨਾਂ ਤੋਂ ਇਲਾਵਾ ਚਾਲੀ ਹੋਰਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਹੋਰ ਲੰਮੀਆਂ ਸਜ਼ਾਵਾਂ ਹੋਈਆਂ ਇਹਨਾਂ ਵਿੱਚ ਬਾਬਾ ਸੋਹਣ ਸਿੰਘ ਭਕਨਾ , ਬਾਬਾ ਨਿਧਾਨ ਸਿੰਘ ਚੁਘਾ, ਬਾਬਾ ਜੁਆਲਾ ਸਿੰਘ ਠੱਠੀਆਂ, ਬਾਬਾ ਵਿਸਾਖਾ ਸਿੰਘ ਦਦੇਹਰ, ਪੰਡਿਤ ਜਗਤ ਰਾਮ ਤੇ ਪਰਮਾਨੰਦ ਜੀ ਸ਼ਾਮਲ ਸਨ।
ਇਤਿਹਾਸ ਦੇ ਪੰਨੇ ਫਰੋਲੀਏ, ਤਾਂ ਪਤਾ ਲੱਗਦਾ ਹੈ ਕਿ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਚੜਦੀ ਜਵਾਨੀ ਵਿੱਚ ਅਮਰੀਕਾ ਪਹੁੰਚੇ। ਇੱਥੇ ਆ ਕੇ ਆਪਣੇ ਸਾਥੀਆਂ ਸਮੇਤ 21 ਅਪ੍ਰੈਲ1913 ਨੂੰ ਗਦਰ ਪਾਰਟੀ ਦੀ ਨੀਂਹ ਰੱਖੀ ਅਤੇ ਪਹਿਲੀ ਨਵੰਬਰ 1913 ਵਿੱਚ ਆਰੰਭ ਹੋਏ ਗ਼ਦਰ ਅਖਬਾਰ ਦੇ ਪੰਜਾਬੀ ਅੰਕ ਦੇ ਮੋਢੀ ਸੰਪਾਦਕ ਬਣੇ। ਇਸੇ ਦੌਰਾਨ ਸੰਨ 1914 ਵਿੱਚ ਦੇਸ ਨੂੰ ਫ਼ਿਰੰਗੀਆਂ ਤੋਂ ਆਜ਼ਾਦ ਕਰਵਾਉਣ ਲਈ ਅਮਰੀਕਾ ਤੋਂ ਪੰਜਾਬ ਨੂੰ ਚਾਲੇ ਪਾ ਦਿੱਤੇ, ਜਿੱਥੇ ਜਾ ਕੇ 16 ਨਵੰਬਰ 1915 ਨੂੰ ਲਾਹੌਰ ਵਿਖੇ ਸ਼ਹੀਦੀ ਜਾਮ ਪੀ ਕੇ ਅਮਰ ਹੋ ਗਏ। ਸ਼ਹੀਦ ਭਾਈ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਇਤਿਹਾਸ ਵਿਚਾਰਦਿਆਂ ਇਹ ਵੇਖਣਾ ਬਣਦਾ ਹੈ ਕਿ ਜਿਸ ਉਦੇਸ਼ ਲਈ ਇਨ੍ਹਾਂ ਯੋਧਿਆ ਨੇ ਸ਼ਹੀਦੀਆਂ ਦਿੱਤੀਆਂ, ਕੀ ਉਹ ਉਦੇਸ਼ ਪੂਰਾ ਹੋਇਆ? ਕੀ ਇਨ੍ਹਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਏ? ਸੱਚ ਇਸ ਦੇ ਬਿਲਕੁਲ ਉਲਟ ਹੈ। ਅਸਲ ਨਾਇਕਾਂ ਗਦਰੀ ਸ਼ੇਰਾਂ ਦੀਆਂ ਮਾਰਾਂ ‘ਤੇ ਅੱਜ ਦੇ ਖਲਨਾਇਕ ਫਾਸ਼ੀਵਾਦੀ ਗਿੱਦੜ ਕਲੋਲਾਂ ਕਰ ਰਹੇ ਹਨ ਅਤੇ ਇਸ ਦੇ ਖਿਲਾਫ ਅੱਜ ਆਵਾਜ਼ ਬੁਲੰਦ ਕਰਨ ਵਾਲੇ ਮਰਜੀਵੜੇ ਹੀ ਸ਼ਹੀਦ ਸਰਾਭਾ ਅਤੇ ਗਦਰੀ ਬਾਬਿਆਂ ਦੇ ਵਾਰਿਸ ਹਨ। ਵੀਹਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਪਹਿਲਾ ਵਿਸ਼ਵ ਯੁੱਧ ਛਿੜਨ ਕਾਰਨ ਵੱਡੀ ਗਿਣਤੀ ਵਿੱਚ ਫਿਰੰਗੀ ਸੈਨਾ ਇੰਗਲੈਂਡ ਦੀ ਹਿਫਾਜ਼ਤ ਲਈ ਭੇਜੀ ਗਈ।
ਇਹਨਾਂ ਹਾਲਤਾਂ ਨੂੰ ਸੁਨਹਿਰੀ ਮੌਕਾ ਭਾਪਦਿਆਂ ਹੋਇਆਂ ਸੰਨ 1914 ਵਿੱਚ ਗ਼ਦਰ ਪਾਰਟੀ ਦੁਆਰਾ, ਕੈਨੇਡਾ, ਅਮਰੀਕਾ ਸਮੇਤ ਵਿਦੇਸ਼ਾਂ ‘ਚ ਬੈਠੇ ਗਦਰੀਆਂ ਨੂੰ ਦੇਸ ਪਰਤਣ ਦਾ ਸੱਦਾ ਦਿੱਤਾ ਗਿਆ। ਵਤਨ ਵਾਪਸੀ ਮਗਰੋਂ ਉੱਤਰੀ ਭਾਰਤ ਦੀਆਂ ਪ੍ਰਮੁੱਖ ਛਾਉਣੀਆਂ ਦੇ ਦੇਸੀ ਫ਼ੌਜੀਆਂ ਅੰਦਰ ਬਗ਼ਾਵਤ ਫ਼ੈਲਾਉਣ ਲਈ ‘ਗ਼ਦਰ’ ਅਖਬਾਰ ਰਾਹੀਂ ਕ੍ਰਾਂਤੀਕਾਰੀ ਸਾਹਿਤਕ ਵਿਚਾਰਾਂ ਨੂੰ, ਵੱਧ ਤੋਂ ਵੱਧ ਵਰਤੋਂ ਵਿਚ ਲਿਆਂਦਾ ਗਿਆ।
ਦੇਸ਼ ਭਰ ਦੇ ਗ਼ਦਰੀਆਂ ‘ਚ ਬਹੁਗਿਣਤੀ ਸਾਬਕਾ ਸਿੱਖ ‘ਫ਼ੌਜੀਆਂ’ ਦੀ ਹੋਣ ਕਾਰਨ, ਇਨਕਲਾਬੀਆਂ ਦੀ ਗ਼ਦਰ ਸਫਲਤਾ ਵਾਸਤੇ, ਆਸ ਦਾ ਚਾਨਣ ਵਧੇਰੇ ਫੈਲਿਆ। ਇਹ ਸੱਚ ਹੈ ਕਿ ਗ਼ਦਰ ਲਹਿਰ ਚ ਬੇਸ਼ੱਕ ਨੱਬੇ ਫ਼ੀਸਦੀ ਇਨਕਲਾਬੀ ਸਿੱਖ ਸਨ, ਪਰ ਗ਼ਦਰ ਪਾਰਟੀ ਅਤੇ ਗ਼ਦਰ ਲਹਿਰ ਵਿੱਚ ਸਭ ਧਰਮਾਂ ਨੂੰ ਸਮਾਨਤਾ ਦਿੱਤੀ ਗਈ ਸੀ।
ਗ਼ਦਰ ਦੀਆਂ ਕੋਸ਼ਿਸ਼ਾਂ ਨੂੰ ਫਿਰੰਗੀ ਭਾਰਤੀ ਸਰਕਾਰ ਨੇ ਅਸਫਲ ਬਣਾ ਦਿੱਤਾ ਸੀ। ਅਜਿਹੀ ਸਥਿਤੀ ਵਿੱਚ ਗ਼ਦਰ ਲਹਿਰ ਦੇ ਕਈ ਆਗੂਆਂ ਨੇ ਵਿਚਾਰ ਕੀਤੀ ਕਿ ਆਪਣੇ ਆਪ ਨੂੰ ਸਰਕਾਰੀ ਪੰਜਿਆਂ ਦੀ ਪਕੜ ਤੋਂ ਬਚਾਇਆ ਜਾਵੇ ਤੇ ਸਮਾਂ ਪਾ ਕੇ ਫਿਰ ਤੋਂ ਦੇਸ਼-ਭਗਤਾਂ ਨੂੰ ਸੰਗਠਿਤ ਕੀਤਾ ਜਾਏ। ਨੌਜਵਾਨ ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਟੁੰਡੀਲਾਟ ਨੇ ਰਾਸ ਬਿਹਾਰੀ ਬੋਸ ਨੂੰ ਪੁਲਿਸ ਹੱਥੋਂ ਬਚਾਉਣ ਲਈ ਲਾਹੌਰ ਸਟੇਸ਼ਨ ਤੇ ਪਹੁੰਚਾਇਆ, ਜਿੱਥੋਂ ਬੋਸ ਬਨਾਰਸ ਚੱਲਿਆ ਗਿਆ। ਮਗਰੋਂ ਉਹ ਸਰਕਾਰ ਤੋਂ ਬਚਦੇ-ਬਚਾਉਂਦੇ ਜਾਪਾਨ ਪਹੁੰਚ ਗਿਆ, ਜਿੱਥੇ ਕੁੱਝ ਸਮਾਂ ਬਾਅਦ ਬੋਸ ਦੀ ਮੌਤ ਹੋ ਗਈ। ਏਧਰ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਲਾਇਲਪੁਰ ਚਲੇ ਗਏ ਤੇ ਉੱਥੋਂ ਪਠਾਣਾਂ ਦਾ ਭੇਸ ਬਦਲ ਕੇ ਪੇਸ਼ਾਵਰ ਦੇ ਕਬਾਇਲੀ ਇਲਾਕੇ ਵਿੱਚ ਪਹੁੰਚ ਗਏ।
ਪਠਾਣੀ ਭੇਸ ਵਿੱਚ ਪੇਸ਼ਾਵਰ ‘ਚ ਭਾਈ ਸਰਾਭਾ ਅਤੇ ਉਨਾਂ ਦੇ ਸਾਥੀ ਪੂਰੀ ਤਰਾਂ ਸੁਰੱਖਿਅਤ ਸਨ, ਪਰ ਇਕ ਸਮੇਂ ਅਚਾਨਕ ਹੀ ਉਨਾਂ ਗ਼ਦਰ ਦੀ ਗੂੰਜ ਵਿੱਚ ਛਪੀ ਇਨਕਲਾਬੀ ਨਜ਼ਮ ‘ਬਣੀ ਸਿਰ ਸ਼ੇਰਾਂ ਕੀ ਜਾਣਾ ਭੱਜ ਕੇ!’ ਪੜੀ, ਤਾਂ ਮਨ ਅੰਦਰ ਆਪਣੀਆਂ ਜਾਨਾਂ ਬਚਾ ਕੇ, ਛੁਪਣ ‘ਤੇ ਡੂੰਘਾ ਅਫਸੋਸ ਹੋਇਆ। ਨਾਲ ਹੀ ਇਹ ਖ਼ਿਆਲ ਆਇਆ ਕਿ ਜੇਕਰ ਜਾਨ ਹੀ ਬਚਾਉਣੀ ਸੀ, ਤਾਂ ਅਮਰੀਕਾ ਤੋਂ ਸ਼ਹੀਦੀਆਂ ਦੇ ਵਾਅਦੇ ਕਰਕੇ ਆਉਣ ਦੀ ਕੀ ਲੋੜ ਸੀ । ਅਜਿਹੀ ਮਨ ਅੰਤਰ ਦੀ ਪੀੜਾ ਨੂੰ ਪਛਾਣਦਿਆਂ ਇਹ ਇਹ ਮਰਜੀਵੜੇ ਮੁੜ ਮੌਤ ਦੇ ਮੂੰਹ ਵਿੱਚ ਪਰਤਣ ਲਈ ਤਿਆਰ ਹੋਏ ਤੇ ਪੇਸ਼ਾਵਰ ਤੋਂ ਪੰਜਾਬ ਵੱਲ ਚੱਲ ਪਏ। ਤਿੰਨੇ ਸੂਰਮੇ 22 ਵੇਂ ਰਸਾਲੇ ਦੇ ਘੋੜਿਆਂ ਦੇ ਫਾਰਮ ਕੋਲ ਚੱਕ ਨੰਬਰ ਪੰਜ, ਸਰਗੋਧਾ ਪਹੁੰਚੇ, ਜਿੱਥੋਂ ਉਨਾਂ ਹਥਿਆਰ ਲੈ ਕੇ ਆਪਣੇ ਬੰਦੀ ਸਾਥੀਆਂ ਨੂੰ ਛੁਡਾਉਣ ਦੀ ਯੋਜਨਾ ਬਣਾਈ, ਪਰ ਉਨਾਂ ਦੀ ਇਹ ਵਿਉਂਤ ਸਿਰੇ ਨਾ ਚੜ੍ਹੀ, ਕਿਉਂਕਿ ਇੱਕ ਹੋਰ ਗੱਦਾਰ ਗੰਡਾ ਸਿੰਘ ਰਸਾਲਦਾਰ ਨੇ 2 ਮਾਰਚ 1915 ਈਸਵੀ ਨੂੰ ਤਿੰਨੇ ਸੂਰਮਿਆਂ ਨੂੰ ਪੁਲਿਸ ਪਾਸ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ। ਗ਼ਦਰੀ ਇਕੱਠੇ ਕਰਨ ਲਈ ਪੰਜਾਬ ਆ ਰਹੇ ਬਾਬਾ ਨਿਧਾਨ ਸਿੰਘ ਚੁੱਘਾ ਨੂੰ ਲੁਧਿਆਣਾ ਜ਼ਿਲਾ ਦੇ ਪਿੰਡ ਕਮਾਲਪੁਰਾ ਕੋਲੋਂ ਫੜ ਲਿਆ ਗਿਆ। ਦੂਜੇ ਪਾਸੇ ਸਾਜ਼ਿਸ਼ ਰਚਣ ਦੇ ਦੋਸ਼ ਅਧੀਨ ਮੀਆਂ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ ਤੇ ਕਿਲੇ ‘ਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਗ਼ਦਰ 1915 ਦੇ ਇਤਿਹਾਸ ਵਿੱਚ ਇਹ ਮੁਕੱਦਮਾ ‘ਮੰਡੀ ਸਾਜ਼ਿਸ਼ ਕੇਸ’ ਦੇ ਨਾਂ ਵਜੋਂ ਪ੍ਰਸਿੱਧ ਹੈ।
ਗ਼ਦਰ ਲਹਿਰ ਦੇ ਇਨਕਲਾਬੀਆਂ ਨੂੰ ਵੱਡੀ ਗਿਣਤੀ ਵਿੱਚ ਫੜੇ ਜਾਣ ਮਗਰੋਂ ਹਿੰਦ ਰੱਖਿਆ ਕਾਨੂੰਨ (ਡਿਫੈਂਸ ਆਫ਼ ਇੰਡੀਆ ਐਕਟ ) ਦੀਆਂ ਧਾਰਾਵਾਂ ਅਨੁਸਾਰ ਬਹੁਤ ਸਾਰੇ ਮੁਕੱਦਮੇ ਚਲਾਏ ਗਏ। ਇਹਨਾਂ ਕੇਸਾਂ ਦਾ ਮੂਲ ਮੰਤਵ ‘ਇਨਕਲਾਬੀਆਂ ਨੂੰ ਆਜ਼ਾਦੀ ਸੰਗਰਾਮੀਆਂ ਸਾਬਤ ਕਰ ਕੇ ਸਜ਼ਾਵਾਂ ਦੇਣ ਦਾ ਨਹੀਂ, ਬਲਕਿ ਲੁਟੇਰੇ ਤੇ ਕਾਤਲ ਦਰਸਾ ਕੇ ਫਾਂਸੀਆਂ’ ਦੇਣ ਦਾ ਸੀ। ਜਿਵੇਂ ਅੱਜ ਵੀ ਇੰਡੀਅਨ ਫਾਸ਼ੀਵਾਦੀ ਸਰਕਾਰ ਖਿਲਾਫ ਦੇਸ਼ ਅੰਦਰ ਅਤੇ ਵਿਦੇਸ਼ ਵਿੱਚ ਲੜਨ ਵਾਲੇ ਯੋਧਿਆਂ ਨੂੰ, ਅੱਤਵਾਦੀ ਵੱਖਵਾਦੀ ਅਤੇ ਹਤਿਆਰੇ ਆਖ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜਾਂਦੀਆਂ ਹਨ। ਇਹ ਮੁਕੱਦਮਾ 26 ਅਪਰੈਲ 1915 ਈਸਵੀ ਨੂੰ ਸੈਂਟਰਲ ਜੇਲ੍ਹ ਲਾਹੌਰ ਚ ਸ਼ੁਰੂ ਹੋਇਆ ਅਤੇ 13 ਸਤੰਬਰ 1915 ਈਸਵੀ ਨੂੰ ਬਾਦਸ਼ਾਹ ਬਨਾਮ ਆਨੰਦ ਕਿਸ਼ੋਰ ਤੇ ਹੋਰਨਾਂ ਦੇ ਨਾਂ ਅਧੀਨ ਅੰਕਿਤ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ। ਇਸ ਮੁਕੱਦਮੇ ਵਿੱਚ 64 ਮੁਲਜ਼ਮ ਰੱਖੇ ਗਏ ਸਨ, ਜਿਹੜੀ ਗਿਣਤੀ ਉਸੇ ਵੇਲੇ ਪੂਰੇ ਦੇਸ਼ ‘ਚ ਹੋਏ ਕਿਸੇ ਵੀ ਕੇਸ ‘ਚ ਸ਼ਾਮਲ ਮੁਲਜ਼ਮਾਂ ਤੋਂ ਵੱਧ ਸੀ।
ਇਸ ਕੇਸ ਵਿੱਚ ਸੱਤ ਗ਼ਦਰੀ ਯੋਧਿਆਂ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਭੱਟੀ ਗੁਰਾਇਆ, ਜਗਤ ਸਿੰਘ ਸੁਰਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਵਿਸ਼ਨੂੰ ਗਣੇਸ਼ ਪਿੰਗਲੇ ਪੂਨਾ, ਸੁਰੈਣ ਸਿੰਘ ਗਿਲਵਾਲੀ ਤੇ ਇੱਕ ਹੋਰ ਯੋਧੇ ਸੁਰੈਣ ਸਿੰਘ ਨੂੰ 16 ਨਵੰਬਰ 1915 ਈਸਵੀ ਨੂੰ ਫਾਂਸੀ ਦਿੱਤੀ ਗਈ। ਇਸ ਤੋਂ ਇਲਾਵਾ ਚਾਲੀ ਹੋਰਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਹੋਰ ਲੰਮੀਆਂ ਸਜ਼ਾਵਾਂ ਸੁਣਾਈਆਂ ਗਈਆਂ। ”ਵਤਨ ਵਾਸੀਉ ਰੱਖਣਾ ਯਾਦ ਸਾਨੂੰ” ਸ਼ਹੀਦ ਸਰਾਭੇ ਦੀ ਮਸ਼ਹੂਰ ਕਵਿਤਾ ਹੈ, (ਗਦਰੀਆਂ ਦੀ ਸਾਂਝੀ ਕਵਿਤਾ) ਜੋ ਪਾਠ ਪੁਸਤਕਾਂ ‘ਚ ਵੀ ਪੜ੍ਹਾਈ ਜਾਂਦੀ ਹੈ, ਬੜੀ ਕਮਾਲ ਦੀ ਰਚਨਾ ਹੈ, ਜੋ ਇਨ੍ਹਾਂ ਗ਼ਦਰੀ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮਣ ਤੋਂ ਕੁਝ ਦਿਨ ਪਹਿਲਾਂ ਸਾਂਝੇ ਤੌਰ ‘ਤੇ ਤਿਆਰ ਕੀਤੀ ਸੀ ਅਤੇ ਮਿਲ ਕੇ ਗਾਇਨ ਕਰਦੇ ਸਨ। ਇਸ ਦੇ ਕੁਝ ਬੰਦ ਕੱਟ ਦਿੱਤੇ ਗਏ ਸਨ, ਪਰ ਕਿਰਤੀ ਅਖ਼ਬਾਰ ਦੇ ਅਗਸਤ- ਸਤੰਬਰ 1926 ਦੇ ਅੰਕ ਵਿੱਚ ਅਤੇ ‘ਭਾਈ ਮੋਹਨ ਸਿੰਘ ਵੈਦ’ ਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਏ ”ਕਿਰਤੀ” ਦੇ ਅੰਕ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ ਦੀ ਮਦਦ ਨਾਲ, ਸਿੱਖ ਚਿੰਤਕ ਅਜਮੇਰ ਸਿੰਘ ਨੇ ਹਾਸਲ ਕਰਕੇ ਆਪਣੀ ਕਿਤਾਬ ”ਤੂਫ਼ਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ” ਵਿੱਚ ਪੰਨਾ 340 ‘ਤੇ ਸ਼ਾਮਿਲ ਕੀਤੇ ਹਨ, ਜੋ ਕਿ ਮਨ ਨੂੰ ਹਲੂਣਾ ਦੇਣ ਵਾਲੇ ਹਨ। ਇਨ੍ਹਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਬਾਕੀ ਸਾਰੇ ਯੋਧੇ ਸਿੱਖੀ ਦੀ ਮਹਾਨ ਵਿਰਾਸਤ, ਇਤਿਹਾਸ ਅਤੇ ਸ਼ਹਾਦਤਾਂ ਤੋਂ ਸੇਧ ਲੈਂਦੇ ਪ੍ਰਤੀਤ ਹੁੰਦੇ ਹਨ :
”ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ,
ਵਿਦਾ ਬਖ਼ਸ਼ਣੀ ਖ਼ੁਸ਼ੀ ਦੇ ਨਾਲ ਸਾਨੂੰ
ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ,
ਕੱਟ ਸਕਦੀ ਨਹੀਂ ਤਲਵਾਰ ਸਾਨੂੰ
ਸਾਡੀ ਆਤਮਾ ਸਦਾ ਅਡੋਲ ਵੀਰੋ,
ਕਰੂ ਕੀ ਤੁਫੰਗ ਦਾ ਵਾਰ ਸਾਨੂੰ
ਖ਼ਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ,
ਦਿਸੇ ਚਮਕਦੀ ਨੇਕ ਮਿਸਾਲ ਸਾਨੂੰ।”
”ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ
ਅਸੀ ਆਪਣੀ ਆਪ ਨਿਭਾ ਦਿਆਂਗੇ
ਦੁੱਖ ਝੱਲਾਂਗੇ ਹੱਸਕੇ ਵਾਂਗ ਮਰਦਾਂ
ਨਾਲ ਖ਼ੁਸ਼ੀ ਦੇ ਸੀਸ ਲਹਾ ਦਿਆਂਗੇ
ਖ਼ਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ
ਜੜ੍ਹ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ
ਥੋੜੇ ਦਿਨਾਂ ਤਾਂਈ ਬੇੜਾ ਪਾਰ ਹੋਸੀ
ਸਰੋਂ ਹੱਥ ਤੇ ਅਸੀ ਜਮਾਂ ਦਿਆਂਗੇ”
ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਬਸਤੀਵਾਦ ਦੇ ਖਿਲਾਫ ਸਨ, ਪਰ ਅੱਜ ਵੀ ਫਾਸ਼ੀਵਾਦ ਜ਼ੋਰਾਂ ‘ਤੇ ਹੈ ਅਤੇ ‘ਅਖੌਤੀ ਆਜ਼ਾਦੀ’ ਦੇ ਬਾਵਜੂਦ ਭਾਰਤ ਅੰਦਰ ਘੱਟ- ਗਿਣਤੀਆਂ ‘ਤੇ ਜ਼ੁਲਮ ਦਿਨੋਂ-ਦਿਨ ਵਧ ਰਹੇ ਹਨ। ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸਾਥੀਆਂ ਦੀ ਰੂਹ ਅੱਜ ਦੇ ਅਖੌਤੀ ਲੋਕਤੰਤਰੀ ਆਗੂਆਂ ਨੂੰ ਲਾਅਣਤ ਪਾ ਰਹੀ ਹੈ ਕਿ ਉਨ੍ਹਾਂ ਨੂੰ ਕੋਈ ਹੱਕ ਨਹੀਂ ਅਜਿਹੇ ਯੋਧਿਆਂ ਦੇ ਸ਼ਹੀਦੀ ਦਿਨ ਮਨਾਉਣ ਦਾ, ਜਿਨ੍ਹਾਂ ਦੇ ਸਿਧਾਂਤਾਂ ਦੇ ਉਲਟ ਫਾਸ਼ੀਵਾਦੀ ਰਾਜ ਕਰ ਰਹੇ ਹਨ।
ਇੱਥੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਮੈਟੀਸ ਭਾਈਚਾਰੇ ਦੇ ਕੈਨੇਡਾ ਦੇ ਸ਼ਹੀਦ ਲੁਈਸ ਰਿਆਲ ਵਾਂਗ ਹੀ ਕੈਨੇਡਾ ਦੇ ਮਹਾਨ ਸਿੱਖ ਗ਼ਦਰੀ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੂੰ ਵੀ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਨੂੰ 11 ਜਨਵਰੀ 1915 ਵਿੱਚ ਨਿਊਵੈਸਟਮਨਿਸਟਰ, ਵੈਨਕੂਵਰ ‘ਚ ਫਾਂਸੀ ਦਿੱਤੀ ਗਈ। ਸਵਾਲ ਇਹ ਹੈ ਕਿ ਕੀ ਲੂਈਸ ਰਿਆਲ ਵਾਂਗ ਸ਼ਹੀਦ ਮੇਵਾ ਸਿੰਘ ਨੂੰ ਵੀ ਕਦੇ ਇਸੇ ਤਰ੍ਹਾਂ ਯਾਦ ਕੀਤਾ ਜਾਏਗਾ? ਕੀ ਸਾਡੀ ਕੌਮ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਸ ਗੱਲ ਲਈ ਲਾਮਬੰਦੀ ਕਰਨਗੇ? ਕੀ ਸਾਡੇ ਸਿਆਸਤਦਾਨ ਚੁੱਪ ਤੋੜਨਗੇ ਅਤੇ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ਚ ਕਦੇ ਭਾਈਮੇਵਾ ਸਿੰਘ ਦੀ ਸ਼ਹਾਦਤ ਸਮੇਤ, ਹੋਰਨਾਂ ਗਦਰੀ ਯੋਧਿਆਂ ਦੀਆਂ ਸ਼ਹੀਦੀਆਂ ਨੂੰ ਵੀ ਮਾਨਤਾ ਦੇਣਗੇ ਤੇ ਉਨ੍ਹਾਂ ਦੇ ਨਾਵਾਂ ਨਾਲ ਅਜੇ ਤੱਕ ਵਰਤੇ ਜਾ ਰਹੇ ‘ਕਾਤਲ’ ਸ਼ਬਦ ਹਟਾਉਣਗੇ? ਇਸ ਸਬੰਧ ਵਿਚ ਚਾਹੇ ਨਿਊਵੈਸਟਮਨਿਸਟਰ, ਬ੍ਰਿਟਿਸ਼ ਕੋਲੰਬੀਆ ਦੇ ਸਿਟੀ ਕੌਂਸਲਰ ਚੱਕਪਿੱਕਮਾਇਰ ਨੇ ਪਹਿਲਕਦਮੀ ਕਰਦਿਆਂ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਨਾਂ ‘ਤੇ ਐਲਾਨਨਾਮਾ ਜਾਰੀ ਕਰਵਾਇਆ ਹੈ, ਪਰ ਹੁਣ ਇਸ ਕਾਰਜ ਨੂੰ ਬ੍ਰਿਟਿਸ਼ ਕੋਲੰਬੀਆ ਸੂਬਾਈ ਪੱਧਰ ਅਤੇ ਕੈਨੇਡਾ ਪੱਧਰ ‘ਤੇ ਲਿਜਾਣ ਲਈ, ਸਾਡੇ ਸਮੂਹ ਸਿਆਸਤਦਾਨਾਂ ਨੂੰ ਅੱਗੇ ਨਿੱਤਰਨਾ ਚਾਹੀਦਾ ਹੈ।
16 ਨਵੰਬਰ ਨੂੰ ‘ਲੁਈਸ ਡੇ’ ਦੇ ਮੌਕੇ ਪ੍ਰਣ ਕਰਨਾ ਚਾਹੀਦਾ ਹੈ ਕਿ ਕਦੇ ਸ਼ਹੀਦ ‘ਭਾਈ ਮੇਵਾ ਸਿੰਘ ਦਿਵਸ’ ਅਤੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਦਿਹਾੜਾ ਵੀ ਕੈਨੇਡਾ ਭਰ ਵਿੱਚ ਮਨਾਇਆ ਜਾਏ।
ਸਾਡੇ ਸਿਆਸੀ ਆਗੂ ਚੁੱਪ ਤੋੜਦਿਆਂ, ਸ਼ਹੀਦ ਭਾਈ ਮੇਵਾ ਸਿੰਘ ਨੂੰ, ‘ਕੈਨੇਡਾ ਦਾ ਸ਼ਹੀਦ ਯੋਧਾ’ ਆਖਣ ਦੀ ਹਿੰਮਤ ਕਰਨ। ਆਓ ਇਸ ਮਕਸਦ ਲਈ ਸਾਰੇ ਇਕਮੁੱਠ ਹੋ ਕੇ ਯਤਨ ਕਰੀਏ ਅਤੇ ਇਨ੍ਹਾ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰੀਏ। ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਨ ‘ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਭਾਰਤ ਅੰਦਰ ਫਾਸ਼ੀਵਾਦੀ ਤਾਕਤਾਂ ਦਾ ਮੂੰਹ ਭੰਨਿਆ ਜਾਏ ਅਤੇ ਹੱਕਾਂ ਲਈ ਜੂਝ ਰਹੇ ਪੀੜਤ ਵਰਗ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ, ਸੰਘਰਸ਼ ਜਾਰੀ ਰੱਖਿਆ ਜਾਏ। ਕੌਮਾਂਤਰੀ ਪੱਧਰ ਤੇ ਜਿਵੇਂ ਅੱਜ ਇਜ਼ਰਾਇਲ ਵੱਲੋਂ ਫਲਸਤੀਨ ‘ਤੇ ਹਮਲੇ ਕਰਕੇ, ਹਜ਼ਾਰਾਂ ਬੱਚਿਆਂ ਸਮੇਤ ਬੇਗੁਨਾਹ ਲੋਕਾਂ ਦੀ ਜਾਨ ਲਈ ਜਾ ਰਹੀ ਹੈ, ਉਸ ਖਿਲਾਫ਼ ਸੰਘਰਸ਼ ਛੇੜਿਆ ਜਾਏ ਅਤੇ ਗ਼ਦਰੀ ਯੋਧਿਆਂ ਦੇ ਸਿਧਾਂਤਾਂ ਦੀ ਡਟ ਕੇ ਪਹਿਰਾ ਦਿੱਤਾ ਜਾਏ। ਤਦ ਹੀ ਇਹ ਸ਼ਹੀਦੀ ਦਿਨ ਮਨਾਉਣੇ ਸਾਰਥਕ ਹੋ ਸਕਦੇ ਹਨ, ਨਹੀਂ ਤਾਂ ਇਹ ਸਿਰਫ ਰਸਮਾਂ ਹੀ ਹਨ, ਇਸ ਤੋਂ ਵੱਧ ਕੁਝ ਨਹੀਂ।
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁਢਲੀ,
ਐਬਸਫੋਰਡ, ਕੈਨੇਡਾ
ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼
RELATED ARTICLES




