ਆਪਣੀ ਬੋਲੀ ਅਤੇ ਪਛਾਣ ਦੀ ਅਹਿਮੀਅਤ
ਹਰੇਕ ਪੰਜ ਸਾਲ ਬਾਅਦ ਕੈਨੇਡਾ ਦਾ ਅੰਕੜਾ ਵਿਭਾਗ ਮਰਦਮਸ਼ੁਮਾਰੀ ਕਰਦਾ ਹੈ। ਮਰਦਮਸ਼ੁਮਾਰੀ ਦੌਰਾਨ ਕੈਨੇਡਾ ਵਿੱਚ ਵਸਦੇ ਲੋਕਾਂ ਦੀ ਗਿਣਤੀ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰਕ ਪਿਛੋਕੜ, ਧਰਮ, ਭਾਸ਼ਾ, ਕੰਮ-ਕਾਰ ਅਤੇ ਆਮਦਨ ਆਦਿ ਬਾਰੇ ਅੰਕੜੇ ਇਕੱਤਰ ਕੀਤੇ ਜਾਂਦੇ ਹਨ। ਮਰਦਮਸ਼ੁਮਾਰੀ ਰਾਹੀਂ ਹੀ ਕੈਨੇਡਾ ਸਰਕਾਰ ਨੂੰ ਦੇਸ਼ ਵਿੱਚ ਸੱਭਿਆਚਾਰਕ ਵੰਨ-ਸਵੰਨਤਾ, ਸਮਾਜਿਕ ਬਦਲਾਵਾਂ ਅਤੇ ਆਰਥਿਕ ਝੁਕਾਵਾਂ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ। ਮਰਦਮਸ਼ੁਮਾਰੀ ਦੇ ਇਨ੍ਹਾਂ ਅੰਕੜਿਆਂ ਦੇ ਆਧਾਰ ‘ਤੇ ਹੀ ਸਰਕਾਰ ਨੂੰ ਲੋਕਾਂ ਲਈ ਵੱਖ- ਵੱਖ ਸਹੂਲਤਾਂ ਬਾਰੇ ਫ਼ੈਸਲੇ ਲੈਣ ਵਿੱਚ ਸੇਧ ਮਿਲਦੀ ਹੈ। ਕੈਨੇਡਾ ਵਿਚ ਰਹਿੰਦੇ ਹਰ ਵਿਅਕਤੀ ਲਈ ਮਰਦਮਸ਼ੁਮਾਰੀ ਵਿੱਚ ਹਿੱਸਾ ਲੈਣਾ ਨੈਤਿਕ ਫਰਜ਼ ਬਣਦਾ ਹੈ। ਕੈਨੇਡਾ ਦੇ ਨਾਗਰਿਕਾਂ ਅਤੇ ਸਥਾਈ ਆਵਾਸੀਆਂ ਤੋਂ ਇਲਾਵਾ, ਇੱਥੇ ਪੜ੍ਹਨ ਆਏ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਵੀ ਇਸ ਮਰਦਮਸ਼ੁਮਾਰੀ ਵਿਚ ਹਿੱਸਾ ਲੈਣ ਦਾ ਹੱਕ ਹੈ। ਅੱਜਕੱਲ੍ਹ ਕੈਨੇਡਾ ਵਾਸੀਆਂ ਨੂੰ ਡਾਕ ਰਾਹੀਂ ਚਿੱਠੀਆਂ ਮਿਲ ਰਹੀਆਂ ਹਨ, ਜਿਨ੍ਹਾਂ ਵਿਚ ਮਰਦਮਸ਼ੁਮਾਰੀ ਬਾਰੇ ਗੁਪਤ ਕੋਡ ਲਿਖਿਆ ਹੁੰਦਾ ਹੈ, ਜੋ ਮਰਦਮਸ਼ੁਮਾਰੀ ਦੀ ਵੈੱਬਸਾਈਟ ‘ਤੇ ਫਾਰਮ ਭਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਫਾਰਮ ਦੋ ਵੱਖੋ- ਵੱਖਰੇ ਕਿਸਮ ਦੇ ਹਨ, ਜਿਨ੍ਹਾਂ ਵਿੱਚ ਇੱਕ ਲੰਮਾ ਅਤੇ ਦੂਸਰਾ ਛੋਟਾ ਹੈ। ਪੰਝਤਰ ਫ਼ੀਸਦੀ ਲੋਕਾਂ ਨੂੰ ਛੋਟਾ ਫਾਰਮ ਭਰਨ ਲਈ ਮਿਲ ਰਿਹਾ ਹੈ, ਜਦਕਿ ਪੱਚੀ ਫ਼ੀਸਦੀ ਲੋਕਾਂ ਨੂੰ ਲੰਮਾ ਫਾਰਮ ਭਰਨ ਲਈ ਮਿਲ ਰਿਹਾ ਹੈ। ਡਾਕ ਰਾਹੀਂ ਮਰਦਮਸ਼ੁਮਾਰੀ ਬਾਰੇ ਪਹੁੰਚੀਆਂ ਚਿੱਠੀਆਂ ਮਕਾਨ ਮਾਲਕਾਂ ਤੋਂ ਇਲਾਵਾ ਕਿਰਾਏਦਾਰਾਂ ਲਈ ਵੀ ਹਨ, ਜੋ ਕਿ ਉਨ੍ਹਾਂ ਨੂੰ ਪਹੁੰਚਾਈਆਂ ਜਾਣੀਆਂ ਜ਼ਰੂਰੀ ਹਨ। ਉੰਝ ਚਾਹੇ ਇਸ ਦੀ ਤਾਰੀਖ ਮਈ ਦੇ ਦੂਜੇ ਹਫਤੇ ਤੱਕ ਸੀਮਤ ਹੁੰਦੀ ਹੈ, ਐਪਰ ਮਰਦਮਸ਼ੁਮਾਰੀ ਵਿਭਾਗ ਨਾਲ ਹੋਈ ਗੱਲਬਾਤ ਅਨੁਸਾਰ ਇਹ ਫਾਰਮ ਕੁਝ ਮਗਰੋਂ ਵੀ ਸਵੀਕਾਰ ਕੀਤੇ ਜਾ ਸਕਦੇ ਹਨ। ਜੇਕਰ ਕਿਸੇ ਨੂੰ ਫਾਰਮ ਨਹੀਂ ਮਿਲ ਰਿਹਾ ਜਾਂ ਫੋਨ ਨਹੀਂ ਆਉਂਦਾ, ਤਾਂ ਉਹ ਫੋਨ ਨੰਬਰ 1-833-852-2026 ‘ਤੇ ਸੰਪਰਕ ਕਰਕੇ ਜਾਣਕਾਰੀ ਹਾਸਲ ਕਰ ਸਕਦਾ ਹੈ।
ਪਹਿਲਾ ਵਿਚਾਰਨ ਯੋਗ ਪੱਖ ਇਹ ਹੈ ਕਿ ਸਰਕਾਰੀ ਵੈਬਸਾਈਟ ‘ਤੇ ਮਰਦਮਸ਼ੁਮਾਰੀ ਫਾਰਮ ਜਾਂ ਘਰੇ ਮਿਲੇ ਫਾਰਮ ਭਰਨ ਸਮੇਂ ਪਹਿਲੇ ਪੰਨੇ ‘ਤੇ ਪਛਾਣ ਪੁੱਛੀ ਜਾਂਦੀ ਹੈ, ਜਿਵੇਂ ਕਿ ਵਾਈਟ, ਬਲੈਕ, ਚੀਨੀ, ਫਿਲਪਾਈਨੀ, ਜਪਾਨੀ, ਕੋਰੀਅਨ, ਅਰਬ, ਲੈਟਰਨ ਅਮਰੀਕਨ, ਸਾਊਥ ਏਸ਼ੀਅਨ, ਸਾਊਥ ਈਸਟ ਏਸ਼ੀਅਨ, ਵੈਸਟ ਏਸ਼ੀਅਨ ਆਦਿ ਲਿਖਿਆ ਹੁੰਦਾ ਹੈ। ਜ਼ਿਆਦਾਤਰ ਪੰਜਾਬੀ ਉਸ ਵਿੱਚ ਸਾਊਥ ਏਸ਼ੀਅਨ ਭਾਵ ਦੱਖਣੀ ਏਸ਼ੀਆਈ ਭਰਦੇ ਹਨ, ਕਿਉਂਕਿ ਇਸ ਖਾਨੇ ਦੇ ਵਿਸਥਾਰ ਵਿੱਚ ਸਾਊਥ ਏਸ਼ੀਅਨ ਅਧੀਨ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਆਦਿਕ ਲਿਖਿਆ ਹੁੰਦਾ ਹੈ, ਐਪਰ ਇਹ ਸਹੀ ਜਾਣਕਾਰੀ ਨਹੀਂ ਹੈ। ਸਾਡੀ ਇਹ ਪਛਾਣ ਨਹੀਂ ਹੈ। ਇਸ ਦੀ ਥਾਂ ਫਾਰਮ ਦੇ ਪਹਿਲੇ ਪੰਨੇ ਦੇ ਅੰਤ ਵਿੱਚ ‘ਅਦਰਜ਼’ ਭਾਵ ‘ਹੋਰ’ ਲਿਖਿਆ ਹੈ, ਉਸ ਵਿੱਚ ਸਹੀ ਦਾ ਨਿਸ਼ਾਨ ਲਾ ਕੇ, ਅੱਗੇ ਪਛਾਣ ਭਰ ਸਕਦੇ ਹਾਂ, ਜਿਵੇਂ ਕਿ ਸਿੱਖ। ਇਉਂ ਅਸੀਂ ਦੱਖਣੀ ਏਸ਼ੀਆਈ ਨਾ ਹੋ ਕੇ, ਆਪਣੀ ਮੌਲਿਕ ਪਛਾਣ ਨੂੰ ਬਿਆਨ ਕਰ ਸਕਦੇ ਹਾਂ। ਇਥੇ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਦੱਖਣੀ ਏਸ਼ੀਆਈ ਨਹੀਂ ਹਾਂ। ਇਹ ਇੱਕ ਨਸਲਵਾਦੀ ਵਰਤਾਰਾ ਹੈ। ਅਸੀਂ ਕੈਨੇਡੀਅਨ ਸਿੱਖ ਹੁੰਦੇ ਹੋਏ ਵੀ ਆਪਣੀ ਬੋਲੀ ਪੱਖੋ ਪੰਜਾਬੀ ਹਾਂ, ਐਪਰ ਅਸੀਂ ਦੱਖਣੀ ਏਸ਼ੀਆਈ ਨਹੀਂ ਹਾਂ।
ਦੂਜਾ ਮਹੱਤਵਪੂਰਨ ਪੱਖ ਇਹ ਹੈ ਕਿ ਕੈਨੇਡਾ ਸਰਕਾਰ ਵੱਲੋਂ ਮਰਦਮਸ਼ੁਮਾਰੀ ਫਾਰਮਾਂ ਵਿੱਚ ਭਾਸ਼ਾ ਦਾ ਖਾਨਾ ਦਰਜ ਕੀਤਾ ਗਿਆ ਹੈ। ਭਾਸ਼ਾ ਪੱਖੋਂ ਅੰਕੜਿਆਂ ਦੇ ਆਧਾਰ ‘ਤੇ ਹੀ ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕਾਂ ਲਈ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਕੈਨੇਡਾ ਵਿੱਚ ਬੋਲੀਆਂ ਜਾਣ ਵਾਲੀਆਂ ਵੱਖ-ਵੱਖ ਜ਼ਬਾਨਾਂ ਵਿਚ ਪੰਜਾਬੀ ਦੀ ਚੜ੍ਹਦੀ ਕਲਾ ਦੀਆਂ ਮਿਸਾਲਾਂ, ਪੰਜਾਬ ਦੀ ਧਰਤੀ ‘ਤੇ ਵੀ ਦਿੱਤੀਆਂ ਜਾਂਦੀਆਂ ਹਨ। ਇਥੇ ਵਸਦੇ ਪੰਜਾਬੀਆਂ ਅੰਦਰ ਮਾਂ-ਬੋਲੀ ਲਈ ਠਾਠਾਂ ਮਾਰਦੇ ਪਿਆਰ ਦੀ ਗੱਲ ਕਰਦਿਆਂ, ਆਮ ਹੀ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ‘ਪੰਜਾਬ’ ਵੱਸਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ 120 ਸਾਲ ਤੋਂ ਵੱਧ ਸਮੇਂ ਤੋਂ ਇਥੇ ਵਸੇ ਪੰਜਾਬੀਆਂ ਨੇ ਆਪਣੀ ਬੋਲੀ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ। ਇਥੋਂ ਦੇ ਕਈ ਸ਼ਹਿਰਾਂ ‘ਚ ਪੰਜਾਬ ਤੋਂ ਆਇਆ ਕੋਈ ਵਿਅਕਤੀ ਜਦੋਂ ਘਰੋਂ ਬਾਹਰ ਨਿਕਲਦਾ ਹੈ, ਤਾਂ ਉਸ ਨੂੰ ਭੁਲੇਖਾ ਪੈਣ ਲੱਗ ਪੈਂਦਾ ਹੈ ਕਿ ਉਹ ਸ਼ਾਇਦ ਪੰਜਾਬ ਦੇ ਕਿਸੇ ਸ਼ਹਿਰ ‘ਚ ਘੁੰਮ ਰਿਹਾ ਹੋਵੇ। ਕੈਨੇਡਾ ਵਿਚ ਵੱਖ-ਵੱਖ ਸਮੇਂ ਹੋਈ ਮਰਦਮਸ਼ੁਮਾਰੀ ਦੇ ਅੰਕੜੇ ਪੰਜਾਬੀ ਦੀ ਤਰੱਕੀ ਦੀ ਗਵਾਹੀ ਭਰਦੇ ਹਨ। ਇਨ੍ਹਾਂ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ, ਕੈਨੇਡਾ ਦੀ ਕੁੱਲ ਗਿਣਤੀ ਦੇ ਹਿਸਾਬ ਨਾਲ 0.43 ਫੀਸਦੀ ਤੋਂ ਵਧ ਕੇ 1.7 ਫੀਸਦੀ ਦੇ ਨੇੜੇ ਜਾ ਪਹੁੰਚੀ ਹੈ। ਜੇਕਰ ਕੈਨੇਡਾ ‘ਚ ਪੰਜਾਬੀਆਂ ਵੱਲੋਂ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਣ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ, ਤਾਂ ਇਹ 1991 ਵਿੱਚ 113, 220 (0.43%), 1996 ਵਿੱਚ 201, 780 (0.70%), 2001 ਵਿੱਚ 271, 200 (0.90%), 2006 ਵਿੱਚ 367, 505 (1.18%), 2011 ਵਿੱਚ 459,990 (1.30 %) ਅਤੇ 2016 ਵਿੱਚ 568,375 (1.7%) ਤੱਕ ਪਹੁੰਚ ਚੁੱਕੀ ਹੈ। 2021 ਦੀ ਮਰਦਮਸ਼ੁਮਾਰੀ ਵਿੱਚ, ਮਾਂ ਬੋਲੀ ਪੰਜਾਬੀ ਲਿਖਵਾਉਣ ਵਾਲਿਆਂ ਦੀ ਗਿਣਤੀ 763,787, ਘਰਾਂ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 827,150 ਅਤੇ ਬਾਕੀ ਜ਼ਬਾਨਾਂ ਨਾਲ ਪੰਜਾਬੀ ਵੀ ਬੋਲਣ ਵਾਲਿਆਂ ਦੀ ਗਿਣਤੀ 9 ਲੱਖ 42 ਹਜ਼ਾਰ ਤੋਂ ਵੱਧ ਸੀ। ਹੁਣ ਕੈਨੇਡਾ ਵਿੱਚ 2 ਮਿਲੀਅਨ ਦੇ ਕਰੀਬ ਪੰਜਾਬੀ ਰਹਿੰਦੇ ਹਨ, ਜਿਸ ਹਿਸਾਬ ਨਾਲ 2026 ਦੀ ਮਰਦਮਸ਼ੁਮਾਰੀ ਵਿੱਚ ਪੰਜਾਬੀਆਂ ਦੀ ਕੈਨੇਡਾ ਵਿਚਲੀ ਵਸੋਂ ਦੇ ਹਿਸਾਬ ਨਾਲ ਅੰਕੜੇ ਦੁੱਗਣੇ ਹੋਣੇ ਚਾਹੀਦੇ ਹਨ।
ਕੈਨੇਡਾ ਵਸਦੇ ਪੰਜਾਬੀਆਂ ਦੀ ਗਿਣਤੀ ਲਗਾਤਾਰ ਵਧਣ ਦੇ ਅੰਕੜਿਆਂ ਮੁਤਾਬਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵੀ ਵਧਣੀ ਜ਼ਰੂਰੀ ਹੈ। ਇਹ ਵੀ ਆਮ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਕੈਨੇਡਾ ‘ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਬੋਲੀ ਹੈ। ਪਰ ਇਹ ਜਾਣ ਕੇ ਪੰਜਾਬੀਆਂ ਨੂੰ ਦੁੱਖ ਤੇ ਹੈਰਾਨੀ ਹੋਵੇਗੀ ਕਿ ਕੁਝ ਸਮਾਂ ਪਹਿਲਾਂ ਪੰਜਾਬੀ ਦਾ ਸਥਾਨ ਤੀਜਾ ਜ਼ਰੂਰ ਹੁੰਦਾ ਸੀ, ਪਰ ਹੁਣ ਇਹ ਨਹੀਂ ਰਿਹਾ, ਜਿਸ ਦੀ ਸਹੀ ਤਸਵੀਰ ਪੰਜਾਬੀਆਂ ਤੱਕ ਪਹੁੰਚਾਉਣੀ ਜ਼ਰੂਰੀ ਹੈ। ਇਹ ਕੌੜੀ ਸੱਚਾਈ ਹੈ ਕਿ ਕੈਨੇਡਾ ‘ਚ ਪੰਜਾਬੀ ਬੋਲੀ ਤੀਜੇ ਸਥਾਨ ਤੋਂ ਖਿਸਕ ਕੇ ਪੰਜਵੇਂ ਥਾਂ ‘ਤੇ ਪਹੁੰਚ ਚੁੱਕੀ ਹੈ। ਬੋਲੀ ਆਧਾਰਿਤ ਅੰਕੜਿਆਂ ਅਨੁਸਾਰ ਸੰਨ 2011 ਦੀ ਜਨ-ਗਣਨਾ ਅਨੁਸਾਰ, ਅੰਗਰੇਜ਼ੀ ਤੇ ਫਰੈਂਚ ਤੋਂ ਮਗਰੋਂ, ਇੰਮੀਗਰੈਂਟ ਭਾਈਚਾਰਿਆਂ ਦੀਆਂ ਮਾਂ- ਬੋਲੀਆਂ ਦੀ ਸੂਚੀ ‘ਚ ਪੰਜਾਬੀ ਪਹਿਲੇ ਥਾਂ ‘ਤੇ ਸੀ, ਭਾਵ ਕੁਲ ਮਿਲਾ ਕੇ ਕੈਨੇਡਾ ਵਿੱਚ ਤੀਜੇ ਸਥਾਨ ‘ਤੇ।
ਸੰਨ 2011 ਦੇ ਅੰਕੜਿਆਂ ਮੁਤਾਬਿਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 459,990 ਸੀ, ਜਦਕਿ ਚੀਨੀ ਭਾਈਚਾਰੇ ਵਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ‘ਚ ਕੈਂਟਨੀਜ਼ ਬੋਲਣ ਵਾਲੇ 388,935 ਅਤੇ ਮੈਂਡਰੀਨ ਬੋਲਣ ਵਾਲੇ 255,160 ਸਨ, ਐਪਰ ਪੰਜ ਸਾਲਾਂ ਮਗਰੋਂ 2016 ਦੇ ਅੰਕੜਿਆਂ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸਿਰਫ 568, 375 ਤੱਕ ਹੀ ਪਹੁੰਚ ਸਕੀ। ਦੂਜੇ ਪਾਸੇ ਮੈਂਡਰੀਨ ਬੋਲਣ ਵਾਲੇ 610, 835 ਅਤੇ ਕੈਂਟਨੀਜ਼ ਬੋਲਣ ਵਾਲੇ 594,030 ਦੀ ਗਿਣਤੀ ਤੱਕ ਪਹੁੰਚ ਗਏ। ਇਉਂ ਪੰਜਾਬੀ ਬੋਲਣ ਵਾਲੇ ਤੀਜੇ ਥਾਂ ਤੋਂ ਪੰਜਵੇਂ ‘ਤੇ ਆ ਪਹੁੰਚੇ, ਜਦਕਿ ਤੀਜੀ ਤੇ ਚੌਥੀ ਥਾਂ ਮੈਂਡਰੀਨ ਤੇ ਕੈਂਟਨੀਜ਼ ਨੇ ਲੈ ਲਈ। ਛੇਵੇਂ ਤੇ ਸੱਤਵੇਂ ਥਾਂ ‘ਤੇ ਕ੍ਰਮਵਾਰ ਫਿਲਪੀਨੋ ਭਾਈਚਾਰੇ ਦੀ ਬੋਲੀ ਟੈਗਾਲੋਗ (510,420) ਅਤੇ ਸਪੈਨਿਸ਼ (495, 090) ਆਉਂਦੀਆਂ ਹਨ। ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ, ਉਨ੍ਹਾਂ ਦੀ ਵਸੋਂ ਦੇ ਅਨੁਪਾਤ ਮੁਤਾਬਕ ਨਾ ਵਧਣੀ, ਪੰਜਾਬੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ।
ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਇਸ ਗੱਲ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਕੀ ਕਾਰਨ ਹੈ ਕਿ ਕੈਨੇਡਾ ‘ਚ ਪੰਜਾਬੀਆਂ ਦੀ ਗਿਣਤੀ ਤਾਂ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਐਪਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪੱਛੜ ਰਹੀ ਹੈ। ਇਹਨਾਂ ਕਾਰਨਾਂ ਨੂੰ ਖੁੱਲੇ ਮਨ ਨਾਲ ਵਿਚਾਰਨ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮਰਦਸ਼ਸ਼ੁਮਾਰੀ ਸਮੇਂ ਪੰਜਾਬੀਆਂ ਵੱਲੋਂ ਮਾਂ-ਬੋਲੀ ਲਿਖਵਾਉਣ ਲਈ ਉਤਸ਼ਾਹ ਉਨਾ ਨਹੀਂ ਦਿਸਦਾ, ਜਿੰਨਾ ਹੋਣਾ ਚਾਹੀਦਾ ਹੈ। ਕੈਨੇਡਾ ਦੇ ਪੰਜਾਬੀ ਮੀਡੀਏ ਵੱਲੋਂ ਵਾਰ-ਵਾਰ ਪ੍ਰਚਾਰਨ ਦੇ ਬਾਵਜੂਦ ਬਹੁਤ ਸਾਰੇ ਪੰਜਾਬੀ ਮਰਦਮਸ਼ੁਮਾਰੀ ਮੌਕੇ ਫਾਰਮ ਭਰਨ ਦੌਰਾਨ, ਆਪਣੀ ਮਾਂ – ਬੋਲੀ ਲਿਖਵਾਉਣ ਤੋਂ ਹੀ ਘੇਸਲ ਮਾਰ ਜਾਂਦੇ ਹਨ। ਜੇ ਰੁਝਾਨ ਇਹੀ ਰਿਹਾ, ਤਾਂ 2026 ਦੀ ਮਰਦਸਸ਼ੁਮਾਰੀ ਵਿੱਚ ਪੰਜਾਬੀ ਬੋਲੀ ਦਾ ਪੰਜਵਾਂ ਸਥਾਨ ਵੀ ਖੁੱਸਣ ‘ਚ ਦੇਰ ਨਹੀਂ ਲੱਗਣੀ।
ਦੂਜੀ ਗੱਲ ਇਹ ਹੈ ਕਿ ਪੰਜਾਬੀ ਕੈਨੇਡਾ ‘ਚ ਅਜੇ ਵੀ ਵਿਦੇਸ਼ੀ ਭਾਸ਼ਾ ਹੀ ਹੈ ਅਤੇ ਕੈਨੇਡੀਅਨ ਭਾਸ਼ਾ ਵਜੋਂ ਮਾਨਤਾ ਹਾਸਿਲ ਨਹੀਂ ਕਰ ਸਕੀ। ਇਹ ਗੱਲ ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਦੋ ਮੁੱਖ ਭਾਸ਼ਾਵਾਂ ਅੰਗਰੇਜ਼ੀ ਤੇ ਫਰੈਂਚ ਦਫ਼ਤਰੀ ਰੂਪ ‘ਚ ਸਰਕਾਰੀ ਭਾਸ਼ਾਵਾਂ ਹਨ, ਐਪਰ ਇਥੇ ‘ਰਾਸ਼ਟਰੀ ਭਾਸ਼ਾ’ ਦੇ ਨਾਂ ‘ਤੇ ਝਗੜੇ ਖੜ੍ਹੇ ਕਰਨ ਵਾਲਾ ਅਜਿਹਾ ਕੋਈ ਰੇੜਕਾ ਨਹੀਂ, ਜਿਵੇਂ ਕਿ ਭਾਰਤ ‘ਚ ਹਿੰਦੀ ਨੂੰ ਲੈ ਕੇ ‘ਇਕ ਭਾਸ਼ਾ ਤੇ ਇਕ ਰਾਸ਼ਟਰ’ ਆਦਿ ਦੇ ਬੇਤੁਕੇ ਨਾਅਰੇ ਲਾਏ ਜਾਂਦੇ ਹਨ। ਇਥੇ ਚੁਣੌਤੀ ਇਹ ਹੈ ਕਿ ਇੰਮੀਗਰਾਂਟ ਭਾਈਚਾਰੇ ਦੀ ਬੋਲੀ ਹੋਣ ਕਾਰਨ ਪੰਜਾਬੀ ਅਜੇ ਵੀ ਸੰਘਰਸ਼ ਦੇ ਦੌਰ ‘ਚੋਂ ਗੁਜ਼ਰ ਰਹੀ ਹੈ।
ਅੱਜ ਕੈਨੇਡਾ ‘ਚ ਵਸਦੇ ਪੰਜਾਬੀ ਜੇਕਰ ਆਪਣੀ ਨਾਗਰਿਕਤਾ ਕਾਰਨ ਕੈਨੇਡੀਅਨ ਹਨ, ਤਾਂ ਫਿਰ ਉਨ੍ਹਾਂ ਦੀ ਬੋਲੀ ਵਿਦੇਸ਼ੀ ਕਿਵੇਂ ਹੋਈ? ਜੇਕਰ ਪਾਰਲੀਮੈਂਟ ‘ਚ ਪੰਜਾਬੀਆਂ ਦੀ ਗਿਣਤੀ ਡੇਢ ਦਰਜਨ ਹੈ ਤੇ ਕਈ ਸੂਬਿਆਂ ‘ਚ ਵੀ ਪੰਜਾਬੀ ਸਿਆਸਤਦਾਨਾਂ ਦਾ ਬੋਲਬਾਲਾ ਹੈ, ਫਿਰ ਉਹ ਆਪਣੀ ਮਾਂ ਬੋਲੀ ਪੰਜਾਬੀ ਲਈ ਦ੍ਰਿੜ ਇਰਾਦਾ ਕਿਉਂ ਨਹੀਂ ਰੱਖਦੇ? ਜੇਕਰ ਸਾਡੇ ਰਾਜਸੀ ਲੀਡਰ ਪ੍ਰਣ ਕਰਨ ਕਿ ਉਨ੍ਹਾਂ ਪੰਜਾਬੀ ਨੂੰ ਕੈਨੇਡੀਅਨ ਬੋਲੀ ਵਜੋਂ ਮਾਨਤਾ ਦਿਵਾਉਣੀ ਹੈ ਤੇ ‘ਵਿਦੇਸ਼ੀ ਬੋਲੀ’ ਨਹੀਂ ਰਹਿਣ ਦੇਣਾ, ਤਾਂ ਪੰਜਾਬੀ ਵੀ ਕੈਨੇਡਾ ‘ਚ ਬੇਗਾਨੀ ਨਹੀਂ ਰਹੇਗੀ ਤੇ ਉਹ ‘ਕੈਨੇਡੀਅਨ ਬੋਲੀ’ ਵਜੋਂ ਮਾਨਤਾ ਹਾਸਿਲ ਕਰ ਲਵੇਗੀ।
ਤੀਜੀ ਗੱਲ, ਪੰਜਾਬੀ ਮਾਪਿਆਂ ‘ਤੇ ਆਉਂਦੀ ਹੈ। ਜੇਕਰ ਬੀ.ਸੀ. ਸੂਬੇ ਦੇ ਹੀ ਗੱਲ ਕਰੀਏ, ਤਾਂ ਇਥੋਂ ਦੇ ਸਾਬਕਾ ਵਿੱਦਿਆ ਮੰਤਰੀ ਮਨਮੋਹਣ ਸਿੰਘ (ਮੋਅ) ਸਹੋਤਾ ਦੇ ਉੱਦਮ ਨਾਲ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲ ਗਿਆ ਸੀ ਤੇ ਪੰਜਾਬੀ ਸਕੂਲਾਂ ‘ਚ ਪੜ੍ਹਾਉਣ ਦਾ ਰਾਹ ਪੱਧਰ ਹੋ ਗਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਪੜ੍ਹਾਉਣ ਵਾਲੇ ਸਕੂਲ, ਅਕੈਡਮੀਆਂ ਤੇ ਹੋਰ ਅਦਾਰੇ ਆਪੋ- ਆਪਣੇ ਪੱਧਰ ‘ਤੇ ਉਪਰਾਲੇ ਕਰ ਲੈਂਦੇ ਹਨ, ਪਰ ਪਬਲਿਕ ਸਕੂਲਾਂ ‘ਚ ਪੰਜਾਬੀ ਪੜ੍ਹਾਈ ਜਾਣ ਲਈ ਬੱਚਿਆਂ ਦਾ ਨਾਂ, ਪੰਜਾਬੀ ਲਈ ਖਾਸ ਤੌਰ ‘ਤੇ ਦਾਖਿਲ ਕਰਨ ਦੀ ਲੋੜ ਹੁੰਦੀ ਹੈ। ਦੁੱਖ ਇਸ ਗੱਲ ਦਾ ਹੈ ਕਿ ਲਗਾਤਾਰ ਪ੍ਰਚਾਰ ਦੇ ਬਾਵਜੂਦ ਲੋੜੀਂਦੀ ਗਿਣਤੀ ਤੱਕ ਨਾਂ ਰਜਿਸਟਰ ਨਹੀਂ ਹੁੰਦੇ ਤੇ ਪੰਜਾਬੀ ਪੜ੍ਹਾਉਣ ਦਾ ਮੌਕਾ ਹੱਥੋਂ ਖੁੰਝ ਜਾਂਦਾ ਹੈ। ਇਥੇ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਅੰਦਰ ਉਤਸ਼ਾਹ ਦੀ ਘਾਟ ਵੱਡਾ ਨੁਕਸਾਨ ਕਰਵਾ ਰਹੀ ਹੈ ਤੇ ਪੰਜਾਬੀ ਪੜ੍ਹਾਉਣ ਦੀ ਮਿਲ ਰਹੀ ਸਹੂਲਤ ਤੋਂ ਬੱਚੇ ਵਾਂਝੇ ਰਹਿ ਰਹੇ ਹਨ। ਉਂਞ ਸਰਕਾਰੀ ਪਹੁੰਚ ਦੀ ਵੀ ਇਹ ਖੋਟ ਹੈ ਅਤੇ ਬੱਚਿਆਂ ਦੀ ਗਿਣਤੀ ਦੀ ਸ਼ਰਤ ਲਾ ਕੇ ‘ਗੱਡੇ ਨਾਲ ਕੱਟਾ’ ਬੰਨਣ ਵਾਲੀ ਨੀਤੀ ਵਰਤੀ ਜਾ ਰਹੀ ਹੈ। ਇਹ ਸ਼ਰਤ ਹਟਾਉਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।
ਕੈਨੇਡਾ ‘ਚ ਜੇਕਰ ਸੰਘਣੀ ਪੰਜਾਬੀ ਵਸੋਂ ਵਾਲੇ ਇਲਾਕਿਆਂ ਦੀ ਗੱਲ ਕਰੀਏ, ਤਾਂ ਇਥੇ ਪੰਜਾਬ ਦੇ ਸਿੱਖ, ਹਿੰਦੂ, ਮੁਸਲਮਾਨ ਭਾਵ ਵੱਖ-ਵੱਖ ਧਰਮਾਂ, ਰੰਗਾਂ, ਨਸਲਾਂ ਤੇ ਫਿਰਕਿਆਂ ਦੇ ਪੰਜਾਬੀ ਵਸਦੇ ਹਨ। ਇਥੋਂ ਤੱਕ ਕਿ ‘ਭਾਰਤੀ ਪੰਜਾਬੀ’ ਤੇ ‘ਪਾਕਿਸਤਾਨੀ ਪੰਜਾਬੀ’ ਵਾਲਾ ਫਰਕ ਵੀ ਇਥੇ ਨਜ਼ਰ ਨਹੀਂ ਆਉਂਦਾ। ਉਂਞ ਵੀ ਅਸੀਂ ਅਕਸਰ ਆਖਦੇ ਹਾਂ ਕਿ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਸੰਖਿਆ ਭਾਰਤੀ ਪੰਜਾਬ ਨਾਲੋਂ ਕਿਤੇ ਵੱਧ ਹੈ। ਕੈਨੇਡਾ ਵਿੱਚ ਪੰਜਾਬੀ ਆਬਾਦੀ ਵਾਲੇ ਸ਼ਹਿਰਾਂ ‘ਚ ਵਸਣ ਵਾਲੇ, ਪਾਕਿਸਤਾਨੀ ਪੰਜਾਬ ਦੇ ਪੰਜਾਬੀ ਜ਼ਿਆਦਾਤਰ ਲਾਹੌਰ ਦੇ ਨੇੜੇ-ਤੇੜੇ ਦੇ ਹੀ ਹਨ। ਉਹਨਾਂ ‘ਚੋਂ ਵਧੇਰੇ ਬੋਲਦੇ ਪੰਜਾਬੀ ਹੀ ਹਨ, ਜਿਸ ਕਰਕੇ ਮਰਦਮਸ਼ੁਮਾਰੀ ਦੌਰਾਨ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਆਪਣੀ ਜ਼ਬਾਨ ਪੰਜਾਬੀ ਲਿਖਵਾਉਣੀ ਚਾਹੀਦੀ ਹੈ। ਭਾਰਤੀ ਪੰਜਾਬ ਦੇ ਕੈਨੇਡਾ ਵਸਦੇ ਭਾਈਚਾਰਿਆਂ ਦੀ ਗੱਲ ਕਰੀਏ, ਤਾਂ ਵੱਡੀ ਗਿਣਤੀ ‘ਚ ਪੰਜਾਬੀ ਵਸਦੇ ਹਨ, ਐਪਰ ਜ਼ਬਾਨ ਪੰਜਾਬੀ ਲਿਖਵਾਉਣ ਵੇਲੇ ਖੁੰਝ ਜਾਂਦੇ ਹਨ, ਜੋ ਕਿ ਨੁਕਸਾਨਦੇਹ ਸਾਬਤ ਹੁੰਦਾ ਹੈ। ਇਸ ਕਰਕੇ ਇਹ ਪ੍ਰਣ ਕੀਤਾ ਜਾਏ ਕਿ ਜਨ-ਗਣਨਾ ਸਮੇਂ ਪੰਜਾਬੀ ਲਿਖਵਾਉਣ ਵਿੱਚ ਕਦੇ ਵੀ ਢਿੱਲ ਨਾ ਦਿਖਾਈਏ।
ਭਾਰਤੀ ਸਿਆਸਤ ‘ਚ ‘ਇਕ ਬੋਲੀ’ ਤੇ ਰਾਸ਼ਟਰ’ ਦਾ ਨਾਅਰਾ ਕੈਨੇਡਾ ‘ਚ ਪੰਜਾਬੀ ਬੋਲੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਘਾਤਕ ਬਣ ਰਿਹਾ ਹੈ। ਕੈਨੇਡਾ ‘ਚ ਹੀ, ਗਾਇਕ ਗੁਰਦਾਸ ਮਾਨ ਵਲੋਂ ਦਿੱਤਾ ਵਿਵਾਦਗ੍ਰਸਤ ਬਿਆਨ ‘ਇਕ ਬੋਲੀ ਇਕ ਦੇਸ਼’ ਅਤੇ ‘ਮਾਂ-ਮਾਸੀ’ ਦਾ ਰੇੜਕਾ ਖੜ੍ਹਾ ਕਰਨ ਦੀ ਗਿਣੀ ਮਿੱਥੀ ਸਾਜ਼ਿਸ਼ ਵੀ, ਪੰਜਾਬੀ ਮਾਂ-ਬੋਲੀ ਦੀ ਪਿੱਠ ਚ ਛੁਰਾ ਮਾਰਨ ਅਤੇ ਪੰਜਾਬੀਆਂ ਅੰਦਰ, ਬੋਲੀ ਦੇ ਆਧਾਰ ਤੇ ਪਾੜਾ ਪਾਉਣ ਵਾਲਾ ਘਾਤਕ ਪ੍ਰਚਾਰ ਹੋ ਨਿਬੜੀ। ਕੈਨੇਡਾ ਵਾਸਦੇ ਪੰਜਾਬੀਆਂ ਨੂੰ ਇਨ੍ਹਾਂ ਵਲਗਣਾਂ ਤੋਂ ਉਪਰ ਉਠ ਕੇ ਸੱਚ ‘ਤੇ ਪਹਿਰਾ ਦੇਣ ਦੀ ਲੋੜ ਹੈ। ਮਈ 2026 ਨੂੰ ਮਰਦਮਸ਼ੁਮਾਰੀ ਮੌਕੇ ਕੈਨੇਡਾ ਵਸਦਾ ਹਰ ਪੰਜਾਬੀ ਜੇਕਰ ਆਪਣੇ ਘਰ ‘ਚ ਬੋਲੀ ਜਾਣ ਵਾਲੀ ਜ਼ਬਾਨ ਪੰਜਾਬੀ ਲਿਖਾਏ, ਤਾਂ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਕੈਨੇਡੀਅਨ ਪੰਜਾਬੀ ਮੋਹਰੀ ਹੋ ਨਿੱਬੜਨਗੇ। ਅਜਿਹਾ ਕਰਨ ਨਾਲ ਨਾ ਸਿਰਫ ਕੈਨੇਡਾ ਵਿਚ ਹੀ ਪੰਜਾਬੀ ਬੋਲੀ ਦਾ ਮਾਣ ਵਧੇਗਾ, ਸਗੋਂ ਕੈਨੇਡੀਅਨ ਪੰਜਾਬੀ, ਮੂਲ ਪੰਜਾਬ ਅੰਦਰ ਵੀ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਚਾਨਣ ਮੁਨਾਰਾ ਬਣਨਗੇ। ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਦੇ ਅੰਕੜੇ ਵਧਣ ਨਾਲ, ਕੈਨੇਡਾ ਸਰਕਾਰ ਕੰਮ-ਕਾਰਾਂ, ਦਫਤਰਾਂ, ਜਨਤਕ ਸੇਵਾਵਾਂ ਦੇ ਸਥਾਨਾਂ ; ਬੈਂਕਾਂ, ਹਵਾਈ ਅੱਡਿਆਂ ਅਤੇ ਹਸਪਤਾਲਾਂ ਆਦਿ ਵਿਚ ਵੀ ਪੰਜਾਬੀ ਬੋਲੀ ਨੂੰ ਹੋਰ ਮਾਣ ਦੇਵੇਗੀ। ਆਓ! ਮਰਦਮਸ਼ੁਮਾਰੀ ਮੌਕੇ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਈਏ ਅਤੇ ਹੋਰਨਾਂ ਨੂੰ ਵੀ ਪ੍ਰੇਰੀਏ।
”ਹੋਰ ਵਧੇਗਾ ਜੱਗ ਵਿੱਚ, ਪੰਜਾਬੀ ਸਨਮਾਨ।
ਜਨ-ਗਣਨਾ ਵੇਲੇ ਲਿਖੋ, ਸਾਡੀ ਇਹੋ ਜ਼ਬਾਨ।”
ਕੈਨੇਡਾ ਦੀ 2026 ਦੀ ਮਰਦਮਸ਼ੁਮਾਰੀ
RELATED ARTICLES

