ਲਸ਼ਕਰ ਅੱਤਵਾਦੀ ਦਾ ਨਾਮ ਸੰਦੀਪ ਸ਼ਰਮਾ, ਪਟਿਆਲਾ ‘ਚ ਵੀ ਰਿਹਾ
ਸ੍ਰੀਨਗਰ : ਜੰਮੂ ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਮਾਡਿਊਲ ਦਾ ਖੁਲਾਸਾ ਕੀਤਾ ਹੈ। ਇਸ ਨਾਲ ਜੁੜੇ ਦੋ ਅੱਤਵਾਦੀ ਸੰਦੀਪ ਕੁਮਾਰ ਸ਼ਰਮਾ ਉਰਫ ਆਦਿਲ ਅਤੇ ਮੁਨੀਬ ਸ਼ਾਹ ਨੂੰ ਅਨੰਤਨਾਗ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੰਦੀਪ ਯੂਪੀ ਦੇ ਮੁਜੱਫਰਨਗਰ ਦਾ ਰਹਿਣ ਵਾਲਾ ਹੈ ਅਤੇ ਤਿੰਨ ਅੱਤਵਾਦੀ ਹਮਲਿਆਂ ਵਿਚ ਸ਼ਾਮਲ ਰਿਹਾ ਹੈ। ਉਸ ਨੇ ਚਾਰ ਏਟੀਐਮ ਵੀ ਲੁੱਟੇ ਹਨ। ਸੰਦੀਪ 2012 ਤੋਂ ਕਸ਼ਮੀਰ ਵਿਚ ਰਹਿ ਰਿਹਾ ਸੀ। ਸਰਦੀਆਂ ਵਿਚ ਉਹ ਪੰਜਾਬ ਆ ਜਾਂਦਾ ਸੀ। ਜ਼ਿਆਦਾ ਸਮਾਂ ਉਹ ਪਟਿਆਲਾ ਵਿਚ ਬਿਤਾਉਂਦਾ ਸੀ। ਇੱਥੇ ਵੈਲਡਿੰਗ ਦਾ ਕੰਮ ਵੀ ਕਰ ਲੈਂਦਾ ਸੀ। ਪੁਲਿਸ ਮੁਤਾਬਕ ਸੰਦੀਪ ਬੈਂਕ ਲੁੱਟ, ਹਥਿਆਰ ਖੋਹਣ ਅਤੇ ਸੁਰੱਖਿਆ ਬਲਾਂ ‘ਤੇ ਹਮਲੇ ਜਿਹੀਆਂ ਘਟਨਾਵਾਂ ਵਿਚ ਸ਼ਾਮਲ ਰਿਹਾ ਹੈ। ਉਥੇ, ਮੁਨੀਬ ਕੁਲਗਾਮ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ 28 ਸਾਲ ਵਿਚ ਅਜਿਹਾ ਪਹਿਲੀ ਵਾਰ ਹਉੈਂ ਜਦ ਜੇਐਂਡਕੇ ਤੋਂ ਬਾਹਰ ਦਾ ਕੋਈ ਵਿਅਕਤੀ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਦੇਖਿਆ ਗਿਆ ਹੈ। ਆਈਜੀ ਮੁਨੀਰ ਖਾਨ ਮੁਤਾਬਕ ਸੰਦੀਪ ਤਿੰਨ ਸਾਲ ਤੱਕ ਪਟਿਆਲਾ ਵਿਚ ਵੈਲਡਿੰਗ ਦਾ ਕੰਮ ਕਰਦਾ ਸੀ। ਪੰਜਾਬ ਵਿਚ ਉਹ ਕੁਲਗਾਮ ਦੇ ਸ਼ਾਹਿਦ ਨੂੰ ਮਿਲਿਆ। ਸੰਦੀਪ ਨੂੰ ਉਸੇ ਘਰ ਵਿਚੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਲਸ਼ਕਰ ਕਮਾਂਡਰ ਬਸ਼ੀਰ ਲਸ਼ਕਰੀ ਦਾ ਐਨਕਾਊਂਟਰ ਕੀਤਾ ਗਿਆ ਸੀ।
40 ਹਜ਼ਾਰ ਜਵਾਨ, ਸੈਟੇਲਾਈਟ ਅਤੇ ਡਰੋਨ ਨਾਲ ਨਿਗਰਾਨੀ, ਫਿਰ ਵੀ ਹਮਲਾ
ਅਮਰਨਾਥ ਯਾਤਰਾ ਲਈ ਇਸ ਵਾਰ ਹੁਣ ਤੱਕ ਦੇ ਸਭ ਤੋਂ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। 40 ਦਿਨ ਚੱਲਣ ਵਾਲੀ ਇਸ ਯਾਤਰਾ ਦੀ ਸੁਰੱਖਿਆ ਲਈ 40 ਹਜ਼ਾਰ ਤੋਂ ਜ਼ਿਆਦਾ ਜਵਾਨ ਤੈਨਾਤ ਕੀਤੇ ਗਏ ਹਨ। ਇਨ੍ਹਾਂ ਵਿਚ ਸੈਨਾ, ਜੰਮੂ ਕਸ਼ਮੀਰ ਪੁਲਿਸ, ਸੀਆਰਪੀਐਫ ਅਤੇ ਬੀਐਸਐਫ ਦੇ ਜਵਾਨ ਸ਼ਾਮਲ ਹਨ। ਪਹਿਲੀ ਵਾਰ ਪੂਰੀ ਯਾਤਰਾ ਦੀ ਟ੍ਰੈਕਿੰਗ ਸੈਟੇਲਾਈਟ ਦੇ ਜ਼ਰੀਏ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਡ੍ਰੋਨ ਤੈਨਾਤ ਕੀਤੇ ਗਏ ਹਨ। ਤਾਂਕਿ ਸ਼ਰਧਾਲੂਆਂ ਦੀ ਨਿਗਰਾਨੀ ਕੀਤੀ ਜਾ ਸਕੇ। ਇਸਦੇ ਨਾਲ ਹੀ ਪੂਰੇ ਰਸਤੇ ‘ਤੇ ਮੋਬਾਇਲ ਬੰਕਰ ਗੱਡੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਜੰਮੂ ਤੋਂ ਲੈ ਕੇ ਬਾਲਟਾਲ ਅਤੇ ਪਹਿਲਗਾਮ ਤੱਕ ਸੁਰੱਖਿਆ ਬਲਾਂ ਦੀਆਂ ਰੋਡ ਓਪਨਿੰਗ ਪਾਰਟੀਆਂ ਤੈਨਾਤ ਕੀਤੀਆਂ ਗਈਆਂ ਹਨ, ਜੋ ਹਰ ਦਿਨ ਯਾਤਰੀ ਗੱਡੀਆਂ ਨੂੰ ਸੁਰੱਖਿਅਤ ਹਾਈਵੇ ‘ਤੇ ਆਉਣ ਜਾਣ ਵਿਚ ਮੱਦਦ ਕਰਦੀਆਂ ਹਨ।
ਮੋਦੀ ਦੇ ਨਿੱਜੀ ਫਾਇਦੇ ਲਈ ਵਹਿ ਰਿਹਾ ਹੈ ਬੇਗੁਨਾਹਾਂ ਦਾ ਖੂਨ : ਰਾਹੁਲ ਗਾਂਧੀ
ਨਵੀਂ ਦਿੱਲੀ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅਮਰਨਾਥ ਯਾਤਰਾ ਦੌਰਾਨ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕਰਾਰਾ ਸਿਆਸੀ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਟਵਿੱਟਰ ਜ਼ਰੀਏ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੇ ਕਸ਼ਮੀਰ ਵਿਚ ਅੱਤਵਾਦੀਆਂ ਲਈ ਜਗ੍ਹਾ ਬਣਾਈ। ਜਿਸ ਨਾਲ ਦੇਸ਼ ਦਾ ਕਾਫੀ ਨੁਕਸਾਨ ਹੋਇਆ ਹੈ। ਰਾਹੁਲ ਗਾਂਧੀ ਨੇ ਲਿਖਿਆ ਕਿ ਥੋੜ੍ਹੇ ਸਮੇਂ ਦੇ ਰਾਜਨੀਤਕ ਲਾਭ ਲਈ ਪ੍ਰਧਾਨ ਮੰਤਰੀ ਮੋਦੀ ਨੇ ਪੀਡੀਪੀ ਨਾਲ ਗਠਜੋੜ ਕੀਤਾ, ਜੋ ਦੇਸ਼ ਦੀ ਸੁਰੱਖਿਆ ਲਈ ਭਾਰੀ ਪਿਆ। ਉਹਨਾਂ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਆਪਣੇ ਨਿੱਜੀ ਫਾਇਦੇ ਕਾਰਨ ਦੇਸ਼ ਨੂੰ ਰਣਨੀਤਕ ਨੁਕਸਾਨ ਹੋਇਆ ਅਤੇ ਨਿਰਦੋਸ਼ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ।
ਪਰਿਵਾਰਕ ਮੈਂਬਰਾਂ ਨੂੰ 28-28 ਲੱਖ ਦਾ ਮੁਆਵਜ਼ਾ
ਹਮਲੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 28-28 ਲੱਖ ਰੁਪਏ ਮੁਆਵਜ਼ੇ ਵਜੋਂ ਮਿਲਣਗੇ। ਕੇਂਦਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 7-7 ਲੱਖ ਰੁਪਏ, ਗੁਜਰਾਤ ਸਰਕਾਰ ਨੇ 10-10 ਦਸ ਰੁਪਏ ਤੇ ਜ਼ਖ਼ਮੀਆਂ ਨੂੰ ਦੋ-ਦੋ ਲੱਖ ਰੁਪਏ ਅਤੇ ਜੰਮੂ ਕਸ਼ਮੀਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 6-6 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਸ਼ਰਾਈਨ ਬੋਰਡ ਨੇ ਵੀ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …