ਚੀਨ ਨਾਲ ਲਗਦੀ ਸਰਹੱਦ ਤੱਕ ਪਹੁੰਚਣ ’ਚ ਭਾਰਤੀ ਫੌਜ ਨੂੰ ਹੋਵੇਗੀ ਅਸਾਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਦੇ ਮਹੱਤਵਪੂਰਨ ਚਾਰਧਾਮ ਪ੍ਰੋਜੈਕਟ ਨੂੰ ਸੁਪਰੀਮ ਕੋਰਟ ਨੇ ਆਗਿਆ ਦੇ ਦਿੱਤੀ ਹੈ। ਕੋਰਟ ਨੇ ਆਪਣੇ 8 ਸਤੰਬਰ 2020 ਦੇ ਹੁਕਮ ’ਚ ਸੋਧ ਕਰਦੇ ਹੋਏ ਅੱਜ ਆਲ ਵੈਦਰ ਰਾਜਮਾਰਗ ਪ੍ਰੋਜੈਕਟ ਤਹਿਤ ਸੜਕ ਦੀ ਚੌੜਾਈ ਵਧਾਉਣ ਅਤੇ ਡਬਲ ਲੇਨ ਹਾਈਵੇ ਬਣਾਉਣ ਲਈ ਕੇਂਦਰ ਸਰਕਾਰ ਨੂੰ ਹਰੀ ਝੰਡੀ ਦਿੱਤੀ। ਸੁਪਰੀਮ ਕੋਰਟ ਤੋਂ ਆਗਿਆ ਮਿਲਣ ਮਗਰੋਂ ਚਾਰਧਾਮ ਪ੍ਰੋਜੈਕਟ ਦੇ ਤਹਿਤ ਭਾਰਤ ਦੀ ਚੀਨ ਨਾਲ ਲਗਦੀ ਸਰਹੱਦ ਤੱਕ ਪਹੁੰਚਣ ਲਈ ਭਾਰਤੀ ਫੌਜ ਨੂੰ ਕਾਫੀ ਅਸਾਨੀ ਹੋ ਜਾਵੇਗੀ। ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਹਾਈਵੇ ਨਿਰਮਾਣ ਦੇ ਲਈ ਸੜਕ ਦੀ ਚੌੜਾਈ ਵਧਾਉਣ ’ਚ ਰੱਖਿਆ ਮੰਤਰਾਲੇ ਦੀ ਕੋਈ ਬੁਰੀ ਭਾਵਨਾ ਨਹੀ ਹੈ। ਚਾਰਧਾਮ ਪ੍ਰੋਜੈਕਟ ਦੇ ਤਹਿਤ ਰਿਸ਼ੀਕੇਸ਼ ਤੋਂ ਮਾਨਾ, ਰਿਸ਼ੀਕੇਸ਼ ਤੋਂ ਗੰਗੋਤਰੀ ਅਤੇ ਰਿਸ਼ੀਕੇਸ਼ ਤੋਂ ਪਿਥੌਰਾਗੜ੍ਹ ਤੱਕ ਡਬਲ ਲੇਨ ਰੋਡ ਬਣੇਗਾ। ਫੌਜ ਦੇ ਲਈ ਤਿੰਨੋਂ ਸੜਕਾਂ ਬੇਹੱਦ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਤਿੰਨੋਂ ਸੜਕਾਂ ਰਾਹੀਂ ਚੀਨ ਨਾਲ ਲਗਦੀ ਸਰਹੱਦ ਤੱਕ ਪਹੁੰਚਣਾ ਭਾਰਤੀ ਫੌਜ ਲਈ ਬਹੁਤ ਸੌਖਾ ਹੋ ਜਾਵੇਗਾ। ਇਨ੍ਹਾਂ ਸੜਕਾਂ ਬਣਨ ਤੋਂ ਬਾਅਦ ਫੌਜੀ ਸਾਜੋ-ਸਮਾਨ ਨੂੰ ਅਸਾਨੀ ਨਾਲ ਬਾਰਡਰ ਤੱਕ ਲਿਜਾਇਆ ਜਾ ਸਕੇਗਾ।