ਤਲਵਿੰਦਰ ਸਿੰਘ ਬੁੱਟਰ
ਧਰਮ ਅਤੇ ਰਾਜਨੀਤੀ, ਮਨੁੱਖੀ ਇਤਿਹਾਸ ਵਿਚ ਦੋਵੇਂ ਪ੍ਰਣਾਲੀਆਂ ਬਰਾਬਰ ਮਹੱਤਵ ਰੱਖਦੀਆਂ ਹਨ। ਧਰਮ ਤੋਂ ਭਾਵ, ਮਨੁੱਖ ਨੂੰ ਸਦਾਚਾਰਕ ਕਦਰਾਂ-ਕੀਮਤਾਂ ਵਿਚ ਬੰਨ੍ਹ ਕੇ ਜਿਊਣ ਦੀ ਸੁਚੱਜੀ ਜਾਚ ਸਿਖਾਉਣ ਤੋਂ ਹੈ ਅਤੇ ਰਾਜਨੀਤੀ, ਸਮਾਜਿਕ ਪ੍ਰਣਾਲੀਆਂ ਨੂੰ ਨਿਯਮਬੱਧ ਚਲਾਉਣ ਦੀ ਵਿਵਸਥਾ ਦਾ ਨਾਂਅ ਹੈ।
ਧਰਮ ਅਤੇ ਰਾਜਨੀਤੀ, ਇਕ ਦੂਜੇ ਦੇ ਪੂਰਕ ਹਨ, ਜਿਵੇਂ ਸਰੀਰ ਅਤੇ ਆਤਮਾ। ਧਰਮ ਨੇ ਇਕ ਚੰਗੀ ਸੋਚ ਵਾਲਾ ਮਨੁੱਖ ਘੜਿਆ ਅਤੇ ਮਨੁੱਖ ਨੂੰ ਧਰਤੀ ‘ਤੇ ‘ਅਸ਼ਰੁਫ਼-ਉਲੁ-ਮਖ਼ਲੂਕਾਤ’ ਦਾ ਦਰਜਾ ਦਿਵਾਇਆ। ਪੁਰਾਤਨ ਸਮਿਆਂ ਤੋਂ ਹੀ ਧਰਮ ਤੇ ਰਾਜਨੀਤੀ ਦਾ ਸੁਮੇਲ ਰਿਹਾ ਹੈ। ਧਰਮ ਨੇ ਹਮੇਸ਼ਾ ਸੰਸਾਰ ਨੂੰ ਅਗਵਾਈ ਦਿੱਤੀ ਅਤੇ ਅਰਾਜਕਤਾ ਦੇ ਦੌਰ ‘ਚ ਜਬਰ-ਜ਼ੁਲਮ ਤੇ ਅਨਿਆਂ ਦੇ ਖਿਲਾਫ਼ ਰਾਜਨੀਤਕ ਲਾਮਬੰਦੀ ਵੀ ਕੀਤੀ। ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਕ੍ਰਿਸ਼ਨ ਜੀ ਧਾਰਮਿਕ ਆਗੂ ਵੀ ਸਨ ਅਤੇ ਰਾਜੇ ਵੀ। ਯਹੂਦੀ ਧਰਮ ‘ਚ ਇਬਰਾਹਿਮ ਤੇ ਹਜ਼ਰਤ ਮੂਸਾ ਨੇ ਰਾਜਨੀਤੀ ਦੇ ਨਾਲ-ਨਾਲ ਦੈਵੀ ਭਰੋਸਾ ਵੀ ਕਦੇ ਨਹੀਂ ਛੱਡਿਆ। ਬੁੱਧ ਧਰਮ ਦੇ ਮਹਾਤਮਾ ਬੁੱਧ ਵੀ ਬਨਵਾਸ ਤੋਂ ਪਹਿਲਾਂ ਇਕ ਰਾਜਾ ਸਨ। ਈਸਾਈ ਧਰਮ ਦੇ ਰਹਿਬਰ ਹਜ਼ਰਤ ਈਸਾ ਨੇ ਰੋਮ ਦੇ ਬਾਦਸ਼ਾਹ ਫ਼ਰਾਊਨ ਦੇ ਜਬਰ ਦੇ ਖਿਲਾਫ਼ ਆਵਾਜ਼ ਉਠਾ ਕੇ ਲੋਕਾਂ ਨੂੰ ਧਾਰਮਿਕ ਤੇ ਰਾਜਨੀਤਕ ਅਗਵਾਈ ਦਿੱਤੀ ਸੀ। ਉਨ੍ਹਾਂ ਨੂੰ ਰਾਜ ਵਿਚ ਬਗ਼ਾਵਤ ਫ਼ੈਲਾਉਣ ਦਾ ਦੋਸ਼ ਲਗਾ ਕੇ ਰੋਮ ਦੇ ਬਾਦਸ਼ਾਹ ਫ਼ਰਾਊਨ ਦੇ ਹੁਕਮ ਤਹਿਤ ਸਲੀਬ ‘ਤੇ ਟੰਗ ਦਿੱਤਾ ਗਿਆ।
ਸਿੱਖ ਧਰਮ ‘ਚ ਧਰਮ ਤੇ ਰਾਜਨੀਤੀ ਦਾ ਸੁਮੇਲ ਬਾਕੀ ਧਰਮਾਂ ਤੇ ਰਾਜਨੀਤਕ ਪ੍ਰਣਾਲੀਆਂ ਤੋਂ ਵਿਲੱਖਣ ਅਤੇ ਨਿਆਰਾ ਹੈ। ਇਹ ਸੁਮੇਲ ਗਿਣਤੀ ਜਾਂ ਕੱਟੜ੍ਹਤਾ ‘ਤੇ ਨਹੀਂ, ਸਗੋਂ ਆਤਮਿਕ ਗੁਣਾਂ ਅਤੇ ਸਰਬ-ਕਲਿਆਣਕਾਰੀ ਭਾਵਨਾ ‘ਤੇ ਆਧਾਰਤ ਹੈ। ਸਿੱਖ ਧਰਮ ‘ਚ ‘ਮੀਰੀ-ਪੀਰੀ’ ਦਾ ਸਿਧਾਂਤ ਭਾਵੇਂ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਿੱਤਾ, ਪਰ ਧਰਮ ਤੇ ਰਾਜਨੀਤੀ ਦਾ ਸੁਮੇਲ ਪਹਿਲੀ ਪਾਤਿਸ਼ਾਹੀ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਉਨ੍ਹਾਂ ਨੇ ਪੰਦਰ੍ਹਵੀਂ ਸਦੀ ‘ਚ ਬਾਬਰ ਦੇ ਹਿੰਦੁਸਤਾਨ ‘ਤੇ ਹਮਲਿਆਂ ਅਤੇ ਜ਼ੁਲਮ ਦੇ ਖਿਲਾਫ਼ ਬੇਬਾਕ ਆਵਾਜ਼ ਉਠਾਈ। ਕੱਟੜ੍ਹ ਤੇ ਜ਼ੁਲਮੀ ਰਾਜਸ਼ਾਹੀ ਵਲੋਂ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਸਿੱਖ ਧਰਮ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਅਤੇ ‘ਮੀਰੀ-ਪੀਰੀ’ ਦੀ ਪਰੰਪਰਾ, ਭਗਤੀ ਤੇ ਸ਼ਕਤੀ ਦਾ ਸੁਮੇਲ- ਧਰਮ ਤੇ ਰਾਜਨੀਤੀ ਦਾ ਪ੍ਰਗਟਾਵਾ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਦੋ ਨਿਸ਼ਾਨ ਸਾਹਿਬ, ਮੀਰੀ ਦਾ ਨਿਸ਼ਾਨ ਪੀਰੀ ਦੇ ਨਿਸ਼ਾਨ ਤੋਂ ਥੋੜ੍ਹਾ ਛੋਟਾ ਹੋਣਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ‘ਤੇ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦਿਖਾਈ ਦੇਣਾ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਦਿਖਾਈ ਨਾ ਦੇਣਾ, ਇਹ ਸਾਬਤ ਕਰਦਾ ਹੈ ਕਿ ਰਾਜਨੀਤੀ ਧਰਮ ਤੋਂ ਰੌਸ਼ਨੀ ਲੈ ਕੇ ਚੱਲਣੀ ਚਾਹੀਦੀ ਹੈ, ਨਾ ਕਿ ਧਰਮ ਰਾਜਨੀਤੀ ਤੋਂ ਪ੍ਰਭਾਵਿਤ ਹੋਵੇ। ਇਹ ਸੁਮੇਲ ਅਤੇ ਸੰਯੋਗ ਹੀ ਸੰਸਾਰ ਨੂੰ ਸਭ ਤੋਂ ਮਾਫ਼ਕ, ਉਪਯੋਗੀ ਅਤੇ ਸਾਰਥਿਕ ਰਾਜਨੀਤੀ ਦੇ ਸਕਦਾ ਹੈ।
ਰਾਜਨੀਤੀ ‘ਤੇ ਧਰਮ ਦੇ ਕੁੰਡੇ ਤੋਂ ਭਾਵ ਹੈ, ਸਰਬ-ਕਲਿਆਣਕਾਰੀ, ਵਿਤਕਰੇ ਰਹਿਤ, ਸਮਾਨਤਾਵਾਦੀ ਅਤੇ ਹਰੇਕ ਨੂੰ ਸੁਰੱਖਿਆ ਤੇ ਵਿਸ਼ਵਾਸ ਭਰਪੂਰ ਸ਼ਾਸਨ ਦੇਣ ਵਾਲੀ ਅਗਵਾਈ ਦੇਣੀ। ਪਰ ਜਦੋਂ ਰਾਜਨੀਤੀ ਨੂੰ ਮਜ਼੍ਹਬ ਦੀ ਗਿਣਤੀ ਤੇ ਕੱਟੜ੍ਹਤਾ ਵਧਾਉਣ ਲਈ ਵਰਤਿਆ ਗਿਆ ਤਾਂ ਅਜਿਹਾ ਸੁਮੇਲ ਸਮਾਜ ਤੇ ਮਨੁੱਖਤਾ ਲਈ ਵਿਨਾਸ਼ਕਾਰੀ ਸਾਬਤ ਹੋਇਆ ਹੈ। ਮੁਹੰਮਦ ਗਜ਼ਨਵੀ, ਨਾਦਰ ਸ਼ਾਹ, ਬਾਬਰ, ਜਹਾਂਗੀਰ ਅਤੇ ਔਰੰਗਜ਼ੇਬ ਵਰਗੇ ਇਸਲਾਮੀ ਸ਼ਾਸਕਾਂ ਨੇ ਆਪਣੇ ਮਜ਼੍ਹਬ ਨੂੰ ਫ਼ੈਲਾਉਣ ਲਈ ਰਾਜਨੀਤਕ ਸ਼ਕਤੀ ਦੀ ਦੁਰਵਰਤੋਂ ਕੀਤੀ। ਗੈਰ-ਮੁਸਲਮਾਨਾਂ ਨੂੰ ਧੱਕੇ ਨਾਲ ਮੁਸਲਮਾਨੀ ਸ਼ਰ੍ਹਾ ਵਿਚ ਲਿਆਉਣ ‘ਤੇ ਜ਼ੋਰ ਦਿੱਤਾ, ਦੂਜੇ ਮਜ਼੍ਹਬਾਂ ਦੇ ਲੋਕਾਂ ਦੇ ਧਾਰਮਿਕ ਤੇ ਮਨੁੱਖੀ ਅਧਿਕਾਰਾਂ ਨੂੰ ਖੋਹ ਲਿਆ ਗਿਆ। ਇਸੇ ਸਮੇਂ ਦੌਰਾਨ ਹੀ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਖ਼ਵਾਲੀ ਲਈ ਹੋਈਆਂ।
ਸਿੱਖ ਧਰਮ ਨੇ ਰਾਜਨੀਤੀ ਨੂੰ ਅਜਿਹੀ ਅਗਵਾਈ ਦਿੱਤੀ, ਜਿਸ ਅਨੁਸਾਰ ਆਪਣੇ ਵਿਸ਼ਵਾਸਾਂ ਦੀ ਸ੍ਰੇਸ਼ਟਤਾ ਦਾ ਢੰਡੋਰਾ ਪਿੱਟਣ ਵਾਲੇ ਧਰਮ-ਕਰਮਾਂ ਦੀ ਥਾਂ, ਸਾਰੀ ਸ੍ਰਿਸ਼ਟੀ ਵਿਚ ਵਿਚਰਨ ਵਾਲੇ ਪਰਮਾਤਮਾ ਦੇ ਵੱਖ-ਵੱਖ ਸਰੂਪਾਂ ਅਤੇ ਨਾਵਾਂ ਵਿਚ ਵਿਸ਼ਵਾਸ ਰੱਖਣ ਵਾਲੇ ਸੰਸਕਾਰਾਂ ਦਾ ਸਤਿਕਾਰ, ਸਮੁੱਚੀ ਖਲਕਤ ਨੂੰ ਪਰਮਾਤਮਾ ਦੀ ਅੰਸ਼ ਜਾਣ ਕੇ ਸਤਿਕਾਰ ਦੇਣਾ, ਮਨ ਦੀ ਚੰਚਲਤਾਈ ਅਤੇ ਵਿਕਾਰਾਂ ‘ਤੇ ਕਾਬੂ ਪਾ ਕੇ ‘ਮਨਿ ਜੀਤੈ ਜਗੁ ਜੀਤੁ’ ਦੀ ਅਵਸਥਾ ਨੂੰ ਪ੍ਰਾਪਤ ਕਰਨਾ, ਸਰਬੱਤ ਦਾ ਭਲਾ ਮੰਗਣਾ ਅਤੇ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨੀ ਸਿਖਾਈ।
ਸਿੱਖ ਧਰਮ ਨੇ ਚੰਗੇ ਅਤੇ ਜੇਤੂ ਰਾਜੇ ਦੇ ਲੱਛਣ ਵੀ ਗੁਰਬਾਣੀ ਵਿਚ ਦੱਸੇ ਹਨ। ਰਾਜਾ ਉਹੀ ਜੇਤੂ ਕਹਾਉਣ ਦਾ ਹੱਕਦਾਰ ਹੈ, ਜੋ ਲੋਕ ਭਲਾਈ ਦੇ ਚੰਗੇ ਕੰਮਾਂ ਅਤੇ ਨਿਆਂਕਾਰੀ ਰਾਜ ਪ੍ਰਬੰਧ ਦੇ ਕੇ ਲੋਕਾਂ ਦਾ ਮਨ ਜਿੱਤਦਾ ਹੈ। ਰਾਜੇ ਦਾ ਕੰਮ ਜ਼ੁਲਮ ਅਤੇ ਤਸ਼ੱਦਦ ਨਾਲ ਲੋਕਾਂ ਨੂੰ ਆਪਣੇ ਅਧੀਨ ਰੱਖਣਾ ਨਹੀਂ। ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਅਤੇ ਉਨ੍ਹਾਂ ਦੀਆਂ ਅਸੀਸਾਂ ਲੈਣ ਵਾਲਾ ਰਾਜਾ ਹੀ, ਅਸਲ ਵਿਚ ਰਾਜਾ ਕਹਾਉਣ ਦਾ ਹੱਕਦਾਰ ਹੈ।
ਉਪਰੋਕਤ ਗੁਣਾਂ ਦੇ ਸੁਮੇਲ ਨੂੰ ਹੀ ਧਰਮ ਤੇ ਰਾਜਨੀਤੀ ਦਾ ਆਦਰਸ਼ਕ ਰੂਪ ਆਖਿਆ ਜਾ ਸਕਦਾ ਹੈ। ਇਨ੍ਹਾਂ ਆਦਰਸ਼ਕ ਗੁਣਾਂ ਤੋਂ ਬਿਨਾਂ ਧਰਮ ਤੇ ਰਾਜਨੀਤੀ ਇਕ ਪਾਖੰਡ ਜਾਂ ਜ਼ੁਲਮ ਬਣ ਕੇ ਰਹਿ ਜਾਂਦੀ ਹੈ। ਰਾਜਨੀਤਕ ਸ਼ਕਤੀ ਹਾਸਲ ਕਰਨ ਲਈ ਧਰਮ ਦਾ ਬੁਰਕਾ ਪਹਿਨਣਾ, ਇੰਨਾ ਖ਼ਤਰਨਾਕ ਸਾਬਤ ਹੁੰਦਾ ਹੈ ਕਿ ਅਜਿਹਾ ਕਰਨ ਵਾਲੇ ਰਾਜਸੀ ਲੋਕ ਨਾ ਤਾਂ ਸੱਚੇ ਧਰਮੀ ਬਣ ਸਕਦੇ ਹਨ ਅਤੇ ਨਾ ਹੀ ਪਰਜਾ ਨੂੰ ਸੁੱਖ ਦੇਣ ਵਾਲੇ ਰਾਜੇ। ਧਾਰਮਿਕ ਗੁਣਾਂ ਵਾਲਾ ਇਕ ਵਿਅਕਤੀ ਬਾਦਸ਼ਾਹਾਂ ਤੋਂ ਵੀ ਮਹਾਨ ਬਣ ਸਕਦਾ ਹੈ, ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ‘ਖ਼ਾਲਸਾ ਰਾਜ’ ਸਥਾਪਿਤ ਕਰਕੇ ਕੀਤਾ ਸੀ। ਇਕ ਰਾਜੇ ਦੇ ਚੰਗੇ ਗੁਣਾਂ ਨੂੰ ਧਾਰਨ ਕਰਨ ਵਾਲਾ ਰਾਜਾ ਹੀ ਧਾਰਮਿਕ ਹੋ ਸਕਦਾ ਹੈ। ਸਾਡੇ ਕੋਲ ਅਜਿਹੀ ਮਿਸਾਲ ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਜੋਂ ਵੀ ਮੌਜੂਦ ਹੈ।
ਧਰਮ, ਰਾਜਨੀਤੀ ਤੋਂ ਬਗੈਰ ਮਨੁੱਖੀ ਸਮਾਜ ਲਈ ਸਹਾਈ ਨਹੀਂ ਹੋ ਸਕਦਾ। ਸਿੱਧਾਂ, ਜੋਗੀਆਂ, ਨਾਥਾਂ ਵਾਂਗ ਇਹ ਆਪਣੇ ਸਰੀਰ ਦੀਆਂ ਬਹੱਤਰ ਹਜ਼ਾਰ ਨਾੜੀਆਂ ਵਿਚ ਘੁੰਮਦਾ ਕੁੰਡਲੀ ਜਗਾਉਣ ਦੇ ਚੱਕਰਾਂ ‘ਚ ਫ਼ਸਿਆ ਰਹਿੰਦਾ ਹੈ। ਪਰ ਸਿੱਖ ਧਰਮ ‘ਚ ”ਫਰੀਦਾ ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ॥” ਦੇ ਸਿਧਾਂਤ ਅਨੁਸਾਰ ‘ਖਾਲਕ ਅਤੇ ਖਲਕਤ’ ਵਿਚ ਕੋਈ ਭਿੰਨ-ਭੇਦਤਾ ਨਹੀਂ ਸਮਝੀ ਜਾਂਦੀ, ਸਗੋਂ ਖਲਕਤ ਵਿਚ ਹੀ ਪਰਮਾਤਮਾ ਦਾ ਵਾਸਾ ਮਹਿਸੂਸ ਕੀਤਾ ਜਾਂਦਾ ਹੈ। ਇਸ ਸਿਧਾਂਤ ਨੂੰ ਮੰਨਣ ਵਾਲਾ ਧਰਮ ਮਨੁੱਖਤਾ ‘ਤੇ ਜ਼ੁਲਮ ਕਰਨ ਵਾਲੀ ਰਾਜਨੀਤੀ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਸਮਾਜ ਨੂੰ ਸਹੀ ਰਾਜਨੀਤਕ ਸੇਧ ਦੇਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ। ਧਰਮ ਤੋਂ ਬਿਨਾਂ ਰਾਜਨੀਤੀ ਖਲਕਤ ਨੂੰ ਸੁੱਖ ਦੇਣ ਦੀ ਸਮਰੱਥਾ ਨਹੀਂ ਰੱਖ ਸਕਦੀ ਅਤੇ ਇਹ ਜ਼ੁਲਮ ਤੇ ਸਿਤਮ ਦਾ ਨੰਗਾ ਨਾਚ ਨੱਚਣ ਲੱਗ ਜਾਂਦੀ ਹੈ। ਅਲਾਮਾ ਇਕਬਾਲ ਨੇ ਢੁਕਵਾਂ ਸ਼ੇਅਰ ਲਿਖਿਆ ਹੈ :
ਜਲਾਲ-ਏ-ਪਾਦਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ।
ਜੁਦਾ ਹੋ ਦੀਂ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ।