ਕਿਹਾ ਦਿਨੋ-ਦਿਨ ਖਤਰਨਾਕ ਹੁੰਦਾ ਜਾ ਰਿਹਾ ਕੋਰੋਨਾ
ਨਵੀਂ ਦਿੱਲ/ਬਿਊਰੋ ਨਿਊਜ਼
ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਜਿਸ ਦੇ ਚਲਦਿਆਂ ਵਿਸ਼ਵ ਸਿਹਤ ਸੰਗਠਨ ਨੇ ਵਿਸ਼ਵ ਨੂੰ ਚੇਤਾਵਨੀ ਦਿੱਤੀ ਹੈ ਕਿ ਹੁਣ ਇਹ ਮਹਾਮਾਰੀ ਵਧਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਵਿਸ਼ਵ ਭਰ ਵਿੱਚ ਕਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦੁਨੀਆ ਭਰ ਵਿਚ 72 ਲੱਖ 33 ਹਜ਼ਾਰ ਤੋਂ ਪਾਰ ਚਲੀ ਗਈ ਹੈ। ਜਦਕਿ ਇਸ ਕਰੋਨਾ ਨਾਮੀ ਮਹਾਮਾਰੀ ਕਾਰਨ ਵਿਸ਼ਵ ਭਰ ‘ਚ 4 ਲੱਖ 9 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਚੀਨ ਅਤੇ ਆਸਟਰੇਲੀਆ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ। ਆਸਟਰੇਲੀਆ ਨੇ ਪਹਿਲਾਂ ਤਾਂ ਚੀਨ ‘ਤੇ ਕਰੋਨਾ ਵਾਇਰਸ ਦੀ ਸੱਚਾਈ ਨੂੰ ਛੁਪਾਉਣ ਦਾ ਆਰੋਪ ਲਗਾਇਆ ਅਤੇ ਬਾਅਦ ‘ਚ ਹਾਂਗਕਾਂਗ ‘ਚ ਹੋ ਰਹੇ ਚੀਨ ਵਿਰੋਧੀ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ। ਹੁਣ ਚੀਨ ਨੇ ਪਲਟਵਾਰ ਕੀਤਾ ਹੈ ਅਤੇ ਚੀਨ ਨੇ ਆਸਟਰੇਲੀਆ ‘ਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਫਿਰ ਤੋਂ ਵਿਚਾਰ ਕਰਨ ਲਈ ਕਿਹਾ ਹੈ। ਦੂਜੇ ਪਾਸੇ ਭਾਰਤ ਵਿਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ ਵੀ 2 ਲੱਖ 68 ਹਜ਼ਾਰ ਤੋਂ ਪਾਰ ਚਲਾ ਗਿਆ ਜਦਕਿ 7500 ਦੇ ਕਰੀਬ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ।